Share on Facebook

Main News Page

ਮਨੁੱਖੀ ਜੀਵਨ ਵਿਚ ਆਈਆਂ ਕੰਮਜ਼ੋਰੀਆਂ ਨੂੰ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਸਹੀ ਠਹਿਰਾਉਣ ਦਾ ਵੱਧ ਰਿਹਾ ਰੁਝਾਨ, ਚਿੰਤਾਜਨਕ !
-:  ਗੁਰਚਰਨ ਸਿੰਘ ਗੁਰਾਇਆ ਜਰਮਨੀ

ਅੱਜ ਸੰਸਾਰ ਵਿੱਚ ਮਨੁੱਖ ਨੇ ਉਸ ਅਕਾਲ ਪੁਰਖ ਵੱਲੋਂ ਬਖਸ਼ੇ ਦਿਮਾਗ ਦੀਆਂ ਕਾਢਾਂ ਨਾਲ ਦੁਨੀਆਂ ਨੂੰ ਬਹੁਤ ਨੇੜੇ ਕਰ ਦਿੱਤਾ ਹੈ। ਜਿਥੇ ਉਸ ਨੇ ਮਨੁੱਖ ਦੇ ਬਾਹਰੀ ਸਰੀਰਕ ਸੁੱਖ ਅਰਾਮ ਲਈ ਬੇਸ਼ੁਮਾਰ ਤਰੱਕੀ ਕੀਤੀ ਹੈ, ਉੱਥੇ ਇਸ ਦੇ ਨਾਲ ਹੀ ਇਸੇ ਦਿਮਾਗ ਨਾਲ ਉਸ ਪ੍ਰਮਾਤਮਾ ਦੀ ਹੋਂਦ ਤੇ ਮਨੁੱਖ ਨੂੰ ਆਤਮਿਕ ਸੁੱਖ ਦੇਣ ਵਾਲੇ ਧਰਮ ਤੋਂ ਕਈ ਵਾਰੀ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਦੂਰ ਕੀਤਾ ਜਾ ਰਿਹਾ ਹੈ। ਜੱਦ ਦੁਨੀਆਂ ਅੰਦਰ ਅਧਰਮ ਤੇ ਧਰਮ ਦੇ ਨਾਂ 'ਤੇ ਪਖੰਡ ਦਾ ਬੋਲਬਾਲਾ ਵੱਧ ਗਿਆ ਤਾਂ ਇਸ ਧਰਤੀ ਤੇ ਜਗਤ ਜਲ੍ਹਦੇ ਨੂੰ ਤਾਰਨ ਲਈ ਗੁਰੂ ਨਾਨਕ ਜੀ ਪਰਉਪਕਾਰੀ ਆਏ ਤੇ ਉਨ੍ਹਾਂ ਨੇ ਮਨੁੱਖ ਨੂੰ ਉਸ ਅਕਾਲ ਪੁਰਖ ਨਾਲ ਜੋੜਨ ਤੇ ਮਨੁੱਖ ਦੇ ਆਤਮਿਕ ਸੁੱਖ ਲਈ, ਹਰ ਪੱਖ ਤੋਂ ਸੰਪੂਰਨ ਸ਼ਬਦ ਗੁਰੂ ਗਿਆਨ ਦੇ ਰਾਹੀਂ ਉਪਦੇਸ਼ ਦੇ ਕੇ, ਨਿਰਾਲਾ ਸਿੱਖ ਪੰਥ ਚਲਾਇਆ ਤੇ ਬਾਕੀ ਗੁਰੂ ਸਾਹਿਬਾਂ ਨੇ ਇਸੇ ਨੂੰ ਪਰਚਾਰਿਆ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕਰਕੇ ਇਸ ਖਾਲਸੇ ਨੂੰ ਸਦੀਵੀ ਸ਼ਬਦ ਗੁਰੂ ਗਿਆਨ ਦੇ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਮਨੁੱਖਤਾ ਨੂੰ ਸਰਬ ਸਾਂਝਾ ਉਪਦੇਸ਼, ਆਤਮਿਕ ਸੁੱਖ ਦੇਣ ਤੇ ਦੁਨੀਆਂ ਦੇ ਹਰ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਿਕ ਖੇਤਰ ਵਿੱਚ ਅਗਵਾਈ ਦੇਣ ਵਾਲੀ ਹੈ। ਪਰ ਅੱਜ ਇਸ ਨੂੰ ਮੰਨਣ ਵਾਲਿਆਂ ਨੇ ਇਸ ਦੀ ਅਗਵਾਈ ਵਿੱਚ ਦੁਨੀਆਂ ਨੂੰ ਚੱਲਣ ਲਈ ਤਾਂ ਕੀ ਪ੍ਰੇਰਨਾ ਸੀ, ਉਹ ਆਪ ਹੀ ਤੁਰਨ ਨੂੰ ਤਿਆਰ ਨਹੀਂ। ਸਰੀਰ ਦੇ ਬਾਹਰੀ ਸੁੱਖ ਆਰਾਮ ਦੀਆਂ ਵੱਧੀਆਂ ਲਾਲਸਾਵਾਂ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਤੇ ਦੁਨਿਆਵੀ ਪੜ੍ਹਾਈ ਵਿੱਚ ਜਿਆਦਾ ਪੜ੍ਹੇ ਲਿਖੇ ਪੱਛਮੀ ਵਿੱਦਿਆ ਦੇ ਪ੍ਰਭਾਵ ਤੇ ਸਿੱਖੀ ਦਾ ਚੋਲਾ ਪਾਕੇ ਧਰਮੀ ਹੋਣ ਦਾ ਨਾਟਕ ਕਰ ਰਹੇ ਬਹਿਰੂਪੀਏ ਲੋਕਾਂ ਵੱਲ ਦੇਖਕੇ, ਸਿੱਖੀ ਤੋਂ ਪਤਿਤ ਹੋਏ ਵੀਰ ਆਮ ਹੀ ਇਹ ਕਹਿੰਦੇ ਸੁਣਦੇ ਹਾਂ ਕਿ ਅਸੀਂ ਗੁਰੂ ਨੂੰ ਹਿਰਦੇ ਵਿਚ ਰੱਖਦੇ ਹਾਂ, ਸਿੱਖੀ ਅੰਦਰ ਦੀ ਸ਼ੈਅ ਹੈ, ਇਹ ਕੋਈ ਬਾਹਰੀ ਦਿਖਾਵੇ ਦੀ ਚੀਜ਼ ਨਹੀਂ। ਸਰੀਰਕ ਰਹਿਤ ਦੀ ਜਰੂਰਤ ਨਹੀਂ ਕੇਵਲ ਮਨ ਦੀ ਸਿੱਖੀ ਹੀ ਚਾਹੀਦੀ ਹੈ। ਸਰੀਰਕ ਰਹਿਤ ਰੱਖਣ ਤੋਂ ਬਿਨਾਂ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਾਂ। ਜੇ ਅਸੀਂ ਉਨ੍ਹਾਂ ਦੇ ਆਤਿਮਕ ਨਿਯਮਾਂ ਨੂੰ ਮੰਨਦੇ ਹਾਂ ਤਾਂ, ਅਸੀਂ ਉਹਨਾਂ ਦੇ ਸਿੱਖ ਹਾਂ ਤੇ ਫਿਰ ਕੇਸ ਰੱਖਣ ਦੀ ਕੀ ਲੋੜ ਹੈ। ਧਰਮ ਦਾ ਸਬੰਧ ਮਨ ਨਾਲ ਹੈ, ਸਰੀਰ ਨਾਲ ਨਹੀਂ।

ਅਸਲ ਗੱਲ ਇਹ ਹੈ ਕਿ ਮੌਜੂਦਾ ਫੈਸ਼ਨ ਦੇ ਸਮੇਂ ਮੀਡੀਏ ਦੇ ਪ੍ਰਭਾਵ ਹੇਠ ਤੇ ਬਹੁਗਿਣਤੀ ਦੇ ਮਗਰ ਲੱਗ ਕੇ ਅੱਜ ਦੇ ਇਹਨਾਂ ਲੋਕਾਂ ਨੂੰ ਗੁਰੂ ਦਾ ਅਮਮ੍ਰਿਤ, ਕੇਸ ਰੱਖਣੇ ਤੇ ਰਹਿਤ ਰੱਖਣੀ ਬੇਲੋੜੀ ਜਾਪਦੀ ਹੈ, ਕਿਉਂਕਿ ਇਹ ਉਹਨਾਂ ਦੀ ਸੋਚ ਅਨੁਸਾਰ ਸਮੇਂ ਦੇ ਅਨੁਸਾਰ ਨਹੀਂ ਢੁਕਦੀ, ਭਾਵ ਅੱਜ ਕੱਲ੍ਹ ਦੇ ਫੈਸ਼ਨ ਦੇ ਸੁਖ ਦਾ ਮਨ ਸੁਆਦ ਲੈਣਾਂ ਚਾਹੁੰਦਾ ਹੈ, ਇਹ ਰਹਿਤ ਭਾਵ ਨਿਆਰਾ ਸਰੂਪ ਉਹਨਾਂ ਦੇ ਰਾਹ ਵਿਚ ਰੁਕਾਵਟ ਪਾਉਂਦਾ ਹੈ। ਇਹ ਹੀ ਲੋਕ ਕਈ ਵਾਰੀ ਹਾਸੋ ਹੀਣੇ ਸਵਾਲ ਕਰਦੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕੇਸ ਰੱਖਣੇ, ਪਰਾਈ ਇਸਤਰੀ ਦਾ ਸੰਗ ਕਰਨ ਤੋਂ ਨਾ ਵਰਜਦੇ, ਰਹਿਤਾਂ ਦੀ ਬੰਦਸ਼ ਨਾ ਲਾਉਦੇ ਤਾਂ ਇਹ ਧਰਮ ਦੁਨੀਆ ਵਿੱਚ ਬਹੁਤ ਫੈਲਣਾ ਸੀ। ਇਹੋ ਜਿਹੇ ਸਵਾਲ ਕਮਜ਼ੋਰ ਤੇ ਧਰਮ ਤੋਂ ਸਖਣੇ ਮਨਾਂ ਵਿੱਚੋ ਹੀ ਨਿਕਲਦੇ ਹਨ।

ਅਸਲ ਵਿੱਚ ਇਹੋ ਜਿਹੇ ਸਵਾਲ ਕਰਨ ਵਾਲਿਆਂ ਨੂੰ ਧਰਮ ਦੇ ਅਰਥ ਹੀ ਸਮਝ ਨਹੀਂ ਆਏ। ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਇਹੋ ਅਜਿਹੀਆਂ ਹੁੱਜਤਾਂ ਕਰਨ ਵਾਲੇ ਵੀਰਾਂ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹਨਾਂ ਵਚਨਾਂ ਨੂੰ ਯਾਦ ਕਰਨਾ ਚਾਹੀਦਾ ਹੈ, ਕਿ ਜਿਸ ਨਾਲ ਪਿਆਰ ਹੋਵੇ ਉਸ ਅੱਗੇ ਆਪਾ ਭੇਂਟ ਕਰਨਾ ਪੈਂਦਾ ਹੈ ਤੇ ਉਸ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਕਰਨੀ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਉਸ ਜੀਵਨ ਨੂੰ ਧਿਰਕਾਰ ਕਿਹਾ ਹੈ ਜੋ ਆਪਣੇ ਮੁਰਸ਼ਿਦ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਨਹੀ ਕਰਦਾ । ਗੁਰੂ ਜੀ ਦੇ ਵਚਨ : ਜਿਸ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਧ੍ਰਿਗ ਜੀਵਨੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ ਧਰਮ ਦੀ ਦੁਨੀਆਂ ਵਿੱਚ ਇਹ ਨਹੀਂ ਚਲਦਾ, ਕਿ ਮਰਜ਼ੀ ਵੀ ਕਰੀ ਚੱਲੋ ਤੇ ਪ੍ਰੀਤ ਨਿਭਾਉਣ ਦੀਆਂ ਗੱਲਾਂ ਵੀ ਕਰੀ ਜਾਉ। ਸਲਾਮ ਵੀ ਕਰੋ ਤੇ ਇਤਰਾਜ਼ ਵੀ ਕਰੀ ਜਾਉ। ਐੇਸਾ ਕਰਨ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਜੀ ਦੇ ਵਚਨ : ਸਲਾਮ ਜਬਾਬ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨੂੰ ਯਾਦ ਕਰਨ ਚਾਹੀਦਾ ਹੈ।

ਅੱਜ ਮਨੁੱਖ ਚੰਚਲ ਮਨ ਦਾ ਗੁਲਾਮ ਬਣਕੇ ਤੇ ਦੁਨਿਆਵੀ ਵਿੱਦਿਆ ਦੇ ਝੂਠੇ ਮਾਣ ਤੇ ਆਪਣੇ ਵੱਲੋਂ ਸਿਆਣਾ ਬਣ ਕੇ, ਤਰਕ 'ਤੇ ਥੋਥੀਆਂ ਦਲੀਲਾਂ ਦੇ ਸਹਾਰੇ ਆਖਦਾ ਹੈ ਕਿ ਸੋਹਣੇ ਸਤਿਗੁਰੂ ਦੀ ਅਗਵਾਈ, ਗੁਰੂ ਦੇ ਬਖਸ਼ੇ ਸਾਬਤ ਸੂਰਤ ਸੁੰਦਰ ਸਰੂਪ ਦੀ ਲੋੜ ਨਹੀਂ, ਬਸ ਮਨ ਦੀ ਪ੍ਰੀਤ ਹੋਣੀ ਚਾਹੀਦੀ ਹੈ। ਅਸਲ ਵਿੱਚ ਸਤਿਗੁਰੂ ਦੀ ਮਨ ਅੰਦਰ ਪ੍ਰੀਤ ਨਹੀਂ, ਇਸ ਕਰਕੇ ਹੀ ਗੁਰੂ ਨਾਲ ਸੰਬੰਧ ਰੱਖਣ ਵਾਲੀ ਰਹਿਤ ਵੀ ਹੁਣ ਸਾਨੂੰ ਪਿਆਰੀ ਨਹੀਂ ਲਗਦੀ। ਪ੍ਰੀਤ ਦੀ ਇੱਕ ਸਿਫਤ ਹੈ ਕਿ ਜਿਸ ਨਾਲ ਪ੍ਰੀਤ ਹੋਵੇ ਉਸਦੀ ਹਰ ਸ਼ੈਅ ਪਿਆਰੀ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਲੱਗਦੀ ਹੈ। ਐ ਮਨ ਸਿੱਖੀ ਦਾ ਸਬੰਧ ਮਨ ਤੇ ਆਤਮਾ ਨਾਲ ਹੈ। ਪਰ ਆਤਮਾ ਤੇ ਮਨ ਦੀ ਰਹਿਤ ਬਾਹਰੀ ਰਹਿਤ ਰੱਖਣ ਨਾਲੋਂ ਕਈ ਹਜ਼ਾਰ ਗੁਣਾਂ ਔਖੀ ਹੈ। ਮਨ ਦੀ ਸਿੱਖੀ ਦੀ ਗੱਲ ਕਰਨ ਵਾਲੇ ਵੀਰੋ, "ਬੰਦੇ ਖੋਜ ਦਿਲ ਹਰਿ ਰੋਜ" ਤੋਂ ਸੇਧ ਲੈਕੇ ਆਪਣਾ ਬਾਹਰੀ ਮੁੂੰਹ ਆਪਣੇ ਅੰਦਰਲੇ ਪਾਸੇ ਮੋੜ ਕੇ ਆਪਣੇ ਨਿੱਤ ਦੇ ਕਰਮਾਂ ਵੱਲ ਦੇਖ, ਦਿਨ ਵਿਚ ਅਨੇਕਾਂ ਵਾਰੀ ਇਹ ਮਨ ਪਰ ਤਨ, ਪਰ ਧਨ, ਪਰ ਰੂਪ ਮੰਦ ਦ੍ਰਿਸ਼ਟੀ ਨਾਲ ਤੱਕਦਾ ਹੈ। ਉਸ ਪ੍ਰਮਾਤਮਾਂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਵੀ ਕੁਝ ਦੇ ਕੇ ਸੰਸਾਰ ਦੀ ਵਡਿਆਈ ਚਾਹੁੰਦਾ ਹੈ। ਬਾਣੀ ਪੜ੍ਹਦਾ ਹੈ ਜਾਂ ਧਰਮ ਦੇ ਕਰਮ ਵੀ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਕਰਕੇ, ਇੱਥੋਂ ਤੱਕ ਗੁਰਮਤਿ ਵਿਰੋਧੀ ਕਰਮ ਕਰਕੇ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ। ਇਹ ਸਿੱਖੀ ਤੋਂ ਪਤਿਤ ਮਨ ਵਿਚਲੀ ਸਿੱਖੀ ਵਾਲੇ ਵੀਰ ਕਈ ਵਾਰੀ ਧਰਮ ਨੂੰ ਸਿਆਸਤ ਲਈ ਵਰਤਣ ਵਾਲੇ ਬੇਜ਼ਮੀਰੇ ਆਗੂਆਂ, ਜਿਹਨਾਂ ਦਾ ਧਰਮ ਕੁਰਸੀ ਜਾਂ ਫਿਰ ਨਿੱਜੀ ਅਣਖ ਤੇ ਗੈਰਤ ਗਵਾਕੇ ਕੌਮੀ ਅਣਖ ਤੇ ਗੈਰਤ ਦੀਆਂ ਗੱਲਾਂ ਕਰਨ ਵਾਲੇ ਸਾਬਤ ਸੂਰਤ ਜਾਂ ਗੁਰੂ ਦਾ ਅੰਮ੍ਰਿਤ ਛੱਕ ਕੇ ਝੂਠ ਬੋਲਦੇ ਹਨ,ਲ ੋਕਾਂ ਨਾਲ ਠੱਗੀਆਂ ਮਾਰਦੇ ਹਨ, ਸਿੱਖੀ ਦੇ ਪ੍ਰਚਾਰਕ, ਗ੍ਰੰਥੀ ਸਾਹਿਬਾਨ, ਇੱਕ ਪਿੰਡ ਦੇ ਗੁਰਦੁਆਰੇ ਤੋਂ ਲੈਕੇ ਸ਼ਰੋਮਣੀ ਕਮੇਟੀ ਤੱਕ ਦੇ ਪ੍ਰਬੰਧਕਾਂ ਤੱਕ ਭ੍ਰਿਸ਼ਟ ਹੋ ਚੁਕੇ, ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਚਰਣਹੀਣ, ਗੁਰਮਤਿ ਦੀਆਂ ਧੱਜੀਆਂ ਉਡਾਣ, ਪੰਥ ਦੇ ਫੇੈਸਲੇ ਅਨੁਸਾਰ ਸਿੱਖੀ ਵਿੱਚੋਂ ਤਨਖਾਹੀਏ ਕੁਕਰਮੀਆਂ, ਸਿੱਖੀ ਦਾ ਨਕਾਬ ਪਾਕੇ ਸਟੇਜਾਂ ਤੋਂ ਕੁਫਰ ਤੋਲਣ, ਗੁਰਦੁਆਰੇ ਦੇ ਪ੍ਰਬੰਧ ਨੂੰ ਹਥਿਆਉਣ ਖਾਤਰ ਗੁਰਦੁਆਰਿਆਂ ਵਿੱਚ ਲੜਾਈਆਂ ਕਰਾਉਣ, ਗੁਰਦੁਆਰੇ ਦੀ ਗੋਲਕ ਚੋਂ, ਸੰਗਤ ਦੀ ਕਿਰਤ ਕਮਾਈ ਵਿੱਚੋਂ ਕੱਢੇ ਦਸਵੰਧ ਨਾਲ ਹੇਰਾਫੇਰੀਆਂ, ਦਲਾਲੀਆਂ ਕਰਨ ਵਾਲਿਆਂ ਨਾਲੋਂ ਤਾਂ ਅਸੀ ਚੰਗੇ ਹਾਂ, ਦੀਆਂ ਦਲੀਲਾਂ ਦਿੰਦੇ ਹਨ।

ਸਤਿਕਾਰਯੋਗ ਵੀਰੋ, ਅਜੋਕੇ ਸਮੇਂ ਵਿੱਚ ਕਾਫੀ ਹੱਦ ਤੱਕ ਤੁਹਾਡੀ ਇਹ ਦਲੀਲ ਇੱਕ ਪਾਸੇ ਤੋਂ ਠੀਕ ਹੈ, ਕਿ ਅੱਜ ਸਿੱਖੀ ਵਿੱਚ ਸਾਬਤ ਸੂਰਤ ਜਾਂ ਅੰਮ੍ਰਿਤ ਛੱਕ ਉਸ ਤੇ ਪੂਰਾ ਨਹੀਂ ਉਤਰਦੇ ਕਿ ਗੁਰਬਾਣੀ ਵਿੱਚ ਵੀ ਨਿਗੁਰੇ ਦਾ ਤਾਂ ਨਾ ਹੀ ਬੁਰਾ ਹੈ, ਪਰ ਜੋ ਗੁਰੂ ਵਾਲਾ ਬਣ ਕੇ ਦੱਸੀਆਂ ਰਹਿਤਾਂ ਅਨੁਸਾਰ ਨਹੀਂ ਚਲਦਾ। ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਉਸ ਨੂੰ ਲੱਖਾਂ ਨਿਗੁਰਿਆਂ ਨਾਲੋਂ ਵੀ ਮਾੜਾ ਕਿਹਾ ਹੈ। ਮਨ ਦੀ ਸਿੱਖੀ ਵਾਲੇ ਵੀਰੋ ਜੇਕਰ ਡਾਕਟਰ ਮਰੀਜ਼ ਨੂੰ ਦਵਾਈ ਦੇਵੇ ਤੇ ਦਵਾਈ ਖਾਣ ਤੇ ਪਰਹੇਜ਼ ਦੱਸੇ, ਤੇ ਮਰੀਜ਼ ਦਵਾਈ ਖਾਵੇ ਨਾ, ਤੇ ਨਾਹੀ ਪਰਹੇਜ਼ ਰੱਖੇ ਇਸ ਵਿੱਚ ਡਾਕਟਰ ਦਾ ਕੀ ਕਸੂਰ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਇਸਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਪੜ੍ਹਕੇ ਵੀਚਾਰਕੇ ਉਸ ਅਨੁਸਾਰ ਜੀਵਨ ਢਾਲਣ ਦਾ ਉਪਦੇਸ਼ ਦਿੱਤਾ ਹੈ, ਤੇ ਨਾਲ ਰਹਿਤਾਂ ਦੱਸੀਆਂ ਹਨ। ਜੇਕਰ ਇਨਾਂ ਅਨੁਸਾਰ ਕੋਈ ਨਾ ਚਲੇ ਤਾਂ ਇਸ ਵਿੱਚ ਸਿੱਖੀ ਸਿਧਾਂਤਾਂ ਦਾ ਕੀ ਕਸੂਰ।

ਪਰ ਇਹ ਮਨ ਦੀ ਸਿੱਖੀ ਵਾਲੇ ਵੀਰ ਢਹਿੰਦੀ ਕਲਾ ਵਾਲੇ ਸਿੱਖਾਂ ਵੱਲ ਨਜ਼ਰ ਮਾਰਨ ਦੀ ਬਜਾਏ, ਸਿੱਖੀ ਦੇ ਮਹਿਲ ਅੰਦਰ ਵੀ ਝਾਤੀ ਮਾਰਕੇ ਦੇਖਣ, ਇਸ ਮਹਿਲ ਅੰਦਰ ਸਿੱਖੀ ਸਿਦਕ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਂਚ ਸਿਖਾਣ ਵਾਲੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਦੂਜਿਆਂ ਦਾ ਧਰਮ ਬਚਾਉਣ ਖਾਤਰ ਚਾਂਦਨੀ ਚੌਕ ਵਿੱਚ ਨੌਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਤੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ, ਗੁਰੂ ਦੇ ਸਿੱਖਾਂ ਭਾਈ ਮਤੀ ਦਾਸ ਦੇ ਸੀਸ ਉਤੇ ਚਲਦਾ ਆਰਾ, ਦੇਗ ਵਿੱਚ ਉਬਲਦਾ ਭਾਈ ਦਿਆਲਾ, ਰੂੰ ਵਿੱਚ ਬੰਨ ਕੇ ਸਾੜੇ ਭਾਈ ਸਤੀ ਦਾਸ ਜੀ, ਬੰਦ ਬੰਦ ਕਟਾ ਰਹੇ ਭਾਈ ਮਨੀ ਸਿੰਘ ਜੀ, ਖੋਪੜੀ ਲੁਹਾ ਰਹੇ ਭਾਈ ਤਾਰੂ ਸਿੰਘ ਜੀ, ਮੂੰਹ ਵਿੱਚ ਕਲੇਜਾ ਕੱਢਕੇ ਪਵਾਉਣ ਵਾਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਉਣ ਵਾਲੀਆਂ ਮਾਵਾਂ, ਚਰਖੜੀਆਂ ਦੇ ਤਿਖੇ ਦੰਦੇ, ਫਾਂਸੀਆਂ ਦੇ ਤਖਤੇ, ਝੂਠੇ ਪੁਲਿਸ ਮੁਕਾਬਿਲਆਂ ਵਿੱਚ ਸ਼ਹੀਦ, ਤਸੀਹੇ ਘਰਾਂ ਵਿੱਚ ਜੱਲਾਦਾਂ ਦਾ ਤਸ਼ਦੱਦ ਤੇ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖਾਂ ਦਾ ਧਿਆਨ ਧਰਨ, ਅੱਗੇ ਆਪ ਜੀ ਦੀ ਕੋਈ ਵੀ ਦਲੀਲ ਤੇ ਤਰਕ ਥੋਥੀ ਹੀ ਜਾਪੇਗੀ।

ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਹਿਲਾਂ ਹੀ ਸਿੱਖ ਨਾਲੋ ਸਿੱਖੀ ਦੀ ਰਹਿਤ ਨੂੰ ਪਿਆਰ ਕੀਤਾ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ ਤੱਕ ਕਿਹਾ, ਤੇ ਬਿਪਰਨ ਦੀ ਰੀਤਾਂ ਵਾਲੇ ਸਿੱਖਾਂ ਬਾਰੇ ਵੀ ਇਹ ਚਿਤਾਵਨੀ ਵਾਲੇ ਵਚਨ ਕਰ ਦਿੱਤੇ ਸਨ ਕਿ “ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ॥ ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪਰਤੀਤ॥" ਬੇਸ਼ੱਕ ਸਿੱਖੀ ਧਾਰਨ ਕਰਨ ਵਾਲਾ ਸਿੱਖ ਗੁਰੂ ਸਾਹਿਬ ਜੀ ਦੇ ਇਨਾਂ ਵਚਨਾਂ ਤੋਂ ਮੂੰਹ ਮੋੜ ਕੇ ਬਿਪਰਨ ਦੀਆਂ ਰੀਤਾਂ ਧਾਰਨ ਕਰਕੇ, ਗੁਰੂ ਵੱਲੋ ਬੇਪ੍ਰਤੀਤਾ ਬਣ ਕੇ ਖਵਾਰ ਹੋ ਰਿਹਾ ਹੈ। ਅੱਜ ਦੁਨੀਆਂ ਅੰਦਰ ਸਿੱਖੀ ਸਰੂਪ ਦੇ ਨਾਲ ਸਿੱਖੀ ਵਾਲੇ ਗੁਣ ਧਾਰਨ ਨਾ ਕਰਣ ਵਾਲਿਆ ਲਈ ਹੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ, ਖੋਤੇ ਉਪੱਰ ਸ਼ੇਰ ਦੀ ਖੱਲ ਵਾਲਾ ਕੌਤਕ, ਸਿਖਿਆ ਦੇਣ ਲਈ ਰਚਾਇਆ ਸੀ।

ਸੋ, ਸਤਿਕਾਰਯੋਗ ਵੀਰੋ ਆਉ ਆਪਾਂ ਸ਼ੁੱਭ ਗੁਣਾਂ ਵਾਲੇ ਉਨਾਂ ਮਹਾਨ ਗੁਰਸਿੱਖਾਂ ਵਰਗੇ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਨਾ ਕੇ ਭੇਖੀ, ਦੰਭੀ, ਪਖੰਡੀ ਸਿੱਖਾਂ ਵੱਲ ਦੇਖਕੇ ਆਪਣੇ ਮਨ ਦੀਆਂ ਥੋਥੀਆਂ ਦਲੀਲਾਂ ਦੇ ਸਹਾਰੇ ਸਿੱਖੀ ਤੋਂ ਪਤਿਤ ਹੋ ਕੇ, ਵੀ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਨਾ ਕਰੀਏ, ਸਗੋਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸਾਨੂੰ ਸ਼ੁਭ ਅਮਲਾਂ ਵਾਲੇ ਸਿੱਖ ਬਨਣ ਦਾ ਬੱਲ ਬਖਸ਼, ਤੇ ਅਸੀਂ ਕਹਿਣੀ ਤੇ ਕਰਨੀ ਦੇ ਪੂਰੇ ਸਿੱਖ ਬਣ ਕੇ ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਦੀ ਮਹਿਕ ਵੰਡ ਸਕੀਏ।

ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top