Share on Facebook

Main News Page

ਪ੍ਰੋ: ਘੱਗਾ ਦੇ ਲੇਖ ’ਤੇ ਹਿੰਦੂਆਂ ਦੇ ਜ਼ਜ਼ਬਾਤ ਭੜਕਾ ਕੇ ਹਿੰਦੂ-ਸਿੱਖ ਵਿਵਾਦ ਪੈਦਾ ਕਰਨ ਵਾਲੇ ਭਾਜਪਾ ਆਗੂ ’ਤੇ ਦੋਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ
-: ਭਾਈ ਪੰਥਪ੍ਰੀਤ ਸਿੰਘ

* ਜੇ ਕਿਸੇ ਨੂੰ ਪ੍ਰੋ: ਇੰਦਰ ਸਿੰਘ ਘੱਗਾ ਦੇ ਲੇਖ ’ਤੇ ਇਤਰਾਜ ਹੈ, ਤਾਂ ਪਹਿਲਾਂ ਉਹ ਆਪਣੇ ਬੋਦੀ ਵਾਲੇ ਪੁਜਾਰੀ ਬ੍ਰਾਰਹਣਾਂ ਦੀਆਂ ਲਿਖਤਾਂ ’ਤੇ ਇਤਰਾਜ ਕਰਨ, ਜਿਨ੍ਹਾਂ ਨੇ ਇਹ ਸਭ ਕੁਝ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ
* ਜੇ ਕਹੀ ਜਾਂਦੀ ਪੰਥਕ ਸਰਕਾਰ ਵਿੱਚ ਹੀ ਸਿੱਖਾਂ ਨਾਲ ਇਸ ਤਰ੍ਹਾਂ ਬੇਇਨਸਫੀ ਕੀਤੀ ਜਾਂਦੀ ਹੈ, ਤਾਂ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੀ ਆਸ ਰੱਖੀ ਜਾ ਸਕਦੀ ਹੈ?

ਬਠਿੰਡਾ, 22 ਅਗੱਸਤ (ਕਿਰਪਾਲ ਸਿੰਘ): ਬਾਘਾ ਪੁਰਾਣਾ ਤੋਂ ਛਪ ਰਹੇ ਪੰਜਾਬੀ ਅਖ਼ਬਾਰ ਮਾਲਵਾ ਮੇਲ ਵਿੱਚ ਰੱਖੜੀ ਦੇ ਤਿਉਹਾਰ ਮੌਕੇ, ‘ਰੱਖੜੀ ਜਾਂ ਮਾਨਸਕ ਗੁਲਾਮੀ’ ਸਿਰਲੇਖ ਹੇਠ, ਪ੍ਰੋ: ਇੰਦਰ ਸਿੰਘ ਘੱਗਾ ਦਾ ਇੱਕ ਪੁਰਾਣਾ ਲੇਖ ਛਪ ਜਾਣ ਨੂੰ ਅਧਾਰ ਬਣਾ ਕੇ ਅਖ਼ਬਾਰ ਦੇ ਦਫਤਰ ਦੀ ਭੰਨਤੋੜ ਕਰਨ ਅਤੇ ਅਤੇ ਪ੍ਰੋ: ਘੱਗਾ ਸਮੇਤ ਅਖ਼ਬਾਰ ਦੇ ਮੁੱਖ ਸੰਪਾਦਕ ’ਤੇ ਕੇਸ ਦਰਜ ਕਰਵਾਉਣ ਵਾਲੇ ਭਾਜਪਾ ਆਗੂ ਤੇ ਵਰਕਰਾਂ ਨੂੰ ਜੇ ਇਸ ਲੇਖ ’ਤੇ ਇਤਰਾਜ ਹੈ ਤਾਂ ਪਹਿਲਾਂ ਉਹ ਆਪਣੇ ਬੋਦੀ ਵਾਲੇ ਪੁਜਾਰੀ ਬ੍ਰਾਰਹਣਾਂ ਦੀਆਂ ਲਿਖਤਾਂ ’ਤੇ ਇਤਰਾਜ ਕਰਨ ਜਿਨ੍ਹਾਂ ਨੇ ਇਹ ਸਭ ਕੁਝ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ। ਇਹ ਸ਼ਬਦ ਗੁਰਮਤਿ ਦੇ ਨਿਸ਼ਕਾਮ ਅਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਅਸਲ ਵਿੱਚ ਇਸ ਨੂੰ ਹਿੰਦੂ ਜਥੇਬੰਦੀਆਂ ਵੱਲੋਂ ਕੀਤੀ ਗਈ ਕਾਰਵਾਈ ਕਹਿਣਾ ਹੀ ਗਲਤ ਹੈ ਕਿਉਂਕਿ ਜੇ ਕਰ ਹਿੰਦੂਆਂ ਨੂੰ ਇਸ ਲਿਖਤ ’ਤੇ ਇਤਰਾਜ ਹੁੰਦਾ ਤਾਂ ਇਹ ਲੇਖ ਉਸ ਦੀ ਅੱਜ ਤੋਂ ਤਿੰਨ ਸਾਲ ਪਹਿਲਾਂ ਛਪੀ ਪੁਸਤਕ ‘ਪਰਾਇਆ ਧਨ ਬੇਗਾਨੀ ਧੀ’ ਵਿੱਚ ਛਪਣ ਤੋਂ ਇਲਾਵਾ ਹੋਰਨਾਂ ਅਖ਼ਬਾਰਾਂ ਅਤੇ ਸਾਈਟਾਂ ’ਤੇ ਛਪ ਚੁੱਕਾ ਹੈ। ਇਸ ਲਈ ਅਨੇਕਾਂ ਹਿੰਦੂਆਂ ਨੇ ਇਸ ਲੇਖ ਨੂੰ ਜਰੂਰ ਪੜ੍ਹਿਆ ਹੋਵੇਗਾ, ਜੇ ਕਿਸੇ ਹਿੰਦੂ ਵੀਰ ਨੂੰ ਇਤਰਾਜ ਹੁੰਦਾ ਤਾਂ ਇਸ ਲੇਖ ’ਤੇ ਪਹਿਲਾਂ ਵੀ ਕੋਈ ਵਿਵਾਦ ਹੋਣਾ ਸੀ?

ਅਸਲ ਵਿੱਚ ਸਿਆਣੇ ਹਿੰਦੂ ਇਸ ਗੱਲ ਨੂੰ ਭਲੀਭਾਂਤ ਸਮਝਦੇ ਹਨ ਕਿ ਉਨ੍ਹਾਂ ਦੇ ਪੁਜਾਰੀ ਵਰਗ ਨੇ ਜੋ ਜੋ ਵਿਭਚਾਰ ਜਾਂ ਹੋਰ ਵਿਕਾਰ ਆਪ ਭੋਗਣੇ ਹੁੰਦੇ ਸਨ ਉਹ ਆਪਣੇ ਦੇਵੀ ਦੇਵਤਿਆਂ ਨੂੰ ਕਰਦੇ ਵਿਖਾ ਕੇ ਆਪ ਦੋਸ਼ ਮੁਕਤ ਹੋਣਾ ਚਾਹੁੰਦੇ ਸਨ। ਸਵਾਮੀ ਰਾਮ ਤੀਰਥ ਦੰਡੀ ਹਿੰਦੂ ਧਰਮ ਨੂੰ ਮੰਨਣ ਵਾਲਾ ਹੀ ਸੀ ਜਿਸ ਨੇ ਆਪਣੀ ਪੁਸਤਕ ਵਿੱਚ ਉਹ ਸਭ ਕੁਝ ਲਿਖ ਦਿੱਤਾ ਹੈ ਜੋ ਘੱਗਾ ਜੀ ਨੇ ਲਿਖਿਆ ਹੈ। ਮਾਲਵਾ ਮੇਲ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਚੰਦ ਮਿੱਤਲ ਜੀ ਵੀ ਹਿੰਦੂ ਧਰਮ ਨੂੰ ਮੰਨਣ ਵਾਲੇ ਹੀ ਹਨ, ਜਿਨ੍ਹਾਂ ਨੇ ਆਪਣੇ ਅਖ਼ਬਾਰ ਵਿੱਚ ਇਸ ਲੇਖ ਨ ਛਾਪਿਆ ਹੈ। ਜੇ ਸ਼੍ਰੀ ਫੂਲ ਚੰਦ ਮਿੱਤਲ ਨੂੰ ਇਸ ਲੇਖ ਵਿੱਚ ਕੁਝ ਹਿੰਦੂ ਧਰਮ ਵਿਰੁੱਧ ਲਿਖਿਆ ਮਹਿਸੂਸ ਹੁੰਦਾ ਤਾਂ ਉਹ ਕਦੀ ਵੀ ਇਸ ਲੇਖ ਨੂੰ ਆਪਣੇ ਅਖ਼ਬਾਰ ਵਿੱਚ ਨਾ ਛਾਪਦੇ। ਇਸ ਤਰ੍ਹਾਂ ਅਨੇਕਾਂ ਹੋਰ ਸਿਆਣੇ ਹਿੰਦੂ ਵੀਰ ਵੀ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਪੁਜਾਰੀ ਵਰਗ ਨੇ ਆਪਣੇ ਧਰਮ ਗ੍ਰੰਥਾਂ ਵਿੱਚ ਬਹੁਤ ਕੁਝ ਗਲਤ ਲਿਖ ਦਿੱਤਾ ਹੈ। ਤੇ ਜਦੋਂ ਕੋਈ ਗੈਰ ਹਿੰਦੂ ਇਨ੍ਹਾਂ ਗਲਤ ਲਿਖਤਾਂ ਦਾ ਹਵਾਲਾ ਦੇ ਕੇ ਸਮਾਜਕ ਬੁਰਾਈਆਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਨ੍ਹਾਂ ਬੁਰਾਈਆਂ ਦੇ ਮੁੱਖ ਜਿੰਮੇਵਾਰ ਪੁਜਾਰੀ ਵਰਗ ਅਤੇ ਸਿਆਸਤਦਾਨ; ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਹਿੰਦੂ-ਸਿੱਖ ਫਸਾਦ ਕਰਵਾ ਕੇ ਆਪਣੀਆਂ ਰੋਟੀਆਂ ਸੇਕਣਾਂ ਸ਼ੁਰੂ ਕਰ ਦਿੰਦੇ ਹਨ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਚੰਦਾ ਜੀ ਵੱਲੋਂ ਫਤਹਿ ਮਲਟੀ ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਇਹੀ ਪੱਖ ਭਲੀਭਾਂਤ ਸਪੱਸ਼ਟ ਹੋ ਰਿਹਾ ਹੈ, ਕਿ ਭਾਜਪਾ ਦੇ ਇਸ ਸਾਬਕਾ ਜਿਲ੍ਹਾ ਉਪ ਪ੍ਰਧਾਨ ਦੇ ਲੜਕੇ ਵੱਲੋਂ ਸਮਾਜ ਨੂੰ ਕਲੰਕਤ ਕਰਨ ਵਾਲੀਆਂ ਕੀਤੀਆਂ ਗੈਰ ਇਖਲਾਕੀ ਹਰਕਤਾਂ ਦੀਆਂ ਇਸ ਅਖ਼ਬਾਰ ਨੇ ਪ੍ਰਮੁਖਤਾ ਨਾਲ ਖ਼ਬਰਾਂ ਛਾਪੀਆਂ ਸਨ। ਉਸ ਆਗੂ ਨੇ ਅਖ਼ਬਾਰ ਦੇ ਸੰਪਾਦਕ ਨਾਲ ਆਪਣੀ ਪੁਰਾਣੀ ਕਿੜ ਕੱਢਣ ਲਈ ਪ੍ਰਿੰ: ਘੱਗਾ ਦੇ ਇਸ ਲੇਖ ਨੂੰ ਵਰਤਿਆ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਫਿਰਕੂ ਏਕਤਾ ਬਣਾਈ ਰੱਖਣ ਅਤੇ ਸਮਾਜਕ ਬੁਰਾਈਆਂ ਦੂਰ ਕਰਨ ਲਈ ਇਨਸਾਫ ਇਹੋ ਮੰਗ ਕਰਦਾ ਹੈ ਕਿ ਪ੍ਰੋ: ਘੱਗਾ ਦੇ ਲੇਖ ’ਤੇ ਹਿੰਦੂਆਂ ਦੇ ਜ਼ਜ਼ਬਾਤ ਭੜਕਾ ਕੇ ਹਿੰਦੂ-ਸਿੱਖ ਵਿਵਾਦ ਪੈਦਾ ਕਰਨ ਵਾਲੇ ਭਾਜਪਾ ਆਗੂ ’ਤੇ ਦੋਸ਼ ਧ੍ਰੋਹੀ ਦਾ ਕੇਸ ਦਰਜ ਕੀਤਾ ਜਾਵੇ। ਪਰ ਇਸ ਦੇ ਉਲਟ ਸਿਆਸੀ ਪ੍ਰਭਾਵ ਹੇਠ ਆ ਕੇ ਪੁਲਿਸ ਵੱਲੋਂ ਫੌਰੀ ਤੌਰ ’ਤੇ ਅਖ਼ਬਾਰ ਦੇ ਸੰਪਾਦਕ ਅਤੇ ਲੇਖਕ ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਅਧੀਨ ਧਾਰਾ 295ਏ ਅਧੀਨ ਕੇਸ ਦਰਜ ਕਰਨਾ ਅਤੇ ਲੇਖਕ ਦੀ ਪਟਿਆਲਾ ਵਿਚਲੀ ਰਿਹਾਇਸ਼ ਤੋਂ ਉਸ ਨੂੰ ਤੁਰੰਤ ਗ੍ਰਿਫਤਾਰ ਕਰਨਾ ਸਿੱਧ ਕਰਦਾ ਹੈ, ਕਿ ਪੰਜਾਬ ਵਿੱਚ ਜੰਗਲ ਦਾ ਰਾਜ ਹੈ।

ਉਨ੍ਹਾਂ ਕਿਹਾ ਪੁਲਿਸ ਦੀ ਇਹ ਕਾਰਵਾਈ ਜਿੱਥੇ ਪ੍ਰੈੱਸ ਦੀ ਅਜਾਦੀ ’ਤੇ ਸ਼ਰੇਆਮ ਡਾਕਾ ਹੈ ਉਥੇ ਸਿੱਖਾਂ ਨੂੰ ਇਹ ਅਹਿਸਾਸ ਵੀ ਕਰਵਾ ਰਹੇ ਹਨ ਕਿ ਭਾਰਤ ਵਿੱਚ ਕਿਸੇ ਵੀ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈ; ਤੇ ਧਾਰਾ 295ਏ ਸਿਰਫ ਸਿੱਖਾਂ ਜਾਂ ਦੇਸ਼ ਦੀਆਂ ਹੋਰ ਘੱਟ ਗਿਣਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹੀ ਹੈ। ਉਨ੍ਹਾਂ ਕਿਹਾ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਨ ਦੇ ਦੋਸ਼ ਅਧੀਨ ਉਸ ਵਿਰੁੱਧ ਧਾਰਾ 295ਏ ਦੇ ਤਹਿਤ ਕੇਸ ਦਰਜ ਹੋਏ ਨੂੰ ਛੇ ਸਾਲ ਤੋਂ ਉਪਰ ਹੋ ਗਏ ਹਨ; ਤਿੰਨ ਸਾਲ ਤੱਕ ਉਸ ਵਿਰੁੱਧ ਕਾਰਵਾਈ ਕਰਨ ਲਈ ਰੋਸ ਮੁਜਾਹਰੇ ਤੇ ਮਾਰਚ ਕੱਢੇ ਗਏ, ਸਿੱਖ ਜਥੇਬੰਦੀਆਂ ਵੱਲੋਂ ਅਦਾਲਤ ਵਿੱਚ ਕੇਸ ਹੁਣ ਤੱਕ ਚੱਲ ਰਿਹਾ ਹੈ; ਪਰ ਉਸ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਪੰਜ ਸਾਲ ਬਾਅਦ ਉਸ ਵਿਰੁੱਧ ਦਰਜ ਕੇਸ ਖ਼ਾਰਜ ਕਰਨ ਲਈ ਸਰਕਾਰ ਵੱਲੋਂ ਅਦਾਲਤ ਵਿੱਚ ਅਰਜੀ ਵੀ ਪਾ ਦਿੱਤੀ ਹੈ।

ਪਿੱਛੇ ਜਿਹੇ ਹੀ ਫੇਸ ਬੁੱਕ ’ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਨਾਲ ਅਤਿਸ਼ਰਮਨਾਕ ਤੇ ਬੇਹੂਦਾ ਢੰਗ ਨਾਲ ਛੇੜ ਛਾੜ ਕੀਤੀ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਵਿੱਚ ਸਿਗਰਟ ਵਿਖਾਈ ਜਾਣੀ ਵੀ ਸ਼ਾਮਲ ਹੈ। ਕਿਸੇ ਭੜੂਏ ਨੇ ਸ਼ਰਾਰਤੀ ਅਨਸਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਪਰ ਜੇ ਇੱਕ ਸਮਾਜ ਸੁਧਾਰ ਦੇ ਉਪ੍ਰਾਲੇ ਵਜੋਂ ਪ੍ਰੋ: ਇੰਦਰ ਸਿੰਘ ਦਾ ਰੱਖੜੀ ਸਬੰਧੀ ਇਹ ਲੇਖ ਛਪ ਗਿਆ, ਜਿਸ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਰੱਖੜੀ ਔਰਤ ਦੀ ਮਾਨਸਿਕ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ; ਤਾਂ ਇਸ ਲੇਖ ਦੀ ਭਾਵਨਾ ਸਮਝਣ ਅਤੇ ਮੁੱਖ ਸੰਪਾਦਕ ਜਾਂ ਲੇਖਕ ਤੋਂ ਸਪਸ਼ਟੀਕਰਨ ਲਏ ਤੋਂ ਬਿਨਾਂ ਹੀ ਸ਼ਰਾਰਤੀਆਂ ਵੱਲੋਂ ਅਖ਼ਬਾਰ ਦੇ ਦਫਤਰ ਦੀ ਭੰਨਤੋੜ ਕੀਤੀ ਜਾਣੀ, ਪੁਲਿਸ ਵੱਲੋਂ ਅਖ਼ਬਾਰ ਦੇ ਸੰਪਾਦਕ ਤੇ ਲੇਖਕ ਵਿਰੁੱਧ ਤੁਰੰਤ ਕੇਸ ਦਰਜ ਕਰਨਾ ਤੇ ਲੇਖਕ ਪ੍ਰੋ: ਇੰਦਰ ਸਿੰਘ ਘੱਗਾ ਨੂੰ ਉਸ ਦੀ ਪਟਿਆਲਾ ਵਿਖੇ ਰਿਹਇਸ਼ ਤੋਂ ਗ੍ਰਿਫਤਾਰ ਕਰ ਲੈਣਾ ਇਹੀ ਸੰਕੇਤ ਦਿੰਦਾ ਹੈ ਕਿ ਜੇ ਕਹੀ ਜਾਂਦੀ ਪੰਥਕ ਸਰਕਾਰ ਵਿੱਚ ਹੀ ਸਿੱਖਾਂ ਨਾਲ ਇਸ ਤਰ੍ਹਾਂ ਬੇਇਨਸਫੀ ਕੀਤੀ ਜਾਂਦੀ ਹੈ ਤਾਂ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੀ ਆਸ ਰੱਖੀ ਜਾ ਸਕਦੀ ਹੈ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top