Share on Facebook

Main News Page

ਸੁਖਬੀਰ ਬਾਦਲ ਦਾ ਕੈਨੇਡਾ ਦੌਰਾ ਮੁੜ ਖਟਿਆਈ 'ਚ ਪੈਣ ਦੇ ਆਸਾਰ

ਮੇਜਰ ਸਿੰਘ, ਜਲੰਧਰ, 20 ਅਗਸਤ - ਕੈਨੇਡਾ ਵਿਚਲੀਆਂ ਕੁਝ ਖਾੜਕੂ ਕਹਾਉਂਦੀਆਂ ਸਿੱਖ ਜਥੇਬੰਦੀਆਂ ਦੀ ਪ੍ਰੇਸ਼ਾਨੀ ਪੈਦਾ ਕਰਨ ਦੀ ਸਮਰੱਥਾ ਏਨੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਦੂਜੀ ਵਾਰ ਕੈਨੇਡਾ ਦਾ ਦੌਰਾ ਕਰਨ ਲਈ ਸੋਚਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ | ਪੰਜਾਬ ਸਰਕਾਰ ਦੇ ਉੱਚ ਪੱਧਰੀ ਸਰਕਾਰੀ ਸੂਤਰਾਂ ਅਨੁਸਾਰ 18 ਸਤੰਬਰ ਤੋਂ ਉੱਪ-ਮੁੱਖ ਮੰਤਰੀ ਦੇ ਦੌਰੇ ਬਾਰੇ ਮੁੜ ਵਿਚਾਰ ਸ਼ੁਰੂ ਹੋ ਗਈ ਹੈ |

ਵਰਨਣਯੋਗ ਹੈ ਕਿ ਸ: ਸੁਖਬੀਰ ਸਿੰਘ ਬਾਦਲ ਨੇ ਆਪਣਾ ਦੌਰਾ ਟੋਰਾਂਟੋ ਤੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਤੇ 19 ਸਤੰਬਰ ਨੂੰ ਟੋਰਾਂਟੋ 'ਚ ਪਹਿਲਾ ਵੱਡਾ ਜਨਤਕ ਸਮਾਗਮ ਕੀਤਾ ਜਾਣਾ ਸੀ | ਟੋਰਾਂਟੋ 'ਚ ਸਮਾਗਮ ਦੇ ਇਕ ਪ੍ਰਬੰਧਕ ਨੇ ਫੋਨ ਉੱਪਰ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਲਈ ਵੱਡਾ ਹਾਲ ਬੁੱਕ ਕਰ ਲਿਆ ਗਿਆ ਹੈ ਤੇ ਵੱਡੇ ਪੱਧਰ 'ਤੇ ਤਿਆਰੀਆਂ ਜਾਰੀ ਹਨ |

ਪਤਾ ਲੱਗਾ ਹੈ ਕਿ ਸ: ਸੁਖਬੀਰ ਸਿੰਘ ਬਾਦਲ ਦੇ ਕੈਨੇਡਾ ਦੌਰੇ ਦੀ ਭਿਣਕ ਪੈਂਦਿਆਂ ਹੀ ਯੂਨਾਈਟਿਡ ਸਿੱਖਸ, ਸਿੱਖਸ ਫਾਰ ਜਸਟਿਸ ਤੇ ਹੋਰ ਕਈਆਂ ਸਿੱਖ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸੋਸ਼ਲ ਮੀਡੀਆ ਉੱਪਰ ਵਿਰੋਧੀ ਪ੍ਰਚਾਰ ਦੀ ਮੁਹਿੰਮ ਆਰੰਭ ਕਰ ਦਿੱਤੀ ਹੈ |

ਸ: ਸੁਖਬੀਰ ਸਿੰਘ ਬਾਦਲ ਦੇ ਦੌਰੇ ਦੀ ਵਿਉਂਤਬੰਦੀ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਸੰਗਠਨਾਂ ਦੇ ਪੱਲੇ ਭਾਵੇਂ ਕੁਝ ਨਹੀਂ, ਪਰ ਇਨ੍ਹਾਂ ਦੇ ਖੱਪ ਪਾਊ ਪ੍ਰਚਾਰ 'ਚ ਪ੍ਰੇਸ਼ਾਨੀ ਪੈਦਾ ਕਰਨ ਦੀ ਸਮਰੱਥਾ ਬੜੀ ਹੈ |

ਸੂਤਰਾਂ ਮੁਤਾਬਿਕ ਸ: ਸੁਖਬੀਰ ਸਿੰਘ ਬਾਦਲ ਦੇ ਬਾਰੇ ਸਰਕਾਰੀ ਤੇ ਸਿਆਸੀ ਆਗੂਆਂ ਨੂੰ ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੇ ਕਾਨੂੰਨ ਮੁਤਾਬਿਕ ਉਥੇ ਗਏ ਸ: ਸੁਖਬੀਰ ਸਿੰਘ ਬਾਦਲ ਵਿਰੁੱਧ ਫੌਜਦਾਰੀ ਕੇਸ ਵੀ ਦਰਜ ਹੋ ਸਕਦਾ ਹੈ | ਜੇਕਰ ਫੌਜਦਾਰੀ ਕੇਸ ਦਰਜ ਹੋ ਜਾਵੇ ਤਾਂ ਉਨ੍ਹਾਂ ਦੀ ਗਿ੍ਫ਼ਤਾਰੀ ਨੂੰ ਕੋਈ ਨਹੀਂ ਰੋਕ ਸਕਦਾ | ਇਹ ਸਭ ਤੋਂ ਵੱਡੀ ਪ੍ਰੇਸ਼ਾਨੀ ਮੰਨੀ ਜਾ ਰਹੀ ਹੈ | ਅਮਰੀਕਾ ਗਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਵੀ ਕੇਸ ਦਰਜ ਹੋ ਗਿਆ ਸੀ, ਉਹ ਸਿਵਲ ਦਾ ਮਾਮਲਾ ਸੀ | ਦੂਜਾ ਉਸ ਕੇਸ ਵਿਚ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਆਧਾਰ ਬਣਾਇਆ ਗਿਆ ਸੀ | ਅਮਰੀਕਨ ਨਾਗਰਿਕਾਂ ਨਾਲ ਉਸ ਮਾਮਲੇ ਦਾ ਕੋਈ ਸਿੱਧਾ ਸਬੰਧ ਨਹੀਂ ਸੀ |

ਪਰ ਹੁਣ ਦੱਸਿਆ ਜਾਂਦਾ ਹੈ ਕਿ ਸਿੱਖ ਸੰਗਠਨਾਂ ਨੇ ਅਜਿਹੇ ਕਈ ਮਾਮਲੇ ਸਾਹਮਣੇ ਲਿਆਉਣੇ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿਚ ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਪੰਜਾਬ ਵਿਚ ਆਉਣ ਸਮੇਂ ਤਸ਼ੱਦਦ ਹੋਏ ਜਾਂ ਜ਼ਿਆਦਤੀਆਂ ਹੋਈਆਂ | ਅਜਿਹੇ ਮਾਮਲਿਆਂ 'ਚ ਕੈਨੇਡੀਅਨ ਨਾਗਰਿਕ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ 'ਚ ਫੌਜਦਾਰੀ ਕੇਸ ਵੀ ਦਰਜ ਹੋ ਸਕਦਾ ਹੈ |

ਪਤਾ ਲੱਗਾ ਹੈ ਕਿ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਨੂੰਨੀ ਸਲਾਹਕਾਰ, ਸੁਰੱਖਿਆ ਏਜੰਸੀਆਂ ਸਮੇਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਵਿਚਾਰ-ਵਟਾਂਦਰਾ ਕਰਨ 'ਚ ਲੱਗੇ ਹੋਏ ਹਨ | ਸ: ਸੁਖਬੀਰ ਸਿੰਘ ਬਾਦਲ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਹਾਲ ਦੀ ਘੜੀ ਕੈਨੇਡਾ ਦੌਰਾ ਰੱਦ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਹਨ |

Source: Ajit Jalandhar


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top