Share on Facebook

Main News Page

ਕੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਅਖੌਤੀ ਦਸਮ ਗ੍ਰੰਥ ਵਿਚ ਦਰਜ ਇੰਨ੍ਹਾਂ ਕਥਿਤ ਆਸ਼ਕਾਂ ਦੀਆਂ ਕਹਾਣੀਆਂ ਦੀ ਸੱਚਾਈ ਬਾਰੇ ਵੀ ਸੰਗਤਾਂ ਨੂੰ ਜਾਗਰੂਕ ਕਰਣ ਦਾ ਬਲ ਵਿਖਾਉਣਗੇ ?
-: ਸ. ਸੁਰਿੰਦਰ ਸਿੰਘ ਫਰੀਦਾਬਾਦ

* ਵਿਰਾਸਤ-ਏ-ਖਾਲਸਾ ਨੂੰ ਸਿੱਖਾਂ ਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ, ਪਰ ਅਖੌਤੀ ਦਸਮ ਗ੍ਰੰਥ ਦਾ ਕੀ ਕਰਾਂਗੇ ?
* ਸੋਹਣੀ-ਮਹੀਵਾਲ, ਹੀਰ ਰਾਂਝਾ, ਸੱਸੀ-ਪੁੰਨੂ ਦਾ ਜ਼ਿਕਰ ਅਤੇ ਧੀਆਂ-ਭੈਣਾਂ ਨੂੰ ਘਰੋਂ ਭੱਜਣ ਦੀ ਟ੍ਰੇਨਿੰਗ ਤਾਂ ਬਚਿੱਤਰ ਨਾਟਕ /ਅਖੌਤੀ ਦਸਮ ਗ੍ਰੰਥ ਵੀ ਦਿੰਦਾ ਹੈ

(ਜਸਪ੍ਰੀਤ ਕੌਰ ਫਰੀਦਾਬਾਦ; 4 ਸਤੰਬਰ 2013)
ਬੀਤੇ ਦਿਨੀਂ ਸਪੋਕਸਮੈਨ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਬਿਆਨ ‘ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੀ ਵਿਰਾਸਤ ਦਰਸਾਉਣ ਵਾਲੇ “ਵਿਰਾਸਤ-ਏ-ਖਾਲਸਾ ਨੂੰ ਸਿੱਖਾਂ ਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਸ ਮਿਉਜ਼ਿਮ ਵਿਚ ਸੋਹਣੀ-ਮਹੀਵਾਲ, ਸੱਸੀ-ਪੁਨੂੰ ਵਰਗੇ ਕਥਿਤ ਆਸ਼ਕਾਂ ਦੀਆਂ ਤਸਵੀਰਾਂ ਗਲਤ ਸੁਨੇਹਾ ਦੇ ਰਹੀਆਂ ਹਨ’ ਦੀ ਭਰਪੂਰ ਸ਼ਲਾਘਾ ਸ. ਸੁਰਿੰਦਰ ਸਿੰਘ ਕੋਆਰਡੀਨੇਟਰ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਨੇ ਕੀਤੀ।

ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਜਿੰਨ੍ਹਾਂ ਕਥਿਤ ਆਸ਼ਕਾਂ ਸੋਹਣੀ-ਮਹੀਵਾਲ, ਹੀਰ ਰਾਂਝਾ, ਸੱਸੀ-ਪੁੰਨੂ ਦਾ ਜ਼ਿਕਰ ਕੀਤਾ ਹੈ ਅਸਲ ਵਿਚ ਉਨ੍ਹਾਂ ਦੇ ਪ੍ਰੇਮ ਪ੍ਰਸੰਗਾਂ ਦਾ ਵਰਣਨ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚ ਅਨੇਕਾਂ ਵਾਰ ਮਿਲਦਾ ਹੈ ਅਤੇ ਅਜਿਹੇ ਅਨੇਕਾਂ ਪ੍ਰਸੰਗਾਂ ਵਿਚ ਗੁਰਮਤਿ ਤੋਂ ਉਲਟ ਸਿੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਵਿਚ ਲਾਈਆਂ ਤਸਵੀਰਾਂ ਅਖੌਤੀ ਦਸਮ ਗ੍ਰੰਥ ਦੀ ਤਰਜ ’ਤੇ ਹੀ ਹਨ ਕਿਉਂਕਿ ਦਸਮ ਗ੍ਰੰਥ ਦੇ ਪੰਨਾ ਨੰ. 942 ਚਰਿਤ੍ਰ 98 ਵਿਚ ਹੀਰ-ਰਾਂਝੇ ਦੀ ਕਹਾਣੀ. ਚਰਿਤ੍ਰ ਨੰ. 101 ਵਿਚ ਸੋਹਣੀ-ਮਹੀਵਾਲ ਦੇ ਇਸ਼ਕ ਦਾ ਕਿੱਸਾ, 108 ਚਰਿਤ੍ਰ ਤੇ ਸੱਸੀ-ਪੁੰਨੂੰ ਦੀ ਕਹਾਣੀ ਜਿਸ ਵਿਚ ਸੱਸੀ ਦੇ ਪਿੰਡ ਦੀਆਂ ਕੁੜੀਆਂ ਨੇ ਪੁੰਨੂੰ ਦੇ ਹੁਸਨ ਬਾਰੇ ਬਿਆਨ ਕਰਦਿਆਂ ਸ਼ਗਨਾਂ ਦੇ ਗੀਤ ਗਾਏ “ਦੇਹਿ ਅਸੀਸ ਕਹੈਂ ਜਗਦੀਸ ਇਹ ਜੋਰੀ ਜਿਯੋ ਜੁਗ ਚਾਰਿ ਤਿਹਾਰੀ” ਅਤੇ ਇਸੇ ਪੰਗਤੀ ਨੂੰ ਸਿੱਖਾਂ ਦੇ ਅਨੰਦ ਕਾਰਜ ਮੌਕੇ ਬੜੀ ਸ਼ਾਨ ਨਾਲ ਰਾਗੀਆਂ ਪਾਸੋਂ ਸੁਣਿਆ ਜਾ ਸਕਦਾ ਹੈ , ਇਸੇ ਕਹਾਣੀ ਦੇ ਅਗਲੇ ਹਿੱਸੇ ਚਰਿਤ੍ਰ 109 ਵਿਚ ਪਾਨ ਤੇ ਬੀੜੀ ਖਾਣ ਨੂੰ ਹੱਲਾਸ਼ੇਰੀ ਦਿਤੀ ਗਈ ਹੈ ਜਦ ਕਿ ਸਿੱਖ ਧਰਮ ਵਿਚ ਪਾਨ ਤੇ ਹੋਰ ਨਸ਼ੇ ਕਰਨ ਦੀ ਸਖਤ ਮਨਾਹੀ ਹੈ।

ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਤਾਂ ਉਨ੍ਹਾਂ ਕਥਿਤ ਆਸ਼ਕਾਂ ਦਾ ਜ਼ਿਕਰ ਹੈ ਜਿਸ ਦਾ ਵਰਣਨ ਭਾਈ ਰਣਜੀਤ ਸਿੰਘ ਨੇ ਵੀਡੀਉ ਵਿਚ ਕੀਤਾ ਹੈ, ਜਦਕਿ ਬਚਿਤਰ ਨਾਟਕ ਦਸਮ ਗ੍ਰੰਥ ਤਾਂ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਨਾਲ ਭਰਿਆ ਪਿਆ ਹੈ ਜਿਸ ਨੂੰ ਧੀਆਂ-ਭੈਣਾਂ ਸਾਹਮਣੇ ਬੈਠ ਕੇ ਵੀ ਨਹੀਂ ਪੜਿਆ ਜਾ ਸਕਦਾ ਪਰ ਸ਼ਾਬਾਸ਼ ਉਨ੍ਹਾਂ ਮਰੀਆਂ ਹੋਈਆਂ ਜ਼ਮੀਰਾਂ ਵਾਲਿਆਂ ’ਤੇ ਜੋ ਭੋਲੀ ਭਾਲੀ ਸਿੱਖ ਸੰਗਤਾਂ ਵਿਚ ਇੰਨ੍ਹਾਂ ਅਸ਼ਲੀਲ ਕਹਾਣੀਆਂ ਦਾ ਰਚੈਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਦੇ ਸ਼ਬਦ “ਜੇ ਸਾਡੀ ਕੋਈ ਧੀ ਹੀਰ ਬਣੇ ਅਤੇ ਸਾਡਾ ਪੁੱਤਰ ਰਾਂਝੇ ਵਾਲੇ ਕੰਮ ਕਰੇ ਤਾਂ ਅਸੀਂ ਤੜਫਦੇ ਕਿਉਂ ਹਾਂ ? ਅਤੇ ਹੋਰ ਸੂਬਿਆਂ ਤੇ ਗੈਰ ਸਿੱਖ ਸ਼ਰਧਾਲੂ ਵਿਰਾਸਤ-ਏ-ਖਾਲਸਾ ਤੋਂ ਸਿੱਖ ਵਿਰਾਸਤ ਬਾਰੇ ਕੀ ਜਾਣਕਾਰੀ ਹਾਸਲ ਕਰੇਗਾ?

ਇਕ ਦਮ ਦਲੀਲ ਨਾਲ ਭਰਪੂਰ ਗੱਲ ਹੈ ਪਰ ਕੀ ਭਾਈ ਜੀ ਦੀ ਇਹ ਦਲੀਲ ਅਤੇ ਪ੍ਰਚਾਰ ਕੇਵਲ ਵਿਰਾਸਤ-ਏ-ਖਾਲਸਾ ਮਿਉਜ਼ਿਮ ਪ੍ਰਤੀ ਹੀ ਹੈ ? ਬਚਿਤਰ ਨਾਟਕ/ ਅਖੌਤੀ ਦਸਮ ਗ੍ਰੰਥ ਵਿਚ ਦਰਜ ਅਸ਼ਲੀਲ ਕਹਾਣੀਆਂ ਜੋ ਮਾਂ-ਪਿਉ ਨੂੰ ਧੋਖਾ ਦੇ ਕੇ ਧੀਆਂ-ਭੈਣਾਂ ਨੂੰ ਘਰੋਂ ਭੱਜਣ ਦੀ ਸਿੱਖਿਆ ਅਤੇ ਹੀਰ-ਰਾਂਝੇ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ ਵਰਗੇ ਕਥਿਤ ਆਸ਼ਕ ਬਣਨ ਦੀਆਂ ਸਿੱਖਿਆਵਾਂ ਕੀ ਸੁਨੇਹਾ ਦੇ ਰਹੀਆਂ ਹਨ ਅਤੇ ਪੰਜਾਬ ਤੋਂ ਬਾਹਰਲੇ ਤਖ਼ਤਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਗ੍ਰੰਥ ਦਾ ਪ੍ਰਕਾਸ਼ ਕਰ ਕੇ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ। ਜੇ ਆਸ਼ਕਾਂ ਦੀਆਂ ਤਸਵੀਰਾਂ ਨਵੀਂ ਪੀੜੀ ਨੂੰ ਕੁਰਾਹੇ ਪਾ ਸਕਦੀਆਂ ਹਨ ਤਾਂ ਇਸ ਗ੍ਰੰਥ ਵਿਚ ਦਰਜ ਅਨੇਕਾਂ ਕਹਾਣੀਆਂ ਦਾ ਨਵੀਂ ਪੀੜੀ ’ਤੇ ਕੀ ਅਸਰ ਪਵੇਗਾ? ਕੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਸਮ ਗ੍ਰੰਥ ਵਿਚ ਦਰਜ ਇੰਨ੍ਹਾਂ ਕਥਿਤ ਆਸ਼ਕਾਂ ਦੀਆਂ ਕਹਾਣੀਆਂ ਦੀ ਸੱਚਾਈ ਬਾਰੇ ਵੀ ਸੰਗਤਾਂ ਨੂੰ ਜਾਗਰੂਕ ਕਰਣ ਦੀ ਹਿੰਮਤ ਵਿਖਾਉਣਗੇ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top