Share on Facebook

Main News Page

ਕਲਮਾਂ ਵਾਲ਼ੇ ! ... ਡਾਂਗਾਂ ਵਾਲ਼ੇ !!
-: ਤਰਲੋਚਨ ਸਿੰਘ 'ਦੁਪਾਲਪੁਰ'
001-408-915-1268

ਆਪਣੀ ਭਰ-ਜਵਾਨੀ ਦੇ ਦਿਨਾਂ ਵਿੱਚ ਮੈਂ ਇੱਕ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਪਰਸਨ ਕਰਨ ਵਾਸਤੇ ਗਿਆ ਹੋਇਆ ਸਾਂ। ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਹੋ ਚੁੱਕੀ ਸੀ।

ਪਰਿਕਰਮਾ ਕਰਦਾ ਹੋਇਆ ਮੈਂ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਵੱਲ੍ਹ ਦੀ ਬਾਹੀ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵੱਲ੍ਹ ਵਧ ਰਿਹਾ ਸਾਂ, ਤਾਂ ਮੇਰੀ ਨਜ਼ਰ ਸਰੋਵਰ ਦੀਆਂ ਪੌੜੀਆਂ 'ਤੇ ਬੈਠੇ ਭਗਵੀਂ ਜਿਹੀ ਪਗੜੀ ਵਾਲ਼ੇ ਇੱਕ ਸਾਧੂ 'ਤੇ ਪਈ। ਉਹ ਬੈਠਾ ਭਾਵੇਂ ਸੁੱਕੀ 'ਤੇ ਸੀ ਪਰ ਉਸਦੀਆਂ ਦੋਵੇਂ ਲੱਤਾਂ ਅੱਧੀਆਂ ਅੱਧੀਆਂ ਸਰੋਵਰ ਦੇ ਜਲ ਵਿੱਚ ਡੁੱਬੀਆਂ ਹੋਈਆਂ ਸਨ। ਮੇਰੇ ਦੇਖਦਿਆਂ ਦੇਖਦਿਆਂ ਉਸਨੇ ਬੈਠੇ ਬੈਠੇ ਹੀ ਲਾਗੇ ਸੁੱਕੇ ਥਾਂ ਰੱਖੇ ਆਪਣੇ ਝੋਲ਼ੇ ਜਿਹੇ ਦੀ ਫਰੋਲਾ-ਫਰਾਲੀ ਕਰਕੇ, ਉਸਨੂੰ ਪਰ੍ਹੇ ਨੂੰ ਕਰ ਦਿੱਤਾ ਅਤੇ ਆਪਣੀ ਇੱਕ ਥਿਆਲ਼ੀ ਉੁੱਪਰ ਦੂਜੇ ਹੱਥ ਦੀਆਂ ਉਂਗਲ਼ਾਂ ਫੇਰਨ ਲੱਗ ਪਿਆ। ਮੈਂਨੂੰ ਕੁੱਝ ਸ਼ੱਕ ਜਹੀ ਪਈ ਤੇ ਮੈਂ ਉੱਥੇ ਹੀ ਰੁਕ ਗਿਆ। ਜਿਵੇਂ ਅਕਸਰ ਰੇਲ-ਗੱਡੀਆਂ ਵਿੱਚ ਸਫਰ ਕਰਦਿਆਂ ਲਾਲ-ਭਗਵੇਂ ਰੰਗ ਦੀਆਂ ਕੁੜਤੀਆਂ-ਲੰਗੋਟੀਆਂ ਵਾਲ਼ੇ ਸਾਧੂ ਜਿਹੇ ਮਿਲ‌਼ਦੇ ਰਹਿੰਦੇ ਹਨ; ਐਸਾ ਹੀ ਇਹ ਗੂੜ੍ਹੇ ਕਾਲ਼ੇ ਰੰਗ ਵਾਲ਼ਾ ਭਗਵਾਂ ਬਾਬਾ ਪੰਜਾਬ ਤੋਂ ਬਾਹਰਲਾ ਜਾਪਦਾ ਸੀ। ਆਲ਼ੇ-ਦੁਆਲ਼ੇ ਤੋਂ ਬੇ-ਖ਼ਬਰ, ਉਹ ਆਪਣੇ ਧਿਆਨ, ਹੱਥਾਂ 'ਚ ਕੁੱਝ ਲੈ ਕੇ ਮਲ਼ੀ ਜਾ ਰਿਹਾ ਸੀ!

'ਹੈਂ! ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦੇ ਕੰਢੇ ਜ਼ਰਦਾ ਮਲ਼ਿਆ ਜਾ ਰਿਹਾ ਹੈ?-- ਐਡਾ ਕੁਫ਼ਰ?'

ਮੇਰਾ ਇੱਕ ਦਮ ਪਾਰਾ ਹਾਈ ਹੋ ਗਿਆ! ਗੁਰੂ ਘਰ ਪ੍ਰਤੀ ਸੁੱਚੀ ਸ਼ਰਧਾ, ਜਵਾਨੀ ਦੇ ਖੂਨ ਨੂੰ ਉਬਾਲ਼ੇ ਦੇਣ ਲੱਗੀ। ਮੇਰੇ ਇੱਕ ਚੜ੍ਹੇ ਇੱਕ ਉੱਤਰੇ! ਉਸ ਨੂੰ ਬਾਂਹ ਤੋਂ ਫੜ ਕੇ ਬਾਹਰ ਨੂੰ ਘੜੀਸਣ ਲਈ ਹਾਲੇ ਮੈਂ ਉਸ ਸਾਧ ਵੱਲ ਵਧਿਆ ਹੀ ਸੀ ਕਿ ਮੈਂਨੂੰ ਸਾਹਮਣਿਉਂ ਆਉਂਦਾ ਬਰਛੇ ਵਾਲ਼ਾ ਇੱਕ ਸੇਵਾਦਾਰ ਸਿੰਘ ਨਜ਼ਰ ਆਇਆ। ਫਟਾ ਫਟ ਮੈਂ ਉਸ ਸੇਵਾਦਾਰ ਸਿੰਘ ਕੋਲ਼ ਜਾ ਕੇ ਦੱਸਿਆ ਕਿ ਔਹ ਸਾਧ ਸਰੋਵਰ ਕੰਢੇ ਜ਼ਰਦਾ ਮਲ਼ਦਾ ਪਿਆ ਹੈ। ਮੇਰੇ ਮੂਹੋਂ ਇਹ ਗੱਲ ਸੁਣਦਿਆਂ ਸਾਰ, ਉਹ ਬਰਛੇ ਵਾਲ਼ਾ ਸਿੰਘ, ਬਿਜਲੀ ਦੀ ਫੁਰਤੀ ਵਾਂਗ ਉਸ ਸਾਧ ਵੱਲ ਨੂੰ ਅਹੁਲਿਆ। ਮੈਂ ਤਸੱਵੁਰ ਕਰ ਰਿਹਾ ਸਾਂ ਕਿ ਚਲੋ ਬਰਛਾ ਨਾ ਸਹੀ, ਪਰ ਬਰਛੇ ਵਾਂਗ ਲਿਸ਼ਕਦੀ ਡਾਂਗ ਤਾਂ ਇਸ 'ਗਿੱਦੜ-ਰੰਗੇ' ਸਾਧ ਦੇ ਮੌਰਾਂ ਵਿੱਚ ਵੱਜੀ ਕਿ ਵੱਜੀ!--- ਅਗਾਂਹ ਨੂੰ ਇਸ ਪਾਗਲ ਨੂੰ ਪਤਾ ਲੱਗੂ ਕਿ ਗੁਰੂ-ਘਰ ਤੰਬਾਕੂ ਲੈ ਜਾਣ ਵਾਲ਼ਿਆਂ ਦਾ ਕੀ ਹਸ਼ਰ ਹੁੰਦਾ ਹੈ!

ਪਰ ਮੇਰੇ ਉਸ ਵੇਲ਼ੇ ਹੋਸ਼ ਉੜ ਗਏ! ਜਦੋਂ ਮੈਂ ਦੇਖਿਆ ਕਿ ਉਸ ਸੇਵਾਦਾਰ ਨੇ ਬਰਛਾ ਸੁੱਕੇ ਥ੍ਹਾਂ ਰੱਖ ਕੇ, ਜ਼ਰਦਾ ਮਲ਼ ਰਹੇ ਸਾਧ ਨੂੰ ਐਉਂ ਫੜ ਕੇ ਉਠਾਇਆ, ਜਿੱਦਾਂ ਕੋਈ ਆਪਣੇ ਕਿਸੇ ਹਲਕੀ ਉਮਰ ਦੇ ਮੁੰਡੇ ਨੂੰ ਲਾਡ ਪਿਆਰ ਨਾਲ਼ ਸੁੱਤੇ ਪਏ ਨੂੰ ਬਿਸਤਰੇ ਤੋਂ ਉਠਾਂਦੀ ਹੁੰਦੀ ਹੈ! ਇਹ 'ਕੌਤਕ' ਦੇਖ ਕੇ ਮੈਂਨੂੰ ਸਾਧ ਨਾਲ਼ੋਂ ਵੀ ਵੱਧ ਗੁੱਸਾ ਉਸ ਸੇਵਾਦਾਰ 'ਤੇ ਆਉਣ ਲੱਗਾ। ਦਿਲ ਹੀ ਦਿਲ ਮੈਂ ਸ਼੍ਰੋਮਣੀ ਕਮੇਟੀ ਵਾਲ਼ਿਆਂ ਨੂੰ ਬੁਰਾ-ਭਲਾ ਕਹਿਣ ਲੱਗ ਪਿਆ-' ਇਹਨਾਂ 'ਗਊਆਂ' ਨੂੰ ਭਲਾ ਬਰਛੇ ਭਲਾ ਕਾਹਨੂੰ ਫੜਾਏ ਹੋਏ ਹੋਣਗੇ?--- ਕਿਆ ਯਾਰ---- ਤਾਂ ਹੀ ਅਨ-ਮਤੀਏ ਲੋਕ ਸਿੱਖਾਂ ਨੂੰ ਮਖੌਲ ਕਰਦੇ ਰਹਿੰਦੇ ਨੇ--!
ਮੈਂ 'ਆਪਣਾ ਜਿਹਾ' ਮੂੰਹ ਲੈ ਕੇ ਖੜ੍ਹਾ ਦੇਖ ਰਿਹਾ ਸਾਂ- ਬਰਛੇ ਵਾਲ਼ਾ ਸੇਵਾਦਾਰ, ਸਾਧ ਨੂੰ ਪਰਿਕਰਮਾ ਦੇ ਵਰਾਂਡੇ 'ਚ ਲਿਜਾ ਕੇ ਉਹਦੇ ਕੱਪੜੇ ਵਗੈਰਾ ਪੁਆਉਣ ਲੱਗਿਆ ਲੱਗਿਆ ਹੋਇਆ ਸੀ। ਨਾਲ਼ ਨਾਲ਼ ਆਪਣੇ ਹੱਥਾਂ ਨਾਲ਼ ਇਸ਼ਾਰੇ ਜਿਹੇ ਕਰਕੇ ਉਸ ਨੂੰ ਕੁੱਝ ਸਮਝਾਉਣ ਦਾ ਯਤਨ ਕਰ ਰਿਹਾ ਸੀ। ਮੇਰੇ ਦੇਖਦੇ ਹੀ ਉਸ ਨੇ ਸਾਧ ਨੂੰ ਲੰਗਰ ਵੱਲ ਤੋਰ ਦਿੱਤਾ। ਮੇਰੇ ਜੋਸ਼ ਨੇ ਫਿਰ ਉਬਾਲ਼ਾ ਖਾਧਾ! ਸੇਵਾਦਾਰ ਕੋਲ਼ ਜਾ ਕੇ ਮੈਂ ਬਰਛੇ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਪੁੱਛਿਆ-" ਭਾਈ ਸਾਹਿਬ, ਜੇ ਇਹ ਹਰਿਮੰਦਰ ਸਾਹਿਬ ਦੇ ਸਰੋਵਰ ਕੰਢੇ ਤੰਬਾਕੂ ਮਲਣ ਵਾਲ਼ਿਆਂ 'ਤੇ ਵੀ ਨਹੀਂ ਚਲਾਉਂਣਾ, ਫੇ' ਸੁੱਟੋ ਪਰੇ! ਇਹਨੂੰ ਕਾਹਨੂੰ ਲਿਸ਼ਕਾਉਂਦੇ ਫਿਰਦੇ ਹੋ?"

"ਭਾਈ ਗੁਰਮੁਖਾ" ਮੇਰੇ ਮੋਢੇ 'ਤੇ ਹੱਥ ਰੱਖ ਕੇ ਪੀਲ਼ੇ ਚੋਲ਼ੇ ਵਾਲ਼ਾ ਉਹ ਸੇਵਾਦਾਰ ਕਹਿਣ ਲੱਗਾ-" ਤੂੰ ਹਾਲੇ ਨਿਆਣਾ ਈ ਐਂ ਕਾਕਾ! -- ਇਹ ਬਖਸ਼ਿੰਦ ਗੁਰੂ ਦਾ ਦਰੁ ਹੈ-- ਸਾਡਾ ਗੁਰੂ ਮਿੱਠ-ਬੋਲੜਾ ਐ।" ਫਿਰ ਉਹ ਉਹ ਸਾਧ ਵੱਲ ਹੱਥ ਕਰਕੇ - " ਉਹ ਵਿਚਾਰਾ ਪੰਜਾਬੀ ਛੱਡਿਆ, 'ਹਿੰਦਕੀ' ਵੀ ਟੁੱਟੀ-ਭੱਜੀ ਜਿਹੀ ਬੋਲਦੈ। ਪਤਾ ਨਹੀਂ ਕਿੱਥੋਂ ਘੁੰਮਦਾ-ਘੁੰਮਾਉਂਦਾ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸੋਭਾ ਸੁਣ ਕੇ ਆਇਆ ਹੈ- ਇਹਨੂੰ ਇੱਥੇ ਦੀ ਮਰਯਾਦਾ ਬਾਬਤ ਕੋਈ ਜਾਣਕਾਰੀ ਨਹੀਂ ਹੈ-- ਇਸ ਅਣਜਾਣ ਨਾਲ਼ ਜੇ ਮੈਂ ਧੌਲ਼-ਧੱਫਾ ਕਰ ਲੈਂਦਾ, ਤਾਂ ਪਤਾ ਨਹੀਂ ਇਹਨੇ ਕਿੱਥੇ ਕਿੱਥੇ ਜਾ ਕੇ ਸਾਡਾ ਕੁਰੱਖਤ-ਪੁਣਾ ਦੱਸਣਾ ਸੀ!-- ਮੈਂ ਉਸ ਨੂੰ ਮਾੜਾ ਮੋਟਾ ਸਮਝਾ ਦਿੱਤਾ ਹੈ।"

ਇੰਨੀਆਂ ਗੱਲਾ ਆਖ ਕੇ ਸੇਵਾਦਾਰ ਤਾਂ ਪਰਿਕਰਮਾਂ 'ਚ ਘੁੰਮਣ ਲੱਗ ਪਿਆ- ਪਰ ਮੈਂਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਦਾ ਉਕਤ 'ਉਪਦੇਸ਼' ਉਦੋਂ ਮੇਰੇ ਸਿਰ ਵਿੱਚ ਨਹੀਂ ਸੀ ਵੜਿਆ-ਜਾਣੋ ਉਸ ਦੀਆਂ ਗੱਲਾਂ-- ਬਸ ਇੰਜ ਜਿਵੇਂ ਪੱਥਰ 'ਤੇ ਮੀਂਹ ਪੈ ਗਿਆ ਹੋਵੇ!--- ਮੇਰੇ ਤਾਂ 'ਠੰਢ' ਫੇਰ ਹੀ ਪੈਣੀ ਸ਼ੀ ਜੇ ਉਹ ਸਾਧ ਆਪਣੇ ਮੌਰਾਂ ਨੂੰ ਸੇਕ ਦਿੰਦਾ ਫਿਰਦਾ!

ਇਸੇ ਮੁਕੱਦਸ ਅਸਥਾਨ ਨਾਲ ਸਬੰਧਿਤ ਇੱਕ ਹੋਰ ਘਟਨਾ ਦਾ ਵਿਵਰਣ ਸੁਣੋ। ਜੋ ਮੈਂ ਕਿਸੇ ਪੁਰਾਣੀ ਕਿਤਾਬ ਵਿੱਚੋਂ ਪੜ੍ਹੀ ਹੋਈ ਹੈ ਅਤੇ ਹੈ, ਇਹ ਪਹਿਲਾਂ ਸੁਣਾਈ ਗਈ ਕਹਾਣੀ ਤੋਂ ਇੱਕਦਮ ਉਲਟ! ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅੰਗਰੇਜ਼ਾਂ ਨੇ ਪੰਜਾਬ ਉਪਰ ਨਵਾਂ ਨਵਾਂ ਕਬਜਾ ਕੀਤਾ ਸੀ। ਕਹਿੰਦੇ ਇੱਕ ਅੰਗਰੇਜ ਸ੍ਰੀ ਦਰਬਾਰ ਸਾਹਿਬ ਦੀ ਅਦਭੁੱਤ ਸੁੰਦਰਤਾ ਤੋਂ ਪ੍ਰਸੰਨ ਹੋ ਕੇ, ਘੰਟਾ ਘਰ ਵੱਲ ਦੀ ਇਮਾਰਤ ਉੱਪਰ ਬੈਠ ਕੇ ਸ੍ਰੀ ਦਰਬਾਰ ਸਾਹਿਬ ਦਾ ਚਿੱਤਰ ਬਣਾਉਣ 'ਚ ਮਗ੍ਹਨ ਹੋ ਗਿਆ। ਹਾਲੇ ਉਹ ਸਰੋਵਰ ਦਾ ਜਲ ਦਿਖਾਉਣ ਲਈ ਖਾਕੇ ਵਿੱਚ ਫਿੱਕਾ ਨੀਲਾ ਰੰਗ ਭਰਦਿਆਂ, ਚੌੜੇ ਦਾਅ ਨੂੰ ਕਾਹਲੀ ਕਾਹਲੀ ਬੁਰਸ਼ ਮਾਰ ਰਿਹਾ ਸੀ, ਤਾਂ ਪਿੱਛਿਉਂ ਉਸਦੀ ਫੁਰਤੀ ਨਾਲ ਇੱਧਰ ਉੱਧਰ ਵੱਜਦੀ ਕੂਹਣੀ ਦੇਖ ਕੇ, ਇੱਕ ਸਿੰਘ ਨੇ ਉਹਦੇ ਮੋਢੇ 'ਤੇ ਸੋਟਾ ਜੜ ਦਿੱਤਾ! ਅੰਗਰੇਜ ਵਿਚਾਰਾ ਦਰਦ ਨਾਲ਼ ਕਰਾਹੁਣ ਲੱਗ ਪਿਆ, ਪਰ ਸਿੰਘ ਜੀ ਉਸਦੇ ਮੋਹਰੇ ਪਿਆ ਚਿੱਤਰਕਾਰੀ ਦਾ ਸਮਾਨ ਦੇਖ ਕੇ ਉੱਚੀ ਦੇਣੀ ਹੱਸਦਿਆਂ ਕਹਿੰਦੇ- "ਓ ਅੱਛਾ--- ਮੈਂ ਤਾਂ ਸੋਚਿਆ ਕਿ ਕੋਈ ਗੋਰਾ ਸਿਗਰਟ ਪੀਣ ਲਈ ਤੀਲ੍ਹ ਬਾਲਣ ਲੱਗਾ ਹੋਇਐ?"

ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਸਦਕਾ ਸਾਡੀ ਕੌਮ ਦੁਨੀਆਂ ਭਰ ਵਿੱਚ 'ਮਾਰਸ਼ਲ ਕੌਮ' ਮੰਨੀ ਜਾਂਦੀ ਹੈ। ਲੇਕਿਨ ਸਾਡੇ ਕੌਮੀ ਇਤਿਹਾਸ ਵਿੱਚ ਐਸੇ ਹਵਾਲਿਆਂ ਦੀ ਵੀ ਕਮੀ ਨਹੀਂ ਜਦੋਂ ਅਸੀਂ ਗੈਰਾਂ ਦੇ ਵਰਗਲਾਏ ਹੋਏ ਜਾਂ ਅਣਜਾਣ-ਪੁਣੇ 'ਚ ਡਾਂਗਾਂ ਮੋਢੇ 'ਤੇ ਚੁੱਕਦੇ ਰਹੇ। ਸਾਹਿਬ ਦਸਮੇਸ਼ ਪਿਤਾ ਤੋਂ ਵਰੋਸਾਇਆ ਸਾਡਾ ਪਹਿਲਾ ਕੌਮੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਤਤਕਾਲੀ ਸਿੰਘ ਸਰਦਾਰਾਂ ਦੇ ਨਾਮ ਲਿਖੀਆਂ ਗਈਆਂ ਚਿੱਠੀਆਂ ਦੇ ਅਖੀਰ 'ਚ ਫਾਰਸੀ-ਨੁਮਾ ਪੰਜਾਬੀ 'ਚ ਲਿਖਿਆ ਕਰਦਾ ਸੀ- 'ਬੰਦਾ-ਏ-ਗੁਰੂ' (ਭਾਵ ਕਿ ਗੁਰੂ ਦਾ ਬੰਦਾ ਜਾਂ ਗੁਰੂ ਦਾ ਗੁਲਾਮ) ਪਰ ਦੁਸ਼ਮਣਾਂ ਨੇ ਇਸ ਲਫਜ਼ ਨੂੰ ਗਲ੍ਹਤ ਰੰਗਤ ਦੇ ਕੇ ਸਿੱਖਾਂ ਨੂੰ ਖੂਬ੍ਹ ਭੜਕਾਇਆ-ਅਖੇ ਬੰਦਾ ਬਹਾਦਰ ਤਾਂ ਆਪਣੇ ਆਪ ਨੂੰ 'ਗੁਰੂ' ਲਿਖਣ ਲੱਗ ਪਿਆ ਹੈ! ਇਉਂ ਭੋਲ਼ੀ ਭਾਲ਼ੀ ਸਿੱਖ ਜਨਤਾ ਨੇ ਪੰਥ-ਦੋਖੀਆਂ ਦੀ ਚਾਲ ਦਾ ਸ਼ਿਕਾਰ ਬਣਕੇ, ਆਪਣੇ ਹੀ ਜਾਂ-ਬਾਜ਼ ਜਰਨੈਲ ਵਿਰੁੱਧ ਭੰਡੀ-ਪ੍ਰਚਾਰ ਅਰੰਭ ਕਰ ਦਿੱਤਾ! ਇਸੇ ਦੀ ਬਦੌਲਤ ਪੰਥ , ਬੰਦਈ ਅਤੇ ਤੱਤ ਖਾਲਸੇ 'ਚ ਵੰਡਿਆ ਗਿਆ।

ਆਪਣਾ ਸਾਰਾ ਬਾਲ-ਪ੍ਰਵਾਰ ਗੁਰੂ-ਪੰਥ ਦੇ ਲੇਖੇ ਲਾਉਣ ਵਾਲ਼ੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ, ਖਾਲਸਾ ਪੰਥ ਦੀ ਸੌਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿੱਤਨੇਮ ਦੀਆਂ ਬਾਣੀਆਂ ਲੈ ਕੇ ਗੁਟਕੇ ਅਤੇ ਪੋਥੀਆਂ ਤਿਆਰ ਕਰਵਾਈਆਂ ਪਦ-ਛੇਦ ਰੂਪ ਵਿੱਚ। ਇਸ ਮਹਾਨ ਪਰ-ਉਪਕਾਰ ਬਦਲੇ, ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ 'ਸਰਾਪ' ਮਿਲ ਗਿਆ! ਅਖੇ, ਜਿੱਦਾਂ ਬਾਣੀ ਦਾ ਅੰਗ ਅੰਗ ਜੁਦਾ ਕੀਤਾ ਸੀ, ਇਵੇਂ ਹੀ ਭਾਈ ਸਾਹਿਬ ਦੇ ਬੰਦ ਬੰਦ ਕੱਟੇ ਗਏ। ਇਹ ਸਰਾਪ ਦੀ ਕਹਾਣੀ 'ਸਤਿ ਕਰਕੇ' ਮੰਨਣ ਵਾਲ਼ਿਆਂ ਨੇ ਇਹ ਵੀ ਨਹੀ ਸੋਚਿਆ ਕਿ ਪੰਥ ਦੇ ਬਾਕੀ ਹਜ਼ਾਰਾਂ ਸ਼ਹੀਦਾਂ ਨੇ ਕਿਸ 'ਗੁਨਾਹ' ਬਦਲੇ ਜਾਂ ਕਿਹੜੇ ਸਰਾਪਾਂ ਕਾਰਨ ਸ਼ਹਾਦਤਾਂ ਦੇ ਜਾਮ ਪੀਤੇ ਹੋਣਗੇ?

ਪੰਥਕ ਹਿਤੂਆਂ ਦੀਆਂ ਨਿਮਾਣੀਆਂ ਕਲਮਾਂ ਨੂੰ ਡਾਂਗਾਂ ਦੇ ਜੋਰ ਨਾਲ ਭੈਅ-ਭੀਤ ਕਰਨ ਵਾਲੀ ਇੱਕ ਹੋਰ ਹਿਰਦੇ-ਵੇਧਕ ਕਥਾ ਜ਼ਰਾ ਦਿਲਾਂ 'ਤੇ ਹੱਥ ਰੱਖ ਕੇ ਸੁਣ ਲਉ! ਸੂਰਜ-ਵੱਤ ਰੌਸ਼ਨ ਦਿਮਾਗ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਸੰਨ ੧੯੦੧ ਵਿੱਚ ਪੂਰੀ ਮਿਹਨਤ ਨਾਲ ਲਿਖਿਆ ਹੋਇਆ 'ਗੁਰਮਤਿ ਸੁਧਾਕਰ' ਗ੍ਰੰਥ ਛਪਵਾਇਆ। ਇਸ ਗ੍ਰੰਥ ਦੇ 'ਪਰੂਫ' ਪੜ੍ਹਨ ਸਮੇਂ ਵਿੱਦਿਆ-ਮਾਰਤੰਡ ਭਾਈ ਵੀਰ ਸਿੰਘ ਜੀ ਨੇ ਇਸ ਦੀ ਪੂਰੀ ਸੋਧ-ਸੁਧਾਈ ਕੀਤੀ। ਗ੍ਰੰਥ ਛਪਣ ਉਪਰੰਤ ਭਾਈ ਵੀਰ ਸਿੰਘ ਜੀ ਨੇ ਹੀ ਉਸ ਸਮੇਂ ਦੀ ਪ੍ਰਸਿੱਧ ਅਖ਼ਬਾਰ 'ਪੰਥ-ਸੇਵਕ' ਵਿੱਚ ਇਸ ਗ੍ਰੰਥ ਦਾ ' ਰਿਵਿਊ' ਲਿਖਿਆ। ਜਿਸਦਾ ਸਿਰਲੇਖ ਸੀ- 'ਸੋਲਾਂ ਕਲਾਂ ਚੰਦ੍ਰਮਾਂ ਚੜ੍ਹ ਆਇਆ!' ਇਸ ਖੋਜ-ਭਰਪੂਰ ਗ੍ਰੰਥ ਵਿੱਚ ਭਾਈ ਕਾਨ੍ਹ ਸਿੰਘ ਜੀ ਨੇ ਪੁਰਾਤਨ ਹਵਾਲਿਆਂ ਦੀ ਬਾਰੀਕੀ ਨਾਲ ਛਾਣ-ਬੀਣ ਕਰਦਿਆਂ ਸਿੱਧ ਕੀਤਾ ਕਿ 'ਰਾਗ-ਮਾਲਾ' ਗੁਰੂ-ਕ੍ਰਿਤ ਨਹੀਂ ਹੈ। ਇਸ ਵਿਚਾਰ ਦੀ ਪ੍ਰੋੜਤਾ ਭਾਈ ਵੀਰ ਸਿੰਘ ਜੀ ਨੇ ਵੀ ਰਿਵਿਊ ਲਿਖਦਿਆਂ ਕੀਤੀ।

ਇਹ ਗ੍ਰੰਥ (ਗੁਰਮਤਿ ਸੁਧਾਕਰ) ਸੰਪੂਰਨ ਕਰਨ ਉਪਰੰਤ ਭਾਈ ਕਾਨ੍ਹ ਸਿੰਘ ਜੀ ਨਾਭਾ, ਮਹਾਰਾਜਾ ਨਾਭਾ ਦੀ ਪ੍ਰੇਰਨਾ ਸਦਕਾ, ਏਕਾਂਤ ਵਾਸ ਧਾਰਨ ਕਰਕੇ ਇਕਾਗਰ ਚਿੱਤ ਹੁੰਦਿਆਂ 'ਗੁਰ-ਰਤਨਾਕਰ ਮਹਾਨ ਕੋਸ਼' ਦੀ ਰਚਨਾ ਵਿੱਚ ਰੁੱਝ ਗਏ। ਇੱਧਰ ਪੰਥ ਵਿੱਚ ਰਾਗ-ਮਾਲ਼ਾ ਦੀ ਚਰਚਾ ਚੱਲਦੀ ਰਹੀ। ਸੰਨ 1917 ਵਿੱਚ ਇਹ ਚਰਚਾ ਪ੍ਰਚੰਡ-ਰੂਪ ਧਾਰਨ ਕਰ ਗਈ। ਭਾਈ ਨਾਭਾ ਜੀ ਦੀ 'ਲੰਬੀ ਚੁੱਪ' ਕਾਰਨ ਚੀਫ ਖ਼ਾਲਸਾ ਦੀਵਾਨ ਵਾਲਿਆਂ ਨੇ ਖ਼ਤ ਲਿਖਕੇ ਨਾਭਾ ਜੀ ਤੋਂ ਇਸ ਚੁੱਪ ਦਾ ਕਾਰਨ ਪੁੱਛਿਆ। ਉਹਨਾਂ ਜਵਾਬੀ ਪੱਤਰ ਵਿੱਚ ਇਹ ਸਤਰਾਂ ਲਿਖੀਆਂ- '----ਸਿੱਖਾਂ ਨੂੰ ਆਪਣੀਆਂ ਧਰਮ-ਪੁਸਤਕਾਂ ਬਾਰੇ ਬਹੁਤ ਘੱਟ ਪਤਾ ਹੈ, ਤੇ ਰਾਗ-ਮਾਲ਼ਾ ਨਾਲੋਂ ਬੁਰੀਆਂ ਗੱਲਾਂ ਬੀੜਾਂ ਵਿੱਚ ਲਿਖੀਆਂ ਪਈਆਂ ਹਨ। ਇਸ ਲਈ ਇਸ ਬਾਰੇ ਚੁੱਪ ਹੀ ਭਲੀ ਹੈ।"

ਇਸ ਪੱਤਰ ਦਾ ਕੁੱਝ ਹਿੱਸਾ 'ਗੁਪਤ ਪੱਤਰ' ਦੇ ਸਿਰਲੇਖ ਹੇਠ ' ਖਾਲਸਾ ਸਮਾਚਾਰ' ਵਿੱਚ ਛਪਿਆ ਪੜ੍ਹ ਕੇ ਸਿੱਖਾਂ ਵਿੱਚ ਸ਼ੰਕੇ ਪੈਦਾ ਹੋ ਗਏ। ਸਿੱਖ ਸੰਗਤਾਂ ਨੇ ਧੜਾ-ਧੜ ਭਾਈ ਨਾਭਾ ਜੀ ਨੂੰ ਚਿੱਠੀਆਂ ਲਿਖ ਕੇ 'ਸਪਸ਼ਟੀਕਰਨ' ਮੰਗੇ ਕਿ ਕੀ ਉਹ ਹੁਣ 'ਰਾਗ-ਮਾਲ਼ਾ' ਨੂੰ ਗੁਰੂ-ਕ੍ਰਿਤ ਮੰਨਣ ਲੱਗ ਪਏ ਹਨ? ਭਾਈ ਨਾਭਾ ਜੀ ਨੇ ਸ਼ੰਕਾ-ਨਵਿਰਤੀ ਲਈ ਆਏ ਇਨ੍ਹਾਂ ਦੇ ਜਵਾਬ ਵਿੱਚ ਇੱਕ ਲੰਬਾ ਖਤ ' ਪੰਥ-ਸੇਵਕ' ਅਖਬਾਰ ਵਿੱਚ ਛਪਵਾਇਆ। ਜਿਸਦਾ ਵੇਰਵਾ ਗੁਰ ਪੁਰ ਵਾਸੀ ਗਿ: ਗੁਰਦਿੱਤ ਸਿੰਘ ਜੀ ਨੇ ਆਪਣੀ ਪ੍ਰਸਿੱਧ ਪੁਸਤਕ 'ਮੁੰਦਾਵਣੀ' ਦੇ ਸਫਾ ਨੰ: 109-112 ਉੱਪਰ ਦਿੱਤਾ ਹੈ। ਆਪਣੇ ਦਿਲ ਥੰਮ੍ਹ ਕੇ ਇਸ ਖ਼ਤ ਦੇ ਕੁੱਝ ਅੰਸ਼ ਪੜ੍ਹੋ-

"----- ਇਸ ਪ੍ਰਸੰਗ ਵਿੱਚ ਮੈਂ ਏਹ ਪ੍ਰਗਟ ਕਰੇ ਬਿਨਾਂ ਨਹੀਂ ਰਹਿ ਸਕਦਾ, ਕਿ ਸਿੱਖਾਂ ਨੂੰ ਆਪਣੇ ਧਰਮ ਪੁਸਤਕਾਂ ਦੀ ਬਹੁਤ ਘੱਟ ਵਾਕਫ਼ੀਅਤ ਹੈ, ਕੋਈ ਖੋਜ ਭਾਲ਼ ਦਾ ਯਤਨ ਨਹੀਂ ਕਰਦਾ। ਸੁਣੀਆਂ ਗੱਲਾਂ ਪਰ ਯਕੀਨ ਕਰ ਬੈਠਦੇ ਹਨ। ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ (ਜਿਲਦਾਂ) ਦਾ ਨਿਰਣਯ 'ਗੁਰ ਗਿਰਾ ਕਸੌਟੀ' ਵਿੱਚ ਵਿਸਥਾਰ ਨਾਲ ਕੀਤਾ ਹੈ, ਪਰ ਇਹ ਪੋਥੀ ਮਸੰਦਾਂ ਅਤੇ ਬੁਰਛਿਆਂ ਦੇ ਉਪਦ੍ਰਵ ਦੇ ਭੈਯ ਤੋਂ ਹੁਣ ਤੋੜੀ ਪ੍ਰਕਾਸ਼ ਨਹੀਂ ਕੀਤੀ। ਪਾਠਕਾਂ ਨੂੰ ਨਿਸ਼ਚਯ ਰਹੇ ਕਿ ਮੈਂ ਆਪਣੀ ਹਾਨੀ ਦੇ ਭਯ ਤੋਂ ਕਦੇ ਨਹੀਂ ਡਰਿਆ। ਮੈਂਨੂੰ ਸੱਚ ਦੇ ਪ੍ਰਗਟ ਕਰਨ ਵਿੱਚ ਕਦੇ ਵੀ ਸੰਕੋਚ ਨਹੀਂ, ਪਰ ਡਰ ਇਹ ਹੈ ਕਿ 'ਗੁਰਗਿਰਾ ਕਸੌਟੀ' ਦਾ ਦਰਸ਼ਨ ਹੁੰਦਿਆਂ ਹੀ ਅਨੇਕ ਵਿਸ਼ਿਆਂ ਪਰ ਰੌਸ਼ਨੀ ਪੈ ਜਾਣੀ ਹੈ, ਅਰ ਰਾਗ-ਮਾਲ਼ਾ ਤੋਂ ਵਧੀਕ ਜੰਗ ਛਿੜ ਪੈਣਾ ਹੈ------ਅਰ ਵਿਤੰਡਾ ਵਾਦ ਅਰੰਭ ਹੋ ਜਾਊ, ਕਯੋਂ ਕਿ ਗੁਣ ਅਤੇ ਸੱਤਯ ਦੇ ਗਾਹਕ ਵਿਰਲੇ ਹਨ--- ਅੰਤ ਵਿੱਚ ਕੌਮ ਦੇ ਦਰਦੀਆਂ ਅੱਗੇ ਬੇਨਤੀ ਹੈ ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਨਾਲ਼ ਉੱਨਤੀ ਕਰਨ ਦਾ ਹੈ---- ਕ੍ਰਿਪਾ ਕਰੋ, ਤਰਸ ਕਰੋ, ਸ਼ਾਂਤਿ ਕਰੋ, ਧੀਰਯ ਕਰੋ, ਖੋਜੀ ਬਣਕੇ ਵਿਚਾਰੋ, ਵਾਦੀ ਦੀ ਪਦਵੀ ਨਾ ਲਉ----ਮੇਰੀ ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਨਾਲ ਕੋਈ ਸੱਜਣ ਪੱਤਰ-ਵਿਵਹਾਰ ਕਰਨ ਦੀ ਖੇਚਲ ਨਾ ਕਰੇ, ਕਯੋਂਕਿ ਮੈਂ ਆਪਣੇ ਨਿੱਯਤ ਸਮੇਂ ਵਿੱਚੋਂ ਇੱਕ ਮਿਨਟ ਭੀ 'ਗੁਰੂ ਸ਼ਬਦ ਰਤਨਾਕਰ' ਦੇ ਕੰਮ ਨੂੰ ਛੱਡ ਕੇ ਹੋਰ ਕੰਮ ਨੂੰ ਛੱਡ ਕੇ ਹੋਰ ਕੰਮ ਕਰਨ ਲਈ ਸਮਾਂ ਨਹੀਂ ਕੱਢ ਸਕਦਾ- ਪੰਥ ਦਾ ਸੇਵਕ- ਕਾਨ੍ਹ ਸਿੰਘ।"

ਸਨਮਾਨਯੋਗ ਪਾਠਕ ਜੀ, ਭਾਈ ਨਾਭਾ ਜੀ ਦਾ ਉਕਤ 'ਤ੍ਰਾਸਦੀ ਭਰਿਆ' ਖਤ ਪੜ ਕੇ, ਕੀ ਤੁਸੀਂ ਉਸ ਦਾਰਸ਼ਨਿਕ ਦੇ ਕਥਨ ਨਾਲ ਸਹਿਮਤ ਨਹੀਂ ਹੋਵੋਂਗੇ? ਜਿਹੜਾ ਕਹਿੰਦਾ ਹੈ- 'ਬਹੁਤੇ ਕਮਲਿਆਂ ਵਿੱਚ ਕਿਸੇ ਇੱਕ ਅੱਧੇ ਦਾ ਸਿਆਣਾ ਹੋ ਜਾਣਾ, ਉਸ ਸਿਆਣੇ ਲਈ 'ਗੁਨਾਹ' ਹੀ ਹੋ ਨਿੱਬੜਦਾ ਹੈ।' ਸਿੱਖ ਕੌਮ ਦਾ ਇਹ ਅਮੋਲਕ ਹੀਰਾ ਕਈ ਦਹਾਕੇ ਪਹਿਲਾਂ 'ਮਸੰਦਾਂ ਅਤੇ ਬੁਰਛਿਆਂ ਦੇ ਭੈਯ' ਤੋਂ ਤ੍ਰਹਿ ਕੇ, ਆਪਣੀ ਮਹਾਨ ਪੁਸਤਕ 'ਗੁਰਗਿਰਾ ਕਸੌਟੀ' ਨਹੀਂ ਸੀ ਛਪਵਾ ਸਕਿਆ! --- ਗੁਰਮਤਿ-ਸੁਧਾਕਰ, ਹਮ ਹਿੰਦੂ ਨਹੀਂ, ਗੁਰਮਤਿ-ਮਾਰਤੰਡ ਅਤੇ ਮਹਾਨ ਕੋਸ਼ ਜਿਹੇ ਅਦੁੱਤੀ ਅਤੇ ਵਡਮੁੱਲੇ ਗ੍ਰੰਥ ਲਿਖਣ ਵਾਲੀ ਕਲਮ ਵੀ 'ਮਸੰਦਾਂ ਅਤੇ ਬੁਰਛਿਆਂ' ਨੇ ਨਹੀਂ ਸੀ ਬਖਸ਼ੀ! ਹੋਰ ਦੂਸਰੇ ਲੇਖਕ ਕਿਹਦੇ ਪਾਣੀ-ਹਾਰ ਹਨ?

ਆਉ, ਕਲਗੀਧਰ ਪਾਤਸ਼ਹਾ ਦੇ ਚਰਨਾਂ 'ਚ ਅਰਜੋਦੜੀ ਕਰੀਏ- 'ਹੇ ਪਾਤਸ਼ਾਹ ਜੀ, ਆਪਣੇ ਪੰਥ ਨੂੰ 'ਮਸੰਦਾਂ ਅਤੇ ਬੁਰਛਿਆਂ ਦੇ ਭੈਅ' ਤੋਂ ਮੁਕਤ ਕਰਨ ਲਈ ਬਾਹੁੜੀ ਕਰੋ! ਜੀ ਦਾਤਾ, ਹਾਲੇ ਹੋਰ ਕਿੰਨੀ ਕੁ ਖੁਆਰੀ ਹੋਈ ਜਾਊ ਤੇਰੇ ਪੰਥ ਦੀ!! ਮੰਨਿਆ ਕਿ ਅਸੀਂ ਤੇਰੇ ਬਖਸ਼ੇ ਹੋਏ ਅਸੂਲਾਂ ਨੂੰ 'ਅਣ-ਐਲਾਨਿਆਂ ਬੇਦਾਵਾ 'ਦੇਈ ਬੈਠੇ ਹਾਂ, ਪਰ ਪੰਥ ਦਾ ਵਾਲੀ ਤਾਂ ਤੂੰ ਹੀ ਹੈਂ--- ਬਹੁੜ ਪਿਤਾ ਕੋ ਲਾਜ!'
ਕਈ ਦਹਾਕਿਆਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮਿਲ਼ੇ ਉਸ ਬਰਛੇ ਵਾਲ਼ੇ 'ਸ਼ਾਂਤੀ ਦੂਤ' ਨੂੰ ਯਾਦ ਕਰ ਰਿਹਾ ਹਾਂ, ਜੋ ਇੱਕ ਅਣਭੋਲ ਸਾਧੂ ਦੀ ਬੱਜਰ ਗਲਤੀ ਨੂੰ ਅਣਡਿੱਠ ਕਰਕੇ 'ਜੋ ਸ਼ਰਣਿ ਆਵੈ ਤਿਸੁ ਕੰਠ ਲਾਵੈ' ਦਾ ਅਮਲੀ-ਪ੍ਰਚਾਰਕ ਬਣਿਆਂ ਸੀ। ਉਹੋ ਜਿਹੇ ਸਿੰਘ ਕਿੱਥੇ ਅਲੋਪ ਹੋ ਗਏ? ਕਿੱਧਰ ਗਏ ਉਸ ਗ੍ਰੰਥੀ ਵਰਗੇ ਭਾਈ, ਜਿਸਨੇ ਬ੍ਰਾਹਮਣ ਪ੍ਰਵਾਰ ਦੇ ਸਿਗਰਟਾਂ ਪੀ ਰਹੇ 'ਹੰਸ ਰਾਜ' ਨਾਂ ਦੇ ਮੁੰਡੇ ਨੂੰ 'ਨਾਨਕ ਸਿੰਘ' ਬਣਾ ਦਿੱਤਾ ਸੀ?

ਸਿੱਖ ਜਗਤ ਵਿੱਚ ਅੰਗਰੇਜ ਚਿੱਤਰਕਾਰ ਦੀਆਂ 'ਭੁਲੇਖੇ ਨਾਲ' ਬਾਹਾਂ ਭੰਨ ਕੇ ਹਿੜ ਹਿੜ ਕਰਨ ਵਾਲੇ ਲੱਠ-ਮਾਰਾਂ ਦੀ ਹੀ ਤੂਤੀ ਕਿਉਂ ਬੋਲਦੀ ਰਹਿੰਦੀ ਹੈ। ਸਾਨੂੰ 'ਰੋਸ ਕੀਜੈ ਉੱਤਰ ਦੀਜੈ' ਵਾਲ਼ਾ ਗੁਰ-ਵਾਕ ਯਾਦ ਕਿਉਂ ਨਹੀਂ ਰਹਿੰਦਾ? ਕਿਉਂ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਰਹਿੰਦੇ ਹਾਂ? ਛੋਟੇ ਛੋਟੇ ਮੱਤਿ ਭੇਦਾਂ ਕਾਰਨ ਕਿਉਂ ਅਸੀਂ ਡਾਂਗਾਂ ਮੋਢਿਆਂ 'ਤੇ ਚੁੱਕੀ ਰੱਖਦੇ ਹਾਂ? ਕਲਮਾਂ ਦਾ ਜਵਾਬ ਕਲਮਾਂ ਨਾਲ ਹੀ ਦੇਣਾ, ਅਸੀਂ ਕਦੋਂ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦਾ ਸਰਬ-ਸਾਂਝਾ ਉਪਦੇਸ਼ ਦੇਣ ਵਾਲ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਦਿਆਰਥੀਉ, ਸਿਖਿਆਰਥੀਉ ਅਤੇ ਸ਼ਰਧਾਲੂਓ, ਆਪਣੇ ਆਪ ਨੂੰ ਜ਼ਰਾ ਇਸ ਗਿਆਨ ਦੇ ਸਾਗਰ ਨਾਲ਼ ਰੂ-ਬ-ਰੂ ਕਰੋ ਤਾਂ ਸਹੀ! ਮਹਿੰਗੇ ਤੋਂ ਮਹਿੰਗੇ ਰੁਮਾਲੇ ਚੜ੍ਹਾਉਣ ਜਾਂ ਸਿਰਫ ਇਸ ਨੂੰ ਮੱਥੇ ਹੀ ਟੇਕੀ ਜਾਣ ਦੀ ਬਜਾਏ, ਇਸ ਆਬੇ-ਹਯਾਤ ਦੇ ਚਸ਼ਮੇ ਦਾ ਅੰਮ੍ਰਿਤ, ਸੁੱਕੇ ਬੰਜਰ ਹਿਰਦਿਆਂ ਤੱਕ ਪਹੁੰਚਣ ਤਾਂ ਦਿਉ!!--- ਫਿਰ ਦੇਖਣਾ ਹਉਮੈ ਦੇ ਝਗੜੇ ਝੇੜੇ ਅਤੇ ਕੁੜੱਤਣਾਂ ਕਿਵੇਂ ਗਾਇਬ ਹੁੰਦੀਆਂ ਨੇ! ਬ-ਕੌਲ ਇੱਕ ਸ਼ਾਇਰ------

'ਨ੍ਹੇਰ ਨੂੰ ਹੁਣ ਦੋਸਤਾ, ਉਸ ਦਿਲ 'ਚ ਕਿੱਦਾਂ ਥ੍ਹਾਂ ਮਿਲ਼ੂ, ਹੋ ਗਿਆ ਜੋ ਉਮਰ ਭਰ ਲਈ ਰੌਸ਼ਨੀ ਦੇ ਰੂ-ਬ-ਰੂ!
ਫਸਲ ਰੀਝਾਂ ਵਾਲੜੀ ਫਿਰ ਦੇਖਣਾ ਲਹਿਰਾਏਗੀ, ਦਿਲ ਦੇ ਸੁੱਕੇ ਖੇਤ ਨੂੰ, ਤੂ ਕਰ ਨਦੀ ਦੇ ਰੂ-ਬ-ਰੂ!!'


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top