Share on Facebook

Main News Page

ਸਕੂਲਾਂ/ ਕਾਲਜਾਂ ਵਿੱਚ ਹੁੰਦੇ ਗਾਇਕਾਂ ਦੇ ਸ਼ੋ, ਫਿਲਮਾਂ ਦੀਆਂ ਸ਼ੂਟਿੰਗਾਂ ਤੇ ਪ੍ਰਮੋਸ਼ਨਾਂ ਬੰਦ ਹੋਣੀਆਂ ਚਾਹੀਦੀਆਂ
-: ਸਰਬਜੀਤ ਸਿੰਘ ਪਿਪਲੀ

ਕੀ ਇਹ ਹੈ ਨਰਸਿੰਗ ਸਕੂਲਾਂ ਦੀ ਵਿੱਦਿਆ? ਕੀ ਇਹਨਾ ਕਾਲਜਾਂ ਦੇ ਬੱਜਟ ਗਰੀਬ ਮਾਪਿਆਂ ਦੀਆਂ ਜੇਬਾਂ ਕੱਟ ਕੇ ਨਹੀਂ ਭਰਦੇ, ਤਾਂ ਜੋ ਇਹ ਏਹੋ ਜਿਹੇ ਸਟੇਜ ਸ਼ੋ ਕਰਵਾ ਕੇ ਆਪਣੇ ਵਿੱਤੀ ਘਾਟੇ ਨੂੰ ਪੂਰਾ ਕਰਨਾ ਚਾਹੁੰਦੇ ਹਨ? ਜਾਂ ਇਸ ਦੇ ਪਿੱਛੇ ਕੋਈ ਹੋਰ ਕਰਨ ਹਨ!!

ਸਾਲ 1992 -93 ਵਿਚ ਜੇਲਾਂ ਤੋਂ ਸ਼ੁਰੂ ਹੋਇਆ ਅਖਾੜਿਆਂ ਦਾ ਦੋਰ ਮੇਲਿਆਂ, ਟੂਰਨਾਮਿਨਟਾਂ, ਵਿਆਹਾਂ, ਮੰਤਰੀਆਂ ਦੀਆਂ ਰੈਲੀਆਂ ਤੋਂ ਹੁੰਦਾ ਹੋਇਆਂ ਹੁਣ ਸਾਡੇ ਸਕੂਲਾਂ ਕਾਲਜਾਂ ਵਿਚ ਵੀ ਆਪਣਾ ਪੂਰਾ ਜੋਰ ਫੜ ਚੁੱਕਾ ਹੈ।

ਤੀਆਂ ਦੇ ਤਿਓਹਾਰ ਤੋਂ ਸ਼ੁਰੂ ਹੋ ਕੇ ਸੁੰਦਰਤਾ ਮੁਕਾਬਲੇ, ਗਾਇਨ ਮੁਕਾਬਲੇ, ਨਾਚ ਮੁਕਾਬਲੇ ਦੇ ਰੂਪ 'ਚ ਹੁੰਦਾ ਹੋਇਆ ਪੰਜਾਬੀ ਫ਼ਿਲਮਾਂ ਦਾ ਕਾਲਜਾਂ, ਯੂਨੀਵਰਸਿਟੀਆਂ ਵਿਚ ਬਣਾਉਣਾ, ਗਾਇਕਾਂ, ਗੀਤਕਾਰਾਂ ਤੇ ਕਲਾਕਾਰਾਂ ਦਾ ਆਪਣੇ ਆਪ ਨੂੰ ਸਕੂਲਾਂ/ਕਾਲਜਾਂ ਵਿਚ ਪ੍ਰਮੋਟ ਕਰਨਾ ਤੇ ਹੁਣ 'ਗਰਲਜ਼ ਕਾਲਜਾਂ' ਵਿਚ ਲਾਇਵ ਸ਼ੋ ਕਰਨਾ, ਸਾਨੂੰ ਸਾਡੀ ਔਕਾਤ, ਬੇਸ਼ਰਮੀ, ਬੇਗੈਰਤੀ, ਨੀਚਪੁਨਾ, ਤੇ ਸਾਡੀ ਨਿਘਰਦੀ ਸੋਚ ਦਾ ਏਹਸਾਸ ਕਰਵਾ ਰਿਹਾ ਹੈ। ਅਸੀਂ ਹਰ ਰੋਜ ਅਣਖਾਂ ਖਾਤਿਰ ਕੀਤੇ ਕਤਲਾਂ ਦੀਆਂ ਖਬਰਾਂ ਪੜਦੇ ਸੁਣਦੇ ਹਾਂ, ਕਿੰਨਾ ਕੁਝ ਸਾਡੇ ਆਲੇ - ਦੁਆਲੇ ਵਾਪਰ ਰਿਹਾ ਹੈ, ਪਰ ਅਸੀਂ ਕਬੂਤਰ ਦੀ ਤਰਾਂ ਅੱਖਾਂ ਮੀਚੀਆਂ ਹੋਈਆਂ ਨੇ। ਕੀ ਕਦੇ ਸੋਚਇਆ ਹੈ ਕੇ ਇਹ ਸਭ ਕਿਓਂ ਹੋ ਰਿਹਾ ਹੈ? ਕਦੇ ਕਦੇ ਇੰਜ ਲੱਗਦਾ ਹੈ ਕੇ ਲੋਕ ਕੁੜੀਆਂ ਨੂੰ ਸਿਰਫ ਦਾਜ ਕਰਕੇ ਹੀ ਨਹੀਂ ਮਾਰਦੇ ਕੁਝ ਹੋਰ ਵੀ ਕਾਰਨ ਨੇ ਇਸ ਦੇ।

ਸਕੂਲ ਕਾਲਜ਼ ਹੀ ਹਨ ਜਿਥੋਂ ਬਚਿਆਂ ਨੂੰ ਇਕ ਉਚਾ- ਸੁਚਾ ਜੀਵਨ ਜਿਓਣ ਦੀ ਸਿਖਿਆ ਮਿਲਦੀ ਹੈ, ਸਕੂਲ ਨੂੰ ਮੰਦਿਰ ਦਾ ਦਰਜਾ ਵੀ ਦਿੱਤਾ ਜਾਂਦਾ ਹੈ, ਇਸ ਮੰਦਿਰ ਵਿਚ ਅਧਿਆਪਕਾਂ ਨੂੰ ਗੁਰੂ, ਪੁਜਾਰੀ ਹੋਣ ਦਾ ਮਾਣ ਹਾਸਿਲ ਹੈ ਤੇ ਗੁਰੂ ਦਾ ਫਰਜ਼ ਹੁੰਦਾ ਹੈ ਕੇ ਆਪਣੇ ਚੇਲੇਆਂ ਨੂੰ ਸਹੀ ਸੇਧ ਦੇਣਾ, ਗਲਤ ਤੇ ਸਹੀ ਵਿਚ ਫਰਕ ਸਮਝਾਉਣਾ। ਪਰ ਅੱਜ ਇਹਨਾ ਮੰਦਿਰਾਂ (ਸਕੂਲਾਂ/ਕਾਲਜਾਂ) ਵਿਚ ਇਹਨਾ ਗੁਰੂਆਂ ਵਲੋਂ ਕੁਜ ਹੋਰ ਹੀ ਸਿਖਾਇਆ ਜਾਂਦਾ ਹੈ। ਬਹੁਤ ਸਾਰੇ ਗਰਲਜ਼ ਕਾਲਜਾਂ ਵਿਚ ਵਿਚ ਹੁਣ ਕਲਾਕਾਰਾਂ ਦੇ ਸਟੇਜ ਸ਼ੋ ਕਰਾਉਣ ਦਾ ਰੁਝਾਨ ਹੈ, ਇਕ ਗਰਲਜ਼ ਕਾਲਜ਼ ਵਿਚ "ਸ਼ੀਰਾ ਜਸਬੀਰ" ਦਾ ਸ਼ੋ ਕੀਤਾ ਗਿਆ ਤੇ ਕੁੜੀਆਂ ਆਪਣੇ ਅਧਿਆਪਕਾਂ ਦੇ ਸਾਹਮਣੇ ਬਿਨਾ ਕਿਸੇ ਝਿਜਕ-ਸ਼ਰਮ ਦੇ ਨੱਚ ਰਹੀਆਂ ਤੇ ਸੀਟੀਆਂ ਮਾਰ ਰਹੀਆਂ ਨੇ। ਇਸ ਦੀ ਇੱਕ ਹੋਰ ਉਦਾਹਰਣ ਹੈ ਫਰੀਦਕੋਟ ਦੇ "ਬਾਬਾ ਬੰਦਾ ਬਹਾਦੁਰ ਕਾਲਜ਼ ਆਫ਼ ਨਰਸਿੰਗ ਫਰੀਦਕੋਟ" ਜਿਥੇ ਕਲਾਕਾਰ "ਹਰਜੀਤ ਸਿੱਧੂ ਅਤੇ ਜਸਮੀਨ ਅਖਤਰ" ਦਾ ਸਟੇਜ ਸ਼ੋ ਕਰਵਾਇਆ ਗਿਆ। ਹੁਣ ਇਸ ਸ਼ੋਅ ਵਿਚ ਜਿਹੜੇ ਗਾਣੇ ਗਾਏ ਗਏ ਓਹਨਾ ਵਿਚੋਂ ਕੁੱਝ ਦੇ ਬੋਲ ਮੈਂ ਇਥੇ ਲਿਖ ਰਿਹਾ ਹਾਂ:-

੧) ਮੈਨੂੰ ਮੁੰਡਾ ਕਹੰਦਾ ਖੰਡ ਦੀ ਪੁੜੀ, ਮੁੰਡਾ ਸੱਜਰੇ ਮਾਖਨ ਦਾ ਪੇੜਾ...
੨) ਸਬਰਾਂ ਦੇ ਘੁਟ ਭਰਲੀ ਵੇ ਬੰਦ ਵੇਖ ਕੇ ਚੁਬਾਰੇ ਵਾਲੀ ਬਾਰੀ, ਵੈਰਨੇ ਬਿਗਾਨੇ ਪੁੱਤ ਦਾ ਕਿਹੜੇ ਜਨਮ ਦੇਵੇਂਗੀ ਲੇਖਾ ਜੋਖਾ...
੩) ਸੱਜਰੀ ਵਿਆਹੀ ਨੀਂਦਾਂ ਕਿਥੇ ਆਉਂਦੀਆਂ...
੪) ਨਾ ਰੁੱਸਿਆ ਕਰ ਨਖਰੋ ਮਗਰੋਂ ਜੀ ਨੀ ਲੱਗਦਾ ਮੇਰਾ...

ਮੈਂ ਕੁਝ ਫੋਟੋਆਂ ਅਤੇ ਲਿੰਕ ਵੀ ਪਾ ਰਿਹਾ ਹਾਂ, ਦੇਖੋ ਕਿਵੇਂ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਜੋਸ਼ ਆ ਕੇ ਨਚ ਰਹੇ ਨੇ, ਕੀ ਪੇਹ੍ਲਾਂ ਥੋੜੀ ਲਚਰਤਾ ਹੈ ਜਿਹੜੀ ਇਹ ਕਾਲਜਾਂ ਵਾਲੇ ਪੂਰੀ ਕਰਨ ਲੱਗੇ ਆ?

ਕੀ ਅਧਿਆਪਕਾਂ ਨੂੰ ਆਪਣੇ ਅਧਿਆਪਕ ਹੋਣ ਦਾ ਜ਼ਰਾ ਵੀ ਖਿਆਲ ਨੀ?

ਅਧਿਆਪਕਾਂ ਨੂੰ ਮਾਪਿਆਂ ਦਾ ਦਰਜਾ ਵੀ ਹੈ ਕਿਓਂ ਕੇ ਬੱਚੇ ਆਪਣੇ ਮਾਂ - ਬਾਪ ਨਾਲੋਂ ਅਧਿਆਪਕਾਂ ਦੀ ਜਿਆਦਾ ਮੰਨਦੇ - ਸੁਣਦੇ ਹਨ ਤੇ ਓਹਨਾ ਨਾਲ ਜਿਆਦਾ ਸਮਾਂ ਬਤੀਤ ਕਰਦੇ ਹਨ, ਪਰ ਜੋ ਇਸ ਵੀਡੀਓ ਵਿਚ ਦੇਖ ਨੂੰ ਮਿਲ ਰਿਹਾ ਹੈ ਦੇਖ ਲੱਗਦਾ ਹੈ ਕੇ ਮਾਪੇ ਕੁ-ਮਾਪੇ ਹੋ ਰਹੇ ਹਨ, ਅਧਿਆਪਕ ਮੂਹਰਲੀ ਕਤਾਰ ਵਿਚ ਬੈਠ ਕੇ ਬਾਹਾਂ ਹਿਲਾ ਰਹੇ ਹਨ ਤੇ ਬੱਚੇ ਪਿੱਛੇ ਖਲੋ ਕੇ ਭੰਗੜਾ ਪਾ ਰਹੇ ਹਨ, ਕੋਈ ਸੰਗ ਸ਼ਰਮ ਵਾਲੀ ਗਲ ਨੀ। ਕੀ ਇਸ ਤਰਾਂ ਕਰਨ ਨਾਲ ਗੁਰੂ ਅਤੇ ਸਿਸ਼ ਵਾਲਾ ਰਿਸ਼ਤਾ ਬੇਦਾਗ ਰਹ ਸਕਦਾ ਹੈ? ਮੈਨੂੰ ਨੀ ਲੱਗਦਾ ਕੇ ਏਹੋ ਅਧਿਆਪਕ ਆਪਣੇ ਘਰ ਟੀਵੀ ਲਗਾ ਕੇ ਆਪਣੀਆਂ ਬੱਚੀਆਂ ਨੂੰ ਭੰਗੜਾ ਪਾਉਂਦੀਆਂ ਦੇਖਦੇ ਤੇ ਸੀਟੀਆਂ ਵਜਾਉਂਦਿਆਂ ਨੂੰ ਸੁਣਦੇ ਹੋਣਗੇ ਜਾ ਇਹ ਬਚਿਆਂ ਆਪਣੇ ਘਰ ਮਾਪਿਆਂ ਸਾਹਮਣੇ ਇਦਾਂ ਕਰਦੀਆਂ ਹੋਣਗੀਆਂ।ਕੀ ਇਹਨਾ ਨੂੰ ਆਪਣੇ ਰਿਸ਼ਤੇ ਦਾ ਖਿਆਲ ਨਹੀਂ ਰਖਣਾ ਚਾਹਿਦਾ? ਸਕੂਲ ਬਣੇ ਨੇ ਸਾਡਾ ਮਿਆਰ ਉਚਾ ਚੱਕਣ ਲਯੀ ਨਾ ਕੇ ਇਹ ਕੰਜਰਪੁਣਾ ਸਿਖਣ - ਸਿਖਾਉਣ ਲਈ। ਪਤਾ ਨਹੀਂ ਸਕੂਲ ਚ ਕੀ ਸਿਖਾਉਂਦੇ ਆ ਅਧਿਆਪਕ, ਇਕ ਹੋਰ ਉਦਾਹਰਨ :-ਪਿੱਛੇ ਜਿਹੇ ਇੱਕ ਗੀਤ ਆਇਆ ਸੀ ਸ਼ੈਰੀ ਮਾਨ ਦਾ "ਸਾਨੂੰ ਗੁਲਾਬ ਅੱਜ ਤਾਹੀਂ ਮਿਲਿਆ ਨੀ ਕਿਸੇ ਨਡੀ ਤੋਂ" ਇਸ ਤੋਂ ਪਿੱਛੋਂ ਓਹ ਇਕ ਕਾਲਜ਼ ਵਿਚ ਆਪਣੀ ਫਿਲਮ ਦੀ ਮਸ਼ਹੂਰੀ ਲਯੀ ਗਿਆ, ਤਾਂ ਸਾਰੇ ਕਾਲਜ਼ ਦੀਆਂ ਕੁੜੀਆਂ ਓਸ ਨੂੰ ਗੁਲਾਬ ਦੇ ਫੁੱਲ ਦੇਣ ਲਯੀ ਇੱਕ ਦੂਜੀ ਨਾਲੋਂ ਅੱਗੇ ਸਨ, ਕੀ ਹੋ ਰਿਹਾ ਇਹ? ਮੈਂ ਕੁੜੀਆਂ ਨੂੰ ਵੀ ਪੁਛਣਾ ਚਾਹੁਨਾ ਕੇ ਓਹ ਆਪਣੇ ਆਪ ਨੂੰ ਇੰਨੀਆਂ ਘਟੀਆ ਸਮਝਦੀਆਂ ਨੇ ਕੇ ਜਣੇ ਖਣੇ ਨੂੰ ਫੁੱਲ ਦੇਣ ਤੁਰ ਪੈਨੀਆ? ਤੁਹਾਨੂੰ ਜੇ ਮਾਪਿਆਂ ਨੇ ਪੜਨ ਦੀ ਖੁੱਲ ਦੇ ਦਿੱਤੀ ਹੈ ਤਾਂ ਤੁਸੀਂ ਇਹ ਕੁੱਤੇ ਬਿੱਲੇਆਂ ਨੂੰ ਫੁੱਲ ਦੇਣੇ ਆ? ਇਸ ਦਾ ਮਤਲਬ ਤੁਹਾਡੇ ਮਾਪਿਆਂ ਨੇ ਗਲਤੀ ਕੀਤੀ ਆ ਤੁਹਾਨੂੰ ਆਜ਼ਾਦੀ ਦੇ ਕੇ, ਤੁਹਾਡੇ ਤੇ ਵਿਸ਼ਵਾਸ਼ ਕਰਕੇ।

ਏਹੋ ਜਿਹੀਆਂ ਹੋਰ ਅਨੇਕਾਂ ਉਦਾਹਰਨਾ ਨੇ। ਕਦੇ ਕਦੇ ਲੱਗਦਾ ਕੇ ਪ੍ਰਾਇਵੇਟ ਨਰਸਿੰਗ ਕਾਲਜ਼, ਇੰਜਨੀਰਿੰਗ ਕਾਲਜ਼ ਤੇ ਹੋਰ ਡਿਪ੍ਲੋਮਾ ਕਾਲਜ਼ ਸਿਰਫ ਖੁੱਲੇ ਹੀ ਇਸ ਕੰਮ ਨੂੰ ਨੇ। ਘੱਟ ਤੋਂ ਘੱਟ ਵਿਦਿਅਕ ਅਦਾਰਿਆਂ ਨੂੰ ਇਸ ਲੱਚਰਤਾ ਤੋਂ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ ਹੈ।

ਕੀ ਮਾਪਿਆਂ ਦਾ ਫਰਜ਼ ਕੇਵਲ ਫੀਸਾਂ ਦੇਣਾ ਹੀ ਹੈ? ਕੀ ਮਾਪਿਆਂ ਦਾ ਫਰਜ਼ ਨੀ ਕੇ ਓਹ ਕਾਲਜ਼ ਬਾਰੇ ਪੂਰੀ ਜਾਣਕਾਰੀ ਰਖਣ ਜਿਥੇ ਓਹਨਾ ਨੇ ਆਪਣੇ ਬੱਚੇ ਨੂੰ ਓਸ ਦਾ ਭਵਿਖ ਰੋਸ਼ਨ ਕਰਨ ਲਈ ਭੇਜਿਆ ਹੈ?

ਕੀ ਸਿਖਿਆ ਆਦਾਰੇ ਨੂੰ ਇਸ ਸੰਬਧੀ ਕੋਈ ਪਾਬੰਦੀ ਨਹੀਂ ਕਰਨੀ ਚਾਹੀਦੀ?

ਕੀ ਸਮਾਜ ਸੇਵੀ ਸੰਸਥਾਵਾਂ ਦਾ ਕੋਈ ਫਰਜ਼ ਨੀ ਇਸ ਬਾਰੇ? ਅਨਜੰਮੀਆਂ ਕੁੜੀਆਂ ਨੂੰ ਮਾਰਨ ਬਾਰੇ ਬਹੁਤ ਰੈਲੀਆਂ ਤੇ ਮੁਜਾਹਰੇ ਹੁੰਦੇ ਹਨ ਕੀ ਇਹਨਾ ਜੰਮੀਆਂ ਹੋਈਆਂ ਧੀਆਂ ਦੇ ਭਵਿਖ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ? ਤੇ ਇਹਨਾ ਧੀਆਂ ਨੂੰ ਵੀ ਕੁਜ ਨਾ ਕੁਜ ਸੋਚਣਾ ਚਾਹੀਦਾ ਹੈ, ਆਪਣੇ ਮਾਪਿਆਂ ਦੀ ਇੱਜਤ ਦਾ ਖਿਆਲ ਰਖਣਾ ਚਾਹੀਦਾ ਹੈ। ਤੁਸੀਂ ਇੰਨੀਆਂ ਵੀ ਛੋਟੀਆਂ ਨਹੀਂ ਕੇ ਤੁਹਾਨੂੰ ਚੰਗੇ ਮਾੜੇ ਦਾ ਪਤਾ ਨਾ ਹੋਵੇ।

ਸਭਿਆਚਾਰ ਦਾ ਨਾਮ ਲੈ ਕੇ ਸਾਨੂੰ ਲਚਰਤਾ ਵੇਚੀ ਜਾ ਰਹੀ ਆ ਤੇ ਅਸੀਂ ਮਿਹੰਗੀ ਤੋਂ ਮਿਹੰਗੀ ਕੀਮਤ ਤੇ ਇਸ ਨੂੰ ਬੜੀ ਖੁਸੀ ਨਾਲ ਖਰੀਦ ਰਹੇ ਹਾਂ।

ਇਹ ਕੋਈ ਹਲਕੀ ਗੱਲ ਨਹੀਂ, ਲੋੜ ਹੈ ਇਸ ਨੂੰ ਗਮ੍ਭੀਰਤਾ ਨਾਲ ਲੈਣ ਤੇ ਇਸ ਦੇ ਭਵਿਖ ਦੇ ਨ੍ਤੀਜੇਆਂ ਬਾਰੇ ਸੋਚਣ ਦੀ, ਇਸ ਗੱਲ ਪਿੱਛੇ ਵੀ ਵੱਡੀ ਸਾਜਿਸ਼ ਹੈ, ਪਹਿਲਾਂ ਪੰਜਾਬ ਦੇ ਗੱਬਰੂਆਂ ਨੂੰ ਨਸ਼ੇ ਦੀ ਦਲ ਦਲ ਵਿਚ ਧਕੇਲ ਦਿੱਤਾ ਜਿਸ ਵਿਚੋਂ ਬਾਹਰ ਆਉਣਾ ਅਸੰਭਵ ਲੱਗ ਰਿਹਾ ਹੈ ਤੇ ਹੁਣ ਵਾਰੀ ਹੈ ਪੰਜਾਬੀ ਮੁਟਿਆਰਾਂ ਦੀ। ਇਹ ਸਭ ਚੰਗੀ ਨੀਤੀ ਅਨੁਸਾਰ ਹੋ ਰਿਹਾ ਹੈ, ਸਾਨੂੰ ਸਮਝਣ ਦੀ ਲੋੜ ਹੈ, ਵੇਲਾ ਹਥੋਂ ਲੰਗ ਰਿਹਾ ਹੈ, ਅਜੇ ਵੀ ਕੁੱਝ ਵਖਤ ਹੈ, ਪਰ ਸੱਪ ਲੰਘੇ ਤੋਂ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਣਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top