Share on Facebook

Main News Page

ਸਰੋਵਰ ਦਾ ਜਲ
-: ਸ੍ਰ. ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ: 097287 43287, 094662 66708
surindersinghkhalsa83@gmail.com , sskhalsa223@yahoo.com

ਤਾਏ "ਮੂੰਹ ਫੱਟ" ਦੇ ਨਗਰ, ਪੰਥ ਦਾ ਮਸ਼ਹੂਰ ਰਾਗੀ ਜੋ ਕਿ ਕੀਰਤਨ ਦੇ ਨਾਲ ਕਥਾ ਵੀ ਕਰਦਾ ਹੈ ਕਿਸੇ ਦੇ ਘਰ ਅਖੰਡ ਪਾਠ ਦੇ ਭੋਗ ਤੇ ਕੀਰਤਨ ਕਰਨ ਆਇਆ, ਸਾਰੇ ਸਮੇਂ 'ਚ ਉਸਨੇ ਦੋ ਸ਼ਬਦਾਂ ਦਾ ਹੀ ਕੀਰਤਨ ਕੀਤਾ {ਦੋ ਸ਼ਬਦ ਹੀ ਪੜ੍ਹੇ} ਕਥਾ ਵੀ ਟਾਈਮ ਪਾਸ ਹੀ ਕੀਤਾ, ਉਸਨੇ ਕਥਾ ਕਰਦਿਆਂ ਕੀਰਤਨ ਦੀ ਮਹਾਨਤਾ ਦੱਸਦਿਆਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਦੇ ਜਲ ਨੂੰ "ਅੰਮ੍ਰਿਤ" ਬਰਾਬਰ ਤੁਲਨਾ ਦਿੱਤੀ

ਕੀਰਤਨ ਤੋਂ ਬਾਅਦ ਲੰਗਰ ਵਿਚ ਤਾਏ ਨੇ ਉਸ ਰਾਗੀ ਨੂੰ ਇਸ ਬਾਰੇ ਪੁਛਿਆ।

ਤਾਇਆ "ਮੂੰਹ ਫੱਟ": ਗੁਰੂ ਸ਼ਬਦ ਦੇ ਕੀਰਤਨੀਉ, ਤੁਹਾਨੂੰ ਅਕਾਲ ਪੁਰਖ ਨੇ ਬਹੁਤ ਵਧੀਆ ਗੁਣ ਦਿੱਤਾ ਹੈ ਕੀਰਤਨ ਤੇ ਕਥਾ ਦਾ, ਤੁਸੀਂ ਕੀਰਤਨ ਕਰਦੇ ਵੀ ਬਹੁਤ ਸੁਹਣਾ ਹੋ। ਪਰ ਇਕ ਗੱਲ ਸਮਝ ਨਹੀਂ ਆਈ ਅੱਜ ਦੀ ਕਥਾ ਵਿਚ ਤੁਸੀਂ ਸ੍ਰੀ ਦਰਬਾਰ ਸਾਹਿਬ ਦੇ ਜਲ ਨੂੰ ਅੰਮ੍ਰਿਤ ਕਿਹਾ ਹੈ। ਉਹ ਅੰਮ੍ਰਿਤ ਕਿਵੇਂ ਹੋ ਗਿਆ ਭਾਈ ?

ਰਾਗੀ ਸਿੰਘ: ਤਾਇਆ ਜੀ ਤੁਸੀਂ ਕਥਾ ਸ਼ਾਇਦ ਪੂਰੇ ਧਿਆਨ ਨਾਲ ਨਹੀਂ ਸੁਣੀਂ, ਅਸੀਂ ਕਿਹਾ ਸੀ ਉਥੇ ਸਦਾ ਗੁਰਬਾਣੀ ਦੇ ਪ੍ਰਵਾਹ ਚਲਦੇ ਰਹਿੰਦੇ ਹਨ। ਗੁਰਬਾਣੀ ਦੇ ਪਾਠ"/ ਕੀਰਤਨ ਦੀ ਸ਼ਕਤੀ ਦੀਆਂ ਧੁਨੀਆਂ {ਤਰੰਗਾਂ} ਨਾਲ ਆਮ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ।

ਤਾਇਆ "ਮੂੰਹ ਫੱਟ": ਹਾਂ......ਹਾਂ ਤੁਸੀਂ ਇਊਂ ਹੀ ਕਹਿਆ ਸੀ, ਪਰ ਮੇਰੀ ਸ਼ੰਕਾ ਹਾਲੇ ਵੀ ਦੂਰ ਨਹੀਂ ਹੋਈ, ਜੇਕਰ ਗੁਰਬਾਣੀ ਦੇ ਪ੍ਰਵਾਹ ਨਾਲ ਆਮ ਪਾਣੀ ਅੰਮ੍ਰਿਤ ਬਣ ਜਾਂਦਾ ਹੈ, ਤਾਂ ਇਸ ਘਰੇ ਵੀ ਤਾਂ ਪਰਸੋਂ ਤੋਂ ਸ੍ਰੀ ਅਖੰਡ ਪਾਠ ਹੋ ਰਹਿਆ ਹੈ ਤੇ ਤੁਸਾਂ ਕੀਰਤਨ ਤੇ ਕਥਾ ਵੀ ਕੀਤਾ ਹੈ, ਤੇ ਸਪੀਕਰ ਰਾਹੀਂ "ਗੁਰਬਾਣੀ" ਸਾਰੇ ਨਗਰ ਦੇ ਪਾਣੀ ਵਾਲੀਆਂ "ਟੈੰਕੀਆਂ" 'ਚ ਵੀ ਪਹੁੰਚੀ ਹੋਵੇਗੀ, ਖਾਸ ਕਰਕੇ ਇਸ ਘਰ ਦੀ “ਟੈਂਕੀ ਵਾਲਾ ਪਾਣੀ” ਤਾਂ ਜਰੂਰ ਅੰਮ੍ਰਿਤ ਬਣ ਗਿਆ ਹੋਵੇਗਾ। ਕਿਉਂਕਿ ਇਸ ਘਰੇ "ਕੀਰਤਨ"/ ਕਥਾ ਦਾ 'ਪ੍ਰਵਾਹ' ਵੀ ਚਲਿਆ ਤੁਹਾਡੀ ਸੁਰੀਲੀ ਅਵਾਜ ਰਾਹੀਂ। ਇਸ ਘਰ ਆਈ ਸਾਰੀ ਸੰਗਤ ਇਸ ਜਲ {ਅੰਮ੍ਰਿਤ} ਦਾ ਸੇਵਨ ਕਰ ਰਹੀ ਐ। "ਕੀ" ਸਾਰੀ ਸੰਗਤ ਅੰਮ੍ਰਿਤਧਾਰੀ ਹੋ ਗਈ? ਫੇਰ ਤਾਂ ਖੰਡੇ ਬਾਟੇ ਦੀ ਪਾਹੁਲ ਲੈਣ ਦੀ ਵੀ ਕੀ ਜਰੂਰਤ ਹੈ?

ਰਾਗੀ ਵਿਚੋਂ ਟੋਕ ਕੇ: ਇਦਾਂ ਤਾਂ ਕੋਈ ਮੂਰਖ ਹੀ ਸੋਚੇਗਾ ਕਿਥੇ ਦਰਬਾਰ ਸਾਹਿਬ ਦਾ ਸਰੋਵਰ ਕਿਥੇ ਆਹ ਟੈਂਕੀ!!!

ਤਾਇਆ: ਅਸੀਂ ਮੂਰਖ ਹੀ ਸਹੀ, ਪਰ ਸਿਆਣਿਉ ਇਹ ਤਾਂ ਦੱਸੋ ਕੀ ਦਰਬਾਰ ਸਾਹਿਬ ਕਿਸੇ ਹੋਰ ਗ੍ਰੰਥ ਦੀ ਬਾਣੀ ਆ ਜਾਂ ਏਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐ, ਜਿਸ ਨਾਲ ਆਮ ਪਾਣੀ ਅੰਮ੍ਰਿਤ ਬਣ ਜਾਂਦਾ ਏ। ਤਾਇਆ ਲਗਾਤਾਰ ਬੋੱਲੀ ਜਾ ਰਿਹਾ ਸੀ, ਭਾਈ ਗੁਰੂ ਦੇ ਸਿੱਖੋ ਏਹੋ ਜਿਹੇ ਪ੍ਰਚਾਰ ਸਦਕਾ ਅੱਜ ਅਣਜਾਨ ਸਿੱਖ ਸਰੋਵਰ ਦੇ ਪਾਣੀ ਨੂੰ ਹੀ ਅੰਮ੍ਰਿਤ ਸਮਝੀ ਬੈਠਾ ਹੈ ਤੇ "ਸਰੋਵਰਾਂ", "ਬਾਉਲੀਆਂ", "ਖੂਹਾਂ" ਦਾ ਪਾਣੀ {ਜਲ} ਬੋਤਲਾਂ, ਕੈਨੀਆਂ, ਵਿਚ ਭਰਕੇ "ਗੰਗਾ ਜਲ" ਦੀ ਤਰ੍ਹਾਂ ਘਰਾਂ ਨੂੰ ਲਈ ਜਾ ਰਿਹਾ ਹੈ, ਤੇ ਘਰ ਵਿਚ ਛੱਟੇ ਦੇਈ ਜਾ ਰਹਿਆ ਹੈ। ਨਾਲੇ ਸਰੋਵਰਾਂ ਦਾ ਪਾਣੀ ਜਨਾ-ਖਨਾ ਲਈ ਜਾ ਰਿਹਾ ਹੈ। 'ਸਿੱਖੀ ਸਰੂਪ ਵਾਲਾ', 'ਸਿਰ ਗੁੰਮ', 'ਨੜੀ ਮਾਰ', "ਸ਼ਰਾਬੀ', 'ਨਸ਼ਈ', 'ਵੇਸਵਾ ਗਾਮੀ’, ਸਾਧਾਂ ਦੇ 'ਟੁਕੱੜ ਬੋਚ', ਵੀ ਕੀ ਉਹ ਸਾਰੇ "ਅੰਮ੍ਰਿਤਧਾਰੀ" ਹੋ ਗਏ। ਕੁਝ ਤਾਂ ਸੋਚ ਲਿਆ ਕਰੋ ਸਟੇਜ਼ ਉਪਰ ਗੱਲ ਕਹਿਣ ਲੱਗੇ ?

ਤਾਇਆ ਅੱਗੇ ਬੋਲਿੱਆ: ਭਾਈ ਗੁਰਮੁਖੋ ਏਹੋ ਜਿਹੇ ਪ੍ਰਚਾਰ ਤੋਂ ਬਚੋ, ਜਿਸ ਨਾਲ ਭਰਮ ਪੈਦਾ ਹੁੰਦੇ ਹੋਣ। ਬਲਕਿ ਭਰਮ ਮਿਟਾਉਣ ਵਾਲੀ ਕਥਾ ਵੀਚਾਰ ਕਰਿਆ ਕਰੋ। ਕੁਝ ਤਾਂ ਗੁਰੂ ਦਾ ਭੈ ਰੱਖੋ ਦਿੱਲ ਵਿਚ। ਸਿੱਖ ਕੌਮ ਦਾ ਜੇ ਭਲਾ ਨਹੀਂ ਕਰ ਸਕਦੇ, ਬੁਰਾ ਤਾਂ ਨਾ ਕਰੋ ?

ਰਾਗੀ: ਲੰਗਰ ਵੀ ਨਹੀਂ ਖਾਣ ਦਿੱਤਾ।

ਉਸਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਸੋਚ ਕੇ ਕਿਹਾ, ਪਰ ਸੰਗਤ ਵੀ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਵੇਖ ਰਹੀ ਸੀ, ਭਾਵੇਂ ਕੁਝ ਚਾਪਲੂਸ ਜਹੇ ਤੇ ਖਾਸ ਕਰਕੇ ਜਿਸਨੇ ਉਸ ਰਾਗੀ ਨੂੰ ਕਰਵਾਇਆ ਸੀ, ਤਾਏ ਨਾਲ ਉਲਝਣ ਦੀ ਕੋਸ਼ਿਸ਼ ਕੀਤੀ, ਪਰ ਤਾਏ ਪਾਸੋਂ ਲਾਜਵਾਬ ਹੋਏ ਤੇ ਸੰਗਤਾਂ ਵੀ ਤਾਏ ਵੀਚਾਰਾਂ ਨਾਲ ਸਹਿਮਤ ਹੋਈ।

ਲਗਦੈ ਤਾਏ ਦੀ ਸੰਗਤ ਦਾ ਕੁੱਝ-ਕੁੱਝ ਅਸਰ ਹੋਣਾ ਸ਼ੁਰੂ ਹੋ ਗਿਆ ਐ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top