ਬੜੇ
ਦਿਨਾਂ ਤੋਂ ਇੱਕ ਦਰਦ ਆਪਣੇ ਅੰਦਰ ਦਬਾਈ ਬੈਠਾ ਸੀ, ਕਈ ਵਾਰ ਸੋਚਿਆ ਕੇ ਸਬ ਨਾਲ
ਸਾਂਝਾ ਕੀਤਾ ਜਾਵੇ ।ਪਰ ਸੋਚ ਕੇ ਰਹਿ ਜਾਂਦਾ ਸੀ, ਕੇ ਛੱਡ ਰਹਿਣ ਦੇ, ਇਵੇਂ ਆਪਸੀ
ਵਖਰੇਵੇਂ ਹੋਰ ਪੈਦਾ ਹੋਣਗੇ ਕੋਈ ਫਾਇਦਾ ਨਹੀਂ, ਹੁਣ ਲੋਕ ਵੀ ਕੋਈ ਬਹੁਤੇ ਨਿਰਪਖ ਨਹੀਂ
ਰਹੇ, ਤਕਰੀਬਨ ਹਰ ਕੋਈ ਹੀ ਕਿਸੇ ਨਾ ਕਿਸੇ ਪਖ ਨਾਲ ਜੁੜਿਆ ਹੋਇਆ। ਪਰ ਅੱਜ ਇਨ੍ਹਾਂ
ਕਾਰਣਾਂ ਕਰਕੇ ਜੋ ਕੌਮੀ ਹਾਲਾਤ ਬਣ ਚੁੱਕੇ ਨੇ ਉਹ ਬਿਲਕੁਲ ਸਾਹਮਣੇ ਨਜਰ ਆ ਰਹੇ ਨੇ,
ਕਿਸ ਕਦਰ ਨੌਜਵਾਨ ਆਪਣੇ ਵਿਰਸੇ ਤੋਂ ਬਾਗੀ ਹੋ ਰਹੇ ਨੇ, ਕਿਸ ਕਦਰ ਸਾਡੇ ਵਿਚ ਵੰਡੀਆਂ
ਪਾਈਆਂ ਜਾ ਰਹੀਆਂ ਨੇ, ਇਤਿਹਾਸ ਤਾਂ ਇਤਿਹਾਸ ਹੁਣ ਤਾਂ ਗੁਰੂ ਦੇ ਨਾਮ 'ਤੇ ਗੁਰੂ
ਗਰੰਥ ਦੀ ਸਰਬ ਉਚਤਾ 'ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਲਈ ਆਪਣੇ ਆਪ ਨੂੰ
ਹੋਰ ਦਬਾ ਕੇ ਰਖਣਾ, ਹੁਣ ਆਪਣੇ ਆਪ ਨਾਲ ਬਹੁਤ ਵੱਡਾ ਧੋਖਾ ਹੋਵੇਗਾ ਜੋ ਮੈਂ ਨਹੀਂ
ਕਰ ਸਕਦਾ। ਨਿੱਜੀ ਨੁਕਸਾਨ ਜਾਂ ਫਾਇਦਾ ਦੇਖ ਕੇ, ਨਾ ਤਾਂ ਅਸੀਂ ਪਹਿਲਾਂ ਕੋਈ ਫੈਸਲੇ
ਲਏ ਤੇ ਨਾ ਹੀ ਹੁਣ ਲਵਾਂਗੇ, ਹਾਂ ਜਿਥੇ ਕੌਮੀ ਹਿੱਤਾਂ ਦੀ ਗੱਲ ਹੈ ਉਥੇ ਹਰ ਸਮਝੋਤੇ
ਨੂੰ ਤਿਆਰ ਹਾਂ।
ਇਸ ਲਈ ਉਹ ਦਰਦ, ਉਹ ਤਕਲੀਫ਼ ਸਬ ਨਾਲ ਸਾਂਝਾ ਕਰ ਰਿਹਾਂ ਜੀ...
ਤੇ ਉਹ ਦਰਦ ਉਹ ਤਕਲੀਫ਼ ਇਹ ਹੈ, ਕੇ ਸਾਡੀ ਕੌਮ ਨੂੰ ਧੜੇਬਾਜੀ, ਗੁਟਬਾਜੀ, ਪਰਿਵਾਰ
ਵਾਦ ਤੇ ਸਵਾਰਥੀ ਲੀਡਰਾਂ ਨੇ ਖਾ ਲਿਆ, ਨਹੀਂ ਤਾਂ ਕੌਮੀ ਸੋਚ ਨਾਲ ਕੰਮ ਕਰਨ ਵਾਲੇ
ਤਾਂ ਅੱਜ ਵੀ ਬਥੇਰੇ ਕਰੀ ਜਾਂਦੇ ਨੇ, ਤੇ ਕਰ ਵੀ ਉਸ ਹੱਦ ਤੇ ਜਾ ਕੇ ਰਹੇ ਨੇ, ਜਿਥੋਂ
ਵਾਪਸੀ ਦੀ ਕੋਈ ਉਮੀਦ ਹੀ ਨਹੀਂ, ਪਰ ਧੜੇਬਾਜਾਂ ਵਲੋਂ ਉਨ੍ਹਾਂ ਦੇ ਕੀਤੇ ਹਰ ਉਸ
ਜੋਖਿਮ ਭਰੇ ਕੰਮ ਨੂੰ ਵੀ ਅਣਦੇਖਿਆ ਕਰ ਦਿੱਤਾ ਜਾਂਦਾ ਹੈ ,ਤੇ ਕਰ ਵੀ ਇਸ ਕਰਕੇ
ਦਿੱਤਾ ਜਾਂਦਾ ਹੈ, ਕੇ ਉਹ ਉਨ੍ਹਾਂ ਦੇ ਧੜੇ ਦਾ ਹਿੱਸਾ ਨਾ ਹੋ ਕੇ, ਨਿਰਪਖ ਤੇ ਅਜਾਦ
ਸੋਚ ਨਾਲ ਚੱਲ ਰਿਹਾ, ਮੈਂ ਇਸ ਤੰਗ ਸੋਚ ਤੋਂ ਬੜਾ ਦੁਖੀ ਹਾਂ।
ਧੜੇਬਾਜਾਂ ਵਲੋਂ, ਕਮੇਟੀਆਂ ਵਲੋਂ ਇਹ ਬਿਲਕੁਲ ਨਹੀਂ ਦੇਖਿਆ ਜਾਂਦਾ ਕੇ ਇੱਕ ਪਾਸੇ
ਤੁਸੀਂ ਵੱਡੇ ਵੱਡੇ ਅਦਾਰੇ ਖੜੇ ਕਰ ਕੇ, ਲਖਾਂ ਕਰੋੜਾਂ ਰੁਪਏ ਅੰਦਰ ਕਰ ਕੇ, ਵੀ ਉਹ
ਕੰਮ ਨਹੀਂ ਕਰ ਕੇ ਦਿਖਾ ਸਕੇ, ਜਿਨ੍ਹਾਂ ਦੇ ਤੁਸੀਂ ਦਾਅਵੇ ਕਰਦੇ ਹੋ, ਤੇ ਇੱਕ ਪਾਸੇ
ਖਾਲੀ ਹਥਾਂ ਨਾਲ ਉਹ ਕੰਮ ਕਰ ਕੇ ਦਿਖਾ ਦਿੱਤੇ ਗਏ ਹਨ ਜੋ ਕਰਨੇ ਤੁਹਾਨੂੰ ਚਾਹੀਦੇ
ਸਨ।
ਹੈ ਤਾਂ ਇੱਕ ਫਿਲਮੀ ਡਾਇਲਾਗ, ਪਰ ਜਿਕਰ ਕਰਨ ਵਿਚ ਕੋਈ ਹਰ੍ਜ਼ ਨਹੀਂ ਕਿਉਂ ਕੇ ਜਿਥੋਂ
ਵੀ ਸੁਨੇਹਾ ਮਿਲੇ ਉਹ ਲੈ ਲੈਣਾ ਚਾਹਿਦਾ ਹੈ। ਘਾਤਕ ਫਿਲਮ ਦਾ ਇਕ ਡਾਇਲਾਗ ਸੀ, ਜੱਦ
ਡੈਨੀ ਫਿਲਮ ਵਿਚ ਵਿਲੇਨ ਦੀ ਭੁਮਿਕਾ ਨਿਭਾ ਰਿਹਾ ਤੇ ਜੱਦ ਫਿਲਮ ਦੇ ਹੀਰੋ ਸੰਨੀ
ਦਿਉਲ ਦੀ ਬਹਾਦਰੀ ਦੇਖਦਾ ਤੇ ਕਹਿੰਦਾ ਕੇ "ਤੂੰ ਮੇਰੇ ਧੜੇ ਦਾ ਹਿੱਸਾ ਬਣ ਜਾ, ਸੱਬ
ਕੁਝ ਮਿਲੇਗਾ ਤੈਨੂੰ", ਪਰ ਸੰਨੀ ਉਸ ਗਰੁਪ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੰਦਾ
ਤੇ ਲੋਕਾਂ ਦੇ ਹੱਕ ਸਚ ਦੀ ਲੜਾਈ ਅਜਾਦ ਰਹਿ ਕੇ ਲੜਨ ਦਾ ਐਲਾਨ ਕਰਦਾ। ਫਿਰ ਕੀ ਸੀ
ਡੈਨੀ ਹਰ ਹਿਲਾ ਵਰਤਦਾ ਉਸਨੂੰ ਖਤਮ ਕਰਨ ਲਈ , ਕੋਈ ਕਸਰ ਨਹੀਂ ਛੱਡਦਾ ਆਪਣੇ ਵਲੋਂ।
ਸੋ ਮਿਲਦੀ ਜੁਲਦੀ ਕਹਾਣੀ ਇਥੇ ਅਸਲੀਅਤ ਵਿਚ ਵੀ, ਇਥੇ ਵੀ ਪੇਸ਼ਕਸ਼ ਇਹੀ ਹੈ ਕੇ ਮੇਰੇ
ਧੜੇ, ਮੇਰੇ ਗਰੁਪ ਦਾ ਹਿੱਸਾ ਬਣ ਜਾ, ਜੋ ਕਰਦਾਂ ਏਂ ਕਰੀ ਜਾ, ਅਸੀਂ ਕੁਝ ਨਹੀਂ
ਕਹਿੰਦੇ, ਬੱਸ ਕੋਈ ਫੈਸਲਾ ਲੈਣ ਵੇਲੇ ਸਾਡੇ ਕੋਲੋਂ ਪੁਛ ਲਿਆ ਕਰੀਂ, ਕਹਿਣ ਦਾ ਮਤਲਬ
ਚੱਲਣਾ ਸਾਡੀ ਸੋਚ ਨਾਲ ਪੈਣਾ ਤੇ ਮੁਆਫ ਕਰਨਾ ਇਹੀ ਮੈਂ ਕਰ ਨਹੀਂ ਪਾ ਰਿਹਾ, ਜਿਸਦਾ
ਬਾਰ ਬਾਰ ਖਮਿਆਜਾ ਵੀ ਭੁਗਤਨਾ ਪੈਂਦਾ, ਪਰ ਕੀ ਕਰਾਂ ਆਦਤ ਤੋਂ ਮਜਬੂਰ ਹਾਂ,
ਨਾ ਚੱਲਾਂ ਸਕਾਂ ਉਹ ਮੁਬਾਰਕ, ਪਰ ਚੱਲਾਂ ਤਾਂ ਆਜ਼ਾਦੀ ਨਾਲ...
ਧੜੇਬਾਜਾਂ ਦੇ ਨਾਲ ਨਾ ਚੱਲਣ ਦਾ ਇੱਕ ਕਾਰਣ ਇਹ ਵੀ ਹੈ, ਕੇ
ਇਨ੍ਹਾਂ ਬਾਰੇ ਕੁਝ ਨਹੀਂ ਪਤਾ ਕੇ ਕੱਦ ਕਹਿ ਦੇਣ ਕੇ ਇਹ ਫੈਸਲਾ ਕਮਾਂਡ ਤੋਂ ਪੁਛ ਕੇ
ਲੈਣਾ ਪੈਣਾ, ਇਹ ਆਪ ਕੋਈ ਫੈਸਲਾ ਨਹੀਂ ਲੈ ਸਕਦੇ ਬੱਸ ਉਥੇ ਹੀ ਕਹਾਣੀ ਖਤਮ।
ਜਿੰਦਗੀ ਦੇ ਪਿਛਲੇ 12 ਸਾਲ ਤੋਂ ਇਹ ਕੁਝ ਤਾਂ ਮੈਂ ਦੇਖਦਾ ਹੀ
ਆਇਆਂ, ਲੀਡਰਾਂ ਦੇ ਗਲਤ ਫੈਸਲਿਆਂ ਤੇ ਦੇਰ ਨਾਲ ਕੀਤੇ ਫੈਸਲਿਆਂ ਦਾ ਸੰਤਾਪ, ਅੱਜ
ਤੱਕ ਕੌਮ ਭੁਗਤ ਰਹੀ ਹੈ। ਮੇਰਾ ਨਿੱਜੀ ਵਿਚਾਰ ਹੈ ਹਰ ਕਿਸੇ ਦਾ ਸਹਿਮਤ ਹੋਣਾ ਲਾਜਮੀ
ਨਹੀਂ, ਜੱਦ ਤੱਕ ਇਹ ਸੋਚ ਖਤਮ ਨਹੀਂ ਹੁੰਦੀ, ਤੱਦ ਤੱਕ ਕਿਸੇ ਅਹਿਮ ਪ੍ਰਾਪਤੀ ਦੀ ਆਸ
ਨਹੀਂ ਕੀਤੀ ਜਾ ਸਕਦੀ, ਹਾਂ ਖੱਜਲ ਖੁਆਰੀ ਹੋਰ ਜਿੰਨੀ ਮਰਜ਼ੀ ਕਰਵਾਈ ਜਾ ਸਕਦੀ ਹੈ।