Share on Facebook

Main News Page

ਪ੍ਰੋ: ਘੱਗਾ ਦੀ ਗ੍ਰਿਫਤਾਰੀ ਦੀ ਘਟਨਾ ਨੇ ਜਾਗਰੂਕ ਸਿੱਖਾਂ ਦੀ ਏਕਤਾ ਦਾ ਮੁੱਢ ਬੰਨ੍ਹ ਦਿੱਤਾ ਹੈ
-: ਭਾਈ ਪੰਥਪ੍ਰੀਤ ਸਿੰਘ

* ਜੇ ਅਕਾਲ ਪੁਰਖ ਨੇ ਮੈਨੂੰ 80 ਸਾਲ ਦੀ ਉਮਰ ਦਿੱਤੀ ਤਾਂ 80 ਕ੍ਰਾਂਤੀਕਾਰੀ ਸਮਾਜ ਸੁਧਾਰਕ ਪੁਸਤਕਾਂ ਸਮਾਜ ਦੀ ਝੋਲ਼ੀ ’ਚ ਪਾ ਕੇ ਜਾਵਾਂਗਾ
* ਕੇਸ ਸਿਰਫ ਪ੍ਰੋ: ਘੱਗਾ ’ਤੇ ਹੀ ਦਰਜ ਨਹੀਂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਸਮੁੱਚੀ ਸਿੱਖ ਕੌਮ ’ਤੇ ਹੋਇਆ ਹੈ: ਪੰਥਕ ਬੁਲਾਰੇ
* ਮਿਲੀਆਂ ਖ਼ਬਰਾਂ ਅਨੁਸਾਰ ਕੇਸ ਦਰਜ ਕਰਵਾਉਣ ਲਈ ਉਕਸਾਉਣ ਵਾਲੇ ਭਾਜਪਾ ਆਗੂ ਨੂੰ ਬਾਜ਼ੀ ਪੁੱਠੀ ਪਈ

ਮੋਗਾ/ਬਠਿੰਡਾ, 24 ਅਗੱਸਤ (ਕਿਰਪਾਲ ਸਿੰਘ): ਪ੍ਰੋ. ਇੰਦਰ ਸਿੰਘ ਘੱਗਾ ਦੀ ਜਮਾਨਤ ਦੀ ਅਰਜੀ ਦੀ ਸੁਣਵਾਈ ਮੌਕੇ ਅੱਜ ਸਵੇਰ ਤੋਂ ਹੀ ਮੋਗਾ ਜਿਲ੍ਹਾ ਕਚਹਿਰੀਆਂ ਅਤੇ ਜੇਲ੍ਹ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਜਾਗਰੂਕ ਸਿੰਘਾਂ ਦਾ ਇਕੱਠ ਹੋਣਾਂ ਸ਼ੁਰੂ ਹੋ ਗਿਆ। ਭਾਈ ਪੰਥਪ੍ਰੀਤ ਸਿੰਘ ਭਾਈ ਬਖਤੌਰ ਵਾਲੇ ਨਾਲ ਜਦ ਵੱਡਾ ਕਾਫਲਾ ਜੇਲ੍ਹ ਦੇ ਅੱਗੇ ਜਾ ਕੇ ਰੁਕਿਆ ਤੇ ਉਨ੍ਹਾਂ ਨਾਲ ਆਈ ਇੱਕ ਗੱਡੀ ਉਤੇ ਲਾਊਡ ਸਪੀਕਰ ਲੱਗਿਆ ਵੇਖਿਆ ਤਾਂ ਜੇਲ੍ਹ ਅਧਿਕਾਰੀਆਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਵਾਰ ਵਾਰ ਇਹ ਸੁਨੇਹੇ ਭੇਜ ਰਹੇ ਸਨ ਕਿ ਪ੍ਰੋ: ਘੱਗਾ ਵਿਰੁੱਧ ਕੇਸ ਦਰਜ ਕਰਨਾ ਅਤੇ ਜੇਲ੍ਹ ਭੇਜਣਾ ਉਨ੍ਹਾਂ ਦੀ ਪ੍ਰਸ਼ਾਸ਼ਨਕ ਮਜ਼ਬੂਰੀ ਸੀ। ਜੇਲ੍ਹ ਵਿੱਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਹੈ ਤੇ ਹੁਣ ਵੀ ਦਿੱਤਾ ਜਾਵੇਗਾ। ਕਾਨੂੰਨੀ ਪ੍ਰੀਕ੍ਰਿਆ ਉਪ੍ਰੰਤ ਉਨ੍ਹਾਂ ਦੀ ਅੱਜ ਜਮਾਨਤ ਮਨਜੂਰ ਹੋਣ ਉਪ੍ਰੰਤ ਰਿਹਾਅ ਕਰ ਦਿੱਤਾ ਜਾਵੇਗਾ ਇਸ ਲਈ ਇਹ ਬੇਨਤੀ ਹੈ ਕਿ ਕਿਸੇ ਕਿਸਮ ਦਾ ਧਰਨਾ ਜਾਂ ਰੋਸ ਮਾਰਚ ਨਾ ਕੱਢਿਆ ਜਾਵੇ।

ਪ੍ਰੋ: ਇੰਦਰ ਸਿੰਘ ਘੱਗਾ ਨਾਲ ਮੁਲਾਕਾਤ ਕਰਵਾਉਣ ਸਮੇਂ ਜੇਲ੍ਹ ਸੁਪਰਡੰਟ ਨੇ ਮੁਲਾਕਾਤੀਆਂ ਭਾਈ ਪੰਥਪ੍ਰੀਤ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਕਿਰਪਾਲ ਸਿੰਘ ਬਠਿੰਡਾ, ਰਜਿੰਦਰ ਸਿੰਘ ਕੋਟਲਾ ਨੂੰ ਪ੍ਰੋ: ਘੱਗਾ ਦੇ ਮੂੰਹ ਤੋਂ ਵਿਸ਼ੇਸ਼ ਤੌਰ ’ਤੇ ਇਹ ਅਖਵਾਇਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਹਰ ਸਹੂਲਤ ਅਤੇ ਸਤਿਕਾਰ ਦਿੱਤਾ ਗਿਆ ਹੈ, ਇਸ ਲਈ ਜੇਲ੍ਹ ਅੱਗੇ ਐਸਾ ਕੋਈ ਧਰਨਾ ਮੁਜਾਹਰਾ ਨਾ ਕੀਤਾ ਜਾਵੇ ਜਿਸ ਨਾਲ ਪ੍ਰਸ਼ਾਸ਼ਨ ਲਈ ਕਸੂਤੀ ਸਥਿਤੀ ਪੈਦਾ ਹੋਵੇ। ਭਾਈ ਪੰਥਪ੍ਰੀਤ ਸਿੰਘ ਨੇ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਸਿੱਖ ਕਾਨੂੰਨ ਨੂੰ ਮੰਨਣ ਵਾਲੇ ਹਨ ਤੇ ਅੱਜ ਸਿਰਫ ਉਹ ਪ੍ਰੋ: ਘੱਗਾ ਨੂੰ ਮਿਲਣ ਲਈ ਹੀ ਆਏ ਹਨ ਤੇ ਕੋਈ ਧਰਨਾ ਮੁਜਾਹਰਾ ਕਰਨਾ ਉਨ੍ਹਾਂ ਦੇ ਏਜੰਡੇ ’ਤੇ ਨਹੀਂ ਹੈ। ਅੱਜ ਦੇ ਇਕੱਠ ਲਈ ਕਿਸੇ ਨੂੰ ਵਿਸ਼ੇਸ਼ ਸੱਦਾ ਨਹੀਂ ਦਿੱਤਾ ਗਿਆ ਬਲਕਿ ਉਨ੍ਹਾਂ ਨੇ ਸਿਰਫ ਇੱਕ ਦੋ ਸਿੰਘਾਂ ਨੂੰ ਆਪਣਾ ਇਹ ਪ੍ਰੋਗਰਾਮ ਹੀ ਦੱਸਿਆ ਸੀ ਕਿ ਉਹ ਪ੍ਰੋ: ਘੱਗਾ ਨੂੰ ਜੇਲ੍ਹ ਵਿੱਚ ਮਿਲਣ ਲਈ ਜਾ ਰਹੇ ਹਨ। ਪਿੰਡ ਭਾਈ ਬਖਤੌਰ ਤੋਂ ਉਹ ਇਕੱਲੇ ਹੀ ਚੱਲੇ ਸਨ, ਪਰ ਮੋਗੇ ਤੱਕ ਸਿੰਘ ਆਪ ਮੁਹਾਰੇ ਉਨ੍ਹਾਂ ਨਾਲ ਮਿਲਦੇ ਗਏ ਤੇ ਇਹ ਕਾਫਲੇ ਦਾ ਰੂਪ ਧਾਰਨ ਕਰ ਗਿਆ। ਉਨ੍ਹਾਂ ਦੱਸਿਆ ਕਿ ਇੱਕ ਸਿੰਘ ਸਪੀਕਰ ਸਿਰਫ ਇਸ ਲਈ ਨਾਲ ਲੈ ਆਏ ਕਿ ਸੰਗਤ ਨੂੰ ਲੋੜ ਅਨੁਸਾਰ ਸੂਚਨਾ ਮੁਹਈਆ ਕਰਵਾਈ ਜਾ ਸਕੇ।

ਜਿਲ੍ਹਾ ਕਚਹਿਰੀਆਂ ਕੰਪਲੈਕਸ ਵਿੱਚ ਅਤੇ ਪ੍ਰੋ: ਘੱਗਾ ਦੀ ਰਿਹਾਈ ਮੌਕੇ ਜੇਲ੍ਹ ਗੇਟ ਦੇ ਅੱਗੇ ਪਹੁੰਚੇ ਤਕਰੀਬਨ ਹਰ ਜਥੇਬੰਦੀ ਦੇ ਸਿੰਘਾਂ ਨੂੰ ਵੇਖ ਕੇ ਭਾਈ ਪੰਥਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੋ: ਘੱਗਾ ਦੀ ਗ੍ਰਿਫਤਾਰੀ ਦੀ ਘਟਨਾ ਨੇ ਜਾਗਰੂਕ ਸਿੱਖਾਂ ਦੀ ਏਕਤਾ ਦਾ ਮੁੱਢ ਬੰਨ੍ਹ ਦਿੱਤਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੋ: ਘੱਗਾ ਦੇ ਇੱਕ ਵੀਚਾਰਧਾਰਕ ਵਿਰੋਧੀ ਨੇ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਦਿਆਂ ਪੁੱਛਿਆ ਕਿ ਭਾਈ ਸਾਹਿਬ ਜੀ ਪਤਾ ਲੱਗਾ ਹੈ ਕਿ ਤੁਸੀਂ ਪ੍ਰੋ: ਘੱਗਾ ਦੇ ਸਮਰਥਨ ਵਿੱਚ ਉਨ੍ਹਾਂ ਨੂੰ ਮਿਲਣ ਲਈ ਮੋਗੇ ਜਾ ਰਹੇ ਹੋ? ਤੁਸੀਂ ਇਹ ਦੱਸੋ ਕਿ ਕੀ ਤੁਸੀਂ ਉਨ੍ਹਾਂ ਦੀ ਹਰ ਵੀਚਾਰਧਾਰਾ ਨਾਲ ਸਹਿਮਤ ਹੋ? ਭਾਈ ਪੰਥਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬ੍ਰਾਹਮਣਾਂ ਦੇ ਤਿਲਕ ਜੰਝੂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਇਸ ਦਾ ਇਹ ਭਾਵ ਇਹ ਨਹੀਂ ਕਿ ਗੁਰੂ ਸਾਹਿਬ ਜੀ ਬ੍ਰਾਹਮਣਾਂ ਦੀ ਵੀਚਾਰਧਾਰਾ ਨਾਲ ਸਹਿਮਤ ਹੋ ਗਏ ਸਨ। ਸੋ ਗੁਰੂ ਸਹਿਬ ਜੀ ਦੀ ਇਹ ਸ਼ਹਾਦਤ ਸਾਨੂੰ ਇਹ ਸਿਖਿਆ ਦਿੰਦੀ ਹੈ ਕਿ ਜੁਲਮ ਅਤੇ ਧੱਕਾ ਕਿਸੇ ਨਾਲ ਵੀ ਹੋਵੇ ਸਿੱਖ ਨੇ ਉਸ ਦੀ ਮੱਦਦ ਵਿੱਚ ਨਿਤਰਨਾ ਹੈ। ਤੁਸੀਂ ਇਹ ਦੱਸੋ ਕਿ ਇਸ ਕੇਸ ਵਿੱਚ ਪ੍ਰੋ: ਘੱਗਾ ਨਾਲ ਧੱਕਾ ਨਹੀਂ ਹੋਇਆ? ਜੇ ਹੋਇਆ ਹੈ ਤਾਂ ਅਸੀਂ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ ਅਤੇ ਇਹ ਕੇਸ ਸਿਰਫ ਪ੍ਰੋ: ਘੱਗਾ ’ਤੇ ਹੀ ਦਰਜ ਨਹੀਂ ਹੋਇਆ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ’ਤੇ ਦਰਜ ਹੋਇਆ ਹੈ, ਤਾਂ ਸਾਨੂੰ ਕਿਉਂ ਨਹੀਂ ਜਾਣਾ ਚਾਹੀਦਾ? ਰਾਜ ਕਰਨ ਦੀ ਇੱਛਾ ਰੱਖ ਕੇ ਯੂਪੀਏ ਅਤੇ ਐੱਨ.ਡੀ.ਏ ਵਿੱਚ 40-40 ਵੱਖ ਵੱਖ ਵੀਚਾਰਧਾਰਾ ਵਾਲੀਆਂ ਪਾਰਟੀਆਂ ਇਕੱਠੀਆਂ ਹਨ। ਟਕਸਾਲੀ ਚਾਹ ਨਹੀਂ ਪੀਂਦੇ ਅਤੇ ਮੀਟ ਖਾਣ ਦਾ ਨਾਮ ਵੀ ਸੁਣਨਾ ਨਹੀਂ ਚਾਹੁੰਦੇ, ਪਰ ਨਿਹੰਗ ਸ਼ਰਾਬ ਵੀ ਪੀ ਲੈਂਦੇ ਹਨ ਤੇ ਗੁਰਦੁਆਰਿਆਂ ਵਿੱਚ ਬੱਕਰੇ ਵੀ ਝਟਕਾਉਂਦੇ ਹਨ, ਇਸ ਦੇ ਬਾਵਯੂਦ ਉਹ ਇੱਕ ਸਟੇਜ ’ਤੇ ਇਕੱਠੇ ਬੈਠੇ ਹੁੰਦੇ ਹਨ, ਤਾਂ ਅਸੀਂ ਮਾਮੂਲੀ ਵੀਚਾਰਧਾਰਕ ਵਖਰੇਵਿਆਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਕੱਠੇ ਕਿਉਂ ਨਹੀਂ ਹੋ ਸਕਦੇ? ਭਾਈ ਪੰਥਪ੍ਰੀਤ ਸਿੰਘ ਦੇ ਇਸ ਜਵਾਬ ਤੋਂ ਪ੍ਰਭਾਵਤ ਹੁੰਦੇ ਹੋਏ, ਉਸ ਸਿੰਘ ਨੇ ਕਿਹਾ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ, ਇਸ ਲਈ ਉਹ ਖੁਦ ਵੀ ਜਰੂਰ ਪਹੁੰਚਣਗੇ। ਤਕਰੀਬਨ ਹਰ ਜਥੇਬੰਦੀ ਦੇ ਸਿੰਘਾਂ ਨੂੰ ਪਹੁੰਚੇ ਵੇਖ ਕੇ ਭਾਈ ਪੰਥਪ੍ਰੀਤ ਸਿੰਘ ਨੇ ਫੋਨ ’ਤੇ ਹੋਈ ਉਕਤ ਵਾਰਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰੋ: ਘੱਗਾ ਦੀ ਗ੍ਰਿਫਤਾਰੀ ਦੀ ਇਸ ਘਟਨਾ ਨੇ ਜਾਗਰੂਕ ਸਿੱਖਾਂ ਦੀ ਏਕਤਾ ਦਾ ਮੁੱਢ ਬੰਨ੍ਹ ਦਿੱਤਾ ਹੈ।

ਭਾਈ ਪੰਥਪ੍ਰੀਤ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਰਜਿੰਦਰ ਸਿੰਘ ਸ਼੍ਰੋਮਣੀ ਖ਼ਾਲਸਾ ਪੰਚਾਇਤ, ਬਲਜੀਤ ਸਿੰਘ ਬੁਰਜ ਨਕਲੀਆ, ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਹਰ ਬੁਲਾਰੇ ਨੇ ਮੌਕੇ ਦੀਆਂ ਸਰਕਾਰਾਂ ’ਤੇ ਇਹ ਰੋਸ ਪ੍ਰਗਟ ਕੀਤਾ ਕਿ ਸਿੱਖਾਂ ਦੇ ਕੇਸ ਵਿੱਚ ਕਾਨੂੰਨ ਦੇ ਦੂਹਰੇ ਮਿਆਰ ਅਪਣਾਏ ਜਾ ਰਹੇ ਹਨ। ਉਨ੍ਹਾਂ ਉਦਾਹਰਣਾਂ ਦਿੱਤੀਆਂ ਕਿ ਸੌਦਾ ਸਾਧ ’ਤੇ ਵੀ ਧਾਰਾ 295ਏ ਤਹਿਤ ਕੇਸ ਦਰਜ ਹੋਇਆ ਹੈ। ਬਠਿੰਡਾ ਦੀ ਪੁਲਿਸ ਸਿਰਸਾ ਡੇਰਾ ਵਿੱਚ ਗਈ ਤੇ ਸੌਦਾ ਸਾਧ ਦੀ ਕਾਗਜਾਂ ਵਿੱਚ ਗ੍ਰਿਫਤਾਰੀ ਵਿਖਾ ਕੇ ਉੱਥੇ ਹੀ ਜਮਾਨਤ ਦੇ ਕੇ ਛੱਡ ਆਈ ਤੇ 5 ਸਾਲ ਤੱਕ ਉਸ ਕੇਸ ਦਾ ਚਲਾਨ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਪਰ ਪ੍ਰੋ: ਘੱਗਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ ਤੇ ਅਗਲੇ ਦਿਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਸੌਦਾ ਸਾਧ ’ਤੇ ਬਲਾਤਕਾਰ ਅਤੇ ਕਤਲ ਕੇਸ ਦਰਜ ਹਨ, ਬੁੱਢੇ ਸਾਧ ਆਸਾ ਰਾਮ ਨੇ 15 ਸਾਲ ਦੀ ਨਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਪਰ ਹਾਲੀ ਤੱਕ ਉਨ੍ਹਾਂ ਵਿੱਚੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਸ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ?

ਹਰ ਬੁਲਾਰੇ ਨੇ ਇਸ ਗੱਲ ’ਤੇ ਵੀ ਵਾਰ ਵਾਰ ਜੋਰ ਦਿੱਤਾ ਕਿ ਪ੍ਰੋ: ਇੰਦਰ ਸਿੰਘ ਘੱਗਾ ਦੀ ਤਿੰਨ ਸਾਲ ਪਹਿਲਾਂ ਛਪੀ ਪੁਸਤਕ ‘ਪਰਾਇਆ ਧਨ ਬੇਗਾਨੀ ਧੀ’ ਵਿੱਚ ਛਪੇ ਲੇਖ ਜੋ ਬਾਅਦ ਵਿੱਚ ਵੱਖ ਵੱਖ ਇੰਟਰਨੈੱਟ ਸਾਈਟਾਂ ’ਤੇ ਪੈਣ ਤੋਂ ਇਲਾਵਾ 1 ਅਗਸਤ 2012 ਦੇ ਰੋਜ਼ਾਨਾ ਸਪੋਕਸਮੈਨ ਅੰਕ ਵਿੱਚ ਵੀ ਛਪ ਚੁੱਕਾ ਸੀ ਨੂੰ ਹੁਣ ਮਾਲਵਾ ਮੇਲ ਸਪਤਾਹਿਕ ਅਖ਼ਬਾਰ ਵਿੱਚ ਛਪ ਜਾਣ ਦੇ ਅਧਾਰ ’ਤੇ ਕੋਈ ਕੇਸ ਦਰਜ ਕਰਨਾ ਬਣਦਾ ਹੀ ਨਹੀਂ ਪਰ ਇੱਕ ਭਾਜਪਾ ਆਗੂ ਵੱਲੋਂ ਮਾਲਵਾ ਮੇਲ ਦੇ ਸੰਪਾਦਕ ਨਾਲ ਨਿੱਜੀ ਕਿੜਾਂ ਕੱਢਣ ਲਈ ਸਿਆਸੀ ਅਸਰ ਰਸੂਖ ਦੀ ਵਰਤੋਂ ਕਰਦੇ ਹੋਏ ਪ੍ਰੋ: ਘੱਗਾ ਦੇ ਲੇਖ ਨੂੰ ਇੱਕ ਬਹਾਨੇ ਵਜੋਂ ਵਰਤਿਆ ਹੈ। ਸਭਨਾਂ ਬੁਲਾਰਿਆਂ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਇਹ ਹਿੰਦੂ-ਸਿੱਖ ਝਗੜਾ ਨਹੀਂ ਪਰ ਸਿਆਸੀ ਭਾਜਪਾ ਆਗੂ ਨੇ ਆਪਣੀ ਨਿਜੀ ਕਿੜਾਂ ਕੱਢਣ ਲਈ ਇਸ ਨੂੰ ਧਾਰਮਿਕ ਰੰਗਤ ਦੇ ਕੇ ਹਿੰਦੂ ਸਿੱਖ ਝਗੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਸਿਆਸੀ ਲੋਕਾਂ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਦਾ ਕਰਾਰਾ ਜਵਾਬ ਦੇਣ ਲਈ ਸਾਨੂੰ ਸਾਰਿਆਂ ਨੂੰ ਨਿਜੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਹੋਣਾ ਚਾਹੀਦਾ ਹੈ।

ਪ੍ਰੋ: ਘੱਗਾ ਦੀ ਰਿਹਾਈ ਮੌਕੇ ਜੇਲ੍ਹ ਦੇ ਗੇਟ ਤੋਂ ਬਾਹਰ ਆਉਣ ਮੌਕੇ ਭਾਈ ਪੰਥਪ੍ਰੀਤ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ ਅਤੇ ਪ੍ਰੋ: ਗੁਰਜੰਟ ਸਿੰਘ ਰੂਪੋਵਾਲੀ ਨੇ ਉਨ੍ਹਾਂ ਨੂੰ ਸਿਰੋਪੇ ਪਹਿਨਾ ਕੇ ਸਨਮਾਨਤ ਕੀਤਾ ਅਤੇ ਮੌਜੂਦ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਭਾਈ ਗੁਰਸੇਵਕ ਸਿੰਘ ਮਦਰੱਸਾ ਨੇ ਪ੍ਰੋ: ਇੰਦਰ ਸਿੰਘ ਘੱਗਾ ਨੂੰ ਸਵਾਲ ਕੀਤਾ ਕਿ ਇਸ ਘਟਨਾ ਵਿੱਚ ਤੁਹਾਡੇ ਨਾਲ ਹੋਈ ਬੇਇਨਸਾਫੀ ਦਾ ਤੁਹਾਡੀ ਵੀਚਾਰਧਾਰਾ ਅਤੇ ਲੇਖਣੀ ’ਤੇ ਕੋਈ ਅਸਰ ਤਾਂ ਨਹੀਂ ਪਏਗਾ? ਪ੍ਰੋ: ਘੱਗਾ ਨੇ ਇੱਕਤਰ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਗਜੀ ਸਮਰਥਨ ਦੇਣਾ ਹੋਰ ਗੱਲ ਹੁੰਦਾ ਹੈ, ਪਰ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਆਪਣੇ ਨਿਜੀ ਕੰਮ ਧੰਦੇ ਛੱਡ ਕੇ ਸਮਰਥਨ ਦਿੱਤਾ ਹੈ ਅਤੇ ਮੇਰੇ ਕੇਸ ਦੀ ਪੈਰਵਾਈ ਕੀਤੀ ਹੈ, ਇਸ ਨਾਲ ਮੇਰੇ ਉਤਸ਼ਾਹ ਵਿੱਚ ਬੇਅੰਤ ਵਾਧਾ ਕੀਤਾ ਹੈ ਤੇ ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਜੇ ਅਕਾਲ ਪੁਰਖ ਨੇ ਮੈਨੂੰ 80 ਸਾਲ ਦੀ ਉਮਰ ਬਖਸ਼ੀ ਤਾਂ, 80 ਕ੍ਰਾਂਤੀਕਾਰੀ ਸਮਾਜ ਸੁਧਾਰਕ ਪੁਸਤਕਾਂ ਸਮਾਜ ਦੀ ਝੋਲ਼ੀ ’ਚ ਪਾ ਕੇ ਜਾਵਾਂਗਾ।

ਇਸ ਮੌਕੇ ਜਿੱਥੇ ਭਾਈ ਇੰਦਰ ਸਿੰਘ ਘੱਗਾ ਸਮੇਤ ਸਾਰੀਆਂ ਸੰਗਤਾਂ ਉਤਸ਼ਾਹ ਵਿੱਚ ਸਨ ਉਥੇ ਮਿਲੀਆਂ ਖ਼ਬਰਾਂ ਅਨੁਸਾਰ ਕੇਸ ਦਰਜ ਕਰਵਾਉਣ ਲਈ ਉਕਸਾਉਣ ਵਾਲੇ ਭਾਜਪਾ ਆਗੂ ਨੂੰ ਬਾਜ਼ੀ ਪੁੱਠੀ ਪੈ ਗਈ ਹੈ। ਪਤਾ ਲੱਗਾ ਹੈ ਕਿ ਪਿਛਲੇ ਸਮੇਂ ਵਿੱਚ ਉਸ ਦੇ ਪ੍ਰਵਾਰਕ ਮੈਂਬਰ ਦੀ ਬਦਇਖਲਾਕੀ ਅਤੇ ਸੀਮਿੰਟ ਦੀ ਨਜਾਇਜ ਫੈਕਟਰੀ ਚਲਾਉਣ ਦੀਆਂ ਮਾਲਵਾ ਮੇਲ ਵੱਲੋਂ ਸੱਚੀਆਂ ਖ਼ਬਰਾਂ ਛਾਪੇ ਜਾਣ ਦੀ ਕਿੜ ਕੱਢਣ ਲਈ ਉਸ ਨੇ ਹਿੰਦੂ ਧਾਰਮਿਕ ਸੰਗਠਨਾਂ ਨੂੰ ਗੁਮਰਾਹ ਕਰਕੇ, ਮੁੱਖ ਸੰਪਾਦਕ ਤੇ ਪ੍ਰੋ: ਘੱਗਾ ਵਿਰੁੱਧ ਕੇਸ ਦਰਜ ਕਰਨ ਲਈ ਉਕਸਾਇਆ। ਪਰ ਅਸਲ ਮਾਜਰੇ ਦੀ ਸਮਝ ਆਉਣ ਕਰਕੇ ਸਿਆਣੇ ਹਿੰਦੂ ਪਿੱਛੇ ਹਟਣਾ ਸ਼ੁਰੂ ਹੋ ਗਏ ਤੇ ਉਲਟਾ ਇਸ ਕੇਸ ਕਾਰਣ ਉਸ ਆਗੂ ਦੇ ਪੁਰਾਣੇ ਦੱਬੇ ਕੇਸ ਮੁੜ ਉਜਾਗਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਣ ਉਸ ਦੇ ਪ੍ਰਵਾਰ ਵਿੱਚ ਵੀ ਕਲੇਸ਼ ਪੈ ਗਿਆ ਹੈ ਕਿ ਦੱਬੀ ਬਲਾ ਮੁੜ ਆਪਣੇ ਗਲ਼ ਪੁਆ ਲਈ ਹੈ।

ਇਸ ਮੌਕੇ ਭਾਈ ਪੰਥਪ੍ਰੀਤ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਪ੍ਰੋ: ਗੁਰਜੰਟ ਸਿੰਘ ਰੂਪੋਵਾਲੀਆ, ਰਜਿੰਦਰ ਸਿੰਘ ਕਨਵੀਨਰ ਸ਼੍ਰੋਮਣੀ ਖ਼ਾਲਸਾ ਪੰਚਾਇਤ, ਪ੍ਰਚਾਰਕ ਬਲਜੀਤ ਸਿੰਘ ਬੁਰਜ ਨਕਲੀਆ, ਕਿਰਪਾਲ ਸਿੰਘ ਬਠਿੰਡਾ, ਸੰਤਾਂ ਦੇ ਕੌਤਕ ਪੁਸਤਕ ਲੜੀ ਦੇ ਲੇਖਕ ਸੁਖਵਿੰਦਰ ਸਿੰਘ ਸਭਰਾ, ‘ਦਸਮ ਗ੍ਰੰਥ ਦਾ ਲੇਖਕ ਕੌਣ’ ਦੇ ਲੇਖਕ ਜਸਬਿੰਦਰ ਸਿੰਘ ਦੁਬਈ, ਸ਼੍ਰੋਮਣੀ ਸਿੱਖ ਸਮਾਜ ਦੇ ਸੁਖਦੇਵ ਸਿੰਘ ਮੋਹਾਲੀ, ਰਵਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ, ਗੁਰਸੇਵਕ ਸਿੰਘ ਮਦਰੱਸਾ, ਜਗਜੀਤ ਸਿੰਘ ਲੁਧਿਆਣਾ, ਦਲਜੀਤ ਸਿੰਘ ਲੁਧਿਆਣਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਵਿੰਦਰ ਸਿੰਘ ਮਿਸ਼ਨਰੀ ਫਰੀਦਕੋਟ, ਲਾਈਵ ਸਿੱਖ ਵਰਲਡ ਦੇ ਕੁਲਦੀਪ ਸਿੰਘ ਮਧੇਕੇ, ਬਲਵਿੰਦਰ ਸਿੰਘ ਮਾਨਸਾ ਤੋਂ ਇਲਾਵਾ ਅਨੇਕਾਂ ਹੋਰ ਜਥੇਬੰਦੀਆਂ ਦੇ ਸਿੰਘ ਪਹੁੰਚੇ ਹੋਏ ਸਨ। ਮੋਗੇ ਦੀਆਂ ਸੰਗਤਾਂ ਨੇ ਅਦਾਲਤਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਲਈ ਲੰਗਰ ਅਤੇ ਚਾਹ ਪਾਣੀ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਅਤੇ ਅਦਾਲਤ ਕੰਪਲੈਕਸ ਵਿੱਚ ਹੀ ਪੰਗਤਾਂ ਲਾ ਕੇ ਲੰਗਰ ਛਕਾਇਆ।

ਪ੍ਰੋ. ਇੰਦਰ ਸਿੰਘ ਘੱਗਾ ਦਾ ਸਨਮਾਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਪ੍ਰੋ. ਇੰਦਰ ਸਿੰਘ ਘੱਗਾ ਨੂੰ ਰਿਹਾਅ ਕਰਵਾਉਣ ਲਈ ਮੋਗੇ ਪਹੁੰਚੇ ਭਾਈ ਪੰਥਪ੍ਰੀਤ ਸਿੰਘ ਦੀਆਂ ਸਤਪਾਲ ਸਿੰਘ ਦੁੱਗਰੀ ਨਾਲ ਹੋਈਆਂ ਮੌਕੇ 'ਤੇ ਹੀ ਵਿਚਾਰਾਂ ਤੇ ਉਨ੍ਹਾਂ ਵਲੋਂ ਦਿੱਤਾ ਗਿਆ ਸੰਗਤ ਨੂੰ ਇੱਕ ਸੁਨੇਹਾ
   

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top