Share on Facebook

Main News Page

ਪ੍ਰੋ. ਇੰਦਰ ਸਿੰਘ ਘੱਗਾ ਦੇ ਮਾਮਲੇ ਨੂੰ ਲੈ ਕੇ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਿਰੁੱਧ ਕੌਮਾਂਤਰੀ ਮੰਚ ਬਣਨ ਦੇ ਆਸਾਰ
* ਇਕ ਹਿੰਦੂ ਸੰਪਾਦਕ ਹਿੰਦੂਆਂ ਦੀਆਂ ਭਾਵਨਾਵਾਂ ਨਹੀਂ ਭੜਕਾ ਸਕਦਾ- ਭਾਈ ਪੰਥਪ੍ਰੀਤ ਸਿੰਘ!!
* ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਾਲੇ ਹਾਕਮਾਂ ਦੀ ਸ਼ਿਕਾਇਤ ਯੂ.ਐਨ.ਓ.ਕੋਲ ਉਠਾਉਣ ਦੀ ਲੋੜ- ਪ੍ਰੋ. ਧੁੰਦਾ!!

ਕੋਟਕਪੂਰਾ, 24 ਅਗਸਤ (ਗੁਰਿੰਦਰ ਸਿੰਘ) :- ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ਼ ਦਰਜ ਹੋਏ ਝੂਠੇ ਮਾਮਲੇ ਨੂੰ ਲੈ ਕੇ ਭਾਵੇਂ ਪਿਛਲੇ ਕਈ ਦਿਨਾਂ ਤੋਂ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ, ਪੰਥਦਰਦੀਆਂ ਤੇ ਆਮ ਸੰਗਤਾਂ ’ਚ ਗੁੱਸਾ ਦੇ ਰੋਹ ਦੇਖਣ ਨੂੰ ਮਿਲ ਰਿਹਾ ਸੀ ਤੇ ਅੱਜ ਉਨਾਂ ਦੀ ਜ਼ਮਾਨਤ ਉਪਰੰਤ ਰਿਹਾਈ ਦੀ ਖਬਰ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਸਵੇਰੇ 9:00 ਵਜੇ ਹੀ ਜ਼ਿਲਾ ਕਚਹਿਰੀਆਂ ਮੋਗਾ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕੌਮਾਂਤਰੀ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਸਮੇਤ ਅਨੇਕਾਂ ਪੰਥਕ ਵਿਦਵਾਨ ਇਸ ਸਮੇਂ ਹਾਜ਼ਰ ਸਨ। ਸਵੇਰੇ 10:00 ਵਜੇ ਤੋਂ ਲੈ ਕੇ ਪ੍ਰੋ. ਇੰਦਰ ਸਿੰਘ ਘੱਗਾ ਦੀ ਰਿਹਾਈ ਅਰਥਾਤ ਸ਼ਾਮ 4:00 ਵਜੇ ਤੱਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਅਨੇਕਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪਸ਼ਟ ਕੀਤਾ ਕਿ ਪ੍ਰੋ. ਘੱਗਾ ਦੇ ਠਰੱਖੜੀ ਕਿ ਮਾਨਸਿਕ ਗੁਲਾਮੀੂ ਵਾਲੇ ਲੇਖ ’ਚ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਵਾਲੀ ਕੋਈ ਗੱਲ ਨਹੀਂ ਸੀ। ਕਿਉਂਕਿ ਉਕਤ ਲੇਖ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਮਾਲਵਾ ਮੇਲ ਅਖ਼ਬਾਰ ਦੇ ਇਕ ਸੂਝਵਾਨ ਹਿੰਦੂ ਸੰਪਾਦਕ ਫੂਲ ਮਿੱਤਲ ਨੇ ਚੰਗੀ ਤਰਾਂ ਪੜਿਆ, ਉਪਰੰਤ ਆਪਣੀ ਅਖ਼ਬਾਰ ’ਚ ਪ੍ਰਕਾਸ਼ਤ ਕੀਤਾ।

ਉਨਾਂ ਦੱਸਿਆ ਕਿ ਪਿਛਲੇ ਸਮੇਂ ’ਚ ਮੋਗੇ ਦੇ ਇਕ ਜ਼ਿਲਾ ਪੱਧਰੀ ਭਾਜਪਾ ਆਗੂ ਦੇ ਪੁੱਤਰ ਦੇ ਕਾਲੇ ਕਾਰਨਾਮਿਆਂ ਦਾ ਫੂਲ ਮਿੱਤਲ ਨੇ ਆਪਣੀ ਅਖ਼ਬਾਰ ’ਚ ਪਰਦਾਫਾਸ਼ ਕੀਤਾ ਸੀ। ਜਿਸ ਦੀ ਕਿੜ੍ਹ ਕੱਢਣ ਲਈ ਉਸ ਭਾਜਪਾ ਆਗੂ ਨੇ ਪ੍ਰੋ. ਇੰਦਰ ਸਿੰਘ ਘੱਗਾ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨਾਂ ਦਾਅਵਾ ਕੀਤਾ ਕਿ ਭਵਿੱਖ ’ਚ ਇਕ ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਦਾ ਕੌਮਾਂਤਰੀ ਮੰਚ ਤਿਆਰ ਕੀਤਾ ਜਾਵੇਗਾ, ਜਿਸ ’ਚ ਬਾਬੇ ਨਾਨਕ ਦਾ ਫਲਸਫਾ ਦੁਨੀਆਂ ਦੇ ਕੋਨੇ-ਕੋਨੇ ’ਚ ਪਹੁੰਚਾਉਣ ਵਾਲੇ ਵਿਦਵਾਨਾਂ ਨੂੰ ਹਾਕਮ ਧਿਰ ਵੱਲੋਂ ਬਿਨਾਂ ਕਸੂਰੋਂ ਤੰਗ-ਪ੍ਰੇਸ਼ਾਨ ਕਰਨ ਦੇ ਮੁੱਦੇ ਸਮੇਂ-ਸਮੇਂ ਵਿਚਾਰੇ ਜਾਣਗੇ ਤੇ ਪੰਥਕ ਵਿਦਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਹਾਕਮਾਂ ਦੀ ਸ਼ਿਕਾਇਤ ਯੂ.ਐਨ.ਓ.ਕੋਲ ਉਠਾਈ ਜਾਵੇਗੀ। ਉਨਾਂ ਦੱਸਿਆ ਕਿ ਜੇਕਰ 4 ਸਤੰਬਰ ਨੂੰ ਪ੍ਰੋ. ਇੰਦਰ ਸਿੰਘ ਘੱਗਾ ਅਤੇ ਫੂਲ ਮਿੱਤਲ ਖਿਲਾਫ ਦਰਜ ਕੀਤਾ ਗਿਆ ਝੂਠਾ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਉਹ ਅਗਲੀ ਰਣਨੀਤੀ ਲਈ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਨਗੇ।

ਜ਼ਿਕਰਯੋਗ ਹੈ ਕਿ ਪ੍ਰੋ.ਇੰਦਰ ਸਿੰਘ ਘੱਗਾ ਡੇਢ ਦਰਜਨ ਤੋਂ ਵੀ ਜ਼ਿਆਦਾ ਇਨਕਲਾਬੀ ਪੁਸਤਕਾਂ ਦੇ ਰਚੇਤਾ ਹਨ। ਪਿਛਲੇ ਦਿਨੀਂ ਬਾਘਾਪੁਰਾਣਾ ਤੋਂ ਛਪਦੀ ਸਪਤਾਹਿਕ ਅਖ਼ਬਾਰ ਦੇ ਸੰਪਾਦਕ ਨੇ ਪ੍ਰੋ. ਘੱਗਾ ਦੀ ਲਗਭਗ 3 ਸਾਲ ਪਹਿਲਾਂ ਪ੍ਰਕਾਸ਼ਤ ਹੋਈ ਪੁਸਤਕ ‘ਬੇਗਾਨੀ ਧੀ ਪਰਾਇਆ ਧਨ’ ਵਿਚੋਂ ਇਕ ਲੇਖ ‘ਰੱਖੜੀ ਕਿ ਮਾਨਸਿਕ ਗੁਲਾਮੀ’ ਪ੍ਰਕਾਸ਼ਤ ਕੀਤਾ ਸੀ। ਉਕਤ ਲੇਖ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਸਮੇਤ ਅਨੇਕਾਂ ਪੰਥਕ ਮੈਗਜ਼ੀਨਾਂ ਅਤੇ ਪੰਥਕ ਵੈੱਬਸਾਈਟਾਂ ’ਤੇ ਪ੍ਰਕਾਸ਼ਤ ਹੋ ਚੁੱਕਾ ਹੈ ਪਰ ਇਕ ਜ਼ਿਲਾ ਪੱਧਰੀ ਭਾਜਪਾ ਆਗੂ ਵੱਲੋਂ ਨਿੱਜੀ ਕਿੜ੍ਹ ਕੱਢਣ ਲਈ ਕੁਝ ਹਿੰਦੂ ਜੱਥੇਬੰਦੀਆਂ ਨੂੰ ਮੋਹਰਾ ਬਣਾਉਣ ਅਤੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਹਿੰਦੂ ਜੱਥੇਬੰਦੀਆਂ ਦੇ ਸੂਝਵਾਨ ਆਗੂਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਕਿ ਉਕਤ ਲੇਖ ਵਿਚਲੀ ਸ਼ਬਦਾਵਲੀ ਲੇਖਕ ਨੇ ਪੁਰਾਤਨ ਗ੍ਰੰਥਾਂ ’ਚੋਂ ਲਈ ਹੈ ਅਤੇ ਇਹ ਵੀ ਸਪਸ਼ਟ ਹੋਇਆ ਕਿ ਭਾਜਪਾ ਆਗੂ ਆਪਣੀ ਨਿੱਜੀ ਕਿੜ੍ਹ ਕੱਢਣ ਲਈ ਉਕਤ ਪਰਪੰਚ ਰਚ ਰਿਹਾ ਹੈ ਤਾਂ ਉਕਤ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਭਾਜਪਾ ਆਗੂ ਨਾਲੋਂ ਨਾਤਾ ਤੋੜ ਲਿਆ।

ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪ੍ਰੋ. ਇੰਦਰ ਸਿੰਘ ਘੱਗਾ ਨੂੰ ਜਦੋਂ 21 ਅਗਸਤ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਹਿਰਾਸਤ ’ਚ ਭੇਜਿਆ ਗਿਆ, 22 ਅਗਸਤ ਨੂੰ ਦੁਬਾਰਾ ਅਦਾਲਤ ਨੇ ਅਗਲੀ ਪੇਸ਼ੀ 24 ਅਗਸਤ ਪਾ ਦਿੱਤੀ। ਨਾ ਪਹਿਲਾਂ ਦੋ ਦਿਨ ਅਤੇ ਨਾ ਹੀ ਅੱਜ ਰਿਹਾਈ ਮੌਕੇ ਹਿੰਦੂ ਜੱਥੇਬੰਦੀਆਂ ਦਾ ਕੋਈ ਆਗੂ ਉਥੇ ਹਾਜ਼ਰ ਸੀ। ਦਰਜਨਾਂ ਤੋਂ ਵੀ ਜ਼ਿਆਦਾ ਸਿੱਖ ਸੰਸਥਾਵਾਂ ਤੇ ਜੱਥੇਬੰਦੀਆਂ ਨਾਲ ਸਬੰਧਤ ਸੈਂਕੜਿਆਂ ਦੀ ਗਿਣਤੀ ’ਚ ਅਹੁਦੇਦਾਰਾਂ ਤੇ ਮੈਂਬਰਾਂ ਨੇ ਮੰਗ ਕੀਤੀ ਕਿ ਇਕ ਅਖ਼ਬਾਰ ਦੇ ਦਫ਼ਤਰ ਦੀ ਭੰਨਤੋੜ ਤੋਂ ਇਲਾਵਾ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਪ੍ਰੋ. ਘੱਗਾ ਦੀ ਰਿਹਾਈ ਤੋਂ ਬਾਅਦ ਗੁੱਸੇ ਅਤੇ ਰੋਹ ’ਚ ਆਈਆਂ ਸੰਗਤਾਂ ਨੇ ਸਬ-ਜ਼ੇਲ੍ਹ ਮੋਗਾ ਵੱਲ ਚਾਲੇ ਪਾ ਦਿੱਤੇ। ਜ਼ੇਲ੍ਹ ਦੇ ਬਾਹਰ ਸੰਗਤਾਂ ਨੂੰ ਬੇਨਤੀ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਆਖਿਆ ਕਿ ਆਪਾਂ ਝੂਠ ਅਤੇ ਸੱਚ ਦਾ ਨਿਤਾਰਾ ਸ਼ਾਂਤਮਈ ਤਰੀਕੇ ਨਾਲ ਕਰਨਾ ਹੈ। ਇਸ ਕਰਕੇ ਕੋਈ ਵੀ ਵੀਰ ਗਲਤ ਨਾਅਰੇਬਾਜ਼ੀ ਨਾ ਕਰੇ। ਜ਼ੇਲ੍ਹ ’ਚੋਂ ਰਿਹਾਅ ਹੁੰਦਿਆਂ ਹੀ ਪ੍ਰੋ. ਇੰਦਰ ਸਿੰਘ ਘੱਗਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਆਪਣੇ ਨਾਲ ਰੋਜ਼ਾਨਾ ਸਪੋਕਸਮੈਨ ਵਰਗਾ ਮਜਬੂਤ ਮੀਡੀਆ ਅਤੇ ਸ੍ਰ. ਜੋਗਿੰਦਰ ਸਿੰਘ ਵਰਗਾ ਸੂਝਵਾਨ ਵਿਦਵਾਨ ਹੈ। ਇਸ ਲਈ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਾਲੇ ਮੁੱਦੇ ਨੂੰ ਲੈ ਕੇ ਕੌਮਾਂਤਰੀ ਮੰਚ ਦੇ ਗਠਨ ਦੀ ਬਹੁਤ ਜਰੂਰਤ ਹੈ। ਇਸ ਮੌਕੇ ਉਪਕਾਰ ਸਿੰਘ ਫਰੀਦਾਬਾਦ ਦੇ ਰਿਸ਼ਤੇਦਾਰ ਗੁਰਸੇਵਕ ਸਿੰਘ ਮਦਰੱਸਾ ਵੱਲੋਂ ਪ੍ਰੋ. ਘੱਗਾ ਦੀ ਰਿਹਾਈ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ ਗਈ। ਮੰਚ ਸੰਚਾਲਨ ਗੁਰਿੰਦਰ ਸਿੰਘ ਕੋਟਕਪੂਰਾ ਨੇ ਕੀਤਾ।

ਰਿਹਾਈ ਤੋਂ ਤੁਰੰਤ ਬਾਅਦ ਪ੍ਰੋ. ਇੰਦਰ ਸਿੰਘ ਘੱਗਾ, ਸਤਪਾਲ ਸਿੰਘ ਦੁੱਗਰੀ ਨਾਲ ਫੋਨ 'ਤੇ

ਪ੍ਰੋ. ਇੰਦਰ ਸਿੰਘ ਘੱਗਾ ਆਪਣੇ ਘਰ ਪਹੁੰਚੇ ਕੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ

 

ਸ. ਗੁਰਿੰਦਰ ਸਿੰਘ ਕੋਟਕਪੂਰਾ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ

ਭਾਈ ਸਰਬਜੀਤ ਸਿੰਘ ਧੂੰਦਾ, ਸ. ਕਿਰਪਾਲ ਸਿੰਘ ਬਠਿੰਡਾ, ਭਾਈ ਪੰਥਪ੍ਰੀਤ ਸਿੰਘ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top