ਗੁਰਸਿੱਖ ਫੈਮਲੀ ਕਲੱਬ ਨੇ ਕਰਵਾਇਆ ਸ਼ਬਦ ਵੀਚਾਰ ਮੁਕਾਬਲਾ

* ਪਹਿਲੇ ਗਰੁੱਪ ਚੋਂ ਹਰਨੂਰ ਸਿੰਘ ਤੇ ਦੂਜੇ ਗਰੁੱਪ ਚੋਂ ਕੁਲਵੰਤ ਕੌਰ ਰਹੇ ਜੇਤੂ

ਨੌਜਵਾਨ ਪੀੜ੍ਹੀ ਨੂੰ ਗੁਰਮਤਿ, ਇਤਿਹਾਸ ਤੇ ਸਿੱਖ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਤੇ ਰੋਚਕਮਈ ਢੰਗ ਨਾਲ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਗੁਰਸਿੱਖ ਫੈਮਲੀ ਕਲੱਬ (ਰਜਿ.) ਵੱਲੋਂ ਮਾਸਿਕ ਗੁਰਮਤਿ ਸਮਾਗਮ ਸਥਾਨਕ ਸੈਲੀਬਰੇਸ਼ਨ ਪਲਾਜ਼ਾ, ਦਾਨਾ ਮੰਡੀ ਵਿਖੇ ਕਰਵਾਇਆ । ਜਿਸ ਵਿਚ ਕਲੱਬ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਤੇ ਸਮਾਗਮ ਨੂੰ ਸਫਲਾ ਬਣਾਇਆ ਤੇ ਗੁਰਮਤਿ ਗਿਆਨ ਵਿਚ ਵਾਧਾ ਕੀਤਾ।

ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਅਰੰਭਤਾ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ ਤੇ ਪ੍ਰੀਤ ਮਹਿੰਦਰ ਸਿੰਘ-ਸਰਕਲ ਇੰਚਾਰਜ ਬਸੰਤ ਐਵਿਨੀਊ ਨੇ ਸਮਾਗਮ ਦੇ ਅਰੰਭਤਾ ਦੀ ਅਰਦਾਸ ਕੀਤੀ । ਬੱਚਿਆਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਕ ਮਿੰਟ ਦੀਆਂ ਖੇਡਾਂ ਬੀਬੀ ਹਰਪ੍ਰੀਤ ਕੌਰ ਵਲੋਂ ਕਰਵਾਈਆਂ ਗਈਆਂ ਜਿਸ ਵਿਚ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਸ਼ਿਰਕਤ ਕੀਤੀ ਤੇ ਮੌਕੇ ਤੇ ਆਕਰਸ਼ਕ ਇਨਾਮ ਪ੍ਰਾਪਤ ਕੀਤੇ । ਇਸ ਦੌਰਾਨ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਮਲਟੀਮੀਡੀਆ ਢੰਗ ਰਾਂਹੀ ਗੁਰਸੇਵਕ ਸਿੰਘ ਮਦਰੱਸਾ ਵਲੋਂ ਦਿੱਤੀ ਗਈ । ਸਟੇਚ ਸੰਚਾਲਕ ਦੀ ਭੂਮਿਕਾ ਪ੍ਰਭਜੋਤ ਸਿੰਘ- ਸਕੱਤਰ ਨੇ ਨਿਭਾਈ ਤੇ ਕਲੱਬ ਵਲੋਂ ਚੱਲ ਰਹੇ ਗੁਰਮਤਿ ਕਾਰਜਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। 

ਸਮਾਗਮ ਦਾ ਵਿਸੇਸ਼ ਆਕਰਸ਼ਨ ਸੇਵਾ ਵਿਸ਼ੇ ਤੇ ਹੋਇਆ ‘ਸ਼ਬਦ ਵੀਚਾਰ ਮੁਕਾਬਲੇ’ ਸੀ । ਜਿਸ ਵਿਚ ਦੋ ਗਰੁੱਪ ਰਾਂਹੀ ਅਨੇਕਾਂ ਪ੍ਰਤਿਯੋਗੀਆਂ ਨੇ ਸ਼ਮੂਲੀਅਤ ਕੀਤੀ ਤੇ 5 ਤੋਂ 7 ਮਿੰਟ ਦੇ ਸਮੇਂ ਵਿਚ ਸੇਵਾ ਵਿਸ਼ੇ ਤੇ ਵੀਚਾਰ ਸਾਂਝੇ ਕੀਤੇ । ਮੁਕਾਬਲੇ ਤੋਂ ਬਾਅਦ ਪਹਿਲੇ ਗਰੁੱਪ ਚੋਂ ਪਹਿਲਾ ਸਥਾਨ ਹਰਨੂਰ ਸਿੰਘ ਤੇ ਦੂਜੇ ਗਰੁੱਪ ਚੋਂ ਪਹਿਲਾ ਸਥਾਨ ਕੁਲਵੰਤ ਕੌਰ ਨੇ ਹਾਂਸਲ ਕੀਤਾ । ਬੀਬਾ ਮਨਦੀਪ ਕੌਰ, ਰਸਪ੍ਰੀਤ ਕੌਰ, ਰਮਿੰਦਰ ਕੌਰ ਨੇ ਕ੍ਰਮਵਾਰ ਦੂਜਾ, ਤੀਜਾ ਤੇ ਹੌਂਸਲਾ ਵਧਾਊ ਇਨਾਮ ਪ੍ਰਾਪਤ ਕੀਤੇ । ਜੱਜਾਂ ਦੀ ਭੂਮਿਕਾ ਗਿਆਨੀ ਪ੍ਰਭਦਿਆਲ ਸਿੰਘ ਤੇ ਗਿਆਨੀ ਜਸਬੀਰ ਸਿੰਘ-ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ ਦੇ ਪ੍ਰਚਾਰਕਾਂ ਨੇ ਨਿਭਾਈ।

ਸਰੀਰਕ ਅਰੋਗਤਾ ਲਈ ਡਾ: ਕੰਵਲਜੀਤ ਸਿੰਘ ਨੇ ਗਿਆਨ ਵਰਧਕ ਵੀਚਾਰ ਸਾਂਝੇ ਕਰਦਿਆਂ  ਭੋਜਨ, ਰਹਿਣ-ਸਹਿਣ ਬਾਰੇ ਕੀਮਤੀ ਨੁਕਤੇ ਦੱਸੇ । ਜਿਸਦਾ ਸੰਗਤ ਨੇ ਭਰਪੂਰ ਲਾਭ ਲਿਆ । ਸਮਾਗਮ ਦੇ ਅੰਤ ਵਿਚ ਜੇਤੂਆਂ ਤੇ ਮਹਿਮਾਨਾਂ ਨੂੰ ਕਲੱਬ ਵਲੋਂ ਇਨਾਮ ਅਮਨਪ੍ਰੀਤ ਸਿੰਘ-ਮੈਨੇਜਿੰਗ ਡਾਇਰੈਕਟਰ, ਅਰਵਿੰਦਰ ਸਿੰਘ ਖਾਲਸਾ- ਜਨ ਸਕੱਤਰ, ਸੁਖਜਿੰਦਰ ਸਿੰਘ ਚਾਕਰ ਨੇ ਦਿੱਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਪ੍ਰੀਤ ਮਹਿੰਦਰ ਸਿੰਘ, ਇਕਬਾਲ ਸਿੰਘ, ਦਵਿੰਦਰਬੀਰ ਸਿੰਘ, ਸੁਰਿੰਦਰਪਾਲ ਸਿੰਘ, ਡਾ: ਗੁਰਪ੍ਰੀਤ ਸਿੰਘ, ਤਜਿੰਦਰ ਕੌਰ, ਅਵਨੀਸ਼ ਕੌਰ ਨੇ ਵੱਖ ਵੱਖ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫਲਾ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ।