Share on Facebook

Main News Page

ਜਨਮ ਅਸ਼ਟਮੀ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ਨੂੰ ਅਵਤਾਰ ਸ੍ਰੀ ਕ੍ਰਿਸਨ ਦੀ ਉਸਤਤ ਗਾਉਣੀ ਗੁੰਮਰਾਹਕੁਨ ਸਿਧਾਂਤਕ ਭੁੱਲ
-: ਗਿਆਨੀ ਜਗਤਾਰ ਸਿੰਘ ਜਾਚਕ

ਅੰਮ੍ਰਿਤਸਰ, 29 ਅਗਸਤ (ਚਰਨਜੀਤ ਸਿੰਘ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਨਮ ਅਸ਼ਟਮੀ ਨੂੰ ਮੁੱਖ ਰੱਖ ਕੇ ‘ਕ੍ਰਿਸਨ ਚਰਾਵਤ ਗਾਊ ਰੇ’ ਅਤੇ ‘ਧੰਨ ਧੰਨ ਤੂ ਮਾਤਾ ਦੇਵਕੀ’ ਆਦਿਕ ਭਗਤਬਾਣੀ ਦੀਆਂ ਤੁਕਾਂ ਨੂੰ ਮਨਮਰਜੀ ਦੀ ਅਸਥਾਈ ਬਣਾ ਕੇ ਹਿੰਦੂ ਮੱਤ ਦੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਉਸਤਤ ਵਿੱਚ ਵਿਸ਼ੇਸ਼ ਕੀਰਤਨ ਕਰਨਾ, ਸਿੱਖ ਜਗਤ ਸਮੇਤ ਸਮੁਚੀ ਮਾਨਵਤਾ ਨਾਲ ਗੁੰਮਰਾਹਕੁਨ ਧੋਖਾ ਹੈ । ਕਿਉਂਕਿ, ਆਸਾ ਦੀ ਵਾਰ ਦੇ ਵੇਲੇ ਕੀਰਤਨੀਏਂ ਵੱਲੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਕ੍ਰਿਸ਼ਨ ਦੀ ਉਸਤਤ ਹੈ । ਜਦੋਂ ਕਿ ਗੁਰੂ ਨਾਨਕ ਵਿਚਾਰਧਾਰਾ ਅਵਤਾਰਵਾਦ ਦਾ ਜ਼ੋਰਦਾਰ ਖੰਡਨ ਕਰਦੀ ਹੈ ਅਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਗਵਾਨ ਨਹੀਂ ਮੰਨਦੀ । ਇਹ ਵਿਚਾਰ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਦਿੱਲੀ ਤੋਂ ਰੋਜ਼ਾਨਾ ਸਪੋਕਸਮੈਨ ਲਈ ਭੇਜੇ ਇੱਕ ਵਿਸ਼ੇਸ਼ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾਂ ਸਪਸ਼ਟ ਕੀਤਾ ਗੁਰਬਾਣੀ ਐਸੇ ਲੋਕਾਂ ਨੂੰ ਭਰਮ ਵਿੱਚ ਭੁੱਲੇ ਅਤੇ ਕੱਚੀਆਂ ਗੱਲਾਂ ਕਰਨ ਵਾਲੇ ਮੂਰਖ ਆਖਦੀ ਹੈ, ਜਿਹੜੇ ਮੰਨਦੇ ਹਨ ਕਿ ਭਾਦੋਂ ਵਦੀ ਅਸ਼ਟਮੀ ਨੂੰ ਭਗਵਾਨ ਨੇ ਜਨਮ ਲਿਆ ਸੀ। ਹੈਰਾਨੀ ਦੀ ਗੱਲ ਹੈ ਕਿ ਹਜ਼ੂਰੀ ਰਾਗੀ ਨੇ ਜਾਣ-ਬੁੱਝ ਕੇ ਭਗਤਬਾਣੀ ਦੀ ਉਹ ਤੁਕਾਂ ਗਾਈਆਂ, ਜਿਨ੍ਹਾਂ ਦੀ ਸ਼ਬਦਾਵਲੀ ਤੋਂ ਸ੍ਰੀ ਕ੍ਰਿਸਨ ਦੀ ਉਸਤਤ ਦਾ ਭੁਲੇਖਾ ਲਗਦਾ ਹੈ । ਪਰ, ਉਹ ਸ਼ਬਦ ਨਹੀਂ ਗਾਇਆ, ਜਿਸ ਰਾਹੀਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ” ਦਾ ਹੋਕਾ ਦਿੰਦਿਆ ਜਨਮ ਅਸ਼ਟਮੀ ਵਾਲੇ ਭਰਮ ਦੀ ਨਵਿਰਤੀ ਕੀਤੀ ਹੈ । ਜਾਚਕ ਜੀ ਨੇ ਦੱਸਿਆ ਕਿ ਹੋਲੀ ਵਾਲੇ ਦਿਨਾਂ ਵਿੱਚ ਵੀ ਇਸ ਕੀਰਤਨੀਏ ਨੇ ਬਚਿਤ੍ਰਨਾਟਕੀ ਕ੍ਰਿਸ਼ਨਾ ਅਵਤਾਰ ਵਿਚੋਂ ਹੋਲੀ ਦੀਆਂ ਰੰਗ ਰਲੀਆਂ ਵਾਲੀਆਂ ਕੱਚੀਆਂ ਰਚਨਾਵਾਂ ਗਾਈਆਂ ਸਨ। ਜਿਸ ਲਈ ਉਨ੍ਹਾਂ ਵਿਸ਼ੇਸ਼ ਤੌਰ ’ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲ ਕੇ ਸ਼ਕਾਇਤ ਕੀਤੀ, ਤਾਂ ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਮੱਲ ਸਿੰਘ ਜੀ ਹੁਰਾਂ ਦੇ ਨੋਟਿਸ ਲਿਆਉਣਗੇ ਕਿ ਰਾਗੀਆਂ ਵੱਲੋਂ ਅੱਗੇ ਤੋਂ ਕੋਈ ਅਜਿਹੀ ਭੁੱਲ ਨਾ ਹੋਵੇ

ਗਿਆਨੀ ਜੀ ਆਸ ਪ੍ਰਗਟ ਕੀਤੀ ਕਿ ਸਾਰੇ ਪੰਥ-ਦਰਦੀ ਇਸ ਪੱਖੋਂ ਸੋਚਣਗੇ ਅਤੇ ਕੋਈ ਅਜਿਹੀ ਜੁਗਤਿ ਅਪਨਾਉਣਗੇ, ਜਿਸ ਦੀ ਬਦੌਲਤ ਸ੍ਰੀ ਦਰਬਾਰ ਤੋਂ ਗੁਰਮਤਿ ਦਾ ਸਹੀ ਸੰਦੇਸ਼ ਲੋਕਾਈ ਤਕ ਪਹੁੰਚੇ । ਐਸਾ ਨਾ ਹੋਵੇ ਕਿ ਬਾਦਲ ਦਲ ਤੇ ਭਾਜਪਾ ਦੀ ਰਾਜਨੀਤਕ ਭਿਆਲੀ ਸ੍ਰੀ ਦਰਬਾਰ ਸਾਹਿਬ ਨੂੰ ਜ਼ਾਹਰਾ ਤੌਰ ’ਤੇ ਹਰਿਮੰਦਰ (ਵਿਸ਼ਨੂ ਮੰਦਰ) ਹੀ ਬਣਾ ਦੇਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top