Share on Facebook

Main News Page

ਪੰਜਾਬ ‘ਚ ਇੱਕ ਨਵੇਂ ਸਾਧ ਦੀ ਆਮਦ

* ਅਸਲਾਧਾਰੀ ਪ੍ਰਾਈਵੇਟ ਗੰਨਮੈਨਾਂ ‘ਚ ਘਿਰੇ ਤੇ ਸਿਰ ‘ਤੇ ਚਾਨਣੀ ਸਜਾਈ ਬੈਠੇ ਡੇਰੇਦਾਰ ਦੀ ਪੁਲਸ ਕਰਦੀ ਰਹੀ ਜੀ ਹਜ਼ੂਰੀ
* ਅੰਮ੍ਰਿਤਧਾਰੀ ਅਕਾਲੀਆਂ ਨੇ ਭਰੀ ਹਾਜ਼ਰੀ

ਬਰਨਾਲਾ, 1 ਸਤੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਅਤੇ ਪ੍ਰਸਾਸਨ ਵੱਲੋਂ ਪੰਜਾਬ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਲਈ ਹਰ ਕਾਇਦੇ ਕਾਨੂੰਨ ਅਤੇ ਮਰਿਯਾਦਾ ਨੂੰ ਤਾਕ ‘ਤੇ ਲਾਇਆ ਜਾ ਰਿਹਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬਰਨਾਲਾ ਦੀ ਅਨਾਜ ਮੰਡੀ ਵਿਖੇ ਹੋਏ ਇੱਕ ਡੇਰੇਦਾਰ ਬਾਬੇ ਦੇ ਸਮਾਗਮ ਤੋਂ ਲਈ ਜਾ ਸਕਦੀ ਹੈ।

ਇੱਕ ਖਾਸ ਬਰਾਦਰੀ ਨਾਲ ਸਬੰਧਿਤ ਉਕਤ ਡੇਰੇਦਾਰ ਬਾਬੇ ਵੱਲੋਂ ਰੱਖੇ ਗਏ ਧਾਰਮਿਕ ਸਮਾਗਮ ਵਿੱਚ ਜਿਥੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਲਾਮ ਲਸ਼ਕਰ ਸਮੇਤ ਸਾਮਲ ਹੋਏ, ਉਥੇ ਉਕਤ ਡੇਰੇਦਾਰ ਬਾਬਾ ਉਚ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਾ ਹੋਇਆ ਲਾਲ ਬੱਤੀ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਕਾਫਲੇ ਸਮੇਤ ਹੂਟਰ ਮਾਰਦਾ ਹੋਇਆ ਸ਼ਹਿਰ ਵਿੱਚ ਦਾਖਲ ਹੋਇਆ। ਇਥੋਂ ਤੱਕ ਕਿ ਉਕਤ ਡੇਰਦਾਰ ਬਾਬਾ ਆਪਣੇ ਨਾਲ ਇੱਕ ਦਰਜਨ ਤੋਂ ਵੀ ਵੱਧ ਅਧੁਨਿਕ ਅਸਲੇ ਨਾਲ ਲੈਸ ਪ੍ਰਾਈਵੇਟ ਸੁਰੱਖਿਆ ਗਾਰਡਾਂ ਨਾਲ ਇਸ ਸਮਾਗਮ ਵਿੱਚ ਆਇਆ, ਜਦੋਂ ਕਿ ਅਜੇ ਦੋ ਦਿਨ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਡਾ: ਇੰਦੂ ਮਲਹੋਤਰਾ (ਡੀ. ਸੀ. ਬਰਨਾਲਾ) ਵੱਲੋਂ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਅਸਲਾ, ਗੰਡਾਸੇ, ਤੇਜ਼ਧਾਰ ਟਕੂਏ, ਕੁਲਹਾੜੀਆਂ ਅਤੇ ਹੋਰ ਘਾਤਕ ਹਥਿਆਰ ਸਰੇਆਮ ਚੁੱਕਣ ਅਤੇ ਇਹਨਾਂ ਹਥਿਆਰਾਂ ਦਾ ਜਨਤਕ ਤੌਰ ‘ਤੇ ਪ੍ਰਦਰਸ਼ਨ ਕਰਨ ਦੀ ਮਨਾਹੀ ਸਬੰਧੀ ਹੁਕਮ ਜਾਰੀ ਕੀਤੇ ਹਨ।

ਇਸ ਸਮਾਗਮ ਦੌਰਾਨ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਤੋਂ ਆਏ ਉਕਤ ਡੇਰੇਦਾਰ ਬਾਬਾ ਵੱਲੋਂ ਆਪਣੇ ਸਾਰੇ ਪ੍ਰਾਈਵੇਟ ਸੁਰੱਖਿਆ ਗਾਰਡ ਸਟੇਜ ਦੇ ਉਪਰ ਅਤੇ ਆਸੇ ਪਾਸੇ ਇਸ ਤਰਾਂ ਤਾਇਨਾਤ ਕੀਤੇ ਹੋਏ ਸਨ, ਜਿਸ ਤਰਾਂ ਕਿਸੇ ਜੈਡ ਸਕਿਉਰਟੀ ਪ੍ਰਾਪਤ ਵਿਅਕਤੀ ਦੇ ਦੁਆਲੇ ਸੁਰੱਖਿਆ ਫੋਰਸਾਂ ਨੇ ਘੇਰਾਬੰਦੀ ਕੀਤੀ ਹੁੰਦੀ ਹੈ। ਇਸ ਡੇਰਾਦਾਰ ਬਾਬਾ ਨੂੰ ਇਸ ਤਰਾਂ ਆਪਣੀ ਗੱਡੀ ‘ਤੇ ਲਾਲ ਬੱਤੀ ਲਾਕੇ ਗੱਡੀਆਂ ਦੇ ਕਾਫਲੇ ਵਿੱਚ ਮਾਰੂ ਅਸਲੇ ਨਾਲ ਲੈਸ ਸੁਰੱਖਿਆ ਗਾਰਡਾਂ ਭਾਰੀ ਅਸਲੇ ਸਮੇਤ ਦੂਸਰੇ ਰਾਜ ਵਿੱਚ ਜਾਣ ਦੀ ਪ੍ਰਵਾਨਗੀ ਕਿਸ ਅਥਾਰਟੀ ਵੱਲੋਂ ਦਿੱਤੀ ਗਈ ਹੈ? ਜਦੋਂ ਇਹ ਸਵਾਲ ਐਸ. ਡੀ. ਐਮ. ਬਰਨਾਲਾ ਸ੍ਰ: ਜਸਪਾਲ ਸਿੰਘ ਨੂੰ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਅਸਲਾ ਚੁੱਕਣ ਅਤੇ ਅਸਲੇ ਦਾ ਪ੍ਰਦਰਸ਼ਨ ਕਰਨ ਦੀ ਮਨਾਹੀ ਕੀਤੇ ਗਏ ਹੁਕਮਾਂ ਦੀ ਤਾਮੀਲ ਪੁਲਸ ਵਿਭਾਗ ਨੇ ਕਰਨੀ ਹੁੰਦੀ ਹੈ, ਤੁਸੀਂ ਇਸ ਸਬੰਧੀ ਬਰਨਾਲਾ ਪੁਲਸ ਦੇ ਕਿਸੇ ਅਧਿਕਾਰੀ ਨਾਲ ਗੱਲ ਕਰੋ। ਇਸ ‘ਤੇ ਜਦੋਂ ਇਹੀ ਸਵਾਲ ਐਸ. ਪੀ. (ਡੀ) ਸ੍ਰ: ਸਵਰਨ ਸਿੰਘ ਖੰਨਾ ਨੂੰ ਕੀਤਾ ਗਿਆ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਧਾਰਮਿਕ ਮਾਮਲਾ ਹੈ, ਇਸ ਲਈ ਪੁਲਸ ਨੂੰ ਸਾਰੇ ਪੱਖਾਂ ਦਾ ਖਿਆਲ ਰੱਖਣਾ ਪੈਂਦਾ ਹੈ, ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਵੈਰੀਫਾਈ ਕਰਨਗੇ।

ਜਿਕਰਯੋਗ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀ ਪੁਲਸ ਨੂੰ ਆਸਾ ਰਾਮ ਬਾਪੂ ਵਰਗੇ ਸਾਧਾਂ ਦੀਆਂ ਕਰਤੂਤਾਂ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਡੇਰੇਵਾਦੀਆਂ ਨੂੰ ਸਿਰਫ ਇਸ ਕਰਕੇ ਪੂਰੀ ਛੋਟ ਦਿੱਤੀ ਹੋਈ ਹੈ ਕਿ ਇਹਨਾਂ ਸਾਧਾਂ ਦੇ ਸਰਧਾਲੂਆਂ ਦੀਆਂ ਵੋਟਾਂ ਲੋਕ ਸਭਾ ਚੋਣਾਂ ਦੌਰਾਨ ਕੈਸ਼ ਕੀਤੀਆਂ ਜਾ ਸਕਣ। ਇਥੇ ਹੀ ਬੱਸ ਨਹੀਂ ਆਪਣੇ ਆਸਨ ਉਪਰ ਚਾਣਨੀ ਸਜਾਈ ਬੈਠੇ ਉਕਤ ਡੇਰੇਦਾਰ ਸਾਧ ਦੇ ਦਰਬਾਰ ‘ਚ ਹਾਜ਼ਰੀ ਭਰਨ ਵਾਲਿਆਂ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਦੇ ਸਪੁੱਤਰ ਸਮੇਤ ਕਈ ਅੰਮ੍ਰਿਤਧਾਰੀ ਅਕਾਲੀ ਆਗੂ ਵੀ ਸਾਮਲ ਸਨ।

Source: http://www.punjabspectrum.com/2013/09/19950#sthash.qxUQPOPW.dpbs


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top