Share on Facebook

Main News Page

ਦਸਮ ਗ੍ਰੰਥੀਉ ! ਹੁਣ ਤਾਂ ਹੋਸ਼ ਕਰੋ ! ਛੱਡ ਦਿਉ ਇਸ ਨੂੰ "ਦਸਮ ਬਾਣੀ" ਕਹਿਣਾਂ !
-: ਇੰਦਰਜੀਤ ਸਿੰਘ, ਕਾਨਪੁਰ

ਸ. ਇੰਦਰ ਸਿੰਘ ਘੱਗਾ ਜੀ ਉਤੇ ਫਿਰਕਾਪ੍ਰਸਤ ਤਾਕਤਾਂ ਪਾਸੋਂ ਦਰਜ ਦਫਾ 295-ਅ ਦਾ ਹਸ਼ਰ ਇਹ ਹੀ ਹੋਣਾਂ ਸੀ, ਕਿਉਂਕਿ ਉਨ੍ਹਾਂ ਨੇ ਤਾਂ ਉਹ ਹੀ ਲਿਖਿਆ ਸੀ, ਜੋ ਹਿੰਦੂ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਕਿਸੇ ਧਰਮ ਗ੍ਰੰਥ ਵਿੱਚ ਲਿੱਖੀ ਕਿਸੇ ਵੀ ਗੱਲ ਨੂੰ ਕੋਟ ਕਰਨਾਂ ਕੋਈ ਅਪਰਾਧ ਨਹੀਂ ਹੁੰਦਾ। ਇਸ ਘਟਨਾਂ ਤੋਂ ਉਨ੍ਹਾਂ ਕੱਟੜ ਹਿੰਦੂਵਾਦੀਆਂ ਨੂੰ ਕੋਈ ਸਬਕ ਮਿਲੇ ਜਾਂ ਨਾਂ ਮਿਲੇ, ਅਖੌਤੀ ਦਸਮ ਗ੍ਰੰਥ ਨੂੰ "ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ" ਕਹਿਣ ਵਾਲਿਆਂ ਨੂੰ ਸਬਕ ਜਰੂਰ ਲੈ ਲੈਣਾ ਚਾਹੀਦਾ ਹੈ। ਘੱਗਾ ਜੀ ਨੇ ਉਹ ਹੀ ਕੋਟ ਕੀਤਾ, ਜੋ ਹਿੰਦੂਆਂ ਦੇ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਇਸੇ ਕਰਕੇ ਉਨ੍ਹਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਦੋਸ਼ੀ ਸਾਬਿਤ ਕੀਤੇ ਜਾ ਸਕਦੇ ਨੇ।

ਇਹ ਘਟਨਾਂ ਕੌਮ ਦੇ ਦਸਮ ਗ੍ਰੰਥੀਆਂ ਅਤੇ ਅਖੌਤੀ ਆਗੂਆਂ ਨੂੰ ਇਕ ਖੁੱਲੀ ਚੇਤਾਵਨੀ ਅਤੇ ਹਲੂਣਾ ਦੇ ਰਹੀ ਹੈ। ਜੇ ਇਹ ਦਸਮ ਗ੍ਰੰਥੀਏ, "ਚਰਿਤ੍ਰੋ ਪਾਖਿਯਾਨ" ਨਾਮਕ "ਗੰਦੀ ਅਤੇ ਗਲੀਜ" ਰਚਨਾ ਨੂੰ, ਗੁਰੂ ਦੀ ਲਿਖਿਤ ਰਚਨਾ ਕਹਿਣ ਤੋਂ ਬਾਜ ਨਹੀਂ ਆਂਉਦੇ, ਤਾਂ ਕਲ ਨੂੰ ਜੇ ਕੋਈ ਪੰਥ ਦੋਖੀ ਤਾਕਤਾਂ ਦਾ ਲਿਖਾਰੀ, ਗੁਰੂ ਗੋਬਿੰਦ ਸਿੰਘ ਜੀ ਬਾਰੇ, ਅਪਣੀ ਕਿਸੇ ਕਿਤਾਬ ਵਿੱਚ ਜੇ ਹੇਠਾਂ ਦਿੱਤਾ ਕੁਝ ਲਿੱਖ ਦੇਂਦਾ ਹੈ, ਤਾਂ ਸਿੱਖ ਕੀ ਕਰ ਲੈਣਗੇ?

1- ਅਨੰਦਪੁਰ ਵਿੱਚ ਸਿੱਖ ਪੰਥ ਦੇ ਲੋਕ ਬਹੁਤ ਉਤਸਾਹ ਸਹਿਤ ਆਉਂਦੇ ਸਨ ਅਤੇ ਆਪਣੇ ਗੁਰੂ ਤੋਂ ਵਡੀਆਂ ਵਡੀਆਂ ਬਰਕਤਾਂ ਪ੍ਰਾਪਤ ਕਰ ਕੇ ਖ਼ੁਸ਼ੀ ਨਾਲ ਘਰ ਜਾਂਦੇ ਸਨ। ਇਕ ਧਨਵਾਨ ਨੂਪ (ਅਨੂਪ) ਕੌਰ ਨਾਮੀ ਇਸਤ੍ਰੀ ਆਨੰਦਪੁਰ ਨਿਵਾਸੀ ਸਿੱਖਾਂ ਦੇ ਗੁਰੂ ਉਤੇ ਮੋਹਿਤ ਹੋ ਗਈ। ................. ਅਕਾਲ-ਪੁਰਖ ਦਾ ਸਿਮਰਨ ਕਰਦਾ ਹੋਇਆ ਅਨੰਦਪੁਰ ਦਾ ਰਾਏ, ਅਨੂਪ ਕੌਰ ਦੇ ਘਰ ਪਹੁੰਚ ਗਿਆ..........ਇਸਤ੍ਰੀ ਨੇ ਸਿੱਖਾਂ ਦੇ ਗੁਰੂ ਨੂੰ ਬੇਨਤੀ ਕੀਤੀ ਕਿ ਮੈਂ ਕਾਮਦੇਵ ਤੋਂ ਹਾਰ ਚੁਕੀ ਹਾਂ। ਤੁਹਾਡੇ ਰੂਪ ਅਤੇ ਵਿਅਕਤਿਤ੍ਵ ਸਾਹਮਣੇ ਵਿਕ ਚੁਕੀ ਹਾਂ। ਤੁਸੀਂ ਮੇਰੇ ਨਾਲ ਸੰਭੋਗ ਕਰੋ......................, ਮੈਂ ਤਾਂ ਹੀ ਬਚ ਸਕਦੀ ਹਾਂ। .....ਉਹ ਰਾਏ ਸਮਝਾਉਂਦਾ ਹੈ ............. ਤੂੰ ਮੇਰੀ ਸਿੱਖ ਹੈਂ ਅਤੇ ਸਿੱਖ ਨਾਲ ਗੁਰੂ ਦੇ ਅਜਿਹੇ ਸੰਬੰਧ ਅਯੋਗ ਹਨ,.....................ਪਰ ਉਹ ਇਸਤ੍ਰੀ ਆਪਣੇ ਹਠ ਉਤੇ ਅੜੀ ਰਹਿੰਦੀ ਹੈ। ................. ਉਹ ਆਪਣੀ ਕਾਮ-ਆਤੁਰਤਾ ਦੀ ਪੂਰਤੀ ਲਈ ਬੇਨਤੀਆਂ ਕਰਦੀ ਹੈ, ...............ਅੰਨੰਦਪੁਰ ਦਾ ਰਾਏ ਜਿਸਦੀ ਅਨੂਪ ਕੌਰ ਸਿੱਖ ਹੈ ....................ਅਪਣੇ ਗੁਰੂ ਨੂੰ ਕਹਿੰਦੀ ਹੈ ..............ਆਨੰਦ ਪੁਰ ਦੇ ਰਾਏ ਦਾ ਹਠ ਵੇਖ ਕੇ ਉਸ ਇਸਤ੍ਰੀ ਡਰਾਉਣ ਵਾਸਤੇ ਚੋਰ-ਚੋਰ ਕਹਿ ਕੇ ਸ਼ੋਰ ਮਚਾਉੰਦੀ ਹੈ ......... ਉਸ ਇਸਤ੍ਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਏ ਨੂੰ ਚਾਰੇ ਪਾਸਿਓਂ ਘੇਰ ਲਿਆ।............ ਉਨ੍ਹਾਂ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂੰ ਭਜਣ ਨਹੀਂ ਦੇਵਾਂਗੇ।”........ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਸਿੱਖਾਂ ਦੇ ਗੁਰੂ ਨੂੰ ............ ਚੋਰ ਚੋਰ ਆਖਕੇ ਦੋ-ਤਿੱਨ ਸੋਟੇ ਮਾਰ ਕੇ ਫੜ ਲਿਆ।...............ਸਵੇਰੇ ਅਨੂਪ ਕੌਰ ਨੇ ਇੱਕ ਹੋਰ ਚਾਲ ਚਲੀ। ਉਸ ਨੇ ਸਿੱਖਾਂ ਦੇ ਗੁਰੂ ਦੀ ਜੁੱਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿੱਤਾ ਕਿ ਅਸਲ ਵਿੱਚ ਇਹ ਹੀ ਮੇਰੇ ਘਰ ਚੋਰੀ ਕਰਨ ਆਇਆ ਸੀ, ....( ਦਸਮ ਗ੍ਰੰਥ ਪੰਨਾ 838 ਚਰਿਤ੍ਰ 21, 22, 23 ਜੋ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਆਪ ਅਪਣੀ ਹੱਡ ਬੀਤੀ ਦੇ ਰੂਪ ਵਿੱਚ ਲਿਖਿਆ ਹੈ।-ਲਿਖਾਰੀ)

ਜਾਂ ਕੋਈ ਬਿਪਰਵਾਦੀ , ਸਿੱਖ ਵਿਰੋਧੀ ਤਾਕਤਾਂ ਦਾ ਕੋਈ ਭਾੜੇ ਦਾ ਲੇਖਕ ਅਪਣੇ ਕਿਸੇ ਲੇਖ ਜਾਂ ਕਿਤਾਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕਰਕੇ ਇਹ ਲਿਖ ਦੇਂਦਾ ਹੈ ਕਿ –

2- ਪਾਂਵਟਾ ਨਗਰ ਅਸੀ ਛੱਡ ਆਏ। ਉਥੇ ਸ਼ਿਕਾਰ ਕਰਕੇ ਅਸੀ ਕਾਫੀ ਸੂਅਰ (ਸੂਰ) ਮਾਰੇ............ਉਥੇ ਕਾਫੀ ਸਿੱਖ ਸਾਡੇ ਦਰਸ਼ਨਾਂ ਨੂੰ ਆਣ ਪੁਜੇ.......................ਇਨਾਂ ਨੂੰ ਦੇਣ ਵਾਸਤੇ ਕੁਝ ਸਿਰੋਪਾਉ ਚਾਹੀਦੇ ਸਨ........................ ਸੋ ਕੁਝ ਸਿੱਖਾਂ ਨੂੰ ਸਿਰੋਪਾਉ ਲਿਆਨ ਲਈ ਪਾਂਉਟਾ ਸਾਹਿਬ ਰਵਾਨਾ ਕੀਤਾ, ਲੇਕਿਨ ਉਥੋਂ ਇਕ ਵੀ ਪੱਗ ਨਹੀਂ ਮਿਲੀ। ...................... ਜਦੋਂ ਇਕ ਵੀ ਪੱਗ ਮੁੱਲ ਨਹੀਂ ਮਿਲੀ ਤਾਂ ਅਸੀਂ ਇਕ ਜੁਗਤ ਬਣਾਈ।..................ਸਿੱਖਾਂ ਨੂੰ ਇਹ ਆਦੇਸ਼ ਦਿਤਾ ਕੇ ਜਾਉ! ਜਿਹੜਾ ਵੀ ਬੰਦਾ ਤੁਹਾਨੂੰ ਮੂਤ (ਪੇਸ਼ਾਬ) ਕਰਦਾ ਦਿਖ ਜਾਵੇ ਉਸ ਦੀ ਪੱਗ ਉਤਾਰ ਲਿਆਉ...................‘ਉਨਾਂ ਨੇ ਐਸਾ ਹੀ ਕੀਤਾ ਜੈਸਾ ਅਸਾਂ ਕਿਹਾ ਸੀ ।.........................ਜੇੜ੍ਹੇ ਇਹੋ ਜਹੇ ਮਨਮੁਖ ਤੀਰਥ ਲਈ ਆਏ ਸਨ ਉਨਾਂ ਨੂੰ ਬਿਨਾਂ ਪੱਗ ਦੇ ਵਾਪਸ ਭਿਜਵਾ ਦਿਤਾ .................. ਇਸ ਤਰ੍ਹਾਂ ਅੱਠ ਸੌ ਪੱਗਾਂ ਉਤਾਰ ਲਈਆਂ............................ ਉਨਾਂ ਨੂੰ ਧੁਲੰਣ ਲਈ ਦੇ ਦਿਤਾ।........ਤੇ ਉਨਾਂ ਨੂੰ ਸੁਧਾਰ ਕੇ ਸਵੇਰੇ ਮੰਗਵਾ ਕੇ ਅਪਣੇ ਸਿੱਖਾਂ ਨੂੰ ਬੰਧਵਾ ਦਿਤਾ...................ਜੋ ਪੰਗਾਂ ਬੱਚ ਗਈਆਂ ਉਹ ਸਿਪਾਹੀਆਂ ਵਿੱਚ ਵੰਡ ਦਿਤੀਆਂ.....ਅਤੇ ਬਾਕੀ ਦੀ ਵੇਚ ਦਿਤੀਆਂ ....... ਸਿੱਖਾਂ ਦੇ ਗੁਰੂ ਨੇ ਅਪਣੇ ਸਿੱਖਾਂ ਨਾਲ ਇਸ ਪ੍ਰਕਾਰ ਧੋਖਾ ਕੀਤਾ .......ਅਤੇ ਅਪਣੇ ਸਿੱਖਾਂ ਨੂੰ ਇਸ ਪ੍ਰਕਾਰ ਮੂਰਖ ਬਣਾਇਆ (ਵੇਖੋ ਸਿੱਖਾਂ ਦਾ ਦਸਮ ਗ੍ਰੰਥ, ਜੋ ਉਨਾਂ ਦੇ ਗੁਰੂ ਦੀ ਬਾਣੀ ਹੈ। ਪੰਨਾ ਨੰਬਰ. 901, ਚਰਿਤ੍ਰ ਨੰਬਰ 71, ਜੋ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਆਪ ਅਪਣੀ ਹੱਡ ਬੀਤੀ ਦੇ ਰੂਪ ਵਿੱਚ ਲਿਖਿਆ ਹੈ।... ਲਿਖਾਰੀ)

ਇਸ ਤੋਂ ਬਾਅਦ ਤੁਹਾਡੇ ਕੋਲ, ਕੀ ਰਸਤਾ ਬਚਦਾ ਹੈ? ਇਹ ਹੀ ਨਾ ਕਿ, ਕੁਝ ਜਾਗਰੂਕ ਅਖਵਾਉਣ ਵਾਲੇ ਸਿੱਖ ਉਸ ਕਿਤਾਬ ਅਤੇ ਉਸ ਲਿਖਾਰੀ ਦੇ ਵਿਰੁਧ ਦਫਾ 295-ਏ ਦੇ ਤਹਿਤ ਪਰਚਾ ਦਾਖਿਲ ਕਰ ਦੇਣਗੇ। ਉਹ ਲੇਖਕ ਬਾਇਜੱਤ ਬਰੀ ਹੋ ਜਾਵੇਗਾ, ਕਿਉਕਿ ਉਹ ਅਦਾਲਤ ਵਿੱਚ ਇਹ ਸਾਬਿਤ ਕਰ ਦੇਵੇਗਾ ਕਿ, "ਇਹ ਤਾਂ ਸਿੱਖਾਂ ਦੇ ਗੁਰੂ ਦੇ ਲਿੱਖੇ ਧਰਮ ਗ੍ਰੰਥ, ਜਿਸ ਦਾ ਨਾਮ “ਸ਼੍ਰੀ ਦਸਮ ਗ੍ਰੰਥ” ਹੈ, ਉਸ ਵਿੱਚ ਲਿਖਿਆ ਹੈ, ਜਿਸਨੂੰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਸਿੱਖ ਸਤਕਾਰ ਦੇਂਦੇ ਹਨ ਅਤੇ ਦੋ ਤਖਤਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸਦਾ ਪ੍ਰਕਾਸ਼ ਕਰਦੇ ਹਨ। ਇਹ ਸਭ ਤਾਂ ਉਸ ਵਿੱਚ ਲਿਖਿਆ ਹੋਇਆ ਹੈ, ਅਤੇ ਮੈ ਤਾਂ ਉਸ ਵਿਚੋਂ ਹੀ ਇਹ ਸਭ ਕੁਝ ਕੋਟ ਕੀਤਾ ਹੈ। ਮੈਂ ਅਪਣੇ ਕੋਲੋਂ ਤਾਂ ਕੁਝ ਵੀ ਨਹੀਂ ਲਿਖਿਆ....." । ਸਿੱਖਾਂ ਦਾ ਵਕੀਲ ਕਹੇਗਾ ਕਿ “ਬਹੁਤ ਸਾਰੇ ਸਿੱਖ ਇਸ ਕਿਤਾਬ ਨੂੰ ਗੁਰੂ ਦੀ ਰਚਨਾਂ ਨਹੀਂ ਮੰਨਦੇ ਅਤੇ ਇਹ ਸਿੱਖਾਂ ਦਾ ਧਰਮਗ੍ਰੰਥ ਨਹੀਂ ਹੈ”। ਪੰਥ ਦੋਖੀਆਂ ਦਾ ਵਕੀਲ ਕਹੇਗਾ, “ਇਹ ਵਕੀਲ ਸਾਹਿਬ ਝੂਠ ਬੋਲਦੇ ਨੇ। ਇਨਾਂ ਦੇ ਅਕਾਲ ਤਖਤ ਦਾ ਜੱਥੇਦਾਰ ਵੀ, ਇਹ ਮੰਨਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ”।

ਇਹ ਕਹਿ ਕੇ ਉਹ ਗਿਆਨੀ ਗੁਰਬਚਨ ਸਿੰਘ ਦੀ ਤਕਰੀਰ ਵਾਲੀ ਸੀ.ਡੀ. ਜੱਜ ਸਾਹਿਬ ਨੂੰ ਦੇ ਕੇ ਕਹੇਗਾ ਕਿ, "ਇਸ ਨੂੰ ਸਬੂਤ ਵੱਜੋਂ ਦਰਜ ਕੀਤਾ ਜਾਏ, ਜਿਸ ਵਿਚ ਇਨਾਂ ਦੇ ਅਕਾਲ ਤਖਤ ਦਾ ਜੱਥੇਦਾਰ ਕਹਿ ਰਿਹਾ ਹੈ ਕਿ, “ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਦਾ ਹੈ”, “ਇਸ ਨੂੰ ਕਿਤਾਬ ਨਾ ਕਹੋ ! ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਾਜਵਾਬ ਕਾਵ ਰਚਨਾ ਹੈ, ਜੋ ਸਿੱਖ ਨੂੰ ਸਿਪਾਹੀ ਬਨਾਉਣ ਦੀ ਸਿਖਿਆ ਦੇਂਦਾ ਹੈ.....” ਆਦਿਕ। ਸਿੱਖਾਂ ਦਾ ਵਕੀਲ ਇਹ ਕਹੇਗਾ ਕਿ “ਮੀ ਲਾਰਡ, ਇਹ ਇਕ ਵਿਅਕਤੀ ਵਿਸ਼ੇਸ਼ ਦੀ ਰਾਏ ਹੋ ਸਕਦੀ ਹੈ, ਪੂਰੇ ਪੰਥ ਦੀ ਰਾਏ ਨਹੀਂ ਹੋ ਸਕਦੀ। ਗਿਆਨੀ ਗੁਰਬਚਨ ਸਿੰਘ ਕੋਈ ਪੰਥ ਜਾਂ ਗੁਰੂ ਨਹੀਂ, ਜਿਸ ਦੀ ਤਕਰਿਰ ਦਾ ਹਵਾਲਾ ਮੇਰੇ ਵਿਦਵਾਨ ਮਿਤੱਰ ਨੇ ਸਬੂਤ ਵੱਜੋਂ ਪੇਸ਼ ਕਿਤਾ ਹੈ। “ਪੰਥ ਦੋਖੀਆਂ ਦਾ ਵਕੀਲ ਠਹਾਕਾ ਮਾਰ ਕੇ ਹੱਸੇਗਾ ਅਤੇ ਕਹੇਗਾ,” ਮੀ ਲਾਰਡ! ਇਹ ਇੱਕ ਵਿਅਕਤੀ ਵਿਸ਼ੇਸ਼ ਦੀ ਰਾਏ ਨਹੀਂ ਹੈ, ਪੂਰੀ ਸਿੱਖ ਕੌਮ ਇਸਦੀਆਂ ਬਾਣੀਆਂ “ਨਿਤਨੇਮ” ਦੇ ਰੂਪ ਵਿੱਚ ਰੋਜਾਨਾ ਪੜ੍ਹਦੀ ਹੈ ਅਤੇ ਸਿੱਖ ਬਨਣ ਲਈ ਜੋ ਇਨ੍ਹਾਂ ਵਿੱਚ “ਅੰਮ੍ਰਿਤ” ਛਕਾਇਆ ਜਾਂਦਾ ਹੈ, ਉਸ ਵਿੱਚ ਵੀ ਇੱਸੇ ਗ੍ਰੰਥ ਦੀਆਂ ਬਾਣੀਆਂ ਪੜ੍ਹ ਕੇ ਹੀ ਸਿੱਖ ਬਣਦਾ ਹੈ। ਇਸ ਗ੍ਰੰਥ ਦੀਆਂ ਬਾਣੀਆਂ ਤੋਂ ਬਿਨਾਂ ਤਾਂ ਸਿੱਖ ਹੀ ਨਹੀਂ ਬਣ ਸਕਦਾ।“....... "ਇਹ ਕਿਵੇਂ ਕਹਿ ਰਹੇ ਨੇ ਕਿ ਇਹ ਕਿਸੇ ਇਕ ਵਿਅਕਤੀ ਦੀ ਰਾਏ ਹੈ, ਜੋ ਪੂਰੀ ਕੌਮ 'ਤੇ ਲਾਗੂ ਨਹੀਂ ਹੋ ਸਕਦੀ?"

ਪੰਥ ਦੋਖੀਆਂ ਦੇ ਵਕੀਲ ਦੀ ਇਸ ਜਿਰਹ ਨੂੰ ਸੁੱਣ ਕੇ ਜੱਜ ਸਾਹਿਬ ਇਹ ਫੈਸਲਾ ਦੇਣਗੇ, "ਆਰਡਰ ! ਆਰਡਰ !, ਸਿੱਖਾਂ ਨੇ .........ਕੁਮਾਰ ਉੱਤੇ ਜੋ ਦਫਾ 295-ਏ ਦੇ ਤਹਿਤ ਇਹ ਮੁਕੱਦਮਾਂ ਦਾਖਿਲ ਕੀਤਾ ਹੈ, ਉਸ ਨੂੰ ਖਾਰਿਜ ਕੀਤਾ ਜਾਂਦਾ ਹੈ। ...........ਕੁਮਾਰ ਨੂੰ ਬਾਇਜੱਤ ਬਰੀ ਕੀਤਾ ਜਾਂਦਾ ਹੈ। ਸਿੱਖਾਂ ਨੂੰ ਇਹ ਵੀ ਤਾਕੀਦ ਕੀਤੀ ਜਾਂਦੀ ਹੈ, ਕਿ ਇਹੋ ਜਹੇ ਬੇ ਫਜੂਲ ਮੁਕੱਦਮੇ ਦਾਖਿਲ ਕਰਕੇ ਅਦਾਲਤ ਦਾ ਸਮਾਂ ਖਰਾਬ ਨਾ ਕਰਿਆ ਕਰਨ।"

ਹੁਣ, ਗਿਆਨੀ ਗੁਰਬਚਨ ਸਿੰਘ, ਲਾਂਬਾ ਜੀ, ਹਰਭਜਨ ਸਿੰਘ, ਧਰਮੂ ਨੰਗ.....ਵਰਗੇ ਹਜਾਰਾਂ ਦਸਮ ਗ੍ਰੰਥੀਆਂ ਕੋਲ ਇਨ੍ਹਾਂ ਪੰਥ ਦੋਖੀਆਂ ਦੀ ਜੁਬਾਨ ਬੰਦ ਕਰਾਉਣ ਲਈ, ਹੋਰ ਕਿਹੜਾ ਹੀਲਾ ਜਾਂ ਤਰੀਕਾ ਰਹਿ ਜਾਵੇਗਾ?

ਇਨਾਂ ਦਸ਼ਮ ਗ੍ਰੰਥੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਣਾ, ਕਿਉਂਕਿ ਇਹ ਤਾਂ ਸਾਰੇ ਇਸ “ਕੂੜ ਕਿਤਾਬ” ਦੇ “ਪ੍ਰਮੋਟਰ” ਹਨ ਅਤੇ ਇਸਨੂੰ ਪ੍ਰਮੋਟ ਕਰ ਕੇ ਹੀ ਅਪਣਾ ਢਿੱਡ ਭਰ ਰਹੇ ਨੇ। ਲੇਕਿਨ ਪੰਥ ਦਰਦੀ ਸਿੱਖ ਜੀਉਂਦੇ ਜੀ ਹੀ ਮਰ ਜਾਣਗੇ, ਜਦੋਂ ਸਰੇਆਮ ਇਹ ਪੰਥਦੋਖੀ ਲਿਖਾਰੀ ਆਏ ਦਿਨ ਅਪਣੀਆ ਲਿਖਤਾਂ ਵਿੱਚ ਸਰਬੰਸਦਾਨੀ ਗੁਰੂ ਨੂੰ “ਅਸ਼ਲੀਲ ਰਚਨਾਵਾਂ ਲਿੱਖਣ ਵਾਲਾ”, “ਕਾਲਕਾ ਦੇਵੀ ਦਾ ਪੁਜਾਰੀ”, “ਸੂਰਜ ਅਤੇ ਚੰਦ੍ਰਮਾਂ ਨੂੰ ਅਵਤਾਰ” ਦਸਣ ਵਾਲਾ, “ਸ਼ਰਾਬ, ਭੰਗ ਅਤੇ ਅਫੀਮ ਵਰਗੇ ਨਸ਼ਿਆਂ ਦੀ ਪੈਰਵੀ ਕਰਨ ਵਾਲਾ”, “ਨਿਰੰਕਾਰ ਕਰਤੇ ਦੀ ਥਾਂਵੇ ਤੀਰ, ਤੁਬਕ ਅਤੇ ਤਲਵਾਰ ਨੂੰ ਸਿੱਖਾਂ ਦਾ ਪੀਰ” ਕਹਿਣ ਵਾਲਾ... ਆਦਿਕ, ਇਸ ਕੂੜ ਕਿਤਾਬ ਨੂੰ ਕੋਟ ਕਰਦਿਆਂ ਆਏ ਦਿਨ ਲਿਖਤਾਂ ਲਿਖਣਗੇ।

ਹੁਣ ਇਹ ਸਭ ਕੁਝ “ਕੇਸਾਧਾਰੀ ਬ੍ਰਾਹਮਣ" ਜਾਂ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ ਨਹੀਂ ਕਹਿ ਰਿਹਾ ਹੋਵੇਗਾ। ਇਹ ਤਾਂ ਹੁਣ ਹਿੰਦੁਸਤਾਨ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਮਿਲੇਗਾ। ਇਨ੍ਹਾਂ ਕੋਰਸ ਦੀ ਕਿਤਾਬਾਂ ਵਿੱਚ ਇਨਾਂ ਲੇਖਾਂ ਵਿੱਚ, ਗਿਆਨੀ ਗੁਰਬਚਨ ਸਿੰਘ, ਗੁਰਸ਼ਰਣ ਜੀਤ ਸਿੰਘ ਲਾਂਬਾ, ਹਰਭਜਨ ਸਿੰਘ ਵਰਗੇ ਦਸਮ ਗ੍ਰੰਥੀਆਂ .... ਦਾ ਨਾਮ ਕੋਟ ਕੀਤਾ ਹੋਇਆ ਮਿਲੇਗਾ। ਇਸ ਤਰ੍ਹਾਂ ਕੌਮ ਦਾ ਬੇੜਾ ਡੋਬ ਦਿਤਾ ਜਾਵੇਗਾ, ਅਤੇ ਅਸੀ ਇੱਕ ਪਾਸੇ ਹੱਥ ਤੇ ਹੱਥ ਰੱਖ ਕੇ, ਚੁੱਪ ਚਾਪ ਖੜੇ, ਇਹ ਸਾਰਾ ਨਜ਼ਾਰਾ ਆਪ ਵੇਖਦੇ ਰਹਾਂਗੇ। ਉਸ ਵੇਲੇ ਸਾਡੇ ਹੱਥ ਵਿੱਚ ਕੁੱਝ ਵੀ ਨਹੀਂ ਰਹਿ ਜਾਵੇਗਾ। ਕਿਉਂਕਿ ਅਸੀ ਤਾਂ ਆਪ ਹੀ ਇਸ ਨੂੰ ਅਪਣੇ ਗੁਰੂ ਦੀ ਬਾਣੀ ਕਹਿ ਕਹਿ ਕੇ ਇਸ ਉੱਤੇ "ਦਸਮ ਦੀ ਬਾਣੀ" ਦੀ ਮੁਹਰ ਲਾ ਚੁਕੇ ਹਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top