Share on Facebook

Main News Page

ਲੰਗਰ ਕਿ ਰੋਟੀ
-: ਨਿਰਮਲ ਸਿੰਘ ਕੰਧਾਲਵੀ

ਬਲਬੀਰ ਨੂੰ ਇੰਗਲੈਂਡ ਤੋਂ ਆਏ ਨੂੰ ਦੋ ਹਫ਼ਤੇ ਹੋ ਗਏ ਸਨ।ਇਕ ਹਫ਼ਤਾ ਪਿੰਡ ਰਹਿ ਕੇ ਉਹ ਹਫ਼ਤੇ ਕੁ ਲਈ ਬੰਗਲੌਰ ਵਲ ਚਲਿਆ ਗਿਆ ਤੇ ਅੱਜ ਹੀ ਵਾਪਿਸ ਮੁੜਿਆ ਸੀ। ਉਹ ਰਾਤ ਦੇਰ ਹੋਏ ਘਰ ਪਹੁੰਚਾ। ਸਪੀਕਰ ਦੀ ਆਵਾਜ਼ ਸੁਣ ਕੇ ਉਸ ਨੇ ਘਰ ਦਿਆਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਲੰਬੜਾਂ ਦਾ ਮੁੰਡਾ ਪਰਿਵਾਰ ਸਮੇਤ ਕੈਨੇਡਾ ਤੋਂ ਆਇਆ ਹੋਇਆ ਹੈ ਤੇ ਉਨ੍ਹਾਂ ਦੇ ਘਰੇ ਅਖੰਡ ਪਾਠ ਰੱਖਿਆ ਹੋਇਆ ਹੈ। ਬਲਬੀਰ ਦੀ ਮਾਂ ਬੋਲੀ, “ਪੁੱਤ, ਆਪਾਂ ਨੂੰ ਵੀ ਸੱਦਾ ਪੱਤਰ ਆਇਆ ਹੋਇਐ, ਹੁਣ ਆਰਾਮ ਕਰ, ਸਵੇਰੇ ਉਨ੍ਹਾਂ ਦੇ ਘਰੇ ਭੋਗ ‘ਤੇ ਵੀ ਜਾਣੈ”।

ਸਵੇਰੇ ਜਦੋਂ ਉਹ ਅਖੰਡ ਪਾਠ ਵਾਲ਼ੇ ਘਰ ਪਹੁੰਚਾ ਤਾਂ ਗੇਟ ਦੇ ਕੋਲ਼ ਹੀ ਕਨਾਤਾਂ ਲਾ ਕੇ ਉਹਲਾ ਕੀਤਾ ਹੋਇਆ ਸੀ। ਇਕ ਪਾਸਿਉਂ ਕਨਾਤ ਥੋੜ੍ਹੀ ਜਿਹੀ ਖੁੱਲ੍ਹੀ ਸੀ, ਉਹਨੇ ਦੇਖਿਆ ਕਿ ਸਾਹਮਣੇ ਝਿਊਰਾਂ ਦਾ ਮੱਘਰ ਭੱਠੀ ਕੋਲ਼ ਬੈਠਾ ਸੀ। ਮੱਘਰ ਨੇ ਵੀ ਉਹਨੂੰ ਦੇਖ ਲਿਆ ਸੀ। ਮੱਘਰ ਨੂੰ ਸਤਿ ਸ੍ਰੀ ਅਕਾਲ ਕਹਿਣ ਲਈ ਬਲਬੀਰ ਕਨਾਤ ਦੇ ਅੰਦਰ ਵੜ ਗਿਆ। ਉਹ ਦੋਵੇਂ ਪੰਜਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ। ਮੱਘਰ ਦੇ ਕੋਲ਼ ਹੀ ਸ਼ਰਾਬ ਦਾ ਗਿਲਾਸ ਪਿਆ ਸੀ। ਦੋ ਭੱਠੀਆਂ ਹੋਰ ਸਨ ਤੇ ਉਨ੍ਹਾਂ ‘ਤੇ ਦੋ ਹੋਰ ਹਲਵਾਈ ਬੈਠੇ ਸਨ ਤੇ ਉਨ੍ਹਾਂ ਦੇ ਕੋਲ਼ ਵੀ ਸ਼ਰਾਬ ਦੇ ਗਿਲਾਸ ਰੱਖੇ ਹੋਏ ਸਨ। ਬਲਬੀਰ ਰਾਜੀ ਖੁਸ਼ੀ ਪੁੱਛ ਕੇ ਪਾਠ ਵਾਲ਼ੇ ਕਮਰੇ ਵਲ ਨੂੰ ਤੁਰ ਪਿਆ। ਬਾਹਰ ਜੋੜਿਆਂ ਵਿਚ ਹੀ ਉਹਦੀ ਮੁਲਾਕਾਤ ਗੁਰਦੁਆਰੇ ਦੇ ਭਾਈ ਅਤੇ ਕੈਨੇਡੀਅਨ ਦੇ ਛੋਟੇ ਭਰਾ ਮੋਹਣ ਨਾਲ਼ ਹੋ ਗਈ।

ਭਾਈ ਜੀ ਬੋਲੇ, “ਲਉ ਜੀ, ਆਹ ਵਧੀਆ ਗੱਲ ਹੋਈ ਸਰਦਾਰ ਬਲਬੀਰ ਸਿਉਂ ਹੋਰੀਂ ਵੀ ਆ ਗਏ। ਅੱਜ ਇਨ੍ਹਾਂ ਦੇ ਬਚਨ ਬਿਲਾਸ ਵੀ ਸੁਣਾਂਗੇ। ਮੈਂ ਤੇ ਮੋਹਣ ਸਿਉਂ ਦੀਵਾਨ ਸਜਾਉਣ ਬਾਰੇ ਹੀ ਵਿਚਾਰਾਂ ਕਰਨ ਲਈ ਬਾਹਰ ਆਏ ਸਾਂ”।

ਮੋਹਣ ਬੋਲਿਆ, “ਭਾਈ ਜੀ, ਰਾਗੀ ਜਥੇ ਨੂੰ ਦੇਣਾ ਸਿਰਫ਼ ਅੱਧਾ ਘੰਟਾ, ਤੇ ਬਲਬੀਰ ਸਿੰਘ ਹੋਰਾਂ ਨੂੰ ਦਸ ਮਿੰਟ, ਤੁਹਾਨੂੰ ਪਤਾ ਈ ਐ ਪ੍ਰਾਹੁਣੇ ਦੂਰੋਂ ਦੂਰੋਂ ਆਏ ਹੋਏ ਐ। ਰਾਗੀਆਂ ਦਾ ਘਾਟਾ ਮੈਂ ਪੂਰਾ ਕਰ ਦਊਂ, ਹੋਰ ਪੰਜ ਸੌ ਵਾਧੂ ਰੱਖ ਦਊਂ ਵਾਜੇ ‘ਤੇ”।

“ਜਿਵੇਂ ਤੁਹਾਡੀ ਖ਼ੁਸ਼ੀ” ਭਾਈ ਜੀ ਨੇ ਕਿਹਾ ਤੇ ਉਹ ਤਿੰਨੇ ਅੰਦਰ ਚਲੇ ਗਏ।

ਰਾਗੀ ਸਿੰਘਾਂ ਨੇ ਪਰਿਵਾਰ ਦੀ ਉਸਤਤੀ ਕਰਨ ਲਗਿਆਂ ਇਹ ਵੀ ਨਾ ਸੋਚਿਆ ਕਿ ਉਹ ਇਹ ਸਾਰਾ ਝੂਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਕਹਿ ਰਹੇ ਹਨ। ਪਿੰਡ ਰਹਿੰਦਾ ਭਰਾ ਮੋਹਣ ਪੱਕਾ ਨਸ਼ੇੜੀ, ਹਰੇਕ ਨਾਲ਼ ਲੜਨ ਝਗੜਨ ਵਾਲ਼ਾ ਤੇ ਗੱਲ ਗੱਲ ‘ਤੇ ਗਾਲ੍ਹਾਂ ਕੱਢਣ ਵਾਲ਼ਾ ਅਵੈੜ ਸੀ, ਪਰ ਰਾਗੀ ਸਿੰਘਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਉਹਨੂੰ ਅੱਜ ਰਾਜਾ ਹਰੀਸ਼ਚੰਦਰ ਬਣਾ ਕੇ ਹੀ ਸਾਹ ਲੈਣਾ ਹੈ। ਮੋਹਣ ਦੀ ਨਿਗਾਹ ਵਾਰ ਵਾਰ ਘੜੀ ਵਲ ਜਾਂਦੀ ਸੀ। ਜਦੋਂ ਰਾਗੀ ਸਿੰਘਾਂ ਦੇ ਦੋ ਚਾਰ ਮਿੰਟ ਹੀ ਬਾਕੀ ਰਹਿ ਗਏ ਤਾਂ ਮੋਹਣ ਨੇ ਪੰਜ ਸੌ ਦਾ ਇਕ ਕੜਕਵਾਂ ਨੋਟ ਵਾਜੇ ਤੇ ਰੱਖਿਆ ਜਿਸ ਦਾ ਭਾਵ ਸੀ ਕਿ ਹੁਣ ਉਹ ਸਮਾਪਤੀ ਕਰ ਦੇਣ।

ਫਿਰ ਵਾਰੀ ਆਈ ਬਲਬੀਰ ਸਿੰਘ ਦੀ। ਉਸ ਨੇ ਗੁਰਬਾਣੀ ਦੀਆਂ ਟੂਕਾਂ ਦੇ ਦੇ ਕੇ ਅੱਜ ਦੇ ਪੰਜਾਬ ਦੇ ਅਤੇ ਖ਼ਾਸ ਕਰ ਕੇ ਸਿੱਖਾਂ ਦੇ ਮਸਲਿਆਂ ਨੂੰ ਛੋਹਿਆ। ਜਿੰਨਾ ਚਿਰ ਬਲਬੀਰ ਸਿੰਘ ਬੋਲਦਾ ਰਿਹਾ, ਮੋਹਣ ਉੱਸਲਵੱਟੇ ਹੀ ਲੈਂਦਾ ਰਿਹਾ।

ਦੀਵਾਨ ਦੀ ਸਮਾਪਤੀ ‘ਤੇ ਭਾਈ ਜੀ ਨੇ ਦੋ ਵਿਅਕਤੀਆਂ ਨੂੰ ਕਿਹਾ ਕਿ ਉਹ ਚੜ੍ਹਾਵੇ ਦੀ ਮਾਇਆ ਗਿਣ ਦੇਣ। ਮੋਹਣ ਬੋਲਿਆ, “ਭਾਈ ਜੀ, ਇੰਜ ਹੀ ਰੁਮਾਲੇ ‘ਚ ਬੰਨ੍ਹ ਕੇ ਗੁਰਦੁਆਰੇ ਲੈ ਜਾਉ, ਉੱਥੇ ਗਿਣਦੇ ਰਹਿਓ, ਤੁਹਾਨੂੰ ਬੜਾ ਸੋਹਣਾ ਪਤੈ ਟੈਮ ਹੈ ਨੀ ਸਾਡੇ ਪਾਸ”। ਮੋਹਣ ਮਹਾਰਾਜ ਦੀ ਸਵਾਰੀ ਨੂੰ ਛੇਤੀ ਤੋਂ ਛੇਤੀ ਗੁਰਦੁਆਰੇ ਭੇਜਣ ਲਈ ਕਾਹਲ਼ਾ ਸੀ। ਨਾਲ਼ ਦੇ ਕਮਰੇ ‘ਚੋਂ ਗਿਲਾਸਾਂ ਅਤੇ ਜੱਗਾਂ ਦਾ ਖੜਾਕਾ ਸੁਣ ਰਿਹਾ ਸੀ। ਭਾਈ ਜੀ ਨੇ ਜਲਦੀ ਜਲਦੀ ਅਰਦਾਸ ਕੀਤੀ ਅਤੇ ਮਹਾਰਾਜ ਦੀ ਸਵਾਰੀ ਵਿਦਿਆ ਹੋਈ। ਉੱਥੇ ਬੈਠੇ ਪ੍ਰਾਹੁਣਿਆਂ ਨੂੰ ਪਤਾ ਨਹੀਂ ਕਿਵੇਂ ‘ਗਿਆਨ’ ਹੋ ਗਿਆ ਸੀ ਕਿ ਬੀਅਰ-ਬੱਤੇ ਦਾ ਪ੍ਰੋਗਰਾਮ ਨਾਲ਼ ਦੇ ਕਮਰੇ ‘ਚ ਹੀ ਹੈ। ਸ਼ਾਇਦ ਉਨ੍ਹਾਂ ਨੇ ਵੀ ਗਿਲਾਸ ਖੜਕਦੇ ਸੁਣ ਲਏ ਸਨ। ਉਨ੍ਹਾਂ ‘ਚੋਂ ਕਈ ਉਸ ਪਾਸੇ ਨੂੰ ਇਉਂ ਭੱਜੇ ਜਿਵੇ ਤ੍ਰਿਹਾਇਆ ਪਸ਼ੂ ਪਾਣੀ ਵਲ ਨੂੰ ਦੌੜਦਾ ਹੈ।

ਬਲਬੀਰ ਸਿੰਘ ਬਾਹਰ ਕੋਠੀ ਦੇ ਵਿਹੜੇ ‘ਚ ਆ ਗਿਆ। ਪਿੰਡ ਦੇ ਕਈ ਬੰਦਿਆਂ ਨੂੰ ਉਹ ਪਹਿਲਾਂ ਮਿਲ ਨਹੀਂ ਸੀ ਸਕਿਆ, ਸੋ ਕਈ ਵਿਅਕਤੀ ਉਸ ਨਾਲ਼ ਗੱਲੀਂ ਜੁੱਟ ਗਏ। ਕਿਸੇ ਨੇ ਪਰਿਵਾਰਕ ਹਾਲ-ਚਾਲ ਪੁੱਛਿਆ ਤੇ ਕਈਆਂ ਨੇ ਦੀਵਾਨ ਵਿਚ ਕਹੀਆਂ ਹੋਈਆਂ ਉਹਦੀਆਂ ਗੱਲਾਂ ‘ਤੇ ਤਬਸਰਾ ਕੀਤਾ।

ਵਰਾਂਡੇ ਦੇ ਇਕ ਪਾਸੇ ਲਾਈਨ ਲਗਾ ਕੇ ਪੰਜ ਛੇ ਚੋਪੜੇ ਹੋਏ ਬੋਦਿਆਂ ਵਾਲ਼ੇ ਬੈਰੇ ਖੜ੍ਹੇ ਸਨ। ਲੋਕ ਪਲੇਟ ਲੈ ਕੇ ਵਿਚ ਖਾਣ ਵਾਲ਼ੀਆਂ ਵਸਤਾਂ ਪੁਆਉਂਦੇ ਤੇ ਇਕ ਪਾਸੇ ਖੜ੍ਹੇ ਹੋ ਕੇ ਖਾਣ ਲੱਗ ਪੈਂਦੇ। ਬਲਬੀਰ ਸਿੰਘ ਨੂੰ ਰਾਗੀ ਜਥੇ ਦੇ ਇਕ ਮੈਂਬਰ ਨੇ ਆਵਾਜ਼ ਮਾਰੀ ਤੇ ਕਹਿਣ ਲੱਗਾ, “ਸਰਦਾਰ ਬਲਬੀਰ ਸਿੰਘ ਜੀ, ਆ ਜਾਓ, ਤੁਸੀਂ ਵੀ ਲੰਗਰ ਛਕ ਲਉ”

“ਲੰਗਰ ਕਿੱਥੇ ਐ ਗਿਆਨੀ ਜੀ, ਇਹਨੂੰ ਜੇ ਰੋਟੀ ਕਹੋਂ ਤਾਂ ਠੀਕ ਐ। ਗਿਆਨੀ ਜੀ, ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਤੁਸੀਂ ਲੋਕ ਹੋ ਜਿਨ੍ਹਾਂ ਨੇ ਲੋਕਾਂ ਨੂੰ ਗਿਆਨ ਦੇਣੈ ਗੁਰਮਤਿ ਦਾ, ਜੇ ਤੁਸੀਂ ਹੀ ਇੰਜ ਖੜ੍ਹੇ ਹੋ ਕੇ ਛਕੋਂਗੇ ਤੇ ਸ਼ਰਾਬੀਆਂ ਕਬਾਬੀਆਂ ਦੀ ਬਣਾਈ ਹੋਈ ਰੋਟੀ ਨੂੰ ਲੰਗਰ ਕਹੋਂਗੇ ਤਾਂ ਸਿੱਖ ਕੌਮ ਨੂੰ ਡੁੱਬਣ ਤੋਂ ਕੌਣ ਬਚਾ ਸਕਦਾ ਹੈ”?

ਜਿੰਨੇ ਲੋਕ ਰੋਟੀ ਖਾ ਰਹੇ ਸਨ ਸਭ ਦੇ ਮੂੰਹਾਂ ‘ਚ ਬੁਰਕੀਆਂ ਫੁੱਲ ਰਹੀਆਂ ਸਨ। ਰਾਗੀ ਸਿੰਘ ਦਾ ਤਾਂ ਬਹੁਤਾ ਹੀ ਬੁਰਾ ਹਾਲ ਸੀ। ਉਸ ਸ਼ਾਇਦ ਬਲਬੀਰ ਸਿੰਘ ਨੂੰ ਬੁਲਾ ਕੇ ਪਛਤਾਅ ਰਿਹਾ ਸੀ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top