Share on Facebook

Main News Page

ਮਾਮਲਾ ਧਾਰਾ 295ਏ ਦੀ ਦੁਰਵਰਤੋਂ ਦਾ
-: ਕਿਰਪਾਲ ਸਿੰਘ ਬਠਿੰਡਾ

* ਸੀਨੀਅਰ ਪੁਲਿਸ ਕਪਤਾਨ ਨੇ ਮੰਨਿਆਂ ਕਿ ਭੀੜ ਨੂੰ ਸ਼ਾਂਤ ਕਰਨ ਲਈ ਮੌਕੇ ਅਨੁਸਾਰ ਸਥਿਤੀ ਨੂੰ ਵੇਖਦੇ ਹੋਏ ਧਾਰਾ 295ਏ ਅਧੀਨ ਕੇਸ ਦਰਜ ਕਰਨਾ ਪੈਂਦਾ ਹੈ

ਬਠਿੰਡਾ, 12 ਸਤੰਬਰ (ਕਿਰਪਾਲ ਸਿੰਘ): ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇੰਟਰ ਸਟੇਟ ਚੋਰ ਗਰੋਹ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ ਅੱਜ ਦੇਰ ਸ਼ਾਮ ਸੱਦੀ ਗਈ ਵਿਸ਼ੇਸ਼ ਪੱਤਰਕਾਰ ਕਾਨਫਰੰਸ ਦੀ ਸਮਾਪਤੀ ’ਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ਼੍ਰੀ ਰਵਚਰਨ ਸਿੰਘ ਬਰਾੜ ਨੂੰ ਜਦ ਇਹ ਪੁੱਛਿਆ ਗਿਆ ਕਿ ਧਾਰਾ 295ਏ ਅਧੀਨ ਕੇਸ ਦਰਜ ਕਰਨ ਸਮੇਂ ਬਿਨਾ ਕਿਸੇ ਪੜਤਾਲ ਅਤੇ ਕੇਸ ਦੀ ਸਾਰਥਿਕਤਾ ਵੇਖਿਆਂ ਭੀੜ ਅਤੇ ਸਿਆਸੀ ਦਬਾਅ ਅਧੀਨ ਕਾਹਲੀ ਵਿੱਚ ਕੇਸ ਦਰਜ ਕੀਤੇ ਜਾ ਰਹੇ ਹਨ; ਦੇ ਜਵਾਬ ’ਚ ਉਨ੍ਹਾਂ ਇਸ ਤੋਂ ਇਨਕਾਰ ਕੀਤਾ। ਪਰ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੀਤੇ ਦਿਨ ਥਾਣਾ ਕੋਤਵਾਲੀ ’ਚ ਸ਼ਿਕਾਇਤ ਕਰਤਾ ਸ਼੍ਰੀ ਰਜਿੰਦਰ ਕੁਮਾਰ ਗਰਗ ਉਰਫ ਬਾਵਾ ਪੁੱਤਰ ਸ਼੍ਰੀ ਹੰਸ ਰਾਜ ਨੇ ਪ੍ਰੋ: ਇੰਦਰਜੀਤ ਸਿੰਘ ਘੱਗਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਦੋਂ ਕਿ ਐੱਫ.ਆਈ.ਆਰ ਨੰ: 225 ਮਿਤੀ 10.09.2013 ਪ੍ਰੋ: ਇੰਦਰ ਸਿੰਘ ਘੱਗਾ ਵਿਰੁੱਧ ਦਰਜ ਕਰ ਦਿੱਤੀ ਹੈ।

ਦੂਸਰਾ ਨੁਕਤਾ ਹੈ ਕਿ ਇਸ ਸ਼ਿਕਾਇਤ ਅਤੇ ਐੱਫ.ਆਈ.ਆਰ ਵਿੱਚ ਡੇਟ ਆਫ ਅਕਰੰਸ ਆਫ ਔਫੈਂਸ 04.09.2013 ਲਿਖਿਆ ਗਿਆ ਹੈ ਜਦੋਂ ਕਿ 4 ਤਰੀਖ ਨੂੰ ਕੋਈ ਗੁਨਾਹ ਹੋਇਆ ਹੀ ਨਹੀਂ ਕਿਉਂਕਿ ਉਹ ਵਿਵਾਦਤ ਲੇਖ ਤਾਂ ਮਾਲਵਾ ਮੇਲ ’ਚ 17 ਅਗੱਸਤ ਨੂੰ ਛਪਿਆ ਸੀ।

ਤੀਸਰਾ ਨੁਕਤਾ ਹੈ ਕਿ ਪ੍ਰੋ: ਇੰਦਰ ਸਿੰਘ ਘੱਗਾ ਨੇ ਹਿੰਦੂ ਦੇਵੀ ਦੇਵਤਿਆਂ ਬਾਰੇ ਜੋ ਕੁਝ ਲਿਖਿਆ ਹੈ ਉਹ ਕੁਝ ਤਾਂ ਹਿੰਦੂ ਧਰਮ ਦੇ ਆਪਣੇ ਧਾਰਮਿਕ ਗ੍ਰੰਥਾਂ (ਪੁਰਾਣਾਂ) ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ ਜਿਸ ਦਾ ਜ਼ਿਕਰ ਸੰਸਕ੍ਰਿਤ ਦੇ ਇੱਕ ਹਿੰਦੂ ਵਿਦਵਾਨ ਸਵ: ਸ਼੍ਰੀ ਰਾਮ ਤੀਰਥ ਦੰਡੀ ਸਨਿਆਸੀ ਅਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਛਾਪੀ ਗਈ ਪੁਸਤਕ “ਹਿੰਦੂ ਮਿਥਿਹਾਸ ਕੋਸ਼” ਵਿੱਚ ਲਿਖਿਆ ਹੋਇਆ ਹੈ। ਜਿਹੜੀਆਂ ਗੱਲਾਂ ਹਿੰਦੂ ਵੀਰਾਂ ਨੂੰ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਪ੍ਰਵਾਨ ਹਨ, ਉਹੀ ਗੱਲਾਂ ਦੰਡੀ ਸਨਿਆਸੀ ਰਾਮ ਤੀਰਥ ਅਤੇ ਪੰਜਾਬ ਭਾਸ਼ਾ ਵੱਲੋਂ ਛਾਪੀ ਪੁਸਤਕ ਵਿੱਚ ਛਪ ਜਾਣ ’ਤੇ ਉਨ੍ਹਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਨਹੀਂ ਪਹੁੰਚੀ ਤਾਂ ਪ੍ਰੋ: ਇੰਦਰ ਸਿੰਘ ਘੱਗਾ ਵੱਲੋਂ ਲਿਖੇ ਜਾਣ ਨਾਲ ਠੇਸ ਕਿਵੇਂ ਪਹੁੰਚ ਗਈ? ਪ੍ਰੋ: ਇੰਦਰ ਸਿੰਘ ਘੱਗਾ ਦੀ ਥਾਂ ਪ੍ਰੋ: ਇੰਦਰਜੀਤ ਸਿੰਘ ਘੱਗਾ ਲਿਖੇ ਜਾਣ ’ਤੇ ਸ਼੍ਰੀ ਬਰਾੜ ਨੇ ਹੈਰਾਨੀ ਪ੍ਰਗਟ ਕੀਤੀ, ਪਰ ਇਹ ਜਰੂਰ ਮੰਨਿਆਂ ਕਿ ਭੀੜ ਨੂੰ ਸ਼ਾਂਤ ਕਰਨ ਲਈ ਮੌਕੇ ਅਨੁਸਾਰ ਸਥਿਤੀ ਨੂੰ ਵੇਖਦੇ ਹੋਏ ਧਾਰਾ 295ਏ ਅਧੀਨ ਕੇਸ ਦਰਜ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਸੀ ਦਬਾਅ ਕੋਈ ਨਹੀਂ, ਪਰ ਭੀੜ ਨੂੰ ਸ਼ਾਂਤ ਕਰਨ ਲਈ ਜਰੂਰ ਮੌਕੇ ਅਨੁਸਾਰ ਕਾਰਵਾਈ ਕਰਨੀ ਪੈਂਦੀ ਹੈ ਕਿਉਂਕਿ ਭੀੜ ਵਿੱਚ ਕਈ ਸ਼ਰਾਰਤੀ ਅਨਸਰ ਵੀ ਹੁੰਦੇ ਹਨ। ਜੇ ਭੀੜ ਨੂੰ ਸ਼ਾਂਤ ਨਾ ਕੀਤਾ ਜਾਵੇ ਤਾਂ ਸ਼ਰਾਰਤੀ ਅਨਸਰ ਕੁਝ ਵੀ ਕਰ ਸਕਦਾ ਹੈ ਜਿਸ ਨਾਲ ਸੰਪ੍ਰਦਾਇਕ ਏਕਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ।

ਜਦ ਉਨ੍ਹਾਂ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਗੁਰਬਾਣੀ ਦੇ ਐਸੇ ਸ਼ਬਦ ਦਰਜ ਹਨ ਜਿਨ੍ਹਾਂ ਵਿੱਚ ਹਿੰਦੂ ਦੇਵੀ ਦੇਵਤਿਆਂ ਸਬੰਧੀ ਪੁਰਾਣਾਂ ਦੇ ਹਵਾਲੇ ਦੇ ਕੇ ਸਮਝਾਇਆ ਗਿਆ ਹੈ ਕਿ ਇਨ੍ਹਾਂ ਦੇਵੀ ਦੇਵਤਿਆਂ ਨਾਲ ਜੁੜਨ ਦੀ ਥਾਂ ਇੱਕ ਅਕਾਲ ਪੁਰਖ ਨਾਲ ਜੁੜੋ ਜਿਹੜਾ ਵਿਕਾਰ ਰਹਿਤ ਹੈ। ਪਿਛਲੇ ਦਸੰਬਰ ਵਿੱਚ ਫੂਲ ਕਸਬਾ, ਜਿਹੜਾ ਕਿ ਤੁਹਾਡੇ ਖੇਤਰ ਵਿੱਚ ਹੀ ਆਉਂਦਾ ਹੈ; ਦੇ ਇੱਕ ਗੁਰਦੁਆਰੇ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਨੇ ਅਜਿਹੇ ਸ਼ਬਦ ਦੀ ਵਿਆਖਿਆ ਕੀਤੀ, ਜਿਸ ਵਿੱਚ ਭਗਤ ਨਾਮ ਦੇਵ ਜੀ ਨੇ ਪਾਂਡੇ ਨੂੰ ਸਮਝਾਇਆ ਹੈ ਕਿ ਆ ਤੈਨੂੰ ਮੂਰਖ ਨੂੰ ਸਮਝਾਵਾਂ, ਕਿ ਤੈਨੂੰ ਭਗਵਾਨ ਦੇ ਦਰਸ਼ਨ ਕਿਉਂ ਨਹੀਂ ਹੁੰਦੇ। ਇਸ ਦਾ ਕਾਰਣ ਭਗਤ ਜੀ ਨੇ ਇਹ ਦੱਸਿਆ, ਕਿ ਹੇ ਪਾਂਡੇ ਗਿਆਨ ਦੀ ਪ੍ਰਾਪਤੀ ਲਈ ਜਿਨ੍ਹਾਂ ਵਿੱਚ ਤੂੰ ਸ਼ਰਧਾ ਰੱਖ ਕੇ ਉਨ੍ਹਾਂ ਦੀ ਪੂਜਾ ਕਰਦਾ ਹੈਂ ਉਨ੍ਹਾਂ ’ਤੇ ਤੂੰ ਆਪ ਹੀ ਦੋਸ਼ ਵੀ ਲਾਈ ਜਾਂਦਾ ਹੈਂ। ਇਹ ਦੂਸ਼ਣ ਲਾ ਕੇ ਉਹਨਾਂ ਵਿਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ:-

ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥ ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥” ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ 875

ਉਕਤ ਸ਼ਬਦ ਦੀ ਵਿਆਖਿਆ ਸੁਣ ਕੇ ਵੀ ਹਿੰਦੂ ਜਥੇਬੰਦੀਆਂ ਨੇ ਮੁੱਖ ਸੜਕ ’ਤੇ ਧਰਨਾ ਲਾ ਕੇ ਜਾਮ ਲਾ ਦਿੱਤਾ ਸੀ ’ਤੇ ਪ੍ਰਚਾਰਕ ਵਿੱਰੁਧ ਧਾਰਾ 295ਏ ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਪਰ ਹਲਕਾ ਰਾਮਪੁਰਾ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਚਾਰਕ ਦੇ ਹੱਕ ਵਿੱਚ ਖੜ੍ਹ ਗਏ, ਇਸ ਲਈ ਉਸ ਵਿਰੁੱਧ ਕੇਸ ਦਰਜ ਨਹੀਂ ਕੀਤਾ ਗਿਆ ਤੇ ਹਿੰਦੂ ਜਥੇਬੰਦੀਆਂ ਨੂੰ ਦੱਸਿਆ ਗਿਆ ਕਿ ਪ੍ਰਚਾਰਕ ਵਿਰੁੱਧ ਕੋਈ ਕੇਸ ਨਹੀਂ ਬਣਦਾ, ਕਿਉਂਕਿ ਉਸ ਨੇ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕੀਤੀ ਹੈ।

ਸੋ, ਉਕਤ ਸ਼ਬਦ ਵਿੱਚ ਜੇ ਭਗਤ ਨਾਮਦੇਵ ਜੀ ਨੇ ਪੁਜਾਰੀ ਪਾਂਡੇ ਨੂੰ ਦੋਸ਼ੀ ਦੱਸਿਆ ਹੈ ਤਾਂ ਪ੍ਰੋ: ਇੰਦਰ ਸਿੰਘ ਘੱਗਾ ਨੇ ਵੀ ਪੁਜਾਰੀ ਨੂੰ ਹੀ ਦੋਸ਼ੀ ਦੱਸਿਆ ਹੈ ਤਾਂ ਉਸ ਵਿਰੁੱਧ ਧਾਰਾ 295ਏ ਕਿਉਂ? ਐੱਸ.ਐੱਸ.ਪੀ ਸ਼੍ਰੀ ਬਰਾੜ ਨੇ ਕਸਬਾ ਫੂਲ ਵਾਲੇ ਕੇਸ ਸਬੰਧੀ ਤਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਕਿਹਾ ਇਹ ਗੱਲਾਂ ਅਦਾਲਤ ਨੇ ਵੇਖਣੀਆਂ ਹੁੰਦੀਆਂ ਹਨ ਤੇ ਇਹ ਵੇਖ ਕੇ ਹੀ ਉਸ (ਪ੍ਰੋ: ਇੰਦਰ ਸਿੰਘ ਘੱਗਾ) ਨੂੰ ਜਮਾਨਤ ਮਿਲ ਗਈ ਹੈ। ਪੁਲਿਸ ਦੋ ਧਿਰਾਂ ਵਿੱਚੋਂ ਕਿਸੇ ਨਾਲ ਪਾਰਟੀ ਬਣ ਕੇ ਨਹੀਂ ਖੜ੍ਹਦੀ ਸਿਰਫ ਮੌਕੇ ਦੀ ਸਥਿਤੀ ਨੂੰ ਭਾਂਪ ਕੇ ਕੇਸ ਹੀ ਦਰਜ ਕਰਨਾ ਹੁੰਦਾ ਹੈ।

ਉਨ੍ਹਾਂ ਉਦਾਹਰਣ ਦਿੱਤੀ ਕਿ ਸਿਰਸਾ ਡੇਰਾ ਮੁਖੀ ਦੀਆਂ ਇੰਟਰਨੈੱਟ ’ਤੇ ਕਈ ਤਰ੍ਹਾਂ ਦੀਆਂ ਤਸ਼ਵੀਰਾਂ ਪਾ ਦਿੱਤੀਆਂ ਜਾਂਦੀਆਂ ਹਨ। ਪ੍ਰੇਮੀਆਂ ਵੱਲੋਂ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਕੇਸ ਦਰਜ ਕਰ ਲਿਆ ਜਾਂਦਾ ਹੈ। ਐੱਸਪੀਐੱਸਪੀ ਸਾਹਿਬ ਨੂੰ ਦੱਸਿਆ ਗਿਆ ਕਿ ਇਸ ਕੇਸ ਵਿੱਚ ਵੀ ਧਾਰਾ 295 ਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਕਿਉਂਕਿ ਭਾਰਤੀ ਸੰਵਿਧਾਨ ਵਿੱਚ ਸੱਚਾ ਸੌਦਾ ਜਾਂ ਡੇਰਾ ਪ੍ਰੇਮੀਆਂ ਨੂੰ ਧਰਮ ਦੇ ਤੌਰ ’ਤੇ ਕੋਈ ਮਾਨਤਾ ਹੀ ਨਹੀਂ ਦਿੱਤੀ ਗਈ। ਜਿਸ ਧਰਮ ਨੂੰ ਸੰਵਿਧਾਨ ਕੋਈ ਮਾਨਤਾ ਹੀ ਨਹੀਂ ਦਿੰਦਾ ਉਸ ਧਰਮ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਰੁੱਧ ਉਸੇ ਸੰਵਿਧਾਨ ਦੀ ਧਾਰਾ 295ਏ ਅਧੀਨ ਕੇਸ ਕਿਵੇਂ ਦਰਜ ਕੀਤਾ ਜਾ ਸਕਦਾ ਹੈ? ਐੱਸ.ਐੱਸ.ਪੀ ਸ਼੍ਰੀ ਬਰਾੜ ਨੇ ਹਸਦਿਆਂ ਹੋਇਆਂ ਆਪਣੀ ਗੱਲ ਫਿਰ ਦੁਹਰਾਈ ਕਿ ਇਸੇ ਕਾਰਣ ਤਾਂ ਇਹ ਕੇਸ ਅਦਾਲਤ ਵਿੱਚ ਨਹੀਂ ਚਲਦੇ ਤੇ ਕਥਿਤ ਦੋਸ਼ੀ ਨੂੰ ਜਮਾਨਤ ਮਿਲ ਜਾਂਦੀ ਹੈ।

ਐੱਸ.ਐੱਸ.ਪੀ ਸ਼੍ਰੀ ਬਰਾੜ ਬੇਸ਼ੱਕ ਮੰਨਣ ਜਾਂ ਨਾ ਪਰ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਇੱਕ ਗੱਲ ਤਾਂ ਸਪਸ਼ਟ ਹੋ ਰਹੀ ਸੀ ਕਿ ਸਿਰਫ ਭੀੜ ਵਿਚਲੇ ਸ਼ਰਾਰਤੀ ਅਨਸਰ ਨੂੰ ਨੱਥ ਪਾਉਣ ਦੀ ਥਾਂ ਸੱਚ ਬੋਲਣ ਅਤੇ ਲਿਖਣ ਵਾਲੇ ਦੀ ਜ਼ਬਾਨ ਬੰਦ ਕਰਵਾਉਣ ਲਈ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਜ਼ਲੀਲ ਅਤੇ ਸ਼ਰਾਰਤੀਆਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਖੁਸ਼ ਕੀਤਾ ਜਾ ਰਿਹਾ ਹੈ।

   

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top