Share on Facebook

Main News Page

ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਚੁਣੇ

ਟਿੱਪਣੀ: ਅੰਨਾਂ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ...

ਅੰਮ੍ਰਿਤਸਰ 3 ਸਤੰਬਰ (ਜਸਬੀਰ ਸਿੰਘ ਪੱਟੀ)- ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ ਹਕੀਕੀ ਰੂਪ ਵਿਚ ਦੇਸ਼ ਅੰਦਰ ਸੰਘੀ ਢਾਂਚਾ ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕਰਦਿਆਂ ਕਿਹਾ ਹੈ ਕਿ ਜੇਕਰ ਦੇਸ਼ ਨੂੰ ਤਾਕਤਵਰ ਬਨਾਉਣਾ ਹੈ, ਤਾਂ ਇਸ ਲਈ ਰਾਜਾਂ ਦਾ ਸ਼ਕਤੀਸ਼ਾਲੀ ਹੋਣਾ ਬੇਹੱਦ ਜ਼ਰੂਰੀ ਹੈ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਪਾਰਟੀ ਦੇ ਡੈਲੀਗੇਟ ਇਜਲਾਸ ਵਿਚ ਇਹ ਮੰਗ ਕਰਦੇ ਪਾਰਟੀ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ, ਤਰੱਕੀ ਅਤੇ ਵਾਧੇ ਦੀ ਇਕੋ-ਇਕ ਕੁੰਜੀ ਦੇਸ਼ ਵਿਚ ਸੰਘੀ ਢਾਂਚੇ ਨੂੰ ਅਮਲ ਵਿਚ ਲਿਆਉਣਾ ਹੈ। ਇਸ ਦੇ ਨਾਲ-ਨਾਲ ਪਾਰਟੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਜਿਨ੍ਹਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ, ਦਰਿਆਈ ਪਾਣੀਆਂ ਦਾ ਮਸਲਾ ਰੀਪੇਅਰੀਅਨ ਕਾਨੂੰਨ ਮੁਤਾਬਿਕ ਨਿਬੇੜਨਾ ਸ਼ਾਮਿਲ ਹੈ, ਨੂੰ ਤਰੁੰਤ ਹੱਲ ਕੀਤਾ ਜਾਵੇ। ਪਾਰਟੀ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜਦ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਸ੍ਰੋਮਣੀ ਅਕਾਲੀ ਦਲ ਇਨ੍ਹਾਂ ਲਈ ਸੰਘਰਸ਼ ਕਰਦਾ ਰਹੇਗਾ। ਇਜਲਾਸ ਵਿਚ ਇਹ ਮਤਾ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ, ਜਿਸ ਨੂੰ ਇਜਲਾਸ ਨੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ।

ਅੱਜ ਦੇ ਇਸ ਡੈਲੀਗੇਟ ਇਜਲਾਸ ਵਿਚ ਦੂਸਰੀ ਵਾਰ ਸਰਬਸੰਮਤੀ ਨਾਲ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਸਰਪ੍ਰਸਤ ਚੁਣ ਲਿਆ ਗਿਆ। ਪਾਰਟੀ ਪ੍ਰਧਾਨਗੀ ਲਈ ਸ. ਸੁਖਬੀਰ ਸਿੰਘ ਬਾਦਲ ਦਾ ਨਾਂਅ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਇਸੇ ਤਰਾਂ ਪਾਰਟੀ ਅਤੇ ਪੰਜਾਬ ਲਈ ਲਗਾਤਾਰ ਜੂਝ ਰਹੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਮੁੜ ਪਾਰਟੀ ਦਾ ਸਰਪ੍ਰਸਤ ਬਨਾਉਣ ਲਈ ਨਾਂਅ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਿਸ ਨੂੰ ਇਜਲਾਸ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਸਰਪ੍ਰਸਤ ਦਾ ਐਲਾਨ ਜਿਉਂ ਹੀ ਸਟੇਜ ਤੋਂ ਕੀਤਾ, ਤਾਂ ਸਾਰਾ ਹਾਲ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਇਕ ਮਤੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੀਆਂ ਗਰੀਬ ਮਾਰੂ ਨੀਤੀਆਂ ਨੂੰ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਐਲਾਨਿਆ। ਪਾਰਟੀ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਤੋਂ ਤਰੁੰਤ ਅਸਤੀਫੇ ਦੀ ਮੰਗ ਕੀਤੀ ਤਾਂ ਕਿ ਮੁੜ ਫਤਵਾ ਦੇ ਕੇ ਲੋਕ ਨਵੇਂ ਸਿਰਿਉਂ ਅਜਿਹੀ ਸਰਕਾਰ ਚੁਣ ਸਕਣ, ਜੋ ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢ ਸਕੇ।

ਸ੍ਰੋਮਣੀ ਅਕਾਲੀ ਦਲ ਨੇ 1984 ਦੇ ਸਿੱਖ ਕਤਲੇਆਮ ਦਾ ਨਿਆਂ ਹੁਣ ਤੱਕ ਨਾ ਮਿਲਣ ਦੀ ਨਿਖੇਧੀ ਕਰਦੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤਰੁੰਤ ਨਿਆਂ ਦਿੱਤਾ ਜਾਵੇ। ਬੀਬੀ ਜਗੀਰ ਕੌਰ ਨੇ ਇਹ ਮਤਾ ਪੇਸ਼ ਕਰਦੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਨਿਆਂ ਤਾਂ ਕੀ ਦੇਣਾ ਸੀ, ਬਲਕਿ ਦੋਸ਼ੀ ਕਾਂਗਰਸ ਦੀ ਛਤਰ ਛਾਇਆ ਹੇਠ ਸੱਤਾ ਦਾ ਅਨੰਦ ਮਾਣ ਰਹੇ ਹਨ। ਸ੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਕੇ ਸਿੱਖਾਂ ਦੇ ਹਰੇ ਜਖਮਾਂ ’ਤੇ ਤਰੁੰਤ ਮਲਮ ਲਗਾਈ ਜਾਵੇ।

ਸ੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਧਾਰਮਿਕ ਜਥੇਬੰਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਲਈ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਸਾਜਿਸ਼ ਦੀ ਨਿੰਦਾ ਕੀਤੀ। ਇਜਲਾਸ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾ ਕੇ ਸਿੱਖ ਧਰਮ ਵਿਚ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ, ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਜਲਾਸ ਨੇ ਵਿਦੇਸ਼ਾਂ ਵਿਚ ਸਿੱਖਾਂ ’ਤੇ ਹੋ ਰਹੇ ਹਮਲਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਕੇਂਦਰ ਦੀ ਸਰਕਾਰ ਸਿੱਖ ਕੌਮ ’ਤੇ ਹੋ ਰਹੇ ਇਨ੍ਹਾਂ ਹਮਲਿਆਂ ’ਤੇ ਸਪੱਸ਼ਟ ਸਟੈਂਡ ਲੈਣ ਤੋਂ ਵੀ ਅਸਫਲ ਰਹੀ ਹੈ।

ਪਾਰਟੀ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਜਿਤ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਦਾ ਮਤਾ ਪੇਸ਼ ਕਰਦੇ ਕਿਹਾ ਕਿ ਪਾਰਟੀ ਇਸ ਜਿੱਤ ਦਾ ਸਿਹਰਾ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਦਿੰਦੀ ਹੈ। ਉਨ੍ਹਾਂ ਸ. ਪਰਕਾਸ਼ ਸਿੰਘ ਬਾਦਲ ਨੂੰ ਲੋਕ ਨੇਤਾ ਦੱਸਦੇ ਹੋਏ ਸਰਕਾਰ ਵੱਲੋਂ ਆਮ ਲੋਕਾਂ ਦੇ ਭਲੇ ਲਈ ਉਨ੍ਹਾਂ ਦੀ ਅਗਵਾਈ ਵਿਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੰਦੇ ਕਿਹਾ ਕਿ ਸ. ਬਾਦਲ ਦੀ ਬਦੌਲਤ ਹੀ ਪੰਜਾਬ ਵਿਚ ਅਮਨ-ਸਾਂਤੀ ਅਤੇ ਸਦਭਾਵਨਾ ਦਾ ਉਸਾਰੂ ਮਾਹੌਲ ਉਸਰ ਸਕਿਆ ਹੈ। ਇਜਲਾਸ ਨੇ ਇਸ ਮਤੇ ਨੂੰ ਜੈਕਾਰਿਆਂ ਨਾਲ ਪ੍ਰਵਾਨ ਕੀਤਾ।

ਸ੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਰੀਬ ਮਾਰੂ ਨੀਤੀਆਂ ਅਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਨਿੰਦਾ ਕੀਤੀ। ਇਸ ਦੇ ਨਾਲ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਵੀ ਨਿੰਦਾ ਕੀਤੀ ਗਈ। ਪਾਰਟੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਸਨਅਤੀ ਖੇਤਰ ਵਿਚ ਤਰਜੀਹਾਂ ਦੇ ਕੇ ਪੰਜਾਬ ਨਾਲ ਸਿੱਧਾ ਆਰਥਿਕ ਵਿਤਕਰਾ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕਿਰਸਾਨੀ ਨੂੰ ਤਬਾਹ ਕਰਨ ਲਈ ਖੇਤੀ ਲਾਗਤ ਵਿਚ ਅਥਾਹ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਦਾ ਜਿਉਣਾ ਔਖਾ ਹੋ ਗਿਆ ਹੈ। ਕੇਂਦਰ ਵੱਲੋਂ ਕੁਦਰਤੀ ਕਰੋਪੀ ਲਈ ਕਿਸਾਨਾਂ ਨੂੰ ਦਿੱਤੇ ਜਾਂਦੇ 3600 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਨੂੰ ਰੱਦ ਕਰਦੇ ਹੋਏ ਇਹ ਮੁਆਵਾਜ਼ਾ ਰਾਸ਼ੀ 30 ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਵੀ ਇਜਲਾਸ ਵੱਲੋਂ ਕੀਤੀ ਗਈ। ਪੰਜਾਬ ਦੀ ਕਿਰਸਾਨੀ ਨੂੰ ਲੀਹ ’ਤੇ ਲਿਆਉਣ ਲਈ ਪੰਜਾਬ ਵਿਚ ਖੇਤੀ ਵਿਭੰਨਤਾ ਨੂੰ ਲਾਗੂ ਕਰਨ ਲਈ ਵੀ 10 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕਜ ਦੀ ਮੰਗ ਇਜਲਾਸ ਵਿਚ ਕੇਂਦਰ ਸਰਕਾਰ ਤੋਂ ਕੀਤੀ ਗਈ।

ਕੇਂਦਰ ਸਰਕਾਰ ਵੱਲੋਂ ਦਲਿਤ ਬਰਾਦਰੀਆਂ ਨਾਲ ਕੀਤੀ ਜਾਂਦੇ ਵਿਤਕਰੇ ਦੀ ਨਿੰਦਾ ਕਰਦੇ ਇਜਲਾਸ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਕਲਿਆਣਕਾਰੀ ਸਕੀਮਾਂ ਦੀ ਸਿਫਤ ਵੀ ਕੀਤੀ।

ਸ਼੍ਰੋਮਣੀ ਅਕਾਲੀ ਦਲ ਨੇ ਸੰਨ 2007 ਤੋਂ ਪਾਰਟੀ ਵੱਲੋਂ ਹਰ ਖੇਤਰ ਵਿਚ ਪ੍ਰਾਪਤ ਕੀਤੀਆਂ ਜਿੱਤਾਂ ਦਾ ਸਿਹਰਾ ਪਾਰਟੀ ਦੇ ਸਰਪ੍ਰਸਤ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨਦੇ ਹੋਏ ਪੰਜਾਬ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਸੁਧਾਰਾਂ ਲਈ ਲਾਗੂ ਕੀਤੇ ਗਏ ਫੈਸਲਿਆਂ ਦੀ ਪ੍ਰਸੰਸਾ ਕੀਤੀ।

ਪਾਰਟੀ ਦੇ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ, ਜਿਮਨੀ ਚੋਣਾਂ ਅਤੇ ਦਿਲੀ ਚੋਣਾਂ ਵਿਚ ਪ੍ਰਾਪਤ ਕੀਤੀਆਂ ਜਿਤਾਂ ਦਾ ਸਿਹਰਾ ਪਾਰਟੀ ਵਰਕਰਾਂ ਸਿਰ ਬੰਨਦੇ ਕਿਹਾ ਕਿ ਇਹ ਸਾਰਾ ਕੁੱਝ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਚਲਾਉਣ ਵਿਚ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਹੀ ਉਨ੍ਹਾਂ ਲਈ ਸਹੀ ਮਾਰਗ ਦਰਸ਼ਕ ਸਾਬਤ ਹੋਏ। ਪਾਰਟੀ ਪ੍ਰਧਾਨ ਚੁਣੇ ਜਾਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸ. ਬਾਦਲ ਨੇ ਸਾਰੇ ਡੈਲੀਗੇਟ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਰਗੇ ਰਾਜ ਜਿੱਥੇ ਪੰਜਾਬੀ ਰਹਿ ਰਹੇ ਹਨ, ਵਿਖੇ ਚੋਣ ਮੈਦਾਨ ਵਿਚ ਨਿਤਰੇਗੀ। ਉਨ੍ਹਾਂ ਕਿਹਾ ਕਿ ਨਿਕਟ ਭਵਿੱਖ ਵਿਚ ਰਾਜ ਦੇ ਆਰਥਿਕ ਅਤੇ ਰਾਜਨੀਤਕ ਖੇਤਰ ਵਿਚ ਤਹਾਨੂੰ ਉਸਾਰੂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਿਲ•ੇ ਪੱਧਰ ’ਤੇ ਪਾਰਟੀ ਦੇ ਦਫਤਰ ਉਸਾਰੇ ਜਾਣਗੇ, ਜਿੱਥੇ ਵਰਕਰਾਂ ਦੀਆਂ ਮਹੀਨਾਵਾਰ ਮੀਟਿੰਗਾਂ ਹੋਇਆ ਕਰਨਗੀਆਂ। ਇਜਲਾਸ ਉਪਰੰਤ ਪੱਤਰਕਾਰਾਂ ਵੱਲੋਂ ਪੈਸੇ ਦੀ ਕਮੀ ਬਾਰੇ ਕੀਤੇ ਜਾ ਰਹੇ ਸਵਾਲ ਦਾ ਉਤਰ ਦਿੰਦੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਖਜ਼ਾਨੇ ਦੀ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਕੁੱਲ ਘਰੇਲੂ ਉਤਪਾਦ ਅਤੇ ਕਰਜ਼ਾ ਦੇ ਅਨੁਪਾਤ ਦੀ ਦਰ 47 ਫੀਸਦੀ ਤੋਂ ਘੱਟ ਕਰਕੇ 30 ਫੀਸਦੀ ਲੈ ਆਂਦੀ ਹੈ, ਜਦਕਿ ਕੇਂਦਰ ਦੀ ਇਹ ਦਰ 60 ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਜਾਰੀ ਹੈ। ਅੱਜ ਦੇ ਇਸ ਇਜਲਾਸ ਵਿਚ ਪਾਰਟੀ ਦੇ ਡੈਲੀਗੇਟ ਤੋਂ ਲੈ ਕੇ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਸੀ।

ਇਸ ਮੀਟਿੰਗ ਦੌਰਾਨ ਕੁਝ ਮੱਤੇ ਵੀ ਪਾਸ ਕੀਤੇ ਗਏ ਜਿਹੜੇ ਇਸ ਪ੍ਰਕਾਰ ਹਨ:-

ਮੱਤਾ 1) ਅੱਜ ਦੀ ਇਹ ਇਕੱਤਰਤਾ ਫਖਰੇ-ਕੌਮ, ਪੰਥ ਰਤਨ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਜੀ ਬਾਦਲ ਦੀ ਸੁਚੱਜੀ ਅਤੇ ਯੋਗ ਅਗਵਾਈ ਲਈ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੀ ਹੈ। ਇਹ ਇਕੱਤਰਤਾ ਸ. ਬਾਦਲ ਵੱਲੋਂ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਲੰਮੇ ਸੰਘਰਸ਼ ਅਤੇ ਪੰਜਾਬ ਵਿੱਚ ਮੁਕੰਮਲ ਅਮਨ, ਸ਼ਾਂਤੀ, ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਸਦਭਾਵਨਾ ਕਾਇਮ ਕਰਨ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਵੀ ਉਹਨਾਂ ਦੀ ਭਰਪੂਰ ਸ਼ਲਾਘਾ ਕਰਦੀ ਹੈ। ਇਹ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਆਪਣੇ ਵਿਲੱਖਣ ਗੁਣਾਂ ਸਦਕਾ ਸ. ਬਾਦਲ ਅੱਜ ਵੀ ਸਾਰੇ ਜਗਤ ਵਿੱਚ ਪੰਜਾਬੀਆਂ ਦੇ ਸਭ ਤੋਂ ਵੱਡੇ ਅਤੇ ਹਰਮਨ ਪਿਆਰੇ ਆਗੂ ਵਜੋਂ ਸਥਾਪਤ ਹਨ। ਸ. ਬਾਦਲ ਦੇ ਉਪਰੋਕਤ ਗੁਣਾਂ ਉਪਰ ਭਰੋਸਾ ਪ੍ਰਗਟ ਕਰਦੇ ਹੋਏ ਹੀ ਸਮੂਹ ਪੰਜਾਬੀਆਂ ਨੇ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਸੱਤਾ ਸੰਭਾਲੀ। ਉਹਨਾਂ ਨੇ ਆਪਣੀ ਲਾਮਿਸਾਲ ਹਲੀਮੀ, ਸਹਿਜ਼ ਅਤੇ ਮਿਕਨਾਤੀਸੀ ਸ਼ਖਸ਼ੀਅਤ ਰਾਹੀਂ ਸਾਰੇ ਵਰਗਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਜਿਥੇ ਸਾਂਝੀਵਾਲਤਾ ਦਾ ਝੰਡਾ ਬੁਲੰਦ ਰੱਖਿਆ, ਉਥੇ ਔਖੇ ਤੋਂ ਔਖੇ ਅਤੇ ਖਤਰਿਆਂ ਭਰਪੂਰ ਸਮਿਆਂ ਵਿੱਚ ਅਡੋਲ, ਨਿਡਰ ਅਤੇ ਦ੍ਰਿੜ ਰਹਿ ਕੇ ਜਥੇਬੰਦੀ ਨੂੰ ਮਜ਼ਬੂਤ ਕੀਤਾ। ਜਿੱਥੇ ਸ. ਬਾਦਲ ਨੇ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਲੀਹਾਂ ਉਪਰ ਪਾਇਆ, ਉਥੇ ਉਨਾਂ ਨੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵਧਾਉਣ ਲਈ ਕਈ ਇਤਿਹਾਸਕ ਫ਼ੈਸਲੇ ਲਏ।

ਸ. ਬਾਦਲ ਅਜਿਹੇ ਮੁੱਖ ਮੰਤਰੀ ਹੋਏ ਹਨ, ਜਿਨਾਂ ਨੇ ਸ਼ਤਾਬਦੀਆਂ ਮਨਾ ਕੇ ਜਿੱਥੇ ਨਵੀਂ ਪੀੜੀ ਨੂੰ ਧਾਰਮਿਕ ਸੇਧ ਦਿੱਤੀ, ਉਥੇ ਵੱਖ-ਵੱਖ ਧਰਮਾਂ ਦੇ ਮਹਾਂਪੁਰਖਾਂ ਦੇ ਦਿਹਾੜੇ, ਈਦ ਅਤੇ ਕ੍ਰਿਸਮਸ ਦੇ ਸਮਾਗਮ ਸਰਕਾਰੀ ਪੱਧਰ ’ਤੇ ਕਰਕੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਉਪਰੋਕਤ ਤੋਂ ਇਲਾਵਾ ਇਤਿਹਾਸ ਨੂੰ ਸੰਭਾਲਣ ਲਈ ਜੋ ਸੇਵਾ ਸ. ਪਰਕਾਸ਼ ਸਿੰਘ ਜੀ ਬਾਦਲ ਨੇ ਕੀਤੀ ਹੈ, ਉਹ ਬਿਲਕੁਲ ਲਾਮਿਸਾਲ ਹੈ। ਉਨ੍ਹਾਂ ਦੀ ਪ੍ਰੇਰਣਾ ਸਦਕਾ ਬਣੇ ਵਿਰਾਸਤ-ਏ-ਖ਼ਾਲਸਾ, ਚੱਪਰਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਮਹਾਨ ਸ਼ਹੀਦਾਂ ਦੀ ਯਾਦਗਾਰ, ਵੱਡਾ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ ਦੀਆਂ ਯਾਦਗਾਰਾਂ ਅਜਿਹੇ ਮਹਾਨ ਕਾਰਜ ਹਨ, ਜਿਨਾਂ ਸਦਕਾ ਸਿੱਖ ਪੰਥ ਅਤੇ ਸਮੂਹ ਪੰਜਾਬੀ ਸਾਰੀ ਉਮਰ ਉਨ੍ਹਾਂ ਦੇ ਕਰਜ਼ਦਾਰ ਰਹਿਣਗੇ। ਪਾਰਟੀ ਉਹਨਾਂ ਦੀ ਇਸ ਮਹਾਨ ਸੇਵਾ ਦੇ ਸਦਕਾ ਹਮੇਸ਼ਾ-ਹਮੇਸ਼ਾ ਲਈ ਉਹਨਾਂ ਦੀ ਰਿਣੀ ਹੈ।

ਮਤਾ 2) ਅੱਜ ਦੀ ਇਹ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਵਲੋਂ ਬਤੌਰ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੇ ਬਿਨਾ ਨਹੀਂ ਰਹਿ ਸਕਦੀ। ਪ੍ਰਧਾਨ ਸਾਹਿਬ ਸ. ਸੁਖਬੀਰ ਸਿੰਘ ਜੀ ਬਾਦਲ ਨੇ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਰੂਹ ਫੂਕ ਕੇ ਜਿੱਥੇ ਸ. ਪਰਕਾਸ਼ ਸਿੰਘ ਜੀ ਬਾਦਲ ਵਲੋਂ ਪਾਈਆਂ ਹੋਈਆਂ ਲੀਹਾਂ ਨੂੰ ਮਜਬੂਤ ਕੀਤਾ, ਉਥੇ ਇਸ ਦੇ ਅਧਾਰ ਦਾ ਘੇਰਾ ਵਧਾ ਕੇ ਹੋਰ ਵੱਡਾ ਕੀਤਾ। ਪੰਥਕ ਜਜ਼ਬੇ ਨੂੰ ਮਨ ਵਿੱਚ ਰੱਖਦਿਆਂ ਹੋਇਆਂ ਸਮੁੱਚੇ ਪੰਜਾਬੀਆਂ ਨੂੰ ਬਹੁਤ ਯੋਗ ਅਗਵਾਈ ਦੇ ਕੇ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ, ਜੋ ਸੰਨ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣਾਉਣਾ ਹੈ। ਨਾ ਕਿ ਕੇਵਲ ਸਰਕਾਰ ਹੀ ਬਣੀ, ਬਲਕਿ ਪਿਛਲੇ ਸਮੇਂ ਨਾਲੋਂ ਜਿਆਦਾ 10 ਐਮ. ਐਲ. ਏਜ਼ ਦਾ ਵਾਧਾ ਵੀ ਕੀਤਾ। ਇਸ ਜਿੱਤ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਪ੍ਰਧਾਨ ਸਾਹਿਬ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਦੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗਈ। ਉਸ ਤੋਂ ਬਿਨਾਂ ਨਗਰ ਨਿਗਮਾਂ, ਨਗਰ ਪੰਚਾਇਤਾਂ, ਪੰਚਾਇਤ ਸੰਮਤੀਆਂ, ਜ਼ਿਲਾ ਪ੍ਰੀਸ਼ਦਾਂ ਵਿੱਚ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਈ। 2012 ਤੋਂ ਬਾਅਦ ਦੋ ਜਿਮਨੀ ਚੋਣਾਂ ਵਿੱਚ ਵੀ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ।

ਸ. ਸੁਖਬੀਰ ਸਿੰਘ ਜੀ ਬਾਦਲ ਦੀ ਦੂਰਅੰਦੇਸ਼ੀ ਅਤੇ ਆਰਥਿਕ ਵਿਸ਼ਿਆਂ ਵਿੱਚ ਮੁਹਾਰਤ ਹੋਣੀ ਵੀ ਪੰਜਾਬ ਲਈ ਅਤੇ ਪਾਰਟੀ ਲਈ ਬਹੁਤ ਲਾਹੇਵੰਦ ਸਾਬਤ ਹੋਈ। ਲੋਕਾਂ ’ਤੇ ਨਵੇਂ ਬੋਝ ਪਾਏ ਬਿਨਾਂ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਅਤੇ ਪੰਜਾਬ ਦੇ ਖ਼ਜਾਨੇ ਵਿੱਚ ਹੋਰ ਪੈਸਾ ਪਾਉਣ ਲਈ ਜੋ ਨਤੀਜੇ ਸਾਹਮਣੇ ਆਏ ਹਨ, ਉਸ ਦਾ ਸਿਹਰਾ ਵੀ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਜਾਂਦਾ ਹੈ।
ਜਿਥੇ ਸ. ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਲਈ ਲਾਮਿਸਾਲ ਸੇਵਾ ਕੀਤੀ, ਉਥੇ ਬਤੌਰ ਉਪ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਦੇ ਸਦਕਾ ਉਹਨਾਂ ਨੇ ‘ਰਾਈਟ ਟੂ ਸਰਵਿਸ ਐਕਟ’ ਲਿਆ ਕੇ, ਪ੍ਰਸ਼ਾਸ਼ਨਿਕ ਸੁਧਾਰ ਲਾਗੂ ਕਰਕੇ, ਖੇਡਾਂ ਵਿੱਚ ਨਵਾਂ ਇਨਕਲਾਬ ਲਿਆ ਕੇ ਅਤੇ ਪੰਜਾਬ ਦੀ ਆਮਦਨ ਵਿੱਚ ਲਾਮਿਸਾਲ ਵਾਧਾ ਕਰਕੇ ਉਹਨਾਂ ਨੇ ਪੰਜਾਬ ਨੂੰ ਉਸਾਰੂ ਅਤੇ ਨਵੀਆਂ ਲੀਹਾਂ ਉਪਰ ਪਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ। ਇਹ ਇਕੱਤਰਤਾ ਮਾਨਯੋਗ ਪ੍ਰਧਾਨ ਜੀ ਦੀਆਂ ਉਪਰੋਕਤ ਸੇਵਾਵਾਂ ਲਈ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੀ ਹੈ।

ਮੱਤਾ 3) ਅੱਜ ਦੀ ਇਹ ਇਕੱਤਰਤਾ ਸਾਲ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਅਤੇ ਪੰਜਾਬ ਵਿੱਚ ਮੁੜ ਤੋਂ ਗੱਠਜੋੜ ਦੀ ਸਰਕਾਰ ਸਥਾਪਤ ਕਰਨ ਲਈ ਸਮੂਹ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕਰਦੀ ਹੈ ਅਤੇ ਇਸ ਜਿੱਤ ਦਾ ਸਿਹਰਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਜੀ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਦਿੰਦੀ ਹੈ। ਇਹ ਇਕੱਤਰਤਾ ਇਸ ਗੱਲ ਉਪਰ ਦ੍ਰਿੜ ਹੈ ਕਿ ਇਸ ਜਿੱਤ ਨੇ ਪੰਜਾਬ ਦੇ ਲੋਕਤੰਤਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਸਰਬਪੱਖੀ ਵਿਕਾਸ, ਅਮਨ, ਸ਼ਾਂਤੀ, ਸਾਂਝੀਵਾਲਤਾ ਅਤੇ ਖੁਸ਼ਹਾਲੀ ਵਰਗੇ ਉਸਾਰੂੇ ਏਜੰਡੇ ਉਪਰ ਸੂਬੇ ਦੇ ਲੋਕਾਂ ਦੇ ਦਿਲ ਜਿੱਤ ਕੇ ਦੋਬਾਰਾ ਸੱਤਾ ਵਿੱਚ ਆਈ ਹੈ। ਲੋਕਾਂ ਨੇ ਸੰਗਤ ਦਰਸ਼ਨ ਕਰਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਾਲੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਜੀ ਬਾਦਲ ਦਾ ਭਰਪੂਰ ਸਮਰਥਨ ਕਰਕੇ ਅਤੇ ਕੂੜ ਅਤੇ ਝੂਠ ਦਾ ਸਹਾਰਾ ਲੈਣ ਵਾਲੇ, ਪੰਜਾਬ ਦੇ ਹਿੱਤਾਂ ਤੇ ਹੱਕਾਂ ਦਾ ਵਿਰੋਧ ਕਰਨ ਵਾਲੇ ਅਤੇ ਜਨਤਾ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਨਕਾਰ ਕੇ ਇਹ ਸਾਬਤ ਕਰ ਦਿੱਤਾ ਹੈ ਲੋਕ ਅੱਜ ਵੀ ਸੱਚੀ ਤੇ ਸੁੱਚੀ ਸੇਵਾ ਦਾ ਸਤਿਕਾਰ ਕਰਦੇ ਹਨ।

ਇਹ ਇਕੱਤਰਤਾ ਪਿਛਲੇ 6 ਸਾਲਾ ਤੋਂ ਵੱਧ ਸਮੇ ਤੋਂ ਪੰਜਾਬ ਵਿੱਚ ਸ. ਪਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਚੱਲ ਰਹੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜਾਰੀ ਦੀ ਭਰਪੂਰ ਸ਼ਲਾਘਾ ਕਰਦੀ ਹੈ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਅਹਿਮ ਕਾਰਜਾਂ ਲਈ ਜਿੱਥੇ ਸ. ਪਰਕਾਸ਼ ਸਿੰਘ ਜੀ ਬਾਦਲ ਦੀ ਸਖ਼ਸ਼ੀਅਤ ਅਤੇ ਤਜ਼ਰਬਾ ਪ੍ਰਸ਼ੰਸ਼ਾ ਦਾ ਪਾਤਰ ਹੈ, ਉਥੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਦੀ ਅਗਾਂਹਵਧੂ ਸੋਚ, ਕਰੜੀ ਮਿਹਨਤ ਅਤੇ ਦੂਰਅੰਦੇਸ਼ੀ ਦਾ ਵੀ ਅਹਿਮ ਰੋਲ ਹੈ। ਪੰਜਾਬ ਦੀ ਸ. ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਮੇ ਵਿੱਚ 16 ਲੱਖ ਗਰੀਬ ਪਰਿਵਾਰਾਂ ਨੂੰ 4 ਰੁਪਏ ਪ੍ਰਤੀ ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦਾਲ ਮੁਹਈਆ ਕਰਵਾ ਕੇ ਸਾਰੇ ਦੇਸ਼ ਨੂੰ ਗਰੀਬ ਲੋਕਾਂ ਦੀ ਅਨਾਜ ਸੁਰੱਖਿਆ ਵੱਲ ਧਿਆਨ ਲਈ ਮਜਬੂਰ ਕਰ ਦਿੱਤਾ ਹੈ। ਭਵਿੱਖ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੀ ਸਿਹਤ ਲਈ ਵਿਸੇਸ ਬੀਮਾ ਯੋਜਨਾ ਸ਼ੁਰੂ ਕਰਕੇ ਸਰਕਾਰ ਨੇ ਗਰੀਬ ਵਰਗ ਮਾਅਰਕੇ ਵਾਲਾ ਕੰਮ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਨੇ ਕਾਂਗਰਸ ਸਰਕਾਰ ਦੁਆਰਾ ਇਕ ਸਾਜਿਸ਼ ਤਹਿਤ ਖਟਾਈ ਵਿੱਚ ਪਾਇਆ 19000 ਕਰੋੜ ਰੁਪਏ ਦਾ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦਾ ਅਹਿਮ ਪ੍ਰੋਜੈਕਟ ਦੁਬਾਰਾ ਸ਼ੁਰੂ ਕਰਕੇ ਪੰਜਾਬ ਨੂੰ ਮਜ਼ਬੂਤ ਆਰਥਿਕ ਲੀਹਾਂ ਤੇ ਪਾਉਣ ਦਾ ਵੱਡਾ ਮਾਅਰਕਾ ਮਾਰਿਆ ਹੈ। ਮੁੱਖ ਮੰਤਰੀ ਸਾਹਿਬ ਵਲੋ ਪੰਜਾਬ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਉਸਾਰੀ ਅਧੀਨ ਬਿਜਲੀ ਨਿਰਮਾਣ ਦੇ ਪ੍ਰੋਜੈਕਟ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਪੰਜਾਬ ਬਿਜਲੀ ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਵਾਲੇ ਪਾਸੇ ਤੇਜੀ ਨਾਲ ਵੱਧ ਰਿਹਾ ਹੈ ਅਤੇ ਬਹੁਤ ਜਲਦੀ ਪੰਜਾਬੀਆਂ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

ਉਪਰੋਕਤ ਤੋਂ ਇਲਾਵਾ ਪੰਜਾਬ ਸਰਕਾਰ ਵਲੋ ਲਾਮਿਸਾਲ ਉਪਰਾਲੇ ਕਰਕੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ 14ਵੇਂ ਸਥਾਨ ਤੋਂ ਤੀਜੇ ਸਥਾਨ ਤੇ ਲੈ ਕੇ ਪੰਜਾਬ ਦੀ ਬਹੁਤ ਵੱਡੀ ਪ੍ਰਪਤੀ ਹੈ। ਮੁੱਖ ਮੰਤਰੀ ਸਾਹਿਬ ਨੇ 70000 ਤੋਂ ਵੱਧ ਅਧਿਆਪਿਕਾਂ ਦੀ ਭਰਤੀ ਕਰਕੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਿਕਾਂ ਦੀ ਘਾਟ ਨੂੰ ਪੂਰਾ ਕੀਤਾ ਹੈ ਉਥੇ ਇਸ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਾਈਕਲ ਅਤੇ 80% ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 30,000 ਰੁਪਏ ਸਾਲਾਨਾ ਵਜੀਫਾ ਦੇਣ ਦੀਆਂ ਸਕੀਮਾਂ ਨੇ ਪੇਂਡੂ ਅਤੇ ਸਹਿਰੀ ਕੇਤਰ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਬੇਹੱਦ ਉਤਸਾਹਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵਿੱਚ ਸਿੱਖਆ ਨੂੰ ਕਿੱਤਾ ਮੁੱਖੀ ਬਨਾਉਣ ਲਈ ਕੀਤੇ ਗਏ ਕਾਰਜ ਬਹੁਤ ਹੀ ਸ਼ਲਾਘਾਯੋਗ ਕਦਮ ਹਨ।

ਪੰਜਾਬ ਸਰਕਾਰ ਵਲੋ ਕਿਸਾਨੀ ਨੂੰ ਪੂਰਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ 3300 ਕਰੋੜ ਰੁਪਏ ਦੀ ਨਹਿਰੀ ਪਾਣੀ ਯੋਜਨਾ ਪੰਜਾਬ ਦੀ ਕਿਸਾਨੀ ਲਈ ਬੇਹੱਦ ਵਰਦਾਨ ਸਾਬਤ ਹੋਵੇਗੀ। ਜਿਸ ਤਰੀਕੇ ਸਰਦਾਰ ਬਾਦਲ ਦੀ ਅਗਵਾਈ ਵਿੱਚ ਚੱਲ ਰਹੀ ਅਕਾਲੀ ਭਾਜਪਾ ਸਰਕਾਰ ਵਲੋ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵੱਡੇ ਕਦਮ ਚੁੱਕੇ ਗਏ ਹਨ ਉਸ ਨਾਲ ਆਉਣ ਵਾਲੇ ਸਮੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਨਾਂ ਅੰਤਰ-ਰਾਸ਼ਟਰੀ ਨਕਸ਼ੇ ਉਪਰ ਆ ਜਾਣਗੇ। ਪੰਜਾਬ ਸਰਕਾਰ ਨੇ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਅਤੇ ਸੜਕੀ ਆਵਾਜਾਈ ਨਾਲ ਪੰਜਾਬ ਨੂੰ ਦੂਸਰੇ ਦੇਸ਼ਾਂ ਨਾਲ ਜੋੜ ਕੇ ਪੰਜਾਬ ਦੇ ਸਨਅਤੀ, ਵ²ਪਾਰਕ ਅਤੇ ਖੇਤੀ ਦੀ ਤਰੱਕੀ ਵਾਸਤੇ ਕਈ ਨਵੇਂ ਰਸਤੇ ਖੋਲ ਦਿੱਤੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋ ਦੀ ਪੰਜਾਬ ਵਿੱਚ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਉਦੋ ਤੋਂ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਾਇਮ ਹੋਇਆ ਹੈ ਅਤੇ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ, ਸਦਭਾਵਨਾ ਅਤੇ ਸਾਂਝੀਵਾਲਤਾ ਦਾ ਮਾਹੌਲ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋ ਇਤਿਹਾਸਕ ਨਗਰਾਂ ਦੇ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ, ਮੈਟਰੋ ਰੇਲ ਪ੍ਰਾਜੈਕਟ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਸੜਕੀ ਮਾਰਗ ਆਉਣ ਵਾਲੇ ਸਮੇ ਵਿੱਚ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁ¦ਦੀਆਂ ਤੇ ਲੈ ਕੇ ਜਾਣਗੇ।

ਮਤਾ 3) ਅੱਜ ਦੀ ਇਹ ਇਕੱਤਰਤਾ ਦੇਸ਼ ਭਰ ਅਤੇ ਵਿਸੇਸ਼ ਕਰਕੇ ਪੰਜਾਬ ਦੇ ਕਿਸਾਨ ਦੀ ਅਤਿ ਮਾੜੀ ਮਾਲੀ ਹਾਲਤ ਉਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਕਿਸਾਨ ਦੀ ਇਸ ਤਰਸਯੋਗ ਮਾਲੀ ਹਾਲਤ ਲਈ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਜਿੰਮੇਵਾਰ ਹਨ। ਭਾਵੇਂ ਪੰਜਾਬ ਦੇ ਕਿਸਾਨ ਨੇ ਖੂਨ ਪਸੀਨਾ ਵਹਾ ਕੇ ਦੇਸ਼ ਦੇ ਅੰਨ ਦੇ ਭੰਡਾਰਾਂ ਨੂੰ ਭਰ ਦਿੱਤਾ, ਪਰ ਇਸ ਨੂੰ ਇਨਾਮ ਦੇਣ ਦੀ ਬਜਾਏ ਕੇਂਦਰ ਸਰਕਾਰਾਂ ਵੱਲੋਂ ਹਮੇਸ਼ਾ ਕਿਸਾਨੀ ਨਾਲ ਵਿਤਕਰੇ ਭਰਿਆ ਸਲੂਕ ਕੀਤਾ ਗਿਆ।

ਇਹ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਹਰ ਸਾਲ ਕਿਸਾਨ ਦੀ ਖੇਤੀ ਉਪਰ ਲਾਗਤ ਵੱਧਦੀ ਜਾ ਰਹੀ ਹੈ। ਡੀਜ਼ਲ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਅਤੇ ਨਿਤ ਦਿਲ ਵੱਧ ਰਹੇ ਡੀਜਲ ਅਤੇ ਖਾਦਾਂ ਦੇ ਰੇਟ ਕਿਸਾਨੀ ਦੀ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਆਰਥਿਕਤਾ ਨੂੰ ਗੰਭੀਰ ਸੱਟਾਂ ਮਾਰ ਰਹੇ ਹਨ। ਇਸ ਤੋਂ ਇਲਾਵਾ ਕੀਟ ਨਾਸ਼ਕ ਦਵਾਈਆਂ, ਟਰੈਕਟਰ ਅਤੇ ਹੋਰ ਖੇਤੀ ਮਸ਼ੀਨਰੀ ਦੀਆਂ ਕੀਮਤਾਂ ਅਤੇ ਬੀਜਾਂ ਦੇ ਰੇਟ ਲਗਾਤਾਰ ਵੱਧ ਰਹੇ ਹਨ। ਪਰ ਇੱਕ ਸਾਜ਼ਿਸ਼ ਤਹਿਤ ਅੱਜ ਤੱਕ ਕਿਸਾਨ ਨੂੰ ਉਸ ਦੀ ਜਿਣਸ ਦਾ ਸਹੀ ਮੁੱਲ ਨਹੀਂ ਦਿੱਤਾ ਗਿਆ। ਅੱਜ ਵੀ ਜੋ ਜਿਣਸਾਂ ਦੀ ਕੀਮਤ ਕਿਸਾਨ ਨੂੰ ਦਿੱਤੀ ਜਾ ਰਹੀ ਹੈ, ਉਹ ਅੰਤਰ-ਰਾਸ਼ਟਰੀ ਮਾਰਕੀਟ ਤੋਂ ਬਹੁਤ ਘੱਟ ਹੈ। ਇਹ ਦੇਸ਼ ਅਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ ਨਾਲ ਕੋਝਾ ਮਜ਼ਾਕ ਹੈ।

ਇਹ ਇਕੱਤਰਤਾ ਇਸ ਗੱਲ ਉਪਰ ਵੀ ਗੰਭੀਰ ਹੈ ਕਿ ਕੁਦਰਤੀ ਆਫਤਾ ਲਗਾਤਾਰ ਕਿਸਾਨੀ ਉਪਰ ਕਹਿਰ ਢਾਹ ਰਹੀਆਂ ਹਨ, ਪਰ ਕੇਂਦਰ ਸਰਕਾਰ ਵਲੋਂ ਅੱਜ ਤੱਕ ਕਿਸਾਨੀ ਨੂੰ ਇਸ ਕੁਦਰਤੀ ਮਾਰ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ। ਜੋ ਮੁਆਵਜ਼ਾ ਕੇਂਦਰ ਸਰਕਾਰ ਵੱਲੋਂ ਹੜ ਅਤੇ ਹੋਰ ਕੁਦਰਤੀ ਆਫਤਾਂ ਸਮੇ ਕਿਸਾਨ ਨੂੰ ਦਿੱਤਾ ਜਾਂਦਾ ਹੈ, ਇਹ ਬਿਲਕੁੱਲ ਗੈਰ-ਵਾਜਬ ਅਤੇ ਕਿਸਾਨੀ ਨਾਲ ਭੱਦਾ ਮਜ਼ਾਕ ਹੈ। ਇਹ ਇਕੱਤਰਤਾ ਮੰਗ ਕਰਦੀ ਹੈ ਕਿ ਇਸ ਨੂੰ ਮੌਜੂਦਾ 3600 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤਾ ਜਾਵੇ।

ਇਹ ਇਕੱਤਰਤਾ ਇਹ ਵੀ ਮੰਗ ਕਰਦੀ ਹੈ ਕਿ ਕਿ ਖੇਤੀ ਲਈ ਮਿਲਣ ਵਾਲੇ ਕਰਜੇ ਦੀਆਂ ਵਿਆਜ ਦਰਾਂ ਘਟਾਈਆਂ ਜਾਣ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਕਿਸਾਨੀ ਨੂੰ ਕਰਜੇ ਦੇ ਬੋਝ ਹੇਠੋਂ ਕੱਢਣ ਲਈ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।

ਇਹ ਇਕੱਤਰਤਾ ਇਸ ਗੱਲ ਦੀ ਸਖ਼ਤ ਨਿਖੇਧੀ ਕਰਦੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਕੇਂਦਰ ਸਰਕਾਰ ਵੱਲੋਂ ਬਾਕੀ ਰਾਜਾਂ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਦਿੱਤੇ ਗਏ ਵਿਸੇਸ਼ ਪੈਕੇਜ ਤੋਂ ਬਾਹਰ ਰੱਖਿਆ ਗਿਆ ਹੈ। ਇਥੇ ਇਹ ਵੀ ਬੇਹੱਦ ਨਿੰਦਣਯੋਗ ਹੈ ਕਿ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੀ ਜਾਲਮਾਨਾ ਅਣਗਹਿਲੀ ਕਰਕੇ ਪੰਜਾਬ ਦੇ ਕਿਸਾਨ ਦਾ ਕੇਸ ਕੇਂਦਰ ਸਰਕਾਰ ਕੋਲ ਪੇਸ਼ ਹੀ ਨਹੀਂ ਕੀਤਾ ਗਿਆ। ਜਿਸ ਸਦਕਾ ਪੰਜਾਬ ਇਸ ਵਿਸੇਸ਼ ਪੈਕੇਜ ਤੋਂ ਵਾਂਝਾ ਰਹਿ ਗਿਆ। ਇਹ ਇਕੱਤਰਤਾ ਮੰਗ ਕਰਦੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਵੀ ਇਹ ਵਿਸ਼ੇਸ਼ ਪੈਕੇਜ ਤੁਰੰਤ ਦਿੱਤਾ ਜਾਵੇ।

ਇਹ ਇਕੱਤਰਤਾ ਇਸ ਗੱਲ ਉਪਰ ਦ੍ਰਿੜ ਹੈ ਕਿ ‘ਡਾਈਵਰਸੀਫਿਕੇਸ਼ਨ’ ਸਮੇ ਦੀ ਬਹੁਤ ਵੱਡੀ ਲੋੜ ਹੈ। ਪਰ ਕੇਂਦਰ ਸਰਕਾਰ ਵੱਲੋਂ ਇਸ ਅਹਿਮ ਕਾਰਜ ਲਈ ਸਾਰੇ ਦੇਸ਼ ਲਈ ਬਜਟ ਵਿੱਚ ਰੱਖਿਆ ਗਿਆ ਸਿਰਫ 500 ਕਰੋੜ ਰੁਪਇਆ ਜਿਥੇ ਬਿਲਕੁਲ ਗੈਰ-ਵਾਜਬ ਹੈ, ਉਥੇ ਇਹ ਕੇਂਦਰ ਸਰਕਾਰ ਦੇ ਇਸ ਅਹਿਮ ਮੁੱਦੇ ਉਪਰ ਨਾਕਾਰਤਮਿਕ ਰਵੱਈਏ ਦਾ ਵੀ ਪ੍ਰਤੀਕ ਹੈ। ਅਗਰ ਵਾਕਿਆ ਹੀ ਕੇਂਦਰ ਇਸ ਵਾਸਤੇ ਸੁਹਿਰਦ ਹੈ ਤਾਂ ਇਸ ਵਾਸਤੇ ਪੰਜਾਬ ਨੂੰ ਘੱਟੋ-ਘੱਟ 10,000 ਕਰੋੜ ਦਾ ਵਿਸ਼ੇਸ ਪੈਕੇਜ ਦਿੱਤਾ ਜਾਵੇ।

ਇਹ ਇਕੱਤਰਤਾ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਵਿਸਵਾਸ਼ ਦਿਵਾਉਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਵਿੱਚ ਉਹਨਾਂ ਨਾਲ ਡੱਟ ਕੇ ਖੜਾ ਹੈ ਅਤੇ ਆਪਣੀ ਸਰਕਾਰੀ ਅਤੇ ਜਨਤਕ ਸ਼ਕਤੀ ਦੇ ਜੋਰ ਨਾਲ ਕੇਂਦਰ ਸਰਕਾਰ ਕੋਲੋਂ ਉਹਨਾਂ ਦਾ ਬਣਦਾ ਹੱਕ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੇਗਾ।

ਮਤਾ 4) ਅੱਜ ਦੀ ਇਹ ਇਕੱਤਰਤਾ ਇਸ ਗੱਲ ’ਤੇ ਕੇਂਦਰ ਵਿੱਚ ਬੈਠੀ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਕਿ ਬਹੁਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਲਿਆਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਮੇਂ ਸਮੇਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਦਖ਼ਲ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਕੋਝੇ ਮਜ਼ਾਕ ਕਰ ਰਹੀ ਹੈ। ਅੱਜ ਇਹ 60 ਲੱਖ ਤੋਂ ਵੱਧ ਸਿੱਖ ਵੋਟਰਾਂ ਦੀ ਚੁਣੀ ਹੋਈ ਸੰਸਥਾ ਕਾਂਗਰਸ ਦੀ ਬਦਨੀਤੀ ਸੋਚ ਦੇ ਸਦਕਾ ਅਤਿ ਨਾਜ਼ੁਕ ਹਾਲਾਤਾਂ ਵਿਚੋਂ ਗੁਜਰ ਰਹੀ ਹੈ, ਜਿਸ ਦੀ ਸਿੱਧੀ ਜਿੰਮੇਵਾਰੀ ਦਿੱਲੀ ਵਿਚਲੇ ਕਾਂਗਰਸੀ ਤਾਜਦਾਰਾਂ ’ਤੇ ਜਾਂਦੀ ਹੈ। ਜਿਸ ਤਰੀਕੇ ਕਾਂਗਰਸ ਪਾਰਟੀ ਅਤੇ ਇਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਪਹਿਲਾਂ ਮਾਨਯੋਗ ਹਾਈਕੋਰਟ ਅਤੇ ਫਿਰ ਦੇਸ਼ ਦੀ ਪਾਰਲੀਮੈਂਟ ਨੂੰ ਇਸ ਮੁੱਦੇ ਉਪਰ ਗੁੰਮਰਾਹ ਕੀਤਾ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜੀ ਹੈ।

ਇਹ ਇਕੱਤਰਤਾ ਇਸ ਗੱਲ ’ਤੇ ਦ੍ਰਿੜ ਹੈ ਕਿ ਕਾਂਗਰਸ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਲਈ ਇਸ ਹੱਦ ਤੱਕ ਗਈ ਹੈ ਕਿ ਸੰਨ 1984 ਵਿੱਚ ਇਸ ਨੇ ਇੱਕੋ ਸਮੇਂ ਪੰਜਾਬ ਦੇ ਸਮੁੱਚੇ ਗੁਰਦੁਆਰਾ ਸਹਿਬਾਨ ’ਤੇ ਹਮਲਾ ਕੀਤਾ ਅਤੇ ਉਸ ਸ਼ਰਮਨਾਕ ਅਤੇ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਸਿੱਖਾਂ ਦੇ ਜਾਨ ਤੋਂ ਪਿਆਰੇ ਅਸਥਾਨ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਅਤੇ ਸਰਬਉਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ।

ਇਹ ਇਕੱਤਰਤਾ ਇਸ ਗੱਲ ਦੀ ਵੀ ਨਿੰਦਾ ਕਰਦੀ ਹੈ ਕਿ ਸਿੱਖ ਤੋਂਸ਼ਾਖਾਨਾ ਵਿੱਚੋਂ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਉਸ ਹਮਲੇ ਦੌਰਾਨ ਸਿੱਖ ਵਿਰਾਸਤ ਦਾ ਬਹੁਤ ਵੱਡਾ ਅਮੁੱਲ ਖਜ਼ਾਨਾ ਵੀ ਗਾਇਬ ਕੀਤਾ। ਇਹ ਇਕੱਤਰਤਾ ਦਿੱਲੀ ਦੇ ਕਾਂਗਰਸੀ ਤਾਜਦਾਰਾਂ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੀ ਹੈ ਕਿ ਉਹ ਰਾਜਸੀ ਲਾਹਾ ਲੈਣ ਲਈ ਹਿੰਦੁਸਤਾਨ ਦੀ ਇੱਕ ਘੱਟ ਗਿਣਤੀ ਨਾਲ ਕੋਝਾ ਧਾਰਮਿਕ ਮਜ਼ਾਕ ਨਾ ਕਰਨ ਅਤੇ 1984 ਵਿੱਚ ਕੇਂਦਰ ਸਰਕਾਰ ਵਲੋਂ ਸਿੱਖ ਵਿਰਾਸਤ ਨਾਲ ਸਬੰਧਤ ਵਸਤੂਆਂ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ।

ਅੱਜ ਦੀ ਇਹ ਇਕੱਤਰਤਾ ਇਸ ਗੱਲ ’ਤੇ ਅਤਿਅੰਤ ਦੁਖ ਜਾਹਰ ਕਰਦੀ ਹੈ ਕਿ ਦਿੱਲੀ ਦੀ ਕਾਂਗਰਸ ਪਾਰਟੀ ਅਤੇ ਕਾਂਗਰਸੀ ਸਰਕਾਰ ਨੇ 29 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਹਜਾਰਾਂ ਸਿੱਖਾਂ ਦੇ ਕਾਤਲਾਂ, ਲੁਟੇਰਿਆਂ ਅਤੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਬੁਰੀ ਤਰਾਂ ਬੇਈਮਾਨ ਸੋਚ ਤਹਿਤ ਕੰਮ ਕਰਦਿਆਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਕਾਂਗਰਸ ਪਾਰਟੀ ਨੇ ਉਨ੍ਹਾਂ ਦੋਸ਼ੀਆਂ ਨੂੰ ਉਚ ਅਹੁਦਿਆਂ ’ਤੇ ਬਿਰਾਜਮਾਨ ਕੀਤਾ। ਇਹ ਇਕੱਤਰਤਾ ਮੰਗ ਕਰਦੀ ਹੈ ਕਿ ਇਨ੍ਹਾਂ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕਰਕੇ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ।

ਮਤਾ 5) ਅੱਜ ਦੀ ਇਹ ਇਕੱਤਰਤਾ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਉਤਰਾਚਲ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਲੱਗਣ ਵਾਲੀ ਇੰਡਸਟਰੀ ਨੂੰ ਵਿਸੇਸ਼ ਰਾਹਤਾਂ ਪੰਜਾਬ ਦੀ ਇੰਡਸਟਰੀ ਨੂੰ ਵੀ ਦਿੱਤੀਆਂ ਜਾਣ। ਅਜਿਹਾ ਨਾ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਨਾਲ ਭਾਰੀ ਆਰਥਿਕ ਬੇਇਨਸਾਫੀ ਕੀਤੀ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ, ਜੋ ਕਿ ਸਨਅਤ ਪੱਖੋਂ ਪਹਿਲਾਂ ਹੀ ਬਹੁਤ ਪੱਛੜਿਆ ਹੋਇਆ ਸੀ। ਕੇਂਦਰ ਦੀ ਇਸ ਪੱਖਪਾਤੀ ਨੀਤੀ ਕਾਰਨ ਪੰਜਾਬ ਦੀ ਸਨਅਤ ਨੂੰ ਹੋਰ ਭਾਰੀ ਸੱਟ ਵੱਜੀ ਹੈ।

ਮਤਾ 6) ਸ਼੍ਰੋਮਣੀ ਅਕਾਲੀ ਦਲ ਇਸ ਸਿਧਾਂਤ ਉਪਰ ਦ੍ਰਿੜ ਹੈ ਕਿ ਸੂਬਿਆਂ ਦੀ ਆਰਥਿਕ ਖੁਦ ਮੁਖਤਿਆਰੀ ਅਤੇ ਤਰੱਕੀ ਨਾਲ ਹੀ ਕੇਂਦਰ ਮਜਬੂਤ ਹੋ ਸਕਦਾ ਹੈ। ਦੇਸ਼ ਦਾ ਸੰਵਿਧਾਨ ਫੈਡਰਲ ਲੀਹਾਂ ਪਰ ਅਧਾਰਿਤ ਹੈ। ਸੰਵਿਧਾਨ ਦੇ ਨਿਰਮਾਤਾਵਾਂ ਨੇ ਬਹੁਤ ਸੋਚ ਵਿਚਾਰ ਮਗਰੋਂ ਦੇਸ਼ ਦੀਆਂ ਕੁਝ ਸ਼ਕਤੀਆਂ ਕੇਂਦਰ ਦੇ, ਕੁਝ ਸੂਬਿਆਂ ਦੇ ਅਤੇ ਕੁਝ ਸਾਂਝੀ ਸੂਚੀ ਵਿੱਚ ਰੱਖੀਆਂ ਸਨ ਤਾਂ ਜੋ ਇਹ ਦੇਸ਼ ਮਜਬੂਤ ਹੋ ਕੇ ਅੱਗੇ ਵੱਧ ਸਕੇ। ਪਰ ਸਮੇ-ਸਮੇ ’ਤੇ ਵੱਖ-ਵੱਖ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਕੇਂਦਰੀ ਸਰਕਾਰਾਂ ਵੱਲੋਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਸੀਮਤ ਕਰ ਲੈਣ ਦੀ ਹੋੜ ਲੱਗੀ ਹੋਈ ਹੈ। ਸੂਬਿਆਂ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਪੈ ਚੁੱਕੀ ਹੈ। ਇਸ ਲਈ ਅੱਜ ਦੀ ਇਹ ਇਕੱਤਰਤਾ ਮੰਗ ਕਰਦੀ ਹੈ ਕਿ ਦੇਸ਼ ਦੀ ਮਜ਼ਬੂਤੀ, ਆਰਥਿਕ ਹਾਲਾਤ ਬੇਹਤਰ ਬਣਾਉਣ ਲਈ ਅਤੇ ਸੂਬਿਆਂ ਦੇ ਸਰਵਪੱਖੀ ਵਿਕਾਸ ਲਈ ਸੰਵਿਧਾਨ ਵਿੱਚ ਦਰਜ ਫੈਡਰਲ ਢਾਂਚੇ ਨੂੰ ਸੰਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ।

ਅੱਜ ਦੀ ਇਹ ਇਕੱਤਰਤਾ ਇਸ ਗੱਲ ਉਪਰ ਵੀ ਦ੍ਰਿੜ ਹੈ ਕਿ ਚੰਡੀਗੜ ਪੰਜਾਬ ਦਾ ਅਨਿਖੜਵਾਂ ਅੰਗ ਹੈ ਅਤੇ ਇਸ ਨੂੰ ਤੁਰੰਤ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕੀਤਾ ਜਾਵੇ ਅਤੇ ਜੋ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਹਨ, ਉਹਨਾਂ ਨੂੰ ਪੰਜਾਬ ਵਿੱਚ ਤੁਰੰਤ ਸ਼ਾਮਲ ਕੀਤਾ ਜਾਵੇ। ਅੱਜ ਦੀ ਇਹ ਇਕੱਤਰਤਾ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੀ ਹੈ ਕਿ ਉਹ ਪੰਜਾਬ ਦੇ ਲੰਮੇ ਅਰਸੇ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਪੰਜਾਬੀਆਂ ਦੇ ਤਪਦੇ ਹਿਰਦਿਆਂ ਨੂੰ ਠੰਡ ਪਾਵੇ। ਇਹ ਇਕੱਤਰਤਾ ਸਮੂਹ ਪੰਜਾਬੀਆਂ ਨੂੰ ਵਿਸ਼ਵਾਸ਼ ਦਿਵਾਉਂਦੀ ਹੈ ਕਿ ਜਿੰਨਾ ਚਿਰ ਪੰਜਾਬ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਸ਼੍ਰੋਮਣੀ ਅਕਾਲੀ ਦਲ ਆਪਣੀ ਜੱਦੋ-ਜਹਿਦ ਜਾਰੀ ਰੱਖੇਗਾ।

ਮਤਾ 7) ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਕੇਂਦਰ ਵਿੱਚ ਚੱਲ ਰਹੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀਆਂ ਗਰੀਬ ਤੇ ਕਿਸਾਨ-ਮਾਰੂ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ ਕਾਰਨ ਅੱਜ ਮੁਲਕ ਦਾ ਆਰਥਿਕ ਢਾਂਚਾ ਪੂਰੀ ਤਰਾਂ ਤਹਿਸ-ਨਹਿਸ ਹੋ ਚੁੱਕਾ ਹੈ। ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਆਰਥਿਕ ਭਰੋਸੇਯੋਗਤਾ ਨੀਵਾਣਾਂ ਵੱਲ ਜਾ ਚੁੱਕੀ ਹੈ, ਉਥੇ ਦੇਸ਼ ਦੇ ਅੰਦਰ ਮਹਿੰਗਾਈ, ਬੇਰੋਜਗਾਰੀ ਅਤੇ ਆਰਥਿਕ ਨਾ-ਬਰਾਬਰੀ ਦਾ ਦੌਰ ਹੈ। ਕੌਮਾਂਤਰੀ ਮੰਡੀ ਵਿੱਚ ਭਾਰਤੀ ਕਰੰਸੀ ਲਗਾਤਾਰ ਥੱਲੇ ਵੱਲ ਲੁੜਕ ਰਹੀ ਹੋਣ ਕਾਰਨ ਦੁਨੀਆ ਭਰ ਵਿੱਚ ਦੇਸ਼ ਨੂੰ ਨਮੋਸ਼ੀ ਸਹਿਣੀ ਪੈ ਰਹੀ ਹੈ। ਮੁਲਕ ਦੇ ਆਰਥਿਕ ਹਾਲਾਤ ਪੂਰੀ ਤਰਾਂ ਡਾਂਵਾਂਡੋਲ ਹੋ ਜਾਣ ਕਾਰਨ ਵਿਦੇਸ਼ੀ ਸਰਮਾਇਆ ਲੱਗਣ ਦਾ ਅਮਲ ਪੂਰੀ ਤਰਾਂ ਰੁਕ ਗਿਆ ਹੈ।

ਇਹ ਇਕੱਤਰਤਾ ਇਸ ਗੱਲ ਉਪਰ ਦ੍ਰਿੜ ਹੈ ਕਿ ਜਿੱਥੇ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਆਰਥਿਕ ਮੁਹਾਜ ’ਤੇ ਬੁਰੀ ਤਰਾਂ ਫੇਲ ਹੋਈ ਹੈ, ਉਥੇ ਇਹ ਸਰਕਾਰ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਚੁੱਕੀ ਹੈ। ਕੋਲਾ ਘੁਟਾਲਾ, 2ਜੀ ਸਪੈਕਟ੍ਰਮ ਸਕੈਂਡਲ, ਕਾਮਨਵੈਲਥ ਖੇਡਾਂ ਦਾ ਘੁਟਾਲਾ ਅਤੇ ਹੈਲੀਕਾਪਟਰ ਖਰੀਦ ਘੁਟਾਲਾ ਆਦਿ ਅਜਿਹੇ ਸ਼ਰਮਨਾਕ ਘੁਟਾਲੇ ਹਨ, ਜਿਨਾਂ ਨੇ ਦੇਸ਼ ਦਾ ਸਿਰ ਦੁਨੀਆ ਦੇ ਸਾਹਮਣੇ ਝੁਕਾ ਕੇ ਰੱਖ ਦਿੱਤਾ ਹੈ।

ਇਹ ਇਕੱਤਰਤਾ ਇਸ ਗੱਲ ’ਤੇ ਵੀ ਇਕਮੱਤ ਹੈ ਕਿ ਕੇਂਦਰ ਦੀ ਇਹ ਸਰਕਾਰ ਲੱਕ ਤੋਂੜਵੀਂ ਮਹਿੰਗਾਈ ਲਈ ਵੀ ਸਿੱਧੇ ਤੌਰ ’ਤੇ ਜਿੰਮੇਵਾਰ ਹੈ। ਜਮਾਂਖੋਰਾਂ ਦੀ ਪੁਸ਼ਤਪਨਾਹੀ ਕਰਕੇ ਅਤੇ ਤੇਲ ਕੰਪਨੀਆਂ ਨੂੰ ਫ਼ਾਇਦੇ ਦੇਣ ਲਈ ਲੋਕ ਵਿਰੋਧੀ ਨੀਤੀਆਂ ਅਪਣਾ ਕੇ ਇਸ ਸਰਕਾਰ ਨੇ ਮਹਿੰਗਾਈ ਨੂੰ ਇਸ ਪੱਧਰ ’ਤੇ ਪਹੁੰਚਾ ਦਿੱਤਾ ਹੈ ਕਿ ਅੱਜ ਗਰੀਬ ਵਾਸਤੇ ਦੋ ਵਕਤ ਦਾ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ। ਸਮਾਜ ਦਾ ਹਰ ਵਰਗ ਅੱਜ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਆਰਥਿਕ ਨੀਤੀਆਂ ਦਾ ਸ਼ਿਕਾਰ ਹੈ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਵਪਾਰੀਆਂ ਸਮੇਤ ਸਭ ਲਈ ਹੀ ਜਿਊਣਾ ਔਖਾ ਹੋਇਆ ਪਿਆ ਹੈ।

ਉਪਰੋਕਤ ਤੋਂ ਇਲਾਵਾ ਜੋ ਨਾਜ਼ੁਕ ਹਾਲਤ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀ ਇਸ ਵੇਲੇ ਬਣ ਚੁੱਕੀ ਹੈ, ਉਸ ਤੋਂ ਸਾਰਾ ਦੇਸ਼ ਪੂਰੀ ਤਰਾਂ ਗੰਭੀਰ ਅਤੇ ਚਿੰਤਤ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ਵਾਸ਼ ਹੈ ਕਿ ਨਿਕੰਮੀਆਂ, ਭ੍ਰਿਸ਼ਟ, ਸੋਝੀਹੀਣ, ਦ੍ਰਿਸ਼ਟੀਹੀਣ, ਦਿਸ਼ਾਹੀਣ ਨੀਤੀਆਂ ਤੇ ਬਦਨੀਤੀਆਂ ਦੀ ਮਾਲਕ ਇਸ ਯੂ. ਪੀ. ਏ. ਸਰਕਾਰ ਦੇ ਰਹਿੰਦਿਆਂ ਮੁਲਕ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਇਸ ਸਰਕਾਰ ਦੇ ਹੁੰਦਿਆਂ ਲੋਕ-ਮਾਰੂ ਸਰਕਾਰੀ ਨੀਤੀਆਂ ਵਿੱਚ ਕੋਈ ਹਾਂ-ਪੱਖੀ ਤਬਦੀਲੀ ਦੀ ਆਸ ਰੱਖਣੀ ਫ਼ਜ਼ੂਲ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਐਲਾਨ ਕਰਦਾ ਹੈ ਕਿ ਮੁਲਕ ਨੂੰ ਢਹਿ ਢੇਰੀ ਹੋਣ ਤੋਂ ਬਚਾਉਣ ਲਈ ਜਰੂਰੀ ਹੈ ਕਿ ਇਸ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰੀ ਹਾਰ ਦੇ ਕੇ ਚਲਦਾ ਕੀਤਾ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top