Share on Facebook

Main News Page

ਮੱਕੜ ਦੀ ਪ੍ਰਧਾਨਗੀ ‘ਤੇ ਸੰਕਟ ਬੱਦਲ ਮੰਡਰਾਉਣ ਲੱਗੇ, ਸਤੰਬਰ ਵਿੱਚ ਹੋ ਸਕਦੀ ਹੈ ਛੁੱਟੀ
- ਜਸਬੀਰ ਸਿੰਘ ਪੱਟੀ 09356024684

ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ ਦੀ ਪਰਧਾਨਗੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ ਅਤੇ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋ ਉਹਨਾਂ ਨੂੰ ਵਿਹਲਿਆਂ ਕਰਕੇ ਘਰ ਬਿਠਾਇਆ ਜਾ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸੁਖਬੀਰ ਸਿੰਘ ਬਾਦਲ ਮੱਕੜ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹਨਾਂ ਨਾਲ ਕੰਮ ਕਰ ਰਹੀ ਟੀਮ ਵੀ ਇਸ ਵੇਲੇ ਵਿਵਾਦਾਂ ਦੇ ਘੇਰੇ ਵਿੱਚ ਹੈ। ਸ੍ਰੀ ਮੱਕੜ ਪਿਛਲੇ ਕਰੀਬ ਸੱਤ ਸਾਲਾਂ ਤੋਂ ਪ੍ਰਧਾਨ ਦੇ ਹੁਦੇ 'ਤੇ ਬਿਰਾਜਮਾਨ ਹਨ ਅਤੇ ਪਹਿਲਾਂ ਉਹ ਬਾਦਲ ਦੇ ਲਿਫਾਫੇ ਵਿੱਚੋ ਨਿਕਲੇ ਪ੍ਰਧਾਨ ਅਖਵਾਉਂਦੇ ਸਨ, ਪਰ ਅੱਜ ਕਲ ਸੁਪਰੀਮ ਕੋਰਟ ਦੀ ਬਾਸਕਟ ਵਿੱਚੋ ਨਿਕਲੇ ਪ੍ਰਧਾਨ ਕਹੇ ਜਾਂਦੇ ਹਨ। ਬੀਤੀ 15 ਅਗਸਤ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਮੱਕੜ ਨੂੰ ਲਾਹ ਕੇ ਸੀਨੀਅਰ ਮੀਤ ਪਰਧਾਨ ਸ੍ਰੀ ਰਘੂਜੀਤ ਸਿੰਘ ਵਿਰਕ ਨੂੰ ਪਰਧਾਨ ਬਣਾਉਣ ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਸੀ, ਪਰ ਕੁਝ ਕਾਰਨਾਂ ਕਰਕੇ ਇਸ ਤੇ ਰੋਕ ਲੱਗ ਗਈ ਸੀ। ਸ੍ਰੀ ਰਘੂਜੀਤ ਸਿੰਘ ਵਿਰਕ ਜਿਥੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਬਿਰਾਜਮਾਨ ਹਨ ਉਥੇ ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣ ਦੇ ਨਾਲ ਨਾਲ ਰਿਸ਼ਤੇਦਾਰ ਵੀ ਮੰਨੇ ਜਾਂਦੇ ਹਨ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤਾਂ ਮੱਕੜ ਦੇ ਇੰਨੇ ਕੁ ਖਿਲਾਫ ਹਨ ਕਿ ਉਹਨਾਂ ਦੇ ਵੱਸ ਚੱਲੇ, ਤਾਂ ਉਹ ਬਿਨਾਂ ਕਿਸੇ ਦੇਰੀ ਤੋਂ ਉਸ ਨੂੰ ਬਦਲ ਦੇਣ ਪਰ ਘਾਗ ਸਿਆਸਤ ਤੇ ਸਿਆਸਤ ਦੀ ਸਭ ਵੱਡੀ ਪੀ.ਐਚ.ਡੀ ਦੀ ਡਿਗਰੀ ਹਾਸਲ ਕਰ ਚੁੱਕੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਸ਼ਤਰੰਜ ਦੇ ਮੋਹਰੇ ਚਲਾ ਕੇ, ਮੱਕੜ ਨੂੰ ਇਸ ਕਦਰ ਚਿਤ ਕਰਨਾ ਚਾਹੁੰਦੇ ਹਨ, ਕਿ ਦੁਬਾਰਾ ਉਹਨਾਂ ਦੇ ਖਾਨਦਾਨ ਵਿੱਚੋਂ ਕੋਈ ਵੀ ਸਿਆਸਤ ਵਿੱਚ ਆਉਣ ਦੀ ਹਿੰਮਤ ਨਾ ਜੁਟਾ ਸਕੇ।

ਮੁੱਖ ਮੰਤਰੀ ਸ੍ਰੀ ਬਾਦਲ ਨੇ ਮੱਕੜ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਦੱਸ ਕੇ ਇੱਕ ਸਰਕਾਰੀ ਬੁਲਿਟ ਪਰੂਫ ਗੱਡੀ ਅਤੇ ਇੱਕ ਸਰਕਾਰੀ ਐਸਕੋਰਟ ਵੀ ਦੇਣ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਵੇਲੇ ਸ੍ਰੀ ਮੱਕੜ ਦੇ ਕਾਫਲੇ ਵਿੱਚ ਪੰਜ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਵੀ ਸ਼ਾਮਲ ਹਨ। ਸਰਕਾਰ ਆਂਪਣੀਆਂ ਗੱਡੀਆਂ ਨੂੰ ਸਿਰਫ 300 ਲਿਟਰ ਹਰ ਮਹੀਨੇ ਤੇਲ ਦਾ ਖਰਚਾ ਦੇਵੇਗੀ।

ਦੂਸਰੇ ਪਾਸੇ ਮਿਲੀਆਂ ਰੀਪੋਰਟਾਂ ਮੁਤਾਬਕ ਸਤੰਬਰ ਵਿੱਚ ਸ਼ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਸਮੁੱਚੀ ਕਾਰਜਕਾਰਨੀ ਸ੍ਰੀ ਰਘੂਜੀਤ ਸਿੰਘ ਨੂੰ ਐਕਟਿੰਗ ਪਰਧਾਨ ਬਣਾ ਕੇ ਪਰਧਾਨ ਦੀਆਂ ਸਾਰੀਆਂ ਸ਼ਕਤੀਆਂ ਉਹਨਾਂ ਨੂੰ ਦੇ ਦੇਵੇਗੀ ਅਤੇ ਜਪਾਨੀ ਕੈਂਮਰੀ ਕਾਰ ਤੇ ਪ੍ਰਧਾਨ ਦਾ ਸਾਰਾ ਸ਼੍ਰੋਮਣੀ ਕਮੇਟੀ ਵਾਲਾ ਕਾਫਲਾ ਸ੍ਰੀ ਵਿਰਕ ਨੂੰ ਦੇ ਵਿਹੜੇ ਵਿੱਚ ਪਹੁੰਚ ਜਾਵੇਗਾ। ਪਰਧਾਨ ਸਾਹਿਬ ਸਿਰਫ ਤੇ ਸਿਰਫ ਲੁਧਿਆਣੇ ਆਪਣੇ ਸਕੂਲ ਅਤੇ ਘਰ ਦੇ ਚੱਕਰ ਹੀ ਲਗਾਇਆ ਕਰਨਗੇ।

ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਤੇ ਮੰਦਭਾਗੀਆਂ ਘਟਨਾਵਾਂ ਵਾਪਰ ਦਾ ਦੌਰ ਮੱਕੜ ਦੇ ਰਾਜਕਾਲ ਦੇ ਦੌਰਾਨ ਚਰਮ ਸੀਮਾ 'ਤੇ ਰਿਹਾ ਹੈ ਅਤੇ ਮੱਕੜ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਤੋਂ ਬਾਅਦ ਪਹਿਲਾਂ ਉਹਨਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਮੁਲਾਜਮਾਂ ਦੀ ਸਕਰੀਰਨਿੰਗ ਹੋਵੇਗੀ, ਜਿਹੜੇ ਸ੍ਰੀ ਮੱਕੜ ਦੇ ਖਾਸਮ ਖਾਸ ਮੰਨੇ ਜਾਂਦੇ ਹਨ। ਉਹਨਾਂ ਦੀਆਂ ਜਾਇਦਾਦਾਂ ਦੇ ਵੇਰਵੇ ਤਾਂ ਲੈਣੇ ਵੀ ਆਰੰਭ ਹੋ ਗਏ ਹਨ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਸ੍ਰੋਮਣੀ ਕਮੇਟੀ ਦਾ ਚਿਹਰਾ ਮੋਹਰਾ ਪੂਰੀ ਤਰ੍ਵਾ ਪਾਰਦਰਸ਼ੀ ਬਣਾਉਣਾ ਚਾਹੁੰਦੇ ਹਨ, ਇਸ ਲਈ ਭ੍ਰਿਸ਼ਟਾਚਾਰ ਵਿੱਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਵੀ ਦਰਜ ਹੋ ਸਕਦੇ ਹਨ।

ਚਰਚਾ ਹੈ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਹਿੱਟ ਲਿਸਟ ਤੇ ਇੱਕ ਸ੍ਰੀ ਦਰਬਾਰ ਸਾਹਿਬ ਉਹ ਮੈਨੇਜਰ ਵੀ ਹੈ ਜਿਹੜਾ ਇਸ ਵੇਲੇ ਨਿਊ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਆਂਪਣੀ ਕੋਠੀ ਬਣਾ ਰਿਹਾ ਹੈ। ਸਰਕਾਰੀ ਗੁਪਤਚਰ ਏਜੰਸੀਆਂ ਉਸ ਦੀ ਕੋਠੀ ਤੇ ਜਗਾ ਦੀ ਕੀਮਤ ਦੇ ਸਾਰਾ ਬਿਊਰਾ ਇਕੱਠਾ ਕਰ ਰਹੀਆਂ ਹਨ ਅਤੇ ਇਹ ਕੋਠੀ ਉਸ ਅਧਿਕਾਰੀ ਲਈ ਬਣਨ ਤੋਂ ਪਹਿਲਾਂ ਹੀ ਨਹਿਸ਼ ਸਾਬਤ ਹੋ ਸਕਦੀ ਹੈ। ਇਸੇ ਤਰ੍ਵਾ ਉਹ ਲੋਕ ਵੀ ਸਰਕਾਰੀ ਹਿੱਟ ਲਿਸਟ ਹਨ, ਜਿਹਨਾਂ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਨੂੰ ਚਿੱਠੀਆਂ ਵੀ ਪੁੱਜੀਆਂ ਹਨ ਅਤੇ ਇਹ ਕਾਰਜ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਮੱਕੜ ਨੂੰ ਲਾਂਭੇ ਕੀਤਾ ਜਾਵੇ। ਇਹਨਾਂ ਭ੍ਰਿਸ਼ਟ ਅਧਿਕਾਰੀਆਂ ਦੀਆਂ ਜਾਇਦਾਦਾ ਦੀਆਂ ਜਾਂਚ ਕਰਾਉਣ ਬਾਅਦ ਮੱਕੜ ਵੱਲ ਵੀ ਸਰਕਾਰ ਮੂੰਹ ਕਰ ਸਕਦੀ ਹੈ, ਕਿਉਕਿ 2006 ਵਿੱਚ ਬੈਂਕ ਦਾ ਕਰਜਾਈ ਵਿਅਕਤੀ ਕਰੋੜਾਂ ਦੀਆਂ ਜਾਇਦਾਦਾ ਕਿਵੇ ਖਰੀਦ ਰਿਹਾ ਹੈ?

ਚਰਚਾ ਪਾਈ ਜਾ ਰਹੀ ਹੈ ਕਿ ਹਰਿਆਂਣੇ ਦੇ ਸਿੱਖਾਂ ਦੇ ਵਿਕਾਸ ਲਈ ਸ੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਘੂਜੀਤ ਸਿੰਘ ਵਿਰਕ ਨੇ 10 ਲੱਖ ਦੀ ਗਰਾਂਟ ਦੀ ਮੰਗ ਕੀਤੀ ਜਿਸ ਨੂੰ ਪ੍ਰਧਾਨ ਸ੍ਰੀ ਮੱਕੜ ਨੇ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸੀ.ਏ ਕੋਹਲੀ ਨਹੀਂ ਮੰਨ ਰਿਹਾ । ਇਸ ਬਾਰੇ ਜਦੋਂ ਸੀ.ਏ ਨੂੰ ਪੁੱਛਿਆ ਗਿਆ ਤਾਂ ਉਸ ਨੇ ਮੱਕੜ ਵੱਲੋਂ 40 ਲੱਖ ਬਿੱਲ ਪਾਸ ਕਰਾਉਣ ਦਾ ਇੱਕ ਭੇਦ ਜ਼ਾਹਿਰ ਕਰ ਦਿੱਤਾ ਤੇ ਇਹੀ ਬਿੱਲ ਮੱਕੜ ਦੀ ਕੁੰਡਲੀ ਵਿੱਚ ਸ਼ਨੀ ਗ੍ਰਹਿ ਬਣ ਕੇ ਬੈਠ ਗਏ। ਮੱਕੜ ਮਹਾਰਾਜ ਜੀ ਇਸ ਵੇਲੇ ਕਾਫੀ ਚਿੰਤਾ ਵਿੱਚ ਹਨ ਤੇ ਉਹਨਾਂ ਨੂੰ ਕੁਰਸੀ ਪੂਰੀ ਤਰਾ ਹੇਠੋ ਖਿਸਕਦੀ ਨਜ਼ਰ ਆ ਰਹੀ ਹੈ।

ਮੱਕੜ ਦੇ ਪ੍ਰਧਾਨਗੀ ਕਾਲ ਵਿਚ ਹੀ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾ ਦੇ ਇੱਕ ਕਮਰੇ ਵਿੱਚ ਰੰਗ ਰਲੀਆਂ ਮਨਾਉਦਾ ਇੱਕ ਸ਼੍ਰੋਮਣੀ ਕਮੇਟੀ ਮੁਲਾਜਮ ਸੀ.ਸੀ ਟੀ.ਵੀ ਕੈਂਮਰੇ ਦੀ ਮਦਦ ਨਾਲ ਫੜਿਆ ਗਿਆ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ, ਜਦ ਕਿ ਉਸ ਦੇ ਨਾਲ ਉਸ ਦੇ ਦੋ ਹੋਰ ਸਾਥੀਆਂ ਨੂੰ ਮੁਅੱਤਲ ਤਾਂ ਕੀਤਾ ਗਿਆ ਸੀ, ਪਰ ਉਹਨਾਂ ਨੂੰ ਕੁਝ ਸਮੇਂ ਬਾਅਦ ਪੰਜ ਪੰਜ ਹਜਾਰ ਰੁਪਏ ਜੁਰਮਾਨਾ ਕਰਕੇ ਫਿਰ ਬਹਾਲ ਕਰ ਦਿੱਤਾ ਗਿਆ ਹੈ ਅਤੇ ਇੱਕ ਨੂੰ ਤਾਂ ਫਿਰ ਪਹਿਲਾਂ ਵਾਲੀ ਮਲਾਈ ਵਾਲੀ ਸੀਟ 'ਤੇ ਲੱਗਾ ਦਿੱਤਾ ਗਿਆ ਹੈ।

ਸ੍ਰੀ ਮੱਕੜ ਨੇ ਜਿਥੇ ਅਖੰਡ ਕੀਰਤਨੀ ਜੱਥੇ ਦੇ ਮੁੱਖੀ ਗਿਆਂਨੀ ਬਲਦੇਵ ਸਿੰਘ ਵੱਲੋ ਚਲਾਈ ਧਰਮ ਪ੍ਰਚਾਰ ਲਹਿਰ ਦੇ ਤਹਿਤ ਸਾਰੇ ਪੰਜਾਬ ਵਿੱਚ ਧਰਮ ਪ੍ਰਚਾਰ ਦਾ ਕਾਰਜ ਕੀਤਾ ਉਥੇ ਮੱਕੜ ਮਹਾਰਾਜ ਨੇ ਇਸ ਪ੍ਰਚਾਰ ਲਹਿਰ ਨੂੰ ਬੰਦ ਕਰਕੇ ਆਪਣੀਆਂ ਪੰਥ ਵਿਰੋਧੀ ਪ੍ਰਾਪਤੀਆਂ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਗੱਡ ਦਿੱਤਾ ਅਤੇ ਬਹਾਨਾ ਇਹ ਬਣਾਇਆ ਗਿਆ ਕਿ ਗੱਡੀਆਂ ਦਾ ਖਰਚਾ ਵਧੇਰੇ ਆਂਉਦਾ ਹੈ, ਜਦ ਕਿ ਸ੍ਰੀ ਮੱਕੜ ਦੀਆਂ ਆਪਣੀਆਂ ਸੜਕਾਂ ਦੇ ਦੌੜਦੀਆਂ ਗੱਡੀਆਂ ਦਾ ਜਿੰਨਾ ਖਰਚਾ ਪਾਇਆ ਜਾ ਰਿਹਾ ਹੈ, ਉਸ ਮੁਤਾਬਕ ਗੱਡੀਆਂ 24 ਘੰਟੇ ਵੀ ਚੱਲਦੀਆਂ ਰਹਿਣ ਤਾਂ ਵੀ ਇੰਨਾ ਖਰਚਾ ਨਹੀਂ ਆ ਸਕਦਾ, ਜਿਸ ਦਾ ਮੱਕੜ ਮਹਾਰਾਜ ਕੋਲ ਕੋਈ ਜਵਾਬ ਨਹੀਂ ਹੈ।

ਸ੍ਰੀ ਮੱਕੜ ਦੀ ਪਰੇਸ਼ਾਨੀ ਤਾਂ ਅੱਜ ਉਸ ਵੇਲੇ ਜੱਗ ਜ਼ਾਹਿਰ ਹੋ ਗਈ ਜਦੋਂ ਉਹਨਾਂ ਨੇ ਆਪਣੀ ਰੇਖ ਵਿੱਚ ਮੇਖ ਖੁਦ ਹੀ ਮਾਰਦਿਆਂ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ, ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸਕੂਲ ਕਈ ਗੁਣਾਂ ਬੇਹਤਰ ਹਨ। ਸ੍ਰੀ ਮੱਕੜ ਦੇ ਇਸ ਬਿਆਨ ਨੇ ਇੱਕ ਵਾਰੀ ਤਾਂ ਸਰਕਾਰ ਤੇ ਅਕਾਲੀ ਦਲ ਵਿੱਚ ਤੂਫਾਨ ਲਿਆ ਦਿੱਤਾ ਹੈ ਅਤੇ ਅਕਾਲੀ ਦਲ ਤੇ ਸਰਕਾਰ ਵੱਲੋਂ ਇਸ ਬਿਆਨ ਨੂੰ ਬੜੀ ਗੰਭੀਰਤਾ ਨਾਲ ਲਿਆਂ ਜਾ ਰਿਹਾ ਹੈ। ਮੱਕੜ ਮਹਾਰਾਜ ਨੇ ਤਾਂ ਸਵਰਗਵਾਸੀ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਵੀ ਨਹੀਂ ਬਖਸ਼ਿਆ ਅਤੇ ਇਹ ਵੀ ਕਹਿ ਦਿੱਤਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਦੁਆਰਾ ਸ਼ੁਰੂ ਕੀਤੇ ਗਏ ਲੰਗਰ ਨੂੰ ਬੰਦ ਕਰਨ ਲਈ ਉਹ ਨਹੀਂ, ਸਗੋਂ ਅਕਾਲੀ ਦਲ ਦੋਸ਼ੀ ਹੈ। ਇਸੇ ਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸ੍ਰੀ ਜਸਬੀਰ ਸਿੰਘ ਆਹਲੂਵਾਲੀਆ ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੱਢਿਆ ਗਿਆ ਸੀ, ਨੂੰ ਦਸ ਲੱਖ ਰੁਪਏ ਦੇਣ ਨੂੰ ਜਾਇਜ ਠਹਿਰਾਉਦਿਆਂ ਉਹਨਾਂ ਕਿਹਾ ਕਿ ਇਹ ਮਾਇਆ ਉਹਨਾਂ ਨੂੰ ਬੀਮਾਰੀ ਦੇ ਇਲਾਜ ਲਈ ਦਿੱਤੀ ਗਈ ਹੈ ਅਤੇ ਉਹਨਾਂ ਨੇ ਅਜਿਹਾ ਕਰਕੇ ਕੁਝ ਵੀ ਗਲਤ ਨਹੀਂ ਕੀਤਾ। ਮੱਕੜ ਦੇ ਇਹਨਾਂ ਬਿਆਨਾਂ ਨੇ ਬੱਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।

ਕਨੂੰਨੀ ਮਾਹਿਰਾਂ ਨੂੰ ਸ੍ਰੀ ਮੱਕੜ ਨੂੰ ਬਦਲੇ ਜਾਣ ਬਾਰੇ ਜਦੋ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਦਾ ਕੰਮ ਚਲਾਉਣ ਦੇ ਅਧਿਕਾਰ ਇਕੱਲੇ ਮੱਕੜ ਨੂੰ ਨਹੀਂ ਦਿੱਤੇ, ਸਗੋਂ ਇਹ ਅਧਿਕਾਰ ਸਮੁੱਚੀ 15 ਮੈਂਬਰੀ ਕਾਰਜਕਰਨੀ ਕਮੇਟੀ ਕੋਲ ਹਨ, ਇਸ ਲਈ ਕਾਰਜਕਰਨੀ ਕਮੇਟੀ ਆਪਣਾ ਨੇਤਾ ਬਦਲ ਸਕਦੀ ਹੈ ਅਤੇ 15 ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਮੁੱਖੀ ਦੇ ਅਧਿਕਾਰ ਦੇ ਸਕਦੀ ਹੈ।

ਸ੍ਰੀ ਮੱਕੜ ਨੂੰ ਹੁਣ ਹੋਰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿੱਪਿਆਂ ਹੈ, ਪਰ ਸ੍ਰੀ ਮੱਕੜ ਨੇ ਸ੍ਰੀ ਸੁਖਬੀਰ ਸਿੰਘ ਦੁਆਰਾ ਦਿੱਤੇ ਆਦੇਸ਼ਾਂ ਕਿ ਉਹ ਧਰਮ ਕਰਮ ਦੇ ਕੰਮਾਂ ਵੱਲ ਹੀ ਧਿਆਨ ਦੇਣ ਦਾ, ਮੋੜਵਾਂ ਜਵਾਬ ਦੇ ਕੇ ਜਿਹੜੀ ਨਵੀ ਮੁਸੀਬਤ ਖੁਦ ਸਹੇੜ ਲਈ ਹੈ, ਉਹ ਸ੍ਰੀ ਮੱਕੜ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top