Share on Facebook

Main News Page

ਕੀ ਹੁਣ ਗੁਰਦੁਆਰਿਆਂ ‘ਚ ਕਥਾ ਕਰਨ 'ਤੇ ਵੀ ਪਾਬੰਦੀ ਲਗੇਗੀ ਜਾਂ ਕਥਾਵਾਚਕਾਂ 'ਤੇ ਕਥਾ ਕਰਨ ਦੇ ਦੋਸ਼ ‘ਚ ਪਰਚੇ ਦਰਜ ਹੋਇਆ ਕਰਨਗੇ ?

ਬਠਿੰਡਾ, 1 ਸਤੰਬਰ (ਅਨਿਲ ਵਰਮਾ): ਕੀ ਹੁਣ ਗੁਰਦੁਆਰਿਆਂ ‘ਚ ਕਥਾ ਕਰਨ ਤੇ ਵੀ ਪਾਬੰਦੀ ਲਗੇਗੀ ਜਾਂ ਕਥਾਵਾਚਕਾਂ ਤੇ ਕਥਾ ਕਰਨ ਦੇ ਦੋਸ਼ ‘ਚ ਪਰਚੇ ਦਰਜ ਹੋਇਆ ਕਰਨਗੇ ? ਇਹ ਸਵਾਲ ਅੱਜ ਬਠਿੰਡਾ ਦੀ ਬਾਬਾ ਫਰੀਦ ਗਲੀ ‘ਚ ਸਤਿਥ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਪੈਦਾ ਹੋ ਗਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾ ਰਹੇ ਸਮਾਗਮਾਂ ‘ਚ ਕਥਾ ਵਾਚਕ ਨੇ ਡੇਰਾਵਾਦ ਦਾ ਲੜ੍ਹ ਛੱਡ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਓਟ-ਆਸਰਾ ਲੈਣ ਲਈ ਆਖਿਆ। ਜਿਸ ਤੋਂ ਭੜ੍ਹਕ ਕੇ ਇਕ ਸਾਜਿਸ਼ ਅਧੀਨ ਸੰਗਤਾਂ ‘ਚ ਬੈਠੇ ਡੇਰਾ ਪ੍ਰੇਮੀ ਨੇ ਕਥਾਵਾਚਕ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਪੁਲਿਸ ਨੇ ਕਥਾਵਾਚਕ ਵਿਰੁੱਧ ਪਰਚਾ ਦਰਜ ਕਰਨੀ ਲਈ ਤਿਆਰੀ ਵਿੱਢ ਲਈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਪਰ ਬਾਬਾ ਫਰੀਦ ਨਗਰ ਦੀ ਗਲੀ ਨੰ:4 ਵਿੱਚ ਉਸ ਸਮੇਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਪੰਡਾਲ ਵਿੱਚ ਮੌਜੂਦ ਇੱਕ ਡੇਰਾ ਪ੍ਰੇਮੀ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਕਿ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੇ ਡੇਰਾ ਮੁਖੀ ਖਿਲਾਫ ਅਪਸ਼ਬਦ ਬੋਲੇ ਜਾ ਰਹੇ ਹਨ ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਥਾਣਾ ਥਰਮਲ ਦੇ ਐਸ ਐਚ ਓ ਹਰਪ੍ਰੀਤ ਸਿੰਘ ਅਤੇ ਡੀ ਐਸ ਪੀ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਫੋਰਸ ਨੇ ਸਾਰੇ ਇਲਾਕੇ ਨੂੰ ਪਿਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ, ਸਮਾਜ ਸੇਵੀ ਰੇਸ਼ਮ ਸਿੰਘ ਜਲਾਲ ਵੱਲੋਂ ਪੁਲਿਸ ਨੂੰ ਅਜਿਹੀ ਕੋਈ ਗੱਲ ਨਾ ਹੋਣ ਦਾ ਭਰੋਸਾ ਦਿੰਦਿਆਂ ਮਾਮਲਾ ਸ਼ਾਂਤ ਕੀਤਾ ਗਿਆ। ਸੈਕਟਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।

ਇਸ ਮੌਕੇ ਸੰਗਤਾਂ ਨੂੰ ਪ੍ਰਵਚਨ ਸੁਨਾਉਣ ਲਈ ਭਾਈ ਕੁਲਦੀਪ ਸਿੰਘ ਨਰੂਆਣਾ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਸੰਗਤਾਂ ਨੂੰ ਡੇਰਾਵਾਦ ਤੋਂ ਉਪਰ ਉਠ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਲਈ ਸੁਨੇਹਾ ਦਿੱਤਾ ਤਾਂ ਪੰਡਾਲ ਵਿੱਚ ਮੌਜੂਦ ਡੇਰਾ ਪ੍ਰੇਮੀ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਨੇ ਪੁਲਿਸ ਕੰਟਰੋਲ ਰੂਮ ਵਿੱਚ ਫੋਨ ਕਰਕੇ ਸ਼ਿਕਾਇਤ ਕਰ ਦਿੱਤੀ ਕਿ ਉਹਨਾਂ ਦੇ ਡੇਰਾ ਮੁਖੀ ਖਿਲਾਫ ਅਪਸ਼ਬਦ ਬੋਲੇ ਜਾ ਰਹੇ ਹਨ ਤਾਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਸੀ।

ਕਥਾਵਾਚਕ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਤੇ ਸੰਗਤਾਂ ਦੇਹਧਾਰੀ ਡੇਰਾਵਾਦ ਦੇ ਲੜ ਲੱਗ ਕੇ ਗੁੰਮਰਾਹ ਹੋ ਰਹੀਆਂ ਹਨ ਤੇ ਉਹ ਤਾਂ ਸਿਰਫ ਇਹੋ ਸੁਨੇਹਾ ਦਿੰਦੇ ਹਨ ਕਿ ਸੰਗਤਾਂ ਸਿੱਖ ਧਰਮ ਨਾਲ ਜੁੜਕੇ ਖੁਸ਼ਹਾਲ ਜੀਵਨ ਜੀਣ ਲਈ ਅੱਗੇ ਆਉਣ ਜਦੋਂ ਕਿ ਉਹਨਾ ਨੇ ਮਾਹੌਲ ਭੜ੍ਹਕਾਉਣ ਵਾਲੀ ਕੋਈ ਗੱਲ ਨਹੀਂ ਕਹੀ। ਥਾਣਾ ਥਰਮਲ ਦੇ ਐਸ.ਐਚ.ਓ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੇਰਾ ਪ੍ਰੇਮੀ ਵੱਲੋਂ ਉਹਨਾਂ ਦੇ ਡੇਰਾ ਮੁਖੀ ਖਿਲਾਫ ਅਪਸ਼ਬਦ ਬੋਲਣ ਦੀ ਸ਼ਿਕਾਇਤ ਆਈ ਹੈ, ਜਿਸ ਤੇ ਸਰਕਾਰੀ ਵਕੀਲ ਤੋਂ ਰਾਏ ਲੈਕੇ ਕਥਾਵਾਚਕ ਭਾਈ ਕੁਲਦੀਪ ਸਿੰਘ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ।

ਗੁਰਦੁਆਰੇ ‘ਚ ਕਥਾ ਕਰਨ ਵਾਲੇ ਕਥਾਕਾਰ ਤੇ ਪਰਚਾ ਦਰਜ, ਭੇਜਿਆ ਜੇਲ੍ਹ

ਬਠਿੰਡਾ, 2 ਸਤੰਬਰ (ਅਨਿਲ ਵਰਮਾ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਬਾਬਾ ਫਰੀਦ ਨਗਰ ਦੀ ਗਲੀ ਨੰ:4 ਵਿੱਚ ਸਥਿਤ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿੱਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਦੇਹਧਾਰੀ ਡੇਰਾਵਾਦ ਤੋਂ ਦੂਰ ਹੋਕੇ ਸਿੱਖ ਧਰਮ ਨਾਲ ਜੁੜਨ ਅਤੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਕੇ ਸਿੱਖੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਨ ਵਾਲੇ ਕਥਾਵਾਚਕ ਕੁਲਦੀਪ ਸਿੰਘ ਸਖਤ ਨੂੰ ਆਖਰਕਾਰ ਥਾਣਾ ਥਰਮਲ ਪੁਲਿਸ ਨੇ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਅੱਜ ਜੇਲ ਭੇਜ ਦਿੱਤਾ, ਕਿਉਂਕਿ ਇਸ ਸਮਾਗਮ ਦੌਰਾਨ ਪੰਡਾਲ ਵਿੱਚ ਮੌਜੂਦ ਇੱਕ ਡੇਰਾ ਪ੍ਰੇਮੀ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਨੇ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਾਈ ਸੀ, ਕਿ ਉਕਤ ਕਥਾਵਾਚਕ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਪਸ਼ਬਦ ਬੋਲ ਰਿਹਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਕਤ ਕਥਾਵਾਚਕ ਡੇਰਾ ਮੁਖੀ ਖਿਲਾਫ ਅਪਸਬਦ ਬੋਲਿਆ ਹੈ ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ। ਇਸ ਸ਼ਿਕਾਇਤ ਤੇ ਸਰਕਾਰੀ ਵਕੀਲ ਦੀ ਰਾਏ ਲੈਕੇ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਜੇਲ ਭੇਜਿਆ ਦਿੱਤਾ। ਦੱਸਣਯੋਗ ਹੈ ਕਿ ਇਹ ਮਾਮਲਾ ਪਹਿਰੇਦਾਰ ਵੱਲੋਂ ਅੱਜ ਦੇ ਅੰਕ ਵਿੱਚ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਗਿਆ ਹੈ। ਮਾਮਲਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਨ ਤੇ ਹੀ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼ਹਿਰ ਦੀਆਂ ਵੱਖ ਵੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪਿੰਡ ਨਰੂਆਣਾ ਦੀ ਪੰਚਾਇਤ ਭਾਈ ਕੁਲਦੀਪ ਸਿੰਘ ਸਖਤ ਦੇ ਹੱਕ ਵਿੱਚ ਨਿਤਰ ਆਏ ਤੇ ਉਹਨਾਂ ਐਸ. ਐਸ.ਪੀ. ਰਵਚਰਨ ਸਿੰਘ ਬਰਾੜ ਨੂੰ ਦਰਖਾਸਤ ਦੇਕੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ।

ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸੈਕਟਰੀ ਗੁਰਦੀਪ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਭਾਈ ਕੁਲਦੀਪ ਸਿੰਘ ਸਖਤ ਵੱਲੋਂ ਡੇਰਾ ਮੁਖੀ ਦੇ ਖਿਲਾਫ ਜਾਤੀ ਸ਼ਬਦ ਨਹੀਂ ਬੋਲੇ ਗਏ ਜਿਸ ਨਾਲ ਡੇਰਾ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਆਹਤ ਹੋਈ ਹੋਵੇ ਤੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਫਸਾਇਆ ਗਿਆ ਹੈ। ਭਾਈ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ ਐਸ ਪੀ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਐਸ ਪੀ ਸਿਟੀ ਦੇਸਰਾਜ ਨੂੰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਐਸਐਸਪੀ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਸਮਾਗਮ ਦੀ ਸੀਡੀ ਪੇਸ਼ ਕੀਤੀ ਹੈ ਜਿਸ ਵਿੱਚ ਕਥਾਵਾਚਕ ਵੱਲੋਂ ਡੇਰਾ ਮੁਖੀ ਦਾ ਸਿਰ ਵੱਢ ਕੇ ਲਿਆਉਣ ਦੀ ਗੱਲ ਕਹੀ ਗਈ ਹੈ। ਜਦੋਂ ਕਿ ਭਾਈ ਕੁਲਦੀਪ ਸਿੰਘ ਵੱਲੋਂ ਅਜਿਹੀ ਕੋਈ ਗੱਲ ਨਹੀਂ ਕਹੀ ਗਈ। ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਇਸ ਮੌਕੇ ਡੇਰਾ ਮੁਖੀ ਤੇ ਸਿੱਖ ਭਾਵਨਾਵਾਂ ਭੜ੍ਹਕਾਉਣ ਦਾ ਪਰਚਾ ਦਰਜ ਕਰਾਉਣ ਵਾਲੇ ਭਾਈ ਰਜਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਸਿੱਖ ਯੂਨਾਈਟਿਡ ਮੂਵਮੈਂਟ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਬੁਰਜ ਮਹਿਮਾ, ਭਾਈ ਕਿਰਪਾਲ ਸਿੰਘ, ਮਹਿੰਦਰ ਸਿੰਘ ਖਾਲਸਾ, ਗੁਰਜੰਟ ਸਿੰਘ ਸਪੁੱਤਰ ਪਿੰਡ ਨਰੂਆਣਾ ਦੀ ਸਰਪੰਚ ਸੁਖਦੇਵ ਕੌਰ, ਪੰਚ ਹਰਬੰਸ ਸਿੰਘ, ਪੰਚ ਨੱਥਾ ਸਿੰਘ, ਪੰਚ ਜਗਜੀਤ ਸਿੰਘ, ਪੰਚ ਬੰਤ ਸਿੰਘ , ਪੰਚ ਗੁਰਦੇਵ ਸਿੰਘ ਆਦਿ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top