Share on Facebook

Main News Page

ਡੇਰਾਵਾਦ - ਖਪਤਕਾਰੀ ਸੱਭਿਅਤਾ ਤੇ ਅੰਧ-ਵਿਸ਼ਵਾਸ ਦੀ ਉਪਜ
-: ਪ੍ਰੋ. ਕਰਮਜੀਤ ਕੌਰ ਕਿਸ਼ਾਵਲ ਮੋਬ: 94176-74013

- ਸੱਤਾ, ਰਾਜਨੀਤੀ, ਮਾਫੀਆ, ਮੀਡੀਆ 'ਤੇ ਕੰਟਰੋਲ ਕਰਕੇ ਭਾਰਤ ਦੇ ਲੋਕਤੰਤਰ ਲਈ ਖ਼ਤਰਾ ਬਣੇ ਡੇਰਾ ਮੁਖੀ
- ਧਰਮ ਦੇ ਨਾਮ 'ਤੇ ਕਰ ਰਹੇ ਨੇ ਪੂੰਜੀਪਤੀਆਂ ਦੀ ਤਰ੍ਹਾਂ ਵਪਾਰ ਅੰਧ-ਵਿਸ਼ਵਾਸ, ਅਡੰਬਰ ਤੇ ਕਰਮਕਾਡਾਂ ਦਾ ਕਰ ਰਹੇ ਨੇ ਪਸਾਰਾ

ਡੇਰਾਵਾਦ ਨੂੰ ਧਰਮ ਨਹੀਂ ਕਿਹਾ ਜਾ ਸਕਦਾ, ਧਰਮ ਦੀ ਜਿਹੜੀ ਪਰਿਭਾਸ਼ਾ ਬੁੱਧ, ਗੁਰਬਾਣੀ, ਸੂਫੀਵਾਦ, ਸਵਾਮੀ ਵਿਵੇਕਾਨੰਦ ਨੇ ਘੜੀ ਹੈ। ਉਸ ਕਸੌਟੀ 'ਤੇ ਡੇਰਾਵਾਦ ਦੀ ਕਰਮਕਾਂਡੀ ਵਿਵਸਥਾ ਕਿਤੇ ਵੀ ਪੂਰੀ ਉਤਰਦੀ ਨਹੀਂ ਵਿਖਾਈ ਦਿੰਦੀ। ਬੁੱਧ ਨੇ ਧਰਮ ਨੂੰ ਅਸ਼ਟਾਂਮਿਕ ਮਾਰਗ ਨਾਲ ਜੋੜਿਆ ਹੈ, ਜਿਸ ਵਿੱਚ ਸਮਯਕ ਦ੍ਰਿਸ਼ਟੀ 'ਸਤਿ ਦ੍ਰਿਸ਼ਟੀ', ਸਮਯਕ ਸੰਕਲਪ 'ਸਤਿਭਾਵ', ਸਤਿ ਭਾਸ਼ਨ 'ਸਮਯਕ ਵਾਚਾ), ਸਤਿ ਵਿਹਾਰ 'ਸਮਯਕ ਕਰਾਮਾਤ', ਸਤਿ ਨਿਰਬਾਹ 'ਸਮਯਕ ਜੀਵਨ', ਸਤਿ ਪ੍ਰਯਤਨ 'ਸਮਯਕ ਵਯਸਾਮ' ਸਤਿ ਵਿਚਾਰ 'ਸਮਯਕ ਸਮ੍ਰਿਤੀ', ਸਤਿ ਧਿਆਨ 'ਸਮਯਕ ਸਮਾਧਿ' ਆ ਜਾਂਦੇ ਹਨ।

ਸੰਤ ਕਬੀਰ ਸਾਹਿਬ ਨੇ ਧਰਮ ਦੀ ਵਿਆਖਿਆ ਬਹੁਤ ਖ਼ੂਬਸੂਰਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਦੀ ਵਿਵਸਥਾ ਉੱਥੇ ਹੋ ਸਕਦੀ ਹੈ, ਜਿੱਥੇ ਗਿਆਨ ਦਾ ਦੀਵਾ ਜਗਦਾ ਹੈ। ਜਿੱਥੇ ਝੂਠ ਹੈ, ਉੱਥੇ ਤਾਂ ਪਾਪ ਦਾ ਪਸਾਰਾ ਹੋਣਾ ਹੈ, ਕਬੀਰਾ ਜਹਾ ਗਿਆਨ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ। ਜਹਾ ਲੋਭੁ ਤਹੁ ਕਾਲੁ ਹੈ ਜਹਾ ਖਿਮਾ ਤਹ ਆਪਿ। (ਪੰਨਾ 1372)

ਡੇਰਾਵਾਦ ਪ੍ਰੋਹਿਤਵਾਦੀ ਵਿਵਸਥਾ ਹੈ, ਜੋ ਕਿ ਮਾਇਆ, ਅੰਧ-ਵਿਸ਼ਵਾਸ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਰਹਿਤ ਨਹੀਂ ਹੋ ਸਕੀ। ਕਿਰਤ ਤੇ ਸੱਚ ਤੋਂ ਟੁੱਟੇ ਲੋਕ ਕਦੇ ਵੀ ਸੱਚ ਤੇ ਸੱਚ ਅਚਾਰ ਦੇ ਨੇੜੇ-ਤੇੜੇ ਵੀ ਨਹੀਂ ਖਲੋ ਸਕਦੇ। ਗੁਰੂ ਨਾਨਕ ਸਾਹਿਬ ਨੇ ਅਜਿਹੀ ਵਿਵਸਥਾ ਨੂੰ 'ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ' ਨਾਲ ਤੁਲਨਾ ਕੀਤੀ ਹੈ।

ਲੋਕਤੰਤਰ ਲਈ ਖਤਰਾ

ਵੱਡੇ-ਵੱਡੇ ਡੇਰਿਆਂ ਵਾਲੇ ਸਾਧ-ਸੰਤ ਵੀ ਉਸ ਪੁਰੋਹਿਤਵਾਦੀ ਵਿਵਸਥਾ ਦੇ ਪ੍ਰਤੀਕ ਹਨ, ਜਿਸ ਤੋਂ ਬਿਹਤਰ ਵਿਚਾਰ ਤੇ ਵਿਵਹਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਫਿਰ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਡੇਰਾਵਾਦੀ ਵਿਵਸਥਾ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੀ ਹੈ? ਸਮੁੱਚੀ ਡੇਰਾਵਾਦੀ ਵਿਵਸਥਾ ਦਾ ਆਧਾਰ ਕਿਰਤ ਨਾਲ ਨਹੀਂ, ਕਰਮਕਾਡਾਂ, ਮਾਇਆ ਤੇ ਪਦਾਰਥਵਾਦੀ ਵਸਤਾਂ ਨਾਲ ਜੁੜਿਆ ਹੋਇਆ ਹੈ। ਡੇਰਾਵਾਦ ਦੀਆਂ ਇਨ੍ਹਾਂ ਦੁਕਾਨਾਂ 'ਚ ਵਾਧੇ ਦਾ ਆਧਾਰ ਸਾਡੇ ਸਮਾਜ ਦੀ ਅਗਿਆਨਤਾ, ਅੰਧ-ਵਿਸ਼ਵਾਸ ਤੇ ਕਰਮ-ਕਾਂਡੀ ਹੋਣਾ ਹੈ। ਸਵਰਗ, ਨਰਕ ਤੇ ਭਵਜਲ ਵਿੱਚ ਉਲਝੇ ਲੋਕ ਹੀ ਡੇਰਾਵਾਦ ਵਿੱਚ ਇਜਾਫਾ ਕਰ ਰਹੇ ਹਨ। ਇਸੇ ਅੰਧ-ਵਿਸ਼ਵਾਸੀ ਬਿਰਤੀ ਕਾਰਣ ਡੇਰੇ ਤਾਕਤਵਰ ਹੋ ਰਹੇ ਹਨ ਅਤੇ ਸੱਤਾ, ਰਾਜਨੀਤੀ, ਮਾਫੀਆ, ਮੀਡੀਆ 'ਤੇ ਕੰਟਰੋਲ ਕਰਕੇ ਭਾਰਤ ਦੇ ਲੋਕਤੰਤਰ ਲਈ ਖ਼ਤਰਾ ਬਣਾ ਹੋਏ ਹਨ। ਇਸੇ ਮਾਇਆਵੀ ਹਵਸ ਵਿੱਚੋਂ ਕਤਲ, ਬਲਾਤਕਾਰ, ਸੈਕਸ ਸ਼ੋਸ਼ਣ ਘਟਨਾਵਾਂ ਪ੍ਰਗਟ ਹੋ ਕੇ ਮੀਡੀਏ ਦੀਆਂ ਸੁਰਖੀਆਂ ਬਣ ਰਹੀਆਂ ਹਨ। ਸੰਤ ਕਬੀਰ ਸਾਹਿਬ ਨੇ ਡੇਰਾਵਾਦ ਬਾਰੇ ਸੱਚ ਹੀ ਆਖਿਆ ਹੈ:

'ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹਥਿ ਨਿਬਗ
ਓਇ ਹਰਿ ਕੇ ਸੰਤ ਨਾ ਆਖੀਅਹਿ ਬਨਾਰਸਿ ਕੇ ਠੱਗ
'

ਡੇਰਾ ਮੁਖੀਆਂ ਦੀ ਵਿਲਾਸਮਈ ਜ਼ਿੰਦਗੀ

ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇਨ੍ਹਾਂ ਸਾਧ-ਸੰਤਾਂ ਤੇ ਡੇਰਾਵਾਦੀਆਂ ਨੇ ਭਾਰਤ ਦੇ ਗ਼ਰੀਬ ਲੋਕਾਂ ਦੀ ਗ਼ਰੀਬੀ ਦੂਰ ਕਰਨ ਲਈ ਕੀ ਭੂਮਿਕਾ ਨਿਭਾਈ ਹੈ? ਕਰੋੜਾਂ ਰੁਪਏ ਡੇਰਿਆਂ ਵਿੱਚ ਚੜ੍ਹਾਵੇ ਦੇ ਰੂਪ ਵਿੱਚ ਚੜ੍ਹ ਰਹੇ ਹਨ, ਵਿਦੇਸ਼ਾਂ ਤੋਂ ਵੀ ਸ਼ਰਧਾਲੂ ਵੱਡੇ ਪੈਮਾਨੇ 'ਤੇ ਦਾਨ ਦੇ ਰਹੇ ਹਨ। ਪਰ ਕੀ ਇਹ ਦਾਨ ਭਾਰਤ ਦੇ ਸੁਚੱਜੇ ਨਿਰਮਾਣ, ਗ਼ਰੀਬ ਲੋਕਾਂ ਦੇ ਹਿੱਤ ਵਿੱਚ ਵਰਤਿਆ ਜਾ ਰਿਹਾ ਹੈ? ਬਿਲਕੁਲ ਨਹੀਂ। ਇਹ ਦਾਨ ਡੇਰਾਮੁਖੀਆਂ ਦੀ ਲੋਭ ਬਿਰਤੀ ਵਿੱਚ ਵਾਧਾ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਐਸ਼ਪ੍ਰਸਤੀ ਵਿੱਚ ਇਜਾਫਾ ਹੋ ਰਿਹਾ ਹੈ। ਬਹੁਮੁੱਲੀਆਂ ਕਾਰਾਂ, ਹੈਲੀਕਾਪਟਰ, ਫਾਈਵ ਸਟਾਰ ਦੀ ਜ਼ਿੰਦਗੀ ਇਨ੍ਹਾਂ 'ਰੱਬ' ਵਰਗੇ ਡੇਰਾ ਮੁਖੀਆਂ ਦੇ ਜੀਵਨ ਦਾ ਹਿੱਸਾ ਹੈ।

ਭਾਵੇਂ ਕਿ ਡੇਰਾ ਮੁਖੀ ਸ਼ਰਧਾਲੂਆਂ ਨੂੰ ਕਥਾ ਰਾਹੀਂ ਹਦਾਇਤਾਂ ਦਿੰਦੇ ਹਨ ਕਿ ਮਾਇਆ ਸਰਪਣੀ ਹੈ, ਇਸ ਤੋਂ ਬਚ ਕੇ ਰਹੋ, ਤੁਹਾਨੂੰ ਡੱਸ ਲਵੇਗੀ। ਪਰ ਇਹ ਅਮਲ ਤੇ ਸਿਧਾਂਤ ਸ਼ਰਧਾਲੂਆਂ ਲਈ ਹਨ, ਸਾਧੂ-ਸੰਤ ਤਾਂ ਇਨ੍ਹਾਂ ਤੋਂ ਪਾਰ ਹਨ। ਪਰ ਭਾਰਤ ਦੇ ਆਵਾਮ ਦਾ ਮਨ ਏਨਾ ਨਾਕਾਰਾ ਹੋ ਚੁੱਕਾ ਹੈ, ਉਹ ਡੇਰਾਵਾਦ ਦੇ ਯਥਾਰਥ ਨੂੰ ਪਛਾਣਨ ਤੋਂ ਅਸਮਰਥ ਹੈ ਤੇ ਅੰਨ੍ਹੀ ਸ਼ਰਧਾ ਦੇ ਵਹਿਣ ਵਿੱਚ ਉਨ੍ਹਾਂ ਨੂੰ ਰੱਬ ਤੇ ਉਨ੍ਹਾਂ ਦੇ ਬੋਲਾਂ ਨੂੰ 'ਰੱਬੀ ਹੁਕਮ' ਸਮਝ ਕੇ ਆਪਣਾ ਸ਼ੋਸ਼ਣ ਕਰਵਾ ਰਿਹਾ ਹੈ। ਇਸੇ ਅੰਧ-ਵਿਸ਼ਵਾਸ ਕਾਰਨ ਸਕੂਲਾਂ, ਹਸਪਤਾਲਾਂ ਤੋਂ ਡੇਰਿਆਂ ਦੀ ਗਿਣਤੀ ਜ਼ਿਆਦਾ ਹੈ। ਦੇਸ ਵਿੱਚ ਗ਼ਰੀਬਾਂ ਦੇ ਰਹਿਣ ਲਈ ਛੱਤ ਨਹੀਂ, ਪੀਣ ਲਈ ਸਾਫ਼ ਪਾਣੀ ਨਹੀਂ, ਇੱਥੋਂ ਤੱਕ ਸ਼ੌਚ ਜਾਣ ਲਈ ਉੱਚਿਤ ਪ੍ਰਬੰਧ ਨਹੀਂ, ਪਰ ਅਰਬਾਂ ਰੁਪਏ ਚੜ੍ਹਾਵੇ ਦੇ ਰੂਪ ਵਿੱਚ ਡੇਰਿਆਂ ਅੱਗੇ ਚੜ੍ਹ ਰਹੇ ਹਨ। ਅੱਜ ਧਰਮ, ਅਧਿਆਤਮ, ਭਗਵਾਨ, ਭਗਤੀ, ਪਰਲੋਕ ਤੇ ਭਵਿੱਖ ਸੁਧਾਰ, ਜਨਮ ਸਫਲਾ ਕਰਨ ਦੇ ਚੋਲੇ ਵਿੱਚ ਏਨੇ ਡੇਰਾਵਾਦੀ ਸਰਗਰਮ ਹਨ ਕਿ ਇਨ੍ਹਾਂ ਦੀ ਭਾਰਤ ਵਿੱਚ ਸਾਰੇ ਸੰਸਾਰ ਤੋਂ ਵੱਧ ਗਿਣਤੀ ਹੈ।

ਬਾਬਾ ਸਾਹਿਬ ਅੰਬੇਡਕਰ 'ਜਾਤਪਾਤ ਦਾ ਬੀਜਨਾਸ਼' ਪੁਸਤਕ ਵਿੱਚ ਡੇਰਾਵਾਦ ਬਾਰੇ ਆਖਦੇ ਹਨ ਕਿ ਸੰਤਾਂ ਨੇ ਕਦੇ ਜਾਤ-ਪਾਤ ਤੇ ਛੂਤਛਾਤ ਵਿਰੁੱਧ ਮੁਹਿੰਮ ਨਹੀਂ ਚਲਾਈ। ਇਨਸਾਨ ਵਿਚਾਲੇ ਸੰਘਰਸ਼ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਨੂੰ ਤਾਂ ਕੇਵਲ ਇਨਸਾਨ ਤੋਂ ਪਰਮਾਤਮਾ ਵਿਚਕਾਰ ਸੰਬੰਧਾਂ ਦੀ ਫਿਕਰ ਸੀ। ਉਨ੍ਹਾਂ ਨੇ ਸਿੱਖਿਆ ਨਹੀਂ ਦਿੱਤੀ ਕਿ ਸਾਰੇ ਇਨਸਾਨ ਬਰਾਬਰ ਹਨ।

ਅੰਬੇਡਕਰ ਦੇ ਵਿਚਾਰਾਂ ਤੋਂ ਪਰਤੱਖ ਹੈ ਕਿ ਡੇਰਾਵਾਦ ਸਾਮਾਜਿਕ ਸਮੱਸਿਆਵਾਂ ਦੇ ਹੱਲ ਲਈ ਯਤਨ ਨਹੀਂ ਕਰਦਾ, ਉਸ ਦਾ ਮਨੋਰਥ ਜਾਹਲੀ ਰੂਹਾਨੀ ਅਨੰਦ ਦਾ ਪ੍ਰਚਾਰ ਕਰਕੇ ਆਪਣਾ ਵਿਕਾਸ ਕਰਨਾ ਹੈ, ਸਮਾਜ ਦੇ ਵਿਕਾਸ ਨਾਲ ਉਸ ਦਾ ਸੰਬੰਧ ਨਹੀਂ।

ਡੇਰਾਵਾਦ ਦਾ ਬਿਜਨਿਸ

ਸੰਸਾਰੀਕਰਨ ਵਿੱਚ ਕੋਆਪਰੇਟ ਜਗਤ ਜਿਵੇਂ ਇਸਤਰੀ ਦੇਹ ਦਾ ਇਸਤੇਮਾਲ ਕਰਕੇ ਆਪਣਾ ਵਪਾਰ ਵਧਾ ਰਿਹਾ ਹੈ, ਉਸੇ ਤਰ੍ਹਾਂ ਡੇਰਾਵਾਦੀ ਪਰੰਪਰਾ ਵੀ ਸੁੰਦਰ ਇਸਤਰੀਆਂ ਤੇ ਭਗਤਣੀਆਂ ਦਾ ਇਸਤੇਮਾਲ ਕਰਕੇ ਸਵਰਗ, ਮੋਕਸ਼ ਤੇ ਅਨੰਦ ਦਾ ਸਾਮਾਨ ਵੇਚ ਰਹੀ ਹੈ ਤੇ ਆਪਣੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਕਰ ਰਹੀ ਹੈ। ਵਿਕਾਊ ਮੀਡੀਆ ਨੇ ਵੀ ਮੁਨਾਫ਼ੇ ਲਈ ਇਨ੍ਹਾਂ ਬਾਬਿਆਂ ਨੂੰ ਆਪਣਾ ਪਖੰਡ ਵੇਚਣ ਲਈ ਥਾਂ ਦਿੱਤੀ ਹੈ। ਇਹ ਮੀਡੀਆ ਰੰਗ-ਬਰੰਗੇ ਬਾਬਿਆਂ ਨੂੰ ਵਿਖਾ ਕੇ ਲੋਕਾਂ ਦੇ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਵਿੱਚ ਵਾਧਾ ਕਰ ਰਿਹਾ ਹੈ। ਜਿੰਨ੍ਹਾ ਚਿਰ ਤੱਕ ਮੀਡੀਆ ਤਰਕਵਾਦੀ ਤੇ ਸੱਚ ਦੇ ਆਧਾਰ 'ਤੇ ਨਹੀਂ ਪ੍ਰਚਾਰਿਤ ਤੇ ਪ੍ਰਸਾਰਿਤ ਨਹੀਂ ਹੁੰਦਾ, ਓਨਾ ਚਿਰ ਤੱਕ ਭਾਰਤ ਦੇ ਲੋਕ ਇਸ ਡੇਰਾਵਾਦੀ ਖਲਜਗਨ ਵਿੱਚ ਆਪਣਾ ਸ਼ੋਸ਼ਣ ਕਰਵਾਉਂਦੇ ਰਹਿਣਗੇ।

ਸਿਆਸਤਦਾਨਾਂ ਨਾਲ ਨਾਪਾਕ ਗੱਠਜੋੜ

ਅੱਜ ਦੇਸ ਸਿਆਸਤਦਾਨਾਂ ਤੇ ਡੇਰਾਵਾਦੀਆਂ ਦੇ ਨਾਪਾਕ ਗੱਠਜੋੜ ਕਾਰਨ ਚੌਰਾਹੇ 'ਤੇ ਖੜ੍ਹਾ ਹੈ। ਸਾਡੀ ਆਜ਼ਾਦੀ, ਸਾਡੀ ਪ੍ਰਭੂਸੱਤਾ ਤੇ ਸਾਡਾ ਲੋਕਤੰਤਰ ਸੂਲੀ 'ਤੇ ਟੰਗਿਆ ਦਿਸ ਰਿਹਾ ਹੈ। ਇਹ ਵਰਤਾਰਾ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਵੱਧ ਖਤਰਨਾਕ ਦਿਖਾਈ ਦੇ ਰਿਹਾ ਹੈ। ਦੇਸ਼ਭਗਤੀ ਦਾ ਮਤਲਬ ਪਾਕਿਸਤਾਨ ਤੇ ਸਾਮਰਾਜਵਾਦੀ ਸ਼ਕਤੀਆਂ ਨੂੰ ਗਾਲ੍ਹਾਂ ਕੱਢਣ ਤੱਕ ਸੀਮਤ ਕਰ ਦਿੱਤਾ ਗਿਆ ਹੈ। ਅੱਤਵਾਦ ਨੂੰ ਨੱਪਣ ਲਈ ਗਰਮੋ-ਗਰਮ ਨਾਅਰੇ ਲਗਾ ਕੇ ਸੱਤਾਧਾਰੀਆਂ ਵੱਲੋਂ ਕਾਲਾ ਧਨ, ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ। ਸਿਆਸਤ ਧਰਮ ਨਹੀਂ, ਬਿਜਨਸ ਬਣ ਕੇ ਰਹਿ ਗਈ ਹੈ। ਸੋ ਇਨ੍ਹਾਂ ਸੰਤਾਂ ਦਾ ਵੀ ਸਾਡੇ ਸਮਾਜ ਦੇ ਸੁਧਾਰ ਵਿੱਚ ਕੋਈ ਪ੍ਰਭਾਵ ਨਹੀਂ ਪੈ ਰਿਹਾ। ਲੱਗਭੱਗ ਹਰੇਕ ਚੈਨਲ 'ਤੇ ਸੰਤਾਂ ਦੇ ਪ੍ਰਵਚਨ ਚੱਲ ਰਹੇ ਹਨ, ਥਾਂ-ਥਾਂ 'ਤੇ ਉਨ੍ਹਾਂ ਦੇ ਸਮਾਗਮ ਹੋ ਰਹੇ ਹਨ। ਪਰ ਕਰਾਈਮ, ਦੁਰਾਚਾਰ, ਭ੍ਰਿਸ਼ਟਾਚਾਰ ਬਿਲਕੁਲ ਨਹੀਂ ਘੱਟਿਆ, ਕਿਉਂਕਿ ਇਹ ਸਾਧ-ਸੰਤ ਨੈਤਿਕ ਇਨਸਾਨ ਨਹੀਂ, ਇੱਕ ਚੰਗੇ ਵਿਉਪਾਰੀ ਹਨ।

ਜੇਕਰ ਇਨ੍ਹਾਂ ਨੇ ਸਕੂਲ, ਕਾਲਜ, ਹਸਪਤਾਲ ਖੋਲ੍ਹੇ ਹਨ, ਤਾਂ ਇਹ ਇਨ੍ਹਾਂ ਦਾ ਵਿਉਪਾਰ ਹੈ। ਇਨ੍ਹਾਂ ਦੇ ਸਕੂਲਾਂ, ਹਸਪਤਾਲਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਹੁੰਦੀਆਂ, ਪਰ ਇਨ੍ਹਾਂ ਵਿੱਚ ਕਾਰਜ ਕਰਨ ਵਾਲਿਆਂ ਨੂੰ ਪੂਰਾ ਵੇਤਨ ਨਹੀਂ ਦਿੱਤਾ ਜਾਂਦਾ, ਨਾਮਾਤਰ ਮਿਹਨਤਾਨਾ ਦਿੱਤਾ ਜਾਂਦਾ ਹੈ। ਇਹ ਸ਼ੋਸ਼ਣ 'ਧਰਮ' ਦੇ ਨਾਮ 'ਤੇ ਇਹ ਕਹਿ ਕੇ ਕੀਤਾ ਜਾਂਦਾ ਹੈ ਕਿ ਡੇਰਾ ਤਾਂ ਧਰਮ ਤੇ ਸਮਾਜ ਦੀ ਸੇਵਾ ਕਰ ਰਿਹਾ ਹੈ। ਇਹ 'ਮਹਾਂਪੁਰਖ' ਕਾਰਪੋਰੇਟ ਜਗਤ ਦਾ ਹਿੱਸਾ ਬਣ ਚੁੱਕੇ ਡੇਰੇ, ਸ਼ਾਪਿੰਗ ਕੰਪਲੈਕਸ, ਡੇਅਰੀ ਉਦਯੋਗ ਆਰਯੂਵੈਦਿਕ ਦਵਾਈਆਂ, ਹਸਪਤਾਲ ਤੇ ਹੋਰ ਖੇਤੀਬਾੜੀ ਉਦਯੋਗ ਚਲਾ ਰਹੇ ਹਨ। ਇਨ੍ਹਾਂ ਦੇ ਉਤਪਾਦਨ ਵਿੱਚ ਨਾਮਾਤਰ ਖ਼ਰਚਾ ਆਉਂਦਾ, ਪਰ ਇਸ ਨੂੰ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਕੀਮਤ 'ਤੇ ਵੇਚਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਭਗਤ ਜਨ, ਧਰਮ ਸੇਵਾ ਦੇ ਨਾਮ 'ਤੇ ਬਿਨਾਂ ਕੁਝ ਵੇਤਨ ਲੈ ਕੇ ਕੰਮ ਕਰਦੇ ਹਨ ਅਤੇ ਸ਼ਰਧਾਲੂ ਭਗਤੀ ਭਾਵ ਦੇ ਕਾਰਨ ਉਨ੍ਹਾਂ ਨੂੰ ਉੱਚੇ ਮੁੱਲ 'ਤੇ ਖ਼ਰੀਦ ਰਹੇ ਹਨ।

ਮਾਰਕਸ ਨੇ ਮਨੁੱਖ ਨੂੰ ਅਜਿਹੇ ਅਡੰਬਰ ਤੇ ਅੰਧ-ਵਿਸ਼ਵਾਸ ਤੋਂ ਮੁਕਤ ਹੋ ਕੇ ਵਿਗਿਆਨਕ ਚੇਤਨਾ ਅਪਨਾਉਣ ਦੀ ਪ੍ਰੇਰਣਾ ਦਿੱਤੀ ਹੈ। ਉਹ ਆਪਣੀ ਅਹਿਮ ਦਾਰਸ਼ਨਿਕ ਪੁਸਤਕ 'ਜਰਮਨ ਵਿਚਾਰਧਾਰਾ' ਵਿੱਚ ਆਖਦਾ ਹੈ, ''ਹੁਣ ਤੱਕ ਮਨੁੱਖ ਆਪਣੇ ਬਾਰੇ, ਉਹ ਕੀ ਹਨ ਤੇ ਕੀ ਹੋਣੇ ਚਾਹੀਦੇ ਹਨ, ਬਾਰੇ ਹਮੇਸ਼ਾ ਗਲਤ ਵਿਚਾਰ ਬਣਾਉਂਦੇ ਰਹੇ ਹਨ। ਉਹ ਆਪਣੇ ਸਾਰੇ ਰਿਸ਼ਤੇ, ਰੱਬ ਤੇ ਆਮ ਮਨੁੱਖਾਂ ਬਾਰੇ ਬਣੇ ਆਪਣੇ ਵਿਚਾਰਾਂ ਅਨੁਸਾਰ ਤਹਿ ਕਰਦੇ ਹਨ। ਉਨ੍ਹਾਂ ਦੇ ਦਿਮਾਗ ਦੀ ਉਪਜ ਉਨ੍ਹਾਂ ਦੇ ਹੱਥਾਂ ਵਿਚੋਂ ਕਿਰ ਜਾਂਦੀ ਰਹੀ ਹੈ। ਉਹ ਜਿਹੜੇ ਸਿਰਜਕ ਹਨ, ਆਪਣੀ ਹੀ ਸਿਰਜਣਾ ਅੱਗੇ ਮੱਥੇ ਰਗੜਦੇ ਹਨ। ਆਓ! ਅਸੀਂ ਉਨ੍ਹਾਂ ਨੂੰ, ਵਿਚਾਰਾਂ ਦੀ ਇਸ ਨਿਰੋਲ ਕਲਪਨਾ, ਅੰਧ-ਵਿਸ਼ਵਾਸਾਂ ਤੇ ਕਾਲਪਨਿਕ ਹੋਂਦਾਂ, ਜਿਨ੍ਹਾਂ ਦੇ ਜੂਲੇ ਹੇਠ ਪਿੱਸ ਰਹੇ ਹਨ, ਤੋਂ ਮੁਕਤ ਕਰਵਾਈਏ। ਆਓ! ਅਸੀਂ ਸੰਕਲਪਾ ਦੇ ਇਸ ਰਾਜ ਵਿਰੁੱਧ ਬਗਾਵਤ ਕਰੀਏ।''

((Marx-Engels “The German Ideology, Progress Publication, Moscow, Page 29))

ਸੋ, ਸਪੱਸ਼ਟ ਹੈ ਕਿ ਡੇਰਾਵਾਦੀ ਪਰੰਪਰਾ ਦਾ ਧਰਮ ਨਾਲ ਉਕਾ ਵਾਸਤਾ ਨਹੀਂ ਹੈ, ਇਹ ਭਾਰਤੀ ਮਨੁੱਖ ਦੇ ਅੰਧ-ਵਿਸ਼ਵਾਸ ਤੇ ਖਪਤਕਾਰੀ ਸੱਭਿਅਤਾ ਦੀ ਉਪਜ ਹੈ ਜੋ ਕਿ 'ਧਰਮ' ਦਾ ਰੂਪ ਧਾਰਨ ਕਰਕੇ ਭਾਰਤੀ ਸਮਾਜ ਦਾ ਸ਼ੋਸ਼ਣ ਕਰ ਰਹੀ ਹੈ, ਜਿਸ ਵਿਚੋਂ ਹਰੇਕ ਤਰ੍ਹਾਂ ਦਾ ਸ਼ੋਸ਼ਣ, ਅਡੰਬਰ, ਕਰਮਕਾਡਾਂ, ਅੰਧ-ਵਿਸ਼ਵਾਸ ਪੈਦਾ ਹੋ ਰਹੇ ਹਨ, ਜਿਸ ਦਾ ਵਿਗਿਆਨਕ ਯੁੱਗ ਨਾਲ ਦੂਰ ਦਾ ਵਾਸਤਾ ਨਹੀਂ। ਦਰਅਸਲ ਸਾਡੇ ਦੇਸ ਦੀ ਭੋਲੀ ਭਾਲੀ ਜਨਤਾ ਇਨ੍ਹਾਂ ਪਾਖੰਡੀਆਂ ਦੇ ਰੰਗ ਰੂਪ, ਵੇਸਭੂਸ਼ਾ ਤੇ ਪਾਖੰਡੀ ਸਵਰੂਪ ਦੇ ਭਰਮ ਜਾਲ੍ਹਾਂ ਵਿੱਚ ਜਲਦੀ ਫਸ ਜਾਂਦੀ ਹੈ। ਬਾਕੀ ਰਹੀ ਗਈ ਕਸਰ ਸਾਡੇ ਸਿਆਸਤਦਾਨ ਇਹ ਕਹਿ ਕੇ ਪੂਰੀ ਕਰ ਦਿੰਦੇ ਹਨ ਕਿ ਬਾਬਾ ਜੀ ਦੇ ਦਰਸ਼ਨ ਕਰਕੇ ਬਹੁਤ ਸ਼ਾਂਤੀ ਮਿਲਦੀ ਹੈ ਤੇ ਬਾਬਾ ਜੀ ਬਹੁਤ ਪਹੁੰਚੀ ਹੋਈ ਹਸਤੀ ਹਨ। ਇਸ ਸ਼ਕਤੀ ਸਦਕਾ ਹੀ ਇਨ੍ਹਾਂ ਡੇਰਾਵਾਦੀਆਂ ਦੇ ਹੌਂਸਲੇ ਵਧੇ ਹੋਏ ਹਨ ਤੇ ਉਹ ਕੋਈ ਵੀ ਕਰਾਈਮ ਕਰਨ ਤੋਂ ਨਹੀਂ ਹਿਚਕਚਾਉਂਦੇ। ਇਹ ਵਿਵਸਥਾ ਸਮਾਜ ਦੇ ਵਿਕਾਸ ਤੇ ਲੋਕਤੰਤਰ ਪ੍ਰਬੰਧ ਲਈ ਘਾਤਕ ਹੈ। ਇਸ ਸੰਬੰਧ ਵਿੱਚ ਧਰਮ, ਜਾਤ ਤੋਂ ਉੱਪਰ ਉੱਠ ਕੇ ਜਾਗ੍ਰਿਤੀ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਧਰਮ ਦਾ ਅਮਲੀ ਰੂਪ ਪ੍ਰਗਟ ਹੋ ਸਕੇ ਤੇ ਸਮਾਜ ਪ੍ਰਗਤੀ ਦੀਆਂ ਲੀਹਾਂ ਵੱਲ ਜਾ ਸਕੇ।

Source: http://deshpunjabonline.com/index.php?p&a&nid=3923


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top