Share on Facebook

Main News Page

ਮੈ ਕਾਮਣਿ ਮੇਰਾ ਕੰਤੁ ਕਰਤਾਰੁ, ਤੇ ਸ਼੍ਰਿੰਗਾਰ ਵੀ ਉਸੇ ਕੰਤੁ ਦੀ ਮਰਜ਼ੀ ਅਨੁਸਾਰ ਹੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪਿਛਲੇ ਹਫਤੇ ਤੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ, ਉਨ੍ਹਾਂ ਸ਼ਬਦਾਂ ਦੇ ਕੀਰਤਨ ਅਤੇ ਵਿਆਖਿਆ ਦੀ ਲੜੀ ਸ਼ੁਰੂ ਕੀਤੀ ਹੈ, ਜਿਨ੍ਹਾਂ ਸ਼ਬਦਾਂ ਵਿੱਚ ਦਸਮ ਗ੍ਰੰਥੀ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ। 31 ਅਗਸਤ 2013 ਵਾਲੇ ਦਿਨ ੳਨ੍ਹਾਂ ਨੇ

ਆਸਾ ॥ ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥ ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥ ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥ ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥ ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥ ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥ {ਪੰਨਾ 482}

ਸ਼ਬਦ ਦਾ ਗਾਇਨ ਕੀਤਾ ਅਤੇ ਵਿਆਖਿਆ ਕੀਤੀ।

 

ਉਨ੍ਹਾਂ ਪਿਛਲੇ ਹਫਤੇ ਵਾਲੇ ਸ਼ਬਦ ਨਾਲ ਲੜ੍ਹੀ ਜੋੜਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿੱਚ ਕਾਮ ਰਸ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰਿੰਗਾਰ ਰਸ ਹੈ। ਉਨ੍ਹਾਂ ਆਈਆਂ ਸੰਗਤਾਂ ਨੂੰ ਇਸ ਵਿਸ਼ੈ ਬਾਰੇ ਵਿਸਤਾਰ 'ਚ ਜਾਕੇ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਉਹ ਸ਼ਬਦਾਂ ਦੀ ਲੜ੍ਹੀ ਮੌਜੂਦ ਹੈ, ਜਿਨ੍ਹਾਂ 'ਤੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲੇ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਅਸ਼ਲੀਲਤਾ ਹੈ। ਪਹਿਲਾਂ ਉਹ ਇਸ ਵਿਸ਼ੈ ਦਾ ਬੇਸ ਤਿਆਰ ਕਰਨਾ ਚਾਹੁੰਦੇ ਨੇ, ਤੇ ਅਗਲੇ ਹਫਤੇ ਸ਼ਨਿਚਰਵਾਰ ਤੋਂ ਉਨ੍ਹਾਂ ਸਬਦਾਂ ਦਾ ਗਾਇਨ ਅਤੇ ਵਿਆਖਿਆ ਕਰਨਗੇ। ਲੜ੍ਹੀ ਦੀ ਸਮਾਪਤੀ ਤੋਂ ਬਾਅਦ ਇਨ੍ਹਾਂ ਦਾ ਸੈਟ ਤਿਆਰ ਕਰਕੇ, ਹੋ ਸਕੇਗਾ ਤਾਂ ਕਿਤਾਬ ਵੀ ਛਪਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਸੰਗਤਾਂ ਤਿੰਨ ਚੀਜਾਂ ਨੋਟ ਕਰਨ:

1. ਅਖੌਤੀ ਦਸਮ ਗ੍ਰੰਥ 'ਚ ਕਾਮ ਰਸ ਹੈ, ਗੁਰੂ ਗ੍ਰੰਥ ਸਾਹਿਬ 'ਚ ਸ਼੍ਰਿੰਗਾਰ ਰਸ ਹੈ।
2. ਸ਼੍ਰਿੰਗਾਰ ਉਸ ਅਕਾਲਪੁਰਖ ਲਈ ਕੀਤਾ ਗਿਆ ਹੈ, ਕਿਸੇ ਮਨੁੱਖ ਲਈ ਨਹੀਂ।
3. ਸ਼੍ਰਿੰਗਾਰ ਵੀ ਅਕਾਲਪੁਰਖ ਦੀ ਮਰਜ਼ੀ ਦਾ ਕੀਤਾ ਗਿਆ ਹੈ, ਜੋ ਉਸਨੂੰ ਪਸੰਦ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਰਚਨਾ 'ਚ ਜੋ ਕਾਮ ਰਸ ਹੈ, ਉਹ ਕੱਪੜੇ ਲਵਾਉਂਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰਿੰਗਾਰ ਰਸ ਕੱਪੜੇ ਪਵਾਉਂਦਾ ਹੈ

ਇਹ ਲੜ੍ਹੀ ਇਸ ਲਈ ਵੀ ਮਹੱਤਵ ਰੱਖਦੀ ਹੈ ਕਿ ਇਹ ਵਿਸ਼ਾ ਹਾਲੇ ਤੱਕ ਕਿਸੇ ਹੋਰ ਵਿਦਵਾਨ ਨੇ ਸੰਗਤ ਦੇ ਸਾਹਮਣੇ ਨਹੀਂ ਛੂਹਿਆ। ਅਖੌਤੀ ਦਸਮ ਗ੍ਰੰਥ ਦੇ ਹਿਮਾਇਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਉਂਗਲੀ ਚੁਕਣ ਕਰਕੇ ਹੀ ਇਹ ਕਦਮ ਚੁਕਿੱਆ ਗਿਆ ਹੈ। ਇੱਕ ਹੋਰ ਗਲ ਅਹਿਮੀਅਤ ਰੱਖਦੀ ਹੈ ਕਿ ਇਨ੍ਹਾਂ ਦੋਹਾਂ ਲੜੀਆਂ 'ਚ ਬਜ਼ੁਰਗ ਅਵਸਥਾ 'ਚ ਪਹੁੰਚੇ ਸਿੱਖ ਕੌਮ ਦੇ ਹੀਰੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਵੀ ਇਸ ਲੜ੍ਹੀ ਨੂੰ ਆਰੰਭ ਕਰਣ ਦੀ ਸ਼ਲਾਘਾ ਕੀਤੀ। ਕੌਮ ਦੇ ਇਨ੍ਹਾਂ ਦੋਹਾਂ ਹੀਰਿਆਂ ਨੂੰ ਇੱਕਠੇ ਦੇਖਕੇ ਦਿਲ ਬਾਗੋ ਬਾਗ ਹੋ ਜਾਂਦਾ ਹੈ। ਅਕਾਲਪੁਰਖ ਇਨ੍ਹਾਂ ਦੋਹਾਂ ਨੂੰ ਚੜ੍ਹਦੀਕਲਾ ਬਖਸ਼ੇ।

ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸ਼ਨਿਚਰਵਾਰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਅਕੈਡਮੀ, 10185 ਮਿਸੀਸਾਗਾ ਰੋਡ, ਬਰੈਂਪਟਨ ਵਿਖੇ ਪਹੁੰਚ ਕੇ ਇਸ ਲੜ੍ਹੀ ਨੂੰ ਸਰਵਣ ਕਰਣ ਲਈ ਹੁੰਮਹੁੰਮਾ ਕੇ ਪਹੁੰਚੋ, ਗੁਰਬਾਣੀ ਨੂੰ ਸਮਝੋ ਤਾਂਕਿ ਸੰਗਤਾਂ ਨੂੰ ਪਤਾ ਚੱਲ ਸਕੇ ਕਿ ਕਿਵੇਂ ਇਹ ਅਖੌਤੀ ਦਸਮ ਗ੍ਰੰਥ ਦੇ ਹਿਮਾਇਤੀ ਜੋ ਕਿ ਗੁਰੂ ਦੋਖੀ ਹਨ, ਕਿਵੇਂ ਉਸ ਗ੍ਰੰਥ ਨੂੰ ਸਿੱਖੀ 'ਚ ਵਾੜਕੇ ਗੁਰਮਤਿ ਸਿਧਾਂਤ ਦੀਆਂ ਧੱਜੀਆਂ ਉੜਾ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਉਂਗਲੀ ਚੁਕ ਰਹੇ ਨੇ, ਉਨ੍ਹਾਂ ਨੂੰ ਚੈਲੰਜ ਕੀਤਾ ਜਾ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top