6 ਸਤੰਬਰ, 2013 ਨੂੰ ਗਿਆਨੀ ਦਿੱਤ ਸਿੰਘ ਜੀ ਨੂੰ ਇਸ ਸੰਸਾਰ ਤੋਂ
ਕੂਚ ਕੀਤਿਆਂ 112 ਵਰ੍ਹੇ ਹੋ ਗਏ ਹਨ। ਇਹ ਉਹ ਮਹਾਨ ਸ਼ਖਸੀਅਤ ਸੀ, ਜਿਸ ਦੀ ਗਰਜ ਨੇ ਸਾਧੂ
ਦਯਾਨੰਦ ਨੂੰ ਦੰਦਲਾਂ ਪਾ ਦਿਤੀਆਂ ਤੇ ਇਸਾਈ ਪ੍ਰਚਾਰਕ ਆਪਣੀ ਬਾਈਬਲ ਨੂੰ ਕੱਛੇ ਮਾਰ ਰਾਹੇ
ਪਏ ਸਨ ਅਤੇ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਕਾਬਜ਼ ਸੋਢੀ-ਬੇਦੀ ਬਾਬੇ, ਮਹੰਤਾਂ ਨੂੰ ਕੌਮ
ਦੀ ਕਚਿਹਰੀ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਧਾਰਮਿਕ ਬੁਰਕਾ ਲੀਰੋ-ਲੀਰ ਕਰ ਦਿੱਤਾ ਅਤੇ
ਦਰਬਾਰ ਸਾਹਿਬ ਵਿੱਚ ਕੀਤੇ ਜਾ ਰਹੇ ਪਾਖੰਡ, ਕਰਮ-ਕਾਂਡ, ਮੂਰਤੀ ਪੂਜਕਾਂ ਨੂੰ
ਧੌਣੋਂ ਫੜ
ਕੇ ਬਾਹਰ ਸੁੱਟ ਦਿਤਾ ਸੀ।
ਸਿੰਘ ਸਭਾ ਲਹਿਰ ਦੇ ਬਾਨੀ ਨੂੰ ਅੱਜ ਗੁਰਦੁਆਰਿਆਂ ਦੀਆਂ ਸਟੇਜਾਂ
ਤੋਂ ਜਾਂ ਘਰਾਂ ਦੀ ਰੌਣਕਾਂ ਵਿੱਚ ਯਾਦ ਕੀਤਾ ਜਾਣਾ ਚਾਹੀਦਾ ਸੀ, ਪਰ ਅਫਸੋਸ ਸਾਨੂੰ
ਬਹੁਤਿਆਂ ਬਾਬਿਆਂ ਦੀਆਂ ਬਰਸੀਆਂ ਵਿੱਚ ਉਲਝਾ ਦਿੱਤਾ ਗਿਆ ਹੈ। ਉਲਝਣਾ ਚੋਂ ਨਿਕਲ ਕੇ ਆਓ
ਵੇਖੀਏ, ਕੌਣ ਸੀ ਗਿਆਨੀ ਦਿੱਤ ਸਿੰਘ?
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਕਲੌੜ,
ਉਸ ਸਮੇਂ ਦੀ ਰਿਆਸਤ ਪਟਿਆਲਾ, ਹੁਣ ਜ਼ਿਲਾ ਫਤਿਹਗੜ ਸਾਹਿਬ ਵਿੱਚ ਮਾਤਾ ਰਾਮ ਕੌਰ ਜੀ ਦੀ
ਕੁੱਖੋਂ ਹੋਇਆ।
ਗਿ. ਦਿੱਤ ਸਿੰਘ ਜੀ ਅਤੇ ਪ੍ਰੋ. ਗੁਰਮੁੱਖ ਸਿੰਘ ਜੀ ਨੇ ਜਿਸ ਵੇਲੇ
ਸਿੱਖੀ ਸਿਧਾਤਾਂ ਦਾ ਬਿਗਲ ਵਜਾਇਆ ਉਸ ਵੇਲੇ ਸਿੱਖਾਂ ਦੀ ਆਬਾਦੀ ਕੇਵਲ 18 ਲੱਖ 70 ਹਜਾਰ
ਹੀ ਰਹਿ ਗਈ ਸੀ ਤੇ ਅਖਬਾਰਾਂ ਦੀ ਭਵਿਖਬਾਣੀ ਪੁਕਾਰ-ਪੁਕਾਰ ਕੇ ਇਹ ਕਹਿ ਰਹੀ ਸੀ ਕਿ ਸਿੱਖ
ਬੱਸ ਹੋਣ 25 ਸਾਲਾ ਦੇ ਮਹਿਮਾਨ ਨੇ, ਉਸਤੋਂ ਬਾਦ ਸਿੱਖਾਂ ਦੇ ਦਰਸ਼ਨ ਕੇਵਲ ਅਜਾਇਬ ਘਰਾਂ
ਵਿੱਚ ਹੀ ਹੋਇਆ ਕਰਣਗੇ। ਉਸ ਵਖ਼ਤ ਇਨ੍ਹਾਂ ਕੌਮੀ ਮਰਜੀਵੜੇਆਂ ਨੇ ਹੱਥ ਤੇ ਹੱਥ ਧਰਕੇ ਇਹ
ਕਹਿ ਕੇ ਜਾਨ ਨਹੀਂ ਸੀ ਛੁਡਾਈ ਕਿ ਗੁਰੂ ਦਾ ਤਿਆਰ ਕੀਤਾ ਖਾਲਸਾ ਕੌਣ ਖ਼ਤਮ ਕਰ ਸਕਦਾ ਹੈ,
ਇਸਨੂੰ ਮੁਕਾਉਣ ਵਾਲੇ ਦੁਸ਼ਮਣ ਆਪੇ ਹੀ ਮੁੱਕ ਜਾਣਗੇ, ਗੁਰੂ ਆਪੇ ਆ ਕੇ ਇਨ੍ਹਾਂ ਦੀ ਬਹੁੜੀ
ਕਰੇਗਾ ਵਗੈਰਾ ਵਗੈਰਾ..। ਆਪਣੀ ਜੁੰਮੇਵਾਰੀ ਸਮਝਦਿਆਂ ਇਨ੍ਹਾਂ ਸਿਰੜੀ ਸਿੱਖਾਂ ਨੇ
ਦਿਨ-ਰਾਤ ਇੱਕ ਕਰਕੇ ਸੁੱਤੀ ਕੌਮ ਨੂੰ ਜਗਾਉਣ ਦੇ ਹਿੱਲੇ-ਵਸੀਲੇ ਕੀਤੇ। ਸਕੂਲ ਦਾ ਮੂੰਹ
ਵੀ ਨਾ ਵੇਖਣ ਵਾਲੇ ਨੇ ਕੌਮ ਦੀ ਝੋਲ਼ੀ ਵਿੱਚ 72 ਕਿਤਾਬਾਂ ਆਪਣੇ ਹੱਥੀਂ ਲਿੱਖ ਕੇ ਪਾਈਆਂ
ਅਤੇ ਅਖ਼ਬਾਰਾਂ ਰਾਹੀਂ ਕੌਮੀ ਚੁਣੋਤੀਆਂ ਦੇ ਜਵਾਬ ਵੱਜੋਂ ਅਨੇਕਾਂ ਹੀ ਲੇਖ ਲਿਖਕੇ ਕੌਮ
ਨੂੰ ਹਲੂਣਿਆ।
ਦੂਜੇ ਪਾਸੇ ਪੰਡਤ, ਜੋਤਸ਼ੀ, ਮਹੰਤ ਤੇ ਸੋਢੀ ਬੇਦੀ ਗੁਰਦੁਆਰਿਆਂ
ਵਿੱਚ ਵਹਿਮਾਂ-ਭਰਮਾਂ, ਕਰਮਕਾਂਡਾਂ ਦਾ ਜਾਲ ਪਸਾਰੀ ਬੈਠੇ ਸਨ, ਜਿਸਦੇ ਨਤੀਜਨ ਦਰਬਾਰ
ਸਾਹਿਬ ਦੀ ਹਦੂਦ ਵਿੱਚ ਮੂਰਤੀਆਂ ਤੱਕ ਆਣ ਵੜੀਆਂ। ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ “ਸਿੰਘ
ਬੁੱਕੇ ਮ੍ਰਿਗਾਵਲੀ ਭੰਨੀ ਜਾਏ ਨ ਧੀਰ ਧਰੋਆ” ਨੂੰ ਸਿੱਧ ਕਰ ਵਖਾਇਆ ਤੇ ਕੌਮ ਨੂੰ
ਸੰਮੇ ਦੇ ਲੁਟੇਰੇ ਪੁਜਾਰੀਆਂ ਦੇ ਸੰਗਲੋਂ ਆਜਾਦ ਕਰਾ ਲਿਆ। ਉਸ ਵੇਲੇ ਗੁਰੂਧਾਮਾਂ ਤੇ
ਕਾਬਜ ਪੁਜਾਰੀਆਂ ਨੇ ਇਨ੍ਹਾਂ ਮਰਜੀਵੀੜਆਂ ਨੂੰ ਆਪਣੇ ਬਣਾਏ ਪੰਥ ਵਿੱਚੋਂ ਛੇਕ ਦਿੱਤਾ।
ਇੱਕ ਗਲ ਚੇਤੇ ਰਖਣ ਵਾਲੀ ਹੈ ਜੇਕਰ ਉਸ ਵਖ਼ਤ ਗਿ.ਦਿੱਤ ਸਿੰਘ ਅਤੇ
ਪ੍ਰੋ.ਗੁਰਮੁਖ ਸਿੰਘ ਵਰਗੇ ਮੈਦਾਨ ਵਿੱਚ ਨਾ ਨਿਤਰਦੇ ਤਾਂ ਹੋ ਸਕਦਾ ਸੀ, ਕਿ ਅੱਜ ਕੌਮ ਦੇ
ਅਤੇ ਗੁਰਦੁਆਰਿਆਂ ਦੇ ਜੋ ਹਾਲਾਤ ਨਜ਼ਰ ਆ ਰਹੇ ਹਨ ਇਸਤੋਂ ਭੀ ਬੱਤਰ ਹੋਣੇ ਸਨ। ਕੋਈ ਇਸ
ਭਲੇਖੇ ਵਿੱਚ ਨਾ ਰਵੇ ਕਿ ਅੱਜ ਗੁਰਮਤਿ ਦੀ ਆਵਾਜ ਨੂੰ ਬੁਲੰਦ ਕਰਣ ਵਾਲੇ ਪੁਜਾਰੀਆਂ ਦੇ
ਬਣਾਏ ਪੰਥ ਚੋਂ ਛੇਕੇ ਗਏ ਗਿ.ਦਿੱਤ ਸਿੰਘ ਤੇ ਪ੍ਰੋ. ਗੁਰਮੁੱਖ ਸਿੰਘ ਵਰਗੇ ਕੌਮ ਕੋਲ
ਮਰਜੀਵੜੇਆਂ ਦੀ ਘਾਟ ਹੈ, ਨਹੀਂ!
ਪ੍ਰੋ. ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਅਨੇਕਾਂ ਹੀ
ਗੁਰਮਤਿ ਸਿਧਾਤਾਂ ਤੇ ਪਹਿਰਾ ਦੇਣ ਵਾਲੇ ਸਿਰੜੀ ਸਿੱਖ ਅੱਜ ਵੀ ਹਨ, ਪਰ ਬਦਕਿਸਮਤੀ ਸਾਡੀ
ਕੌਮ ਦੀ, ਜੋ ਪੁਜਾਰੀਆਂ ਨੂੰ ਗੁਰੂ ਤੋਂ ਵੱਧ ਤੇ ਪੁਜਾਰੀਆਂ ਦੇ ਬਣਾਏ ਪੰਥ ਨੂੰ ਤਾਂ ਪੰਥ
ਮੰਨਦੀ ਹੈ, ਪਰ ਗੁਰੂ ਸਾਹਿਬ ਵੱਲੋਂ ਬਖਸ਼ੇ ਇੱਕ ਗ੍ਰੰਥ (ਕੇਵਲ ਗੁਰੂ ਗ੍ਰੰਥ ਸਾਹਿਬ ਜੀ)
ਦੇ ਖ਼ਾਲਸਾ ਪੰਥ ਨੂੰ ਨਹੀਂ ਮੰਨਦੀ।