Share on Facebook

Main News Page

ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ਼ ਝੂਠਾ ਮਾਮਲਾ ਦਰਜ ਕਰਨ ਅਤੇ ਉਨਾਂ ਦੀ ਗ੍ਰਿਫਤਾਰੀ ਦੀ ਚੁਫੇਰਿਉਂ ਨਿਖੇਧੀ

ਕੋਟਕਪੂਰਾ, 20 ਅਗਸਤ (ਗੁਰਿੰਦਰ ਸਿੰਘ) :- ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਸਮੇਤ ਹੋਰ ਮਿਸ਼ਨਰੀ ਪ੍ਰਚਾਰਕਾਂ ਨੇ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਸ਼ਬਦਾਂ ’ਚ ਨਿੰਦਿਆ ਕੀਤੀ ਹੈ। ਪ੍ਰਿੰ. ਪੰਨਵਾਂ ਅਨੁਸਾਰ ਜੇਕਰ ਹਕੂਮਤ ਨੇ ਲੇਖਕਾਂ ਦੀਆਂ ਦਲੀਲਾਂ ਨੂੰ ਅਣਦੇਖਿਆ ਕਰਕੇ, ਉਨਾਂ ਖਿਲਾਫ ਅਖੌਤੀ ਭਾਵਨਾਵਾਂ ਭੜਕਾਉਣ ਦੇ ਪੁਲਿਸ ਮਾਮਲੇ ਦਰਜ ਕਰਨੇ ਹਨ ਤਾਂ ਇਸਨੂੰ ਲੇਖਕਾਂ ਦਾ ਮਨੋਬਲ ਡੇਗਣ ਵਾਲੀ ਕਾਰਵਾਈ ਆਖਿਆ ਜਾਵੇਗਾ। ਉਨਾਂ ਕਿਹਾ ਕਿ ਬਾਬੇ ਨਾਨਕ ਨੇ ਹਰ ਝੂਠ ਤੇ ਗਲਤ ਪਿਰਤ ਦਾ ਬੜੀ ਦਲੇਰੀ ਨਾਲ ਖੰਡਨ ਕੀਤਾ ਸੀ ਤੇ ਅਜੋਕੇ ਸਮੇਂ ਦੇ ਪ੍ਰਚਾਰਕ ਬਾਬੇ ਨਾਨਕ ਦਾ ਫਲਸਫਾ ਦੁਨੀਆਂ ਦੇ ਕੋਨੇ-ਕੋਨੇ ’ਚ ਪਹੁੰਚਾਉਣ ਲਈ ਤਤਪਰ ਹਨ। ਜੇਕਰ ਬਾਬੇ ਨਾਨਕ ਦੀ ਬਾਣੀ ਦੇ ਹਵਾਲਿਆਂ ਨੂੰ ਗਲਤ ਕਰਾਰ ਦਿੱਤਾ ਜਾਣ ਲੱਗਾ ਤਾਂ ਇਹ ਬਹੁਤ ਹੀ ਅਫਸੋਸਨਾਕ ਤੇ ਚਿੰਤਾਜਨਕ ਪਹਿਲੂ ਹੋਵੇਗਾ।

ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਗੁਰਜੰਟ ਸਿੰਘ ਰੂਪੋਵਾਲੀ ਨੇ ਕਿਹਾ ਕਿ ਸਿੰਘ-ਸੂਰਮਿਆਂ ਨੇ ਸਮੇਂ-ਸਮੇਂ ਬਿਨਾਂ ਰੱਖੜੀ ਬੰਨਿਆਂ, ਦੇਸ਼ ਦੀ ਆਬਰੂ ਨੂੰ ਰੁਲਣੋਂ ਬਚਾਇਆ ਤੇ ਗੈਰ ਸਿੱਖਾਂ ਦੀਆਂ ਧੀਆਂ, ਭੈਣਾਂ ਨੂੰ ਸੁਰੱਖਿਅਤ ਮੁਗਲਾਂ ਤੋਂ ਛੁਡਾ ਕੇ ਉਨਾਂ ਦੇ ਮਾਪਿਆਂ ਤੱਕ ਪਹੁੰਚਾਇਆ, ਜੇਕਰ ਕੋਈ ਲੇਖਕ ਰੱਖੜੀ ਦੇ ਅਖੌਤੀ ਤਿਉਹਾਰ ਬਾਰੇ ਗੁਰਬਾਣੀ ਦੇ ਹਵਾਲਿਆਂ ਨਾਲ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੁੰਦਾ ਹੈ, ਤਾਂ ਉਸ ਖਿਲਾਫ ਪੁਲਿਸ ਮਾਮਲੇ ਦਰਜ ਕਰਨ ਨੂੰ ਬਿਨਾਂ ਸ਼ੱਕ ਹਿਟਲਰਸ਼ਾਹੀ ਜਾਂ ਡਿਕਟੇਟਰਸ਼ਿਪ ਆਖਿਆ ਜਾ ਸਕਦਾ ਹੈ।

ਭਾਈ ਹਰਜਿੰਦਰ ਸਿੰਘ ਸਭਰਾ ਤੇ ਸੁਖਵਿੰਦਰ ਸਿੰਘ ਦਦੇਹਰ ਨੇ ਵੀ ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ ਪੁਲਿਸ ਮਾਮਲਾ ਦਰਜ ਕਰਨ ਤੇ ਉਨਾਂ ਦੀ ਗ੍ਰਿਫਤਾਰੀ ਦੀ ਨੁਕਤਾਚੀਨੀ ਕਰਦਿਆਂ ਆਖਿਆ, ਕਿ ਪੁਰਾਤਨ ਸਮੇਂ ’ਚ ਜੁਝਾਰੂ ਸਿੰਘਾਂ ਨੇ ਬਿਨਾਂ ਰੱਖੜੀ ਬੰਨਿਆਂ ਗੈਰਾਂ ਦੀਆਂ ਔਰਤਾਂ ਨੂੰ ਸੁਰੱਖਿਅਤ ਛੁਡਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਤੇਗ ਦੇ ਉਹ ਜੌਹਰ ਦਿਖਾਏ ਜਿਨਾਂ ਨੂੰ ਦੇਖ ਕੇ ਦੁਸ਼ਮਣਾਂ ਦੇ ਹੋਸ਼-ਹਵਾਸ ਉੱਡ ਗਏ। ਹਰ ਸਾਲ ਰੱਖੜੀ ਦੇ ਅਖੌਤੀ ਤਿਉਹਾਰ ਮੌਕੇ ਔਰਤਾਂ ਤੇ ਮਾਸੂਮ ਬੱਚੀਆਂ ਨੂੰ ਮਹਿਸੂਸ ਕਰਵਾਉਣਾ ਕਿ ਤੂੰ ਕਮਜ਼ੋਰ ਹੈ ਤੇ ਤੇਰਾ ਭਰਾ ਤੇਰੀ ਰਾਖੀ ਕਰੇਗਾ, ਅਜਿਹੀ ਗਲਤ ਪਿਰਤ ਅਤੇ ਝੂਠ ਖਿਲਾਫ ਜੇਕਰ ਲੋਕਾਂ ਨੂੰ ਵਿਦਵਾਨ ਲੇਖਕ ਨਹੀਂ ਦੱਸਣਗੇ ਤਾਂ ਹੋਰ ਕੋਣ ਦੱਸੇਗਾ? ਉਨਾਂ ਦੁਨੀਆਂ ਭਰ ਦੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਹਕੂਮਤ ਦੀ ਇਸ ਗਲਤ ਕਾਰਵਾਈ ਦਾ ਵਿਰੋਧ ਕਰਨ।

ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਦੀ ਵਿਦੇਸ਼ੀ ਵਿਦਵਾਨਾਂ ਗੁਰਚਰਨ ਸਿੰਘ ਜਿਉਣਵਾਲਾ, ਅਵਤਾਰ ਸਿੰਘ ਮਿਸ਼ਨਰੀ, ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂਕੇ, ਇੰਦਰਜੀਤ ਸਿੰਘ ਕਾਨਪੁਰ, ਗੁਰਦੇਵ ਸਿੰਘ ਬਟਾਲਵੀ, ਡਾ. ਪਰਮਜੀਤ ਸਿੰਘ ਸਮਰਾ, ਸਰਬਜੀਤ ਸਿੰਘ ਸੈਂਕਰਾਮੰਟੋ, ਤਰਲੋਚਨ ਸਿੰਘ ਦੁਪਾਲਪੁਰ ਆਦਿ ਨੇ ਵੀ ਸਖ਼ਤ ਨੁਕਤਾਚੀਨੀ ਕਰਦਿਆਂ, ਝੂਠਾ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top