Share on Facebook

Main News Page

ਗੁਰੂ ਜਾਂ ਗੁਰੂ ਦਾ ਸਿਧਾਂਤ ਹੀ ਪੰਥ ਹੈ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਪੰਜਾਬ ਵਿੱਚ ਹੋਈਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੁਰਦੁਆਰਾ ਚੋਣਾਂ ਵਾਂਗੂ ਹੀ ਸਨ । ਜਿਸ ਨਾਲ ਧਰਮ ਸਿਧਾਂਤਾਂ ਨੂੰ ਸਮਝਣ ਵਾਲੇ ਬਹੁਤ ਗਿਣਤੀ ਸਿੱਖਾਂ ਵਿੱਚ ਜਬਰਦਸਤ ਨਿਰਾਸ਼ਤਾ ਦੇ ਬੱਦਲ ਛਾ ਗਏ । ਸਿੱਖ ਸਿਆਸਤ ਤੇ ਕਾਬਜ਼ ਆਰ.ਐਸ.ਐਸ. ਅਥਵਾ ਭਾਜਪਾ ਪੱਖੀ ਇੱਕ (ਅਕਾਲੀ ਧੜੇ) ਨੇ ਜਿਨ੍ਹੇ ’ਗੁਰਦੁਆਰਾ ਚੋਣਾਂ’ ਵਿੱਚ ਪਈਆ ਵੋਟਾਂ ਦੀ ਗਿਣਤੀ/ਮਿਣਤੀ ਨੂੰ ਹੀ ਅਗਿਆਨਤਾ ਤੇ ਬੇਸਮਝੀ ਕਾਰਨ ਆਪਣੇ ਆਪ ਨੂੰ ’ਸਿੱਖ ਪੰਥ’ ਸਮਝੇ ਜਾਣ ਦਾ ਭੁਲੇਖਾ ਭਰਮ ਪਾਲ ਰੱਖਿਆ ਹੈ। ਉਸ ਅੰਦਰ ਖੁਸ਼ੀ ਵੇਖੀ ਗਈ, ਭੰਗੜੇ ਪਾਏ ਗਏ, ਇੱਥੇ ਹੀ ਬਸ ਨਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਭੰਗੜੇ ਪਾਉਣ ਅਤੇ ਰੰਗਾ-ਰੰਗ ਪ੍ਰੋਗਰਾਮ ਕਰਵਾਏ ਜਾਣ ਦੀਆਂ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸੀ ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਾਂਗੂ ਹੀ ਦਿੱਲੀ ਵਿੱਚ ’ਧਾਰਮਿਕ ਚੋਣਾਂ’ ਵਾਲੀ ਕੋਈ ਗੱਲ ਕਿੱਧਰੇ ਨਜ਼ਰ ਨਹੀਂ ਆਈ, ਕਿਉਂਕਿ ਸ਼ਰਾਬ, ਸਬਾਬ, ਪੈਸਾ, ਇੱਕ ਦੁਜੇ ਤੇ ਘਟੀਆ ਦੂਸ਼ਣਬਾਜੀ ਪੂਰੇ ਜੋਬਨ ਤੇ ਸੀ। ਦਿੱਲੀ ਗੁਰਦੁਆਰਾ ਚੋਣਾਂ ਵਿੱਚ ਵੀ ਵਿਧਾਨਸਭਾ ਜਾਂ ਲੋਕ ਸਭਾ ਚੋਣਾਂ ਵਰਗੀ ਹੀ ਹੱਲ-ਚੱਲ ਮੱਚੀ ਹੋਈ ਸੀ। ਇੱਥੇ ਧਿਆਨਯੋਗ ਗੱਲ ਇਹ ਹੈ ਕਿ ਦਿੱਲੀ ਵਿੱਚ ਕੁੱਲ 10 ਲੱਖ ਸਿੱਖਾਂ ਵਿੱਚੋਂ 6 ਲੱਖ ਤਾਂ ਵੋਟਰ ਹੀ ਨਹੀਂ ਬਣੇ ਜਾਂ ਨਹੀਂ ਬਣਾਏ ਗਏ, ਲਗਭਗ 2 ਲੱਖ 65 ਹਜ਼ਾਰ ਸਿੱਖ ਵੋਟਰ ਵੋਟ ਪਾਉਣ ਨਹੀਂ ਆਏ , ਕਿਉਂਕਿ ਇਹਨਾਂ ਉਪਰ ਰੌਲੇ-ਗੋਲੇ ਅਤੇ ਦਹਿਸ਼ਤ ਦਾ ਜਬਰਦਸਤ ਦਬਾਅ ਸੀ । ਇਹ ਇਨ੍ਹਾਂ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਕੀਤਾ ਗਿਆ ਬਾਈਕਾਟ ਹੀ ਸੀ । ਇਨ੍ਹਾਂ ਦਾ ਵਿਚਾਰ ਸੀ ਕਿ ਗੁਰਦੁਆਰਾ ਪ੍ਰਬੰਧ ਧਾਰਮਿਕ ਸਖਸ਼ੀਅਤਾਂ ਨੂੰ ਸੌਪਿਆ ਜਾਣਾ ਚਾਹੀਦਾ ਹੈ ਰਾਜਨੀਤਿਕਾਂ ਨੂੰ ਨਹੀਂ। ਜੇਕਰ 10 ਲੱਖ ਸਿੱਖਾਂ ਵਿੱਚੋਂ 1 ਲੱਖ 65 ਹਜ਼ਾਰ ਸਿੱਖਾਂ ਨੇ ਵੋਟ ਭੁਗਤਾਈ ਹੈ ਕੀ ਜੇਤੂ ਧਿਰ ਨੂੰ ਪਈਆ 10% ਵੋਟਾਂ ਨੂੰ ’ ਪੰਥ’ ਕਿਹਾ ਜਾ ਸਕਦਾ ਹੈ?

ਇਸ ਗੱਲ ਦੀ ਚਰਚਾ ਹੁਣ ਵੀ ਵੇਖੀ ਜਾ ਸਕਦੀ ਹੈ। ਇਕ ਹੈਰਾਨ-ਕੁੰਨ ਗੱਲ ਇਹ ਹੈ ਕਿ 1 ਲੱਖ ਤੋਂ ਵੱਧ ਸਿੱਖ ਪੰਜਾਬ ਅਤੇ ਹੋਰ ਦੇਸ਼ ਵਿਦੇਸ਼ਾਂ ਤੋਂ ਦਿੱਲੀ ਡੇਰੇ ਲਾਈ ਬੈਠੇ ਸਨ। ਜਿਨ੍ਹਾਂ ਨੇ ਆਪਣੇ ਅਸਰ-ਰਸੂਖ, ਰਿਸ਼ਤੇ ਤੇ ਲਿਹਾਜ ਨਾਲ ਵੋਟਰਾਂ ਨੂੰ ਆਪੋ ਆਪਣੇ ਧੜੇ ਦੇ ਹੱਕ ਵਿੱਚ ਭੁਗਤਾਇਆ ਹੋਵੇਗਾ। ਜੇਕਰ ਅਜਿਹੀਆਂ ਵੋਟਾਂ ਦੀ ਗਿਣਤੀ ਨੇ ਹੀ ਪੰਥ ਦੀ ਨਿਸ਼ਾਨ ਦੇਹੀ ਕਰਨੀ ਹੈ, ਤਾਂ ਫਿਰ ਸਿੱਖੀ ਸੋਚ ਤੇ ਸਿਧਾਂਤਾਂ ਦਾ ਦੀਵਾਲਾ ਨਿਕਲਿਆ ਸਮਝਿਆ ਜਾਣਾ ਚਾਹੀਦਾ ਹੈ । ਇਥੇ ਇਕ ਉਦਾਹਰਨ ਦੇਣੀ ਜ਼ਰੂਰੀ ਹੈ ਕਿ ਲੁਧਿਆਣਾ ਪੱਛਮੀ ਹਲਕਾ 72 ਤੋਂ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਉਦੋਂ ਉਹ ਜਿਲ੍ਹਾ ਅਕਾਲੀ ਜੱਥੇ ਦੇ ਸੀਨੀਅਰ ਮੀਤ ਪ੍ਰਧਾਨ ਸਨ ਉਦੋਂ ਸਿੱਖੀ ਸਿਧਾਂਤਕ ਸੋਚ ਤੇ ਪਹਿਰਾ ਦੇਣ ਸਦਕਾ ਇਸ ਲੇਖਕ ਨੂੰ ਗੁਰਦੁਆਰਾ ਚੋਣਾਂ ਲੜੇ ਜਾਣ ਦਾ ਮੌਕਾ ਮਿਲ਼ਿਆ। ਇਸ ਹਲਕੇ ਦੇ 38 ਹਜ਼ਾਰ ਵੋਟਰਾਂ ਵਿੱਚੋਂ 33 ਹਜ਼ਾਰ ਵੋਟਰਾਂ ਨੇ ਮੁਕੰਮਲ ਬਾਈਕਟ ਕਰ ਦਿੱਤਾ। ਹਾਲਾਂਕਿ ਇਹ ਹਲਕਾ ਸਿੱਖ ਬੈਲਟ ਵਜੋਂ ਜਾਣਿਆ ਜਾਂਦਾ ਹੈ। ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਿਰਫ 42 ਸੌ ਵੋਟਰਾਂ ਨੇ ਹੀ ਵੋਟ ਪਾਈ । ਭਾਂਵੇਂ ਇਹ ਚੋਣਾਂ ਵਿੱਚ ਮੈਂ ਸਟੇਜ ਤੇ ਐਲਾਨ ਕੀਤਾ ਸੀ ਕਿ ਤੰਬਾਕੂ, ਸ਼ਰਾਬ, ਦੀ ਵਰਤੋ ਕਰਨ ਵਾਲੇ ਜਾਂਚ ਚਾਰ ਬਜਰ ਕੁਰੈਹਤਾਂ ਵਿੱਚ ਸ਼ਾਮਲ ਲੋਕ ਮੈਨੂੰ ਵੋਟ ਨਾ ਪਾਉਣ ਬਾਵਜੂਦ 600 ਦੇ ਕਰੀਬ ਹੀ ਵੋਟਾਂ ਪਈਆਂ ਪਰ ਹਾਕਮ ਧੜੇ ਵਲੋਂ ਇਸ ਨੂੰ ਪੰਥ ਜਾਂ (ਸਿੱਖ ਸੰਗਤਾਂ ਦੀ ਜਿੱਤ) ਸਮਝ ਲਿਆ ਅਤੇ ਅਕਾਲੀ ਦਲ ਦੇ ’ਲਫਾਫਾ ਕਲਚਰ’ ਦੀ ਮਿਹਰਬਾਨੀ ਨਾਲ ਸਿਰਫ 4200 ਵੋਟਾਂ ਪ੍ਰਾਪਤ ਕਰਨ ਵਾਲੇ ਆਪਣੇ ਨੁਮਾਇੰਦੇ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਪਹਿਨਾ ਦਿੱਤਾ ਗਿਆ।

ਸੋ ਸਪੱਸ਼ਟ ਹੈ ਕਿ ਮੌਜੂਦਾ ਦੌਰ ਵਿੱਚ ’ਪੰਥ’ ਦੇ ਅਰਥ ਰੋਲ/ਘਚੋਲੇ ਵਿੱਚ ਗੁੰਮ ਕਰ ਦਿੱਤੇ ਗਏ ਹਨ। ਸਿਧਾਂਤਕ ਤੋਰ ਤੇ ਭਾਵੇਂ ਗੁਰਬਾਣੀ ਅਨੁਸਾਰ ਗੁਰੂ ਜਾਂ ਗੁਰੂ ਦਾ ਸਿਧਾਂਤ ਹੀ ਪੰਥ ਹੈ। ਪਰ ਦੁੱਖ ਦੀ ਗੱਲ ਇਹ ਹੀ ਕਿ ਅੱਜ ਵਿਅਕਤੀ ਹੀ ਪੰਥ ਸਮਝਿਆ ਜਾਣ ਲੱਗ ਪਿਆ ਹੈ। ਜਿਸ ਕਰਕੇ ਪੰਥ ਸ਼ਬਦ ਵਿੱਚ ਵੱਖਰੇਵਾਂ ਹੋ ਗਿਆ ਹੈ। ਕੁਝ ਵਿਅਕਤੀਆਂ ਦਾ ਪੰਥ ਹੋਰ ਅਤੇ ਕੁਝ ਵਿਅਕਤੀਆਂ ਦਾ ਹੋਰ ਹੈ। ਇਸੇ ਕਾਰਨ ਹੀ ’ਸਿੱਖ ਕੌਮ’ ਝਮੇਲਿਆਂ ਵਿੱਚ ਹੈ। ਵੱਡਾ ਸਵਾਲ ਇਹ ਹੈ ਕਿ ਅਜਿਹੇ ਗੰਭੀਰ ਮੁੱਦਿਆਂ ਪ੍ਰਤੀ ਤਖਤਾਂ ਤੇ ਬੈਠਣ ਵਾਲੇ ਜਿੰਮੇਵਾਰ ਜੱਥੇਦਾਰ ਸਹਿਬਾਨ ਚੁੱਪ ਹਨ? ਫਿਰ ਪੰਥ ਸਬੰਧੀ ਪਾਏ ਭੁਲੇਖਿਆਂ ਨੂੰ ਦੂਰ ਕਿਸਨੇ ਕਰਨਾ ਹੈ? ਦੂਜਾ ਵੱਡਾ ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਵੇਲੇ ਨਸ਼ੇ, ਪੈਸਾ ਵੰਡੇ ਜਾਣ ਅਤੇ ਸਿੱਖਾਂ ਅੰਦਰ ਆ ਰਹੀ ਗਿਰਾਵਟ ਲਈ ਜਿੰਮੇਵਾਰ ਕੌਣ ਹੈ? ਤੀਸਰਾ ਸਿੱਖਾਂ ਅੰਦਰ ਇੱਕ ਦੂਜੇ ਤੇ ਚਿੱਕੜ ਸੁਟਣ ਤੇ ਦੂਸ਼ਣਬਾਜੀ ਲਾਉਣ ਦੀ ਰੋਕਥਾਮ ਕਿਸਨੇ ਕਰਨੀ ਹੈ?

ਇਥੇ ਇਹ ਗੱਲ ਵੇਖਣ ਵਾਲੀ ਹੈ ਕਿ ਸਾਰੀ ਦੁਨੀਆਂ ਦੇ ਸਿੱਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੁਰਪੁਰਬ ਜਾਂ ਹੋਰ ਦਿਹਾੜੇ 2 ਵਾਰ ਮਨਾਉਣ ਦੀ ਰਸਮ ਉਦੋਂ ਸ਼ੁਰੂ ਹੋਈ ਜਦੋਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਤੋਂ ਐਲਾਨੇ ’ਨਾਨਕਸ਼ਾਹੀ ਕੈਲੰਡਰ’ ਨੂੰ ਦਰੁਸਤ ਕਰਨ ਦੇ ਬਹਾਨੇ ਮੁੜ ਤੋਂ ਹਿੰਦੂਕਰਨ (ਬਿਕ੍ਰਮੀ) ਕੀਤਾ ਗਿਆ ਸੀ। ਇਹ ਵੀ ਸੱਚ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਹਿੰਦੂਕਰਨ ਕੀਤੇ ਕੈਲੰਡਰ ਨੂੰ ਪ੍ਰਵਾਨਗੀ ਦੇਣੀ ਜਰੂਰੀ ਨਹੀਂ ਸਮਝੀ। ਉਸ ਵੇਲੇ ਦੁਨੀਆਂ ਦੇ ਵੱਡੇ ਹਿੱਸੇ ਨੇ ਨਾਨਕਸ਼ਾਹੀ ਕੈਲੰਡਰ ਨੂੰ ਹਿੰਦੂਕਰਨ ਕੀਤੇ ਕੈਲੰਡਰ ਨੂੰ ਅਪ੍ਰਵਾਨ ਕਰ ਦਿੱਤਾ ਸੀ। ਹਨੇਰ ਸਾਈਂ ਦਾ, ਸ੍ਰੀ ਅਕਾਲ ਤਖਤ ਤੋਂ ਐਲ਼ਾਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਵਾਲੀ ਧਿਰ ਵਿਰੁੱਧ ਦਿੱਲੀ ਗੁਰਦੁਆਰਾ ਚੋਣਾਂ ਵੇਲੇ ਸ੍ਰੀ ਅਕਾਲ ਤਖਤ ਦਾ ਦੋਸ਼ੀ ਗਰਦਾਨ ਕੇ ਪ੍ਰਚਾਰਿਆ ਗਿਆ। ਸਾਜਿਸ਼ ਭਰੇ ਢੰਗ ਨਾਲ ਸਿੱਖ ਸੰਗਤਾਂ ਵਿੱਚ ਗੁਮਰਾਹਕੁਨ ਪ੍ਰਚਾਰ ਕੀਤਾ ਗਿਆ ਸੀ। ਜਿੱਥੋਂ ਤੱਕ ਮਸਲਾ ਸ੍ਰੀ ਅਕਾਲ ਤਖਤ ਦੀ ਸਰਵਉਚਤਾ ਦਾ ਹੈ, ਉਹ ਤਾਂ ਹੈ ਹੀ ਸਰਵਉਚ। ਜੇਕਰ ਇਥੇ ਬੈਠਣ ਵਾਲੇ ਜਿੰਮੇਵਾਰ ਜੱਥੇਦਾਰ ਸਹਿਬਾਨ ਕਿਸੇ ਦਬਾਅ ਅਧੀਨ ਫੈਸਲੇ ਕਰਦੇ/ਕਰਵਾਉਂਦੇ ਹਨ ਉਦੋਂ ਇਹ ਕਿਉਂ ਨਹੀਂ ਸਮਝਦੇ ਕਿ ਉਹ ਖੁਦ ਹੀ ਸਿਖਾਂ ਵਿੱਚ ਦੁਬਿਧਾ ਜਾਂ ਵੰਡੀ ਪਾ ਰਹੇ ਹੁੰਦੇ ਹਨ। ਇਥੇ ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਤਖਤਾਂ ਤੇ ਵਰਤਮਾਨ ਸਮੇਂ ਬਿਰਾਜਮਾਨ ਜੱਥੇਦਾਰ ਸਾਹਿਬਾਨ ਖੁਦ ਹੀ ਸਮੁੱਚੀ ਕੌਮ ਵਿੱਚ ਸਰਬ-ਪ੍ਰਵਾਨ ਨਹੀਂ ਹਨ। ਅੰਮ੍ਰਿਤਸਰ, ਲੁਧਿਆਣੇ ਅਤੇ ਰਾਜਸਥਾਨ ਵਿੱਚ ਸਿੱਖ ਕੌਮ ਨੂੰ ਦੁਰਪੇਸ਼ ਮਸਲਿਆਂ ਦੇ ਸਥਾਈ ਹੱਲ ਲਈ ਤਾਲਮੇਲ ਪੰਥਕ ਸੰਗਠਨਾਂ ਵੱਲੋਂ ”ਸ਼੍ਰੀ ਅਕਾਲ ਤਖਤ ਦੀ ਅਜਾਦਨਾ ਹੋਂਦ ਹਸਤੀ ਬਰਕਰਾਰ ਰੱਖਣ ਲਈ” ਸੰਘਰਸ਼ ਛੇੜਨ ਲਈ ਲੋੜ ਸਮਝੀ ਗਈ। ਜੋ ਇੱਕ ਚੰਗੀ ਸ਼ੁਰੂਆਤ ਹੈ। ਹੈਰਾਨਗੀ ਦੀ ਗੱਲ ਹੈ ਕਿ ਜਿਹੜੀਆਂ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਮੁੱਖ ਧਿਰਾਂ ਆਪਣੇ ਆਪ ਨੂੰ ਸਿੱਖੀ ਦਾ ਠੇਕੇਦਾਰ ਹੋਣ ਲਈ ਦਾਅਵੇਦਾਰ ਸਮਝਦੀਆਂ ਹਨ ਅਤੇ ਅਜਿਹੇ ਮੁੱਦਿਆਂ ਨੂੰ ਨਜਿੱਠਣ ਲਈ ਸਮਰੱਥ ਵੀ ਹਨ ਉਨ੍ਹਾਂ ਦੀ ਤਾਲਮੇਲ ਸਮਾਗਮਾਂ ਵਿੱਚ ਗੈਰ ਹਾਜ਼ਰੀ ਪਾਈ ਗਈ। ਲੁਧਿਆਣੇ ਦੇ ਤਾਲਮੇਲ ਮਿਸ਼ਨ ਵੱਲੋਂ ਹੋਈ ਇਕੱਤਰਤਾ ਵਿੱਚ ਸਿੱਖ ਸੰਸਥਾਵਾਂ ਅਤੇ ਅਥਵਾ ’ਗੁਰਦੁਆਰਾ ਪ੍ਰਬੰਧਕ’ ਨੂੰ ’ਚੋਣ ਪ੍ਰਣਾਲੀ’ ਰਾਹੀਂ ਚੁਣੇ ਜਾਣਾ ਨੂੰ ’ਗੁਰਬਾਣੀ ਫਲਸਫੇ’ ਅਨੁਸਾਰ ਘਾਤਕ ਦੱਸਿਆ ਗਿਆ। ਇਨ੍ਹਾਂ ਤਾਲਮੇਲ ਦੇ ਪ੍ਰਬੰਧਕਾਂ ਨੂੰ ਕੋਈ ਪੁੱਛੇ ਕਿ ਗੁਰਦੁਆਰਾ ਚੋਣਾਂ ਵੇਲੇ ਤੁਸੀਂ ਖੁਦ ’ਗੁਰਬਾਣੀ ਫਲਸਫੇ ਦੇ ਉਲਟ’ ਸਿਸਟਮ ਖਿਲਾਫ ਮੂੰਹ ਬੰਦ ਕਰ ਲੈਂਦੇ ਹੋ? ਕੀ ਤੁਹਾਡੀ ਹਾਲਤ ਉਸ ਕਬੂਤਰ ਵਰਗੀ ਨਹੀਂ ਹੁੰਦੀ ਜਿਹੜਾ ਬਿੱਲੀ ਦੀ ਆਮਦ ਨੂੰ ਡਰ ਕੇ ਅੱਖਾਂ ਬੰਦ ਕਰ ਲਵੇ ਤੇ ਇਹ ਸਮਝੀ ਬੈਠਾ ਹੋਵੇ ਕਿ ਬਿੱਲੀ ਹੈ ਹੀ ਨਹੀਂ ਹੈ? ਕੀ ਤੁਸੀਂ ਗੁਰਬਾਣੀ ਫਲਸਫੇ ਮੁਤਾਬਿਕ ਕਿਸੇ ਗੁਰਸਿੱਖ ਦੀ ਸਲੈਕਸ਼ਨ ਕਰਕੇ ਉਸ ਨੂੰ ਸ੍ਰੋਮਣੀ ਕਮੇਟੀ ਵਿੱਚ ਅੱਗੇ ਤੋਰਨ ਦੇ ਅਸਮਰਥ ਹੋ?

ਅਸੀ ਸਾਰੇ ਜਾਣਦੇ ਹਾਂ ਕਿ ਅੱਜ ਸਾਡੇ ਤਖਤਾਂ ਤੇ ਬਿਰਾਜਮਾਨ ਜੱਥੇਦਾਰ ਸਾਹਿਬਾਨ ਸਮੁੱਚੇ ਸਿੱਖਾਂ ਦੀ ਨੁਮਾਇੰਦਗੀ ਕਰਨ ਦੀ ਜਿੰਮੇਵਾਰੀ ਨਹੀਂ ਨਿਭਾ ਰਹੇ, ਇਹ ਇੱਕ ਕੌੜਾ ਸੱਚ ਹੈ। ਕਿਉਂਕਿ ਜੱਥੇਦਾਰ ਸਹਿਬਾਨ ਦੀ ਨਿਯੁਕਤੀ ’ਸਰਬਤ ਖਾਲਸੇ’ ਰਾਹੀਂ ਨਹੀਂ ਕੀਤੀ ਜਾਂਦੀ ਜੇਕਰ ਇਨ੍ਹਾਂ ਅੰਦਰ ਕਿਸੇ ਵੀ ਸਿਆਸੀ ਧੜੇ ਦੀ ਦਖਲ ਅੰਦਾਜੀ ਨਾ ਹੋਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਠੇਸ ਪਹੁੰਚਾਉਣ ਦੀ ਗੱਲ ਕਦੇ ਹੋ ਹੀ ਨਹੀਂ ਸਕਦੀ। ਸੱਚ ਇਹ ਹੈ ਕਿ ਇੱਕ ਪਾਸੜ ਧੜੇ ਦੀ ਗੱਲ ਨੂੰ ਮੌਜੂਦਾ ਨਿਯੁਕਤ ਹੋਏ ਜੱਥੇਦਾਰ ਸਾਹਿਬਾਨ ਵੱਲੋਂ ਲਗਾਤਾਰ ਪ੍ਰਮੁੱਖਤਾ ਦਿੱਤੇ ਜਾਣ ਕਰਕੇ ਇਹ ਖੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਲਈ ਖਤਰਾ ਬਣ ਚੁੱਕੇ ਹਨ। ਹੁਣ ਮੁੱਖ ਮੁੱਦਾ ਇਹ ਵੀ ਹੈ ਕਿ ਵੋਟਾਂ ਦੀ ਗਿਣਤੀ-ਮਿਣਤੀ ਨੇ ਪੈਦਾ ਕੀਤਾ ’ਵੋਟ ਮਸ਼ੀਨਾਂ ਵਾਲੇ ਪੰਥ’ ਜਾਂ ’ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ’ਪੰਥ ਸ਼ਬਦ ਗੁਰੂ’ ਵਿੱਚ ਪਏ ਭਰਮ ਭੁਲੇਖੇ ਨੂੰ ਦੂਰ ਕਿਹੜਾ ਅਕਾਲੀ ਫੁੱਲਾ ਸਿੰਘ, ਤਖਤ ਤੇ ਕਦੋਂ ਬੈਠ ਕੇ ਦੂਰ ਕਰੇਗਾ? ਕੀ ਤੁਸੀ ਵੋਟਾ ਵਾਲੇ ਪੰਥ ਵੱਲੋਂ ਨਿਯੁਕਤ ਕੀਤੇ ਵਿਅਕਤੀਆਂ ਤੋਂ ਇਹ ਆਸ ਰੱਖਦੇ ਹੋ, ਵੋਟਾਂ ਵਾਲੇ ਪੰਥ ਤੋਂ ਸਿੱਖਾਂ ਦਾ ਖੈੜਾ ਛੁਡਾਉਣ ਲਈ ਤਾਲਮੇਲ ਸੰਸਥਾਵਾਂ ਦੇ ਪੰਥ ਦਰਦੀ ਕੁੱਝ ਕਰਨਗੇ? ਜਦੋਂ ਕਿ ਅਜਿਹੇ ਮਸਲੇ ਸਿੱਖਾਂ ਨੂੰ ਧਰਮ ਅਸਥਾਨਾਂ ਅੰਦਰ ਬੈਠ ਕੇ ਹੱਲ ਕਰਨੇ ਚਾਹੀਦੇ ਹਨ । ਹੁਣ ਤਾਂ ਸਿੱਖਾਂ ਦੀਆਂ ਕਈ ਧਾਰਮਿਕ ਸੰਸਥਾਵਾਂ ਨਿਪੁੰਸਕ ਹੋ ਚੁੱਕੀਆਂ ਹਨ। ਇਹ ਗੱਲ ਮਿਸ਼ਨਰੀ ਲਹਿਰ ਦੇ ਮੋਢੀ ਸ. ਮਹਿੰਦਰ ਸਿੰਘ ਜੋਸ਼ ਆਪਣੇ ਅੰਤਲੇ ਦਿਨਾਂ ਵਿੱਚ ਕਿਹਾ ਕਰਦੇ ਸਨ। ਕਿਉਂਕਿ ਆਮ ਕਰਕੇ ਵਧੇਰੇ ਪ੍ਰਬੰਧਕ, ਪਤਿਤ ਤੇ ਕੁਰਹਿਤੀਏ ਹਨ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਵੀ ਪਤਿਤ ਹਨ।

ਰਾਗੀ, ਪ੍ਰਚਾਰਕਾਂ, ਪ੍ਰਬੰਧਕਾਂ, ਸਿੱਖ ਡੇਰਿਆਂ, ਸਿੱਖ ਆਗੂਆਂ ਦੀ ਉਹ ਸ਼੍ਰੇਣੀ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਚਾਰ ਬਜ਼ਰ ਕੁਰਹਿਤਾਂ ਵਿੱਚੋਂ ਕਿਸੇ ਵੀ ਕੁਰਹਿਤ ਦਾ ਧਾਰਨੀ ਹੈ ਉਸਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਸਿੱਖ ਸਟੇਜਾਂ ਤੋਂ ਮੁਕੰਮਲ ਤੌਰ ਤੇ ਅਲੱਗ ਥਲੱਗ ਕਰਨ ਦੀ ਜਿੰਮੇਵਾਰੀ ਕਿਸਨੇ ਨਿਭਾਉਣੀ ਹੈ? ਜਿੱਥੋਂ ਤੱਕ ਇੱਕ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰੋ: ਦਰਸ਼ਨ ਸਿੰਘ ਦਾ ਮਸਲਾ ਹੈ ਉਸਨੂੰ ਸਿੱਖੀ ’ਚ ਛੇਕਣ ਦੇ ਆਪ-ਹੁਦਰੇਪਨ ਦੇ ਫੈਸਲੇ ਨੂੰ ਸਿੱਖ ਸੰਗਤਾਂ ਨੇ ਨਹੀਂ ਮੰਨਿਆ, ਜਿਵੇਂ ਇਸ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਨੂੰ ਪੜ੍ਹਨ ਤੋਂ ਰੋਕਿਆ ਗਿਆ ਸੀ, ਪਰ ਇਹ ਗੱਲ ਵੀ ਠੁੱਸ ਹੋ ਗਈ, ਕਿਉਂਕਿ ਸਾਬਕਾ ਜੱਥੇਦਾਰ ਪ੍ਰੋ: ਦਰਸ਼ਨ ਸਿੰਘ ਅੱਜ ਵੀ ਜੰਮੂ, ਕਾਨਪੁਰ, ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆ ਤੇ ਵਿਦੇਸ਼ਾਂ ਵਿੱਚ ਨਿਰੰਤਰ ਕੀਰਤਨ ਪ੍ਰਵਾਹ ਚਲਾ ਰਹੇ ਹਨ। ਕਾਨਪੁਰ ਵਿੱਚ ਤਾਂ ਉਥੋਂ ਦੇ ਐਸ.ਐਸ.ਪੀ. ਨੂੰ ਅਕਾਲ ਤਖਤ ਨੇ ਇੱਕ ਪੱਤਰ ਵੀ ਭੇਜ ਦਿੱਤਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੀਰਤਨ ਕਰਨ ਨਾਲ ਸੰਗਤਾਂ ਭੜਕ ਸਕਦੀਆਂ ਹਨ। ਕੀ ਕਾਨਪੁਰ ਵਿੱਚ ਹੋਏ ਬੇਮਿਸਾਲ ਇਕੱਠ ਨੂੰ ਵੀ ਸਿੱਖੀ ਵਿੱਚੋਂ ਛੇਕਣ ਦਾ ਐਲਾਨ ਕਰ ਦਿੱਤਾ ਜਾਵੇਗਾ। ਸਾਰੀ ਦੁਨੀਆਂ ਜਾਣਦੀ ਹੈ ਕਿ ਸਿਆਸੀ ਸੋਚ ਦੇ ਅਧੀਨ ਗੁਰਦੁਆਰਾ ਚੋਣਾਂ ਤੋਂ ਅਲੱਗ ਥਲੱਗ ਕਰਨ ਲਈ ਪ੍ਰੋ: ਦਰਸ਼ਨ ਸਿੰਘ ਨੂੰ ਸਿੱਖ ਸੰਗਤਾਂ ਨਾਲੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਵੇਂ ’ਦਸਮ ਗ੍ਰੰਥ’ ਦਾ ਮੁੱਦਾ ਬਣਾਇਆ ਗਿਆ ਸੀ। ਇਸ ਬਾਰੇ ਪ੍ਰੋ: ਦਰਸਨ ਸਿੰਘ ਤਾਂ ਬਾਰ-ਬਾਰ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਸਬੰਧੀ ਵੱਖੋ-ਵੱਖ ਸੋਚ ਰੱਖਣ ਵਾਲੇ ਸਾਰੇ ਵਿਦਵਾਨਾਂ ਦੀ ਸਾਂਝੀ ਕਮੇਟੀ ਬਣਾ ਕੇ ’ਬਚਿੱਤਰ ਨਾਟਕ’ ਵਿੱਚੋਂ ਗੁਰਬਾਣੀ ਸਿਧਾਂਤਾ ਉਲਟ ਲਿਖਤਾਂ ਨੂੰ ਇੱਕ ਪਾਸੇ ਕਰਕੇ ਮਾਮਲਾ ਹੱਲ ਕੀਤਾ ਜਾਵੇ। ਫਿਰ ਵੀ ਪ੍ਰੋ: ਦਰਸ਼ਨ ਸਿੰਘ ਬੜੀ ਬੇਬਾਕੀ ਨਾਲ ਕਹਿੰਦੇ ਹਨ ਕਿ ਮੈਂ ਸ੍ਰੀ ਅਕਾਲ ਤਖਤ ਹਾਜ਼ਰ ਹੋਇਆ ਪਰ ਜੱਥੇਦਾਰ ਮੈਨੂੰ ਦਬਾਅ ਬਣਾਉਦੇ ਰਹੇ ਕਿ ਮੈਂ ਕਿਸੇ ਸਕਤਰੇਤ ਜਾਂ ਦਫਤਰ-ਨੁਮਾ ਕਮਰੇ ਵਿੱਚ ਜਾਵਾਂ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੈ ਕੀ ਹੁਣ ਇੱਕ ਕਮਰੇ ਨੂੰ ਅਕਾਲ ਤਖਤ ਮੰਨਿਆ ਜਾਣ ਲੱਗ ਪਵੇ। ਕੀ ਬੰਦ ਕਮਰੇ ਅੰਦਰ ਕੀਤੇ ਫੈਸਲੇ ਸਿੱਖਾਂ ਵਿਚ ਵੰਡੀਆਂ ਪਾਉਣ ਦਾ ਕਾਰਨ ਨਹੀਂ ਬਣ ਰਹੇ? ਅਜਿਹੀਆਂ ਗੱਲਾਂ ਨੂੰ ਦੂਰ ਅੰਦੇਸ਼ੀ ਨਾਲ ਸੋਚ ਵਿਚਾਰ ਕੇ ਸਿੱਖਾਂ ਦੇ ਭਲੇ ਲਈ ਗਲਤ ਫੈਸਲੇ ਰੱਦ ਕੀਤੇ ਜਾਣੇ ਚਾਹੀਦੇ ਹਨ। ਹੈਰਾਨਗੀ ਦੀ ਗੱਲ ਇਹ ਹੈ ਕਿ ਪ੍ਰੋ: ਦਰਸ਼ਨ ਸਿੰਘ ਤਾਂ ਅੱਜ ਵੀ ਸ੍ਰੀ ਅਕਾਲ ਤਖਤ ਤੇ ਬੈਠਣ ਨੂੰ ਤਿਆਰ ਹਨ, ਜੇਕਰ ਮਸਲੇ ਇਮਾਨਦਾਰੀ ਨਾਲ ਹੱਲ ਕੀਤੇ ਜਾਣ ਅਤੇ ਫੈਸਲੇ ਸਿਆਸਤ ਤੋਂ ਪ੍ਰੇਰਤ ਨਾ ਹੋਣ।

ਰਵਾਇਤੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬਾਨ ਵੱਲੋਂ ਸਿੱਖ ਹੋਮਲੈਂਡ ਅਥਵਾ ”ਖਾਲਿਸਤਾਨ” ਦੀ ਪ੍ਰਾਪਤੀ ਲਈ ਜੂਝ ਰਹੀਆਂ ’ਪੰਥਕ ਧਿਰਾਂ’ ਨੂੰ ਗਲਵੱਕੜੀ ਵਿੱਚ ਲੈਣ ਦੀ ਬਜਾਏ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਨਾਲ ਬੇਰੁੱਖਾ ਵਿਵਹਾਰ ਕੀਤਾ ਜਾ ਰਿਹਾ ਹੈ। ਘੱਟੋ ਘੱਟ ਸਜਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਕਹੀ ਜਾਂਦੀ ਪੰਥਕ ਸਰਕਾਰ ਹਰਕਤ ਵਿੱਚ ਕਿਉਂ ਨਹੀਂ ਆਉਂਦੀ? ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੋੜੇ ਸਿਆਸੀ ਹਿੱਤਾਂ ਲਈ ਵਰਤੇ ਜਾਣ ਦੀ ਪ੍ਰਪਾਟੀ ਖਤਮ ਹੋਣੀ ਚਾਹੀਦੀ ਹੈ । ਸਿੱਖ ਭਾਵੇਂ ਕਿਸੇ ਵੀ ਰਾਜਸੀ ਪਾਰਟੀ ਜਾਂ ਧੜੇ ਨਾਲ ਜੁੜਿਆ ਹੋਵੇ ਉਸ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ। ਜੇਲ੍ਹਾ ਵਿੱਚ ਬੰਦ ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਲਈ ਅਤੇ ਫਾਂਸੀ ਦੀ ਸਜਾ ਲਈ ਐਲਾਨੇ ਗਏ ਸਿਖ ਨੌਜਵਾਨਾਂ ਨੂੰ ਬਚਾਉਣ ਲਈ ਅਕਾਲ ਤਖਤ ਦੀ ਚੁੱਪੀ ਸਿੱਖਾਂ ਲਈ ਵੱਡੀ ਮੁਸ਼ਕਿਲ ਹੈ। ਅਕਾਲ ਤਖਤ ਦੀ ਸੇਵਾ ਨਿਭਾ ਰਹੇ, ਨਿਭਾ ਚੁੱਕੇ ਸਾਰੇ ਜੱਥੇਦਾਰ ਸਾਹਿਬਾਨ ਭਾਰਤ ਅੰਦਰ ਰਹਿ ਕੇ ਸਿੱਖਾਂ ਦੇ ਕੌਮੀ ਹੱਕ, ਕੌਮੀ ਨਿਸ਼ਾਨੇ ਲਈ ਜਮੂਹਰੀਅਤ ਢੰਗ ਨਾਲ ਸੰਘਰਸ਼ ਵਿੱਚ ਯੋਗਦਾਨ ਪਾਉਣ ਹਿੱਤ ਅੱਗੇ ਆਉਣ ਤਾਂ ਜੋ ਮੰਜਿਲ ਸਰ ਹੋ ਸਕੇ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top