Share on Facebook

Main News Page

ਕੀ ਗੁਰਬਾਣੀ ਦੇ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਨੂੰ ਇਹ ਪਦਵੀਆਂ ਮਿਲੀਆਂ ਹਨ ?
ਕੀ ਸਪੋਕਸਮੈਨ ਸਚ ਸੁਣਾਇਸੀ ਸਚ ਕੀ ਬੇਲਾ 'ਤੇ ਪਹਿਰਾ ਦੇ ਰਿਹਾ ਹੈ, ਜਾਂ ਆਮ ਗ੍ਰੰਥੀਆਂ, ਪੁਜਾਰੀਆਂ ਵਾਂਗ ਹੀ ਭਾੜੇ ਦੀ ਚਾਪਲੂਸੀ ਕਰਦਾ ਹੈ ?

-: ਹਰਲਾਜ ਸਿੰਘ ਬਹਾਦਰਪੁਰ

7 ਸਤੰਬਰ ਦਿਨ ਸ਼ਨੀਵਾਰ ਨੂੰ ਮੈਂ ਇੱਕ ਦੁਕਾਨ 'ਤੇ ਬੈਠਾ ਸੀ, ਉੱਥੇ ਰੋਜਾਨਾ ਸਪੋਕਸਮੈਨ ਅਖਬਾਰ ਵੀ ਪਿਆ ਸੀ। ਮੈਂ ਅਖਬਾਰ ਚੁੱਕ ਕੇ ਪੜ੍ਹਣ ਲੱਗਾ, ਤਾਂ ਮੁੱਖ ਪੰਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋ: ਅਕਾਲੀ ਦਲ (ਬਾਦਲ) ਦਾ ਮੁੜ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਵਧਾਈ ਦਾ ਇਸ਼ਤਿਹਾਰ ਲੱਗਾ ਹੋਇਆ ਸੀ। ਇਸ ਇਸ਼ਤਿਹਾਰ ਦੇ ਉਪਰ ਗੁਰਬਾਣੀ ਦੀਆਂ ਚਾਰ ਪੰਕਤੀਆਂ ਲਿਖੀਆਂ ਹੋਈਆਂ ਸਨ, ਜੋ ਹੇਠ ਲਿਖੇ ਅਨੁਸਾਰ ਹਨ :- "ਸੇਵਕ ਕਉ ਸੇਵਾ ਬਨਿ ਆਈ॥ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ॥"

ਇਹ ਚਾਰੇ ਪੰਕਤੀਆਂ ਗੁਰੁ ਗ੍ਰੰਥ ਸਾਹਿਬ ਜੀ ਦੇ ਵੱਖ-ਵੱਖ ਪੰਨਿਆਂ ਤੋਂ ਚਾਰ ਵੱਖ-ਵੱਖ ਸ਼ਬਦਾਂ ਵਿੱਚੋਂ ਲੈ ਕੇ ਇਕੱਠੀਆਂ ਹੀ ਲਿਖੀਆਂ ਹੋਈਆਂ ਸਨ । ਪਰ ਇੱਕੋ ਥਾਂ ਇਕੱਠੀਆਂ ਲਿਖਣ ਨਾਲ ਇਉਂ ਲੱਗ ਰਹੀਆਂ ਸਨ ਜਿਵੇਂ ਇੱਕੋ ਸ਼ਬਦ ਲਿਖਿਆ ਹੋਵੇ । ਸੁਖਬੀਰ ਸਿੰਘ ਬਾਦਲ ਆਪਣੇ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ, ਚੰਗੀ ਗੱਲ ਹੈ ਵਧਾਈਆਂ ਦੇਣ ਦਾ ਵੀ ਹੱਕ ਹੈ, ਪਰ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਮਨੁੱਖ ਲਈ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਰਤਣਾ ਜਾਇਜ ਨਹੀਂ ਹੈ । ਕਿਉਂਕਿ ਗੁਰਬਾਣੀ ਦੇ ਸ਼ਬਦ ਗੁਰੂਆਂ ਨੇ ਸੁਖਬੀਰ ਸਿੰਘ ਬਾਦਲ ਲਈ ਉਚਾਰਨ ਨਹੀਂ ਸਨ ਕੀਤੇ । ਗੁਰਬਾਣੀ ਦੀਆਂ ਉਕਤ ਚਾਰੇ ਪੰਕਤੀਆਂ ਦੇ ਪੂਰੇ ਪਦੇ ਮੈਂ ਘਰ ਆ ਕੇ ਅਰਥਾਂ ਸਮੇਤ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਪੜ੍ਹੇ ਜੋ ਇਸ ਪ੍ਰਕਾਰ ਹਨ :-

.......॥3॥ ਜਨੁ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ॥ ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ॥ ਇਸ ਤੇ ਊਪਰ ਨਹੀ ਬੀਚਾਰ॥ ਜਾ ਕੈ ਮਨਿ ਬਸਿਆ ਨਿਰੰਕਾਰੁ॥ ਬੰਧਨ ਤੋਰਿ ਭਏ ਨਿਰਵੈਰ॥ ਅਨਦਿਨੁ ਪੂਜਹਿ ਗੁਰ ਕੇ ਪੈਰ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ॥4॥ (ਪੰਨਾ ਨੰ: 292-293)

ਅਰਥ :- (ਜੋ) ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ, ਉਸਦੀ ਆਸ ਕਦੇ ਖਾਲੀ ਨਹੀਂ ਜਾਂਦੀ । ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ। ਪ੍ਰਭੂ ਦੀ ਰਜਾ ਸਮਝ ਕੇ ਉਸਨੂੰ ਊਚਾ ਦਰਜਾ ਮਿਲ ਜਾਂਦਾ ਹੈ। ਜਿੰਨ੍ਹਾਂ ਦੇ ਮਨ ਵਿੱਚ ਅਕਾਲ-ਪੁਰਖ ਵੱਸਦਾ ਹੈ ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ । (ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਗੁਰੂ ਦੇ ਚਰਨ ਪੂਜਦੇ ਹਨ। ਉਹ ਮਨੁੱਖ ਇਸ ਜਨਮ ਵਿੱਚ ਸੁਖੀ ਹਨ ਤੇ ਪਰਲੋਕ ਵਿੱਚ ਭੀ ਸੋਖੇ ਹੁੰਦੇ ਹਨ ਕਿਉਂਕਿ ਹੇ ਨਾਨਕ ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ।4।

......॥3॥ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥ ਤਾ ਕੀ ਪੂਰਨ ਆਸ ਜਿਨ ਸਾਧਸੰਗੁ ਪਾਇਆ॥ ਸਾਧਸੰਗੁ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ॥ ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ॥ ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ॥ ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥4॥ (ਪੰਨਾ ਨੰ: 457)

ਅਰਥ :- ਹੇ ਭਾਈ ਜਿੰਨ੍ਹਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪ੍ਰਮਾਤਮਾ ਦੀ) ਸੇਵਾ ਭਗਤੀ ਵਿੱਚ ਜੋੜਦਾ ਹੈ। ਜਿੰਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਨ੍ਹਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ । ਸਾਧ ਸੰਗਤਿ ਦੀ ਬਰਕਤਿ ਨਾਲ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ। ਮਾਇਆ ਦੀ ਖਾਤਰ ਭਟਕਣਾ, ਦੁਨੀਆਂ ਦਾ ਮੋਹ, ਵਿਕਾਰ, ਮੇਰ-ਤੇਰ ਇਹ ਸਾਰੇ ਔਗਣ ਉਹ ਤਿਆਗ ਦਿੰਦੇ ਹਨ। ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਂਦੇ ਹਨ ਤੇ ਆਤਮਕ ਅਨੰਦ ਮਾਣਦੇ ਹਨ। ਨਾਨਕ ਆਖਦਾ ਹੈ – ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿੰਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਸੇਵਾ ਵਿੱਚ ਜੋੜਦਾ ਹੈ ।4।

.......॥ਪਉੜੀ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ ਤੇਰੀ ਭਗਤਿ ਭਰੇ ਭੰਡਾਰਿ ਤੋਟਿ ਨ ਆਵਹੀ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ॥ ਤਿਸੁ ਕਦੇ ਨ ਆਵੇ ਤੋਟਿ ਜੋ ਹਰਿ ਗੁਣ ਗਾਵਹੀ॥3॥ (ਪੰਨਾ ਨੰ: 1095)

ਅਰਥ :- ਹੇ ਪ੍ਰਭੂ ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ । ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ (ਜਗਤ) ਪੈਦਾ ਕਰਕੇ (ਇਸ ਵਿੱਚ) ਵਿਆਪਕ ਹੈ। ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ ? ਹੇ, ਪ੍ਰਭੂ! ਤੂੰ ਸਭ ਜੀਵਾਂ ਵਿੱਚ ਆਪ ਮੌਜੂਦ ਹੈ, (ਸਭ ਵਿੱਚ) ਆਪਣੀ ਤਾਕਤ ਵਿਖਾ ਰਿਹਾ ਹੈਂ । (ਤੇਰੇ ਪਾਸ) ਤੇਰੀ ਭਗਤੀ ਦੇ ਖਜਾਨੇ ਭਰੇ ਪਏ ਹਨ, ਜੋ ਕਦੇ ਮੁੱਕ ਨਹੀਂ ਸਕਦੇ, ਤੇਰੇ ਗੁਣਾਂ ਦੇ ਖਜਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿੰਨਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿੱਚ ਐਸੀ ਕੋਈ ਚੀਜ ਨਹੀਂ ਜਿਸ ਦੇ ਇਵਜ ਵਿੱਚ ਗੁਣਾਂ ਦੇ ਖਜਾਨੇ ਮਿਲ ਸਕਣ)। ਜਿਸ ਜੀਵ ਉੱਤੇ ਤੂੰ ਦਇਆ ਕਰਦਾ ਹੈਂ, ਉਸ ਨੂੰ ਸਤਿਗੁਰੂ ਦੀ ਸੇਵਾ ਵਿੱਚ ਜੋੜਦਾ ਹੈ । (ਗੁਰੂ ਦੀ ਸ਼ਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ॥3॥

.......॥2॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ। ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥3॥ (ਪੰਨਾ ਨੰ: 606)

ਅਰਥ :- ਹੇ ਭਾਈ ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖਜਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤ ਦਿੰਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ ਭਗਤੀ ਕਰਾਂਦਾ ਹੈ ਤੇ ਆਪ ਹੀ (ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖਜਾਨਾ ਹੈ ਤੇ ਆਪ ਹੀ (ਆਪਣੇ ਗੁਣਾਂ ਵਿੱਚ) ਸਮਾਧੀ ਲਾਂਦਾ ਹੈ ।3।

ਕੀ ਉਪਰੋਕਤ ਪੰਕਤੀਆਂ ਸੁਖਬੀਰ ਸਿੰਘ ਬਾਦਲ ਤੇ ਢੁੱਕਦੀਆਂ ਹਨ ? ਜਾਂ ਕੀ ਗੁਰਬਾਣੀ ਦੇ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਨੂੰ ਇਹ ਪਦਵੀਆਂ ਮਿਲੀਆਂ ਹਨ ? ਨਹੀਂ, ਜੇ ਨਹੀਂ ਤਾਂ ਫਿਰ ਇਹ ਪੰਕਤੀਆਂ ਸੁਖਬੀਰ ਸਿੰਘ ਬਾਦਲ ਲਈ ਕਿਉਂ ਵਰਤੀਆਂ ਗਈਆਂ । ਕੀ ਜਿਸ ਤਰ੍ਹਾਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਤਨਖਾਹਦਾਰ ਪੁਜਾਰੀਆਂ ਤੋਂ ਆਪਣੇ ਲਈ ਪੰਥ ਰਤਨ- ਫਖਰ-ਏ-ਕੌਮ ਦਾ ਖਿਤਾਬ ਲੈ ਕੇ ਆਪਣੇ ਆਪ ਨੂੰ ਸਿੱਖ ਕੌਮ ਦਾ ਸਭ ਤੋਂ ਊਚਾ ਤੇ ਮਹਾਨ ਪੰਥਕ ਆਗੂ ਹੋਣ ਦਾ ਭੁਲੇਖਾ ਪਾੳੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਤੇ ਉਸੇ ਤਰ੍ਹਾਂ ਹੁਣ ਸ੍ਰ: ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਉਤੇ ਗੁਰਬਾਣੀ ਦੀ ਮੋਹਰ ਤਾ ਨਹੀਂ ਲਗਵਾਉਣੀ ਚਾਹੁੰਦਾ । ਤਾਂ ਕਿ ਸਿੱਖ ਸਮਝਣ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਗੁਰ ਹੁਕਮਾਂ ਅਨੁਸਾਰ ਹੀ ਹੈ । ਗੁਰਬਾਣੀ ਦੀਆਂ ਤੁਕਾਂ ਵੀ ਇਸਦੀ ਪੁਸ਼ਟੀ ਕਰਦੀਆਂ ਹਨ । ਇਸ ਲਈ ਰੱਬੀ ਹੁਕਮਾਂ ਅਨੁਸਾਰ ਹੀ ਸੁਖਬੀਰ ਸਿੰਘ ਬਾਦਲ ਸਾਡਾ ਪ੍ਰਧਾਨ ਬਣ ਕੇ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕਰ ਰਿਹਾ ਹੈ ।

ਆਪੂੰ ਬਣੇ ਸਾਧ ਸੰਤ ਵੀ ਸਾਧ ਸੰਤ ਸ਼ਬਦ ਦੀ ਵਡਿਆਈ ਵਾਲੀਆਂ ਤੁਕਾਂ ਆਪਣੇ ਨਾਮਾਂ ਨਾਲ ਜਾਂ ਆਪਣੇ ਸਮਾਗਮਾਂ ਦੇ ਇਸ਼ਤਿਹਾਰਾਂ ਵਿੱਚ ਲਿਖਕੇ ਗੁਰਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਕਰਦੇ ਹਨ ਜੋ ਬਹੁਤ ਹੀ ਮਾੜਾ ਰੁਝਾਨ ਹੈ । ਗੁਰੂ ਘਰਾਂ ਵਿੱਚ ਰਹਿ ਰਹੇ ਆਮ ਗ੍ਰੰਥੀ ਜਾਂ ਕੀਰਤਨੀਏ ਜੋ ਚਾਪਲੂਸ, ਖੁਸ਼ਾਮਦੀ ਹੁੰਦੇ ਹਨ (ਸਾਰੇ ਨਹੀਂ) ਜਿਸ ਤਰ੍ਹਾਂ ਉਹ ਕੁੱਝ ਪੈਸੇ ਲੈ ਕੇ ਮਾੜੇ ਬੰਦਿਆਂ ਨੂੰ ਵੀ ਗੁਰਮੁੱਖ ਦੀ ਪਦਵੀ ਦੇ ਦਿੰਦੇ ਹਨ, ਉਸੇ ਤਰ੍ਹਾਂ ਆਪਣੇ ਆਪ ਨੂੰ ਸੱਚ ਸੁਣਾਇਸੀ ਸਚ ਕੀ ਬੇਲਾ ਦਾ ਪਹਿਰੇਦਾਰ ਕਹਾਉਣ ਵਾਲਾ ਸਪੋਕਸਮੈਨ ਵੀ ਕੁੱਝ ਕੁ ਪੈਸਿਆਂ ਦਾ ਇਸ਼ਤਿਹਾਰ ਲੈ ਕੇ ਜਦੋਂ ਗੁਰਬਾਣੀ ਦੇ ਸ਼ਬਦਾਂ ਦੀ ਦੁਰਵਰਤੋਂ ਕਰਦਾ ਹੈ, ਫਿਰ (ਸਪੋਕਸਮੈਨ ਦੇ ਪਾਠਕਾਂ ਨੂੰ) ਸਮਝ ਆ ਜਾਣੀ ਚਾਹੀਦੀ ਹੈ ਕਿ ਸਪੋਕਸਮੈਨ ਸਚ ਸੁਣਾਇਸੀ ਸਚ ਕੀ ਬੇਲਾ ‘ਤੇ ਪਹਿਰਾ ਦੇ ਰਿਹਾ ਹੈ ਜਾਂ ਆਮ ਗ੍ਰੰਥੀਆਂ, ਪੁਜਾਰੀਆਂ ਵਾਂਗ ਹੀ ਭਾੜੇ ਦੀ ਚਾਪਲੂਸੀ ਕਰਦਾ ਹੈ । ਕਿਉਂਕਿ ਸਪੋਕਸਮੈਨ ਵਾਲਿਆਂ ਨੂੰ ਤਾਂ ਗੁਰਬਾਣੀ ਦੀ ਵੀ ਬਹੁਤ ਸਮਝ ਹੈ ਕਿ ਗੁਰਬਾਣੀ ਵਿੱਚ ਅਜਿਹੇ ਸੰਸਾਰੀ ਰਾਜਿਆਂ/ਚੌਧਰੀਆਂ (ਸੁਖਬੀਰ ਸਿੰਘ ਬਾਦਲ ਵਰਗਿਆਂ) ਦੀ ਵਡਿਆਈ ਦੀ ਥਾਂ ਇਹਨਾਂ ਨੂੰ ਝੂਠੇ ਤੇ ਨਾਸ਼ਵੰਤ ਹੀ ਲਿਖਿਆ ਹੋਇਆ ਹੈ :- ਜਿਵੇਂਕਿ ਗੁਰਵਾਕ ਹਨ :-

ਬਿਲਾਵਲੁ ॥ ਕੋਊ ਹਰਿ ਸਮਾਨਿ ਨਹੀਂ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥1॥ (ਪੰਨਾ ਨੰ: 856)

ਅਰਥ :- ਹੇ ਭਾਈ, ਜਗਤ ਵਿੱਚ ਕੋਈ ਵੀ ਜੀਵ ਪ੍ਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ । ਇਹ ਦੁਨੀਆਂ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ । (ਇਹ ਲੋਕ ਆਪਣੇ ਰਾਜ ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ ।1।

ਗੋਂਡ ਮਹਲਾ 4 ॥ ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭ ਮਿਥਿਆ ਝੂਠੁ ਭਾਉ ਦੂਜਾ ਜਾਣੁ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥1॥ (ਪੰਨਾ ਨੰ: 861)

ਅਰਥ :- ਹੇ ਮਨ ! (ਜਗਤ ਵਿੱਚ) ਜਿਤਨੇ ਭੀ ਸ਼ਾਹ, ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿਸਦੇ ਹਨ) ਇਹ ਸਾਰੇ ਨਾਸ਼ਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ । ਸਿਰਫ ਪ੍ਰਮਾਤਮਾ ਹੀ ਨਾਸ਼ ਰਹਿਤ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ । ਹੇ ਮੇਰੇ ਮਨ ! ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ।1।

ਗੁਰਬਾਣੀ ਸੱਚ ਹੈ, ਸੱਚ ਚਾਪਲੂਸ ਨਹੀਂ ਹੁੰਦਾ, ਸੱਚ ਹਮੇਸ਼ਾ ਨਿਰਭਉ ਤੇ ਨਿਰਵੈਰੁ ਹੁੰਦਾ ਹੈ । ਪਰ ਕੁੱਝ ਝੂਠੇ ਲੋਕ ਸੱਚ ਨੂੰ ਵੀ ਆਪਣਾ ਚਾਪਲੂਸ ਬਣਾਉਣ ਦਾ ਅਸਫਲ ਯਤਨ ਕਰਦੇ ਹਨ। ਜਿਸਨੂੰ ਚੰਗਾ ਨਹੀਂ ਕਿਹਾ ਜਾ ਸਕਦਾ । ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਤੋਂ ਸੇਧ ਲੈ ਕੇ ਕੋਈ ਵੀ ਮਨੁੱਖ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਸਕਦਾ ਹੈ । ਇਹ ਸਭ ਦਾ ਹੱਕ ਹੈ, ਗੁਰਬਾਣੀ ਨੂੰ ਆਪਣੇ ਅਨੁਸਾਰ ਢਾਲਣ ਦਾ ਕਿਸੇ ਨੂੰ ਹੱਕ ਨਹੀਂ ਹੈ। ਹਾਂ ਜੇ ਕੋਈ ਗੁਰੂ ਕਾ ਪਿਆਰਾ ਗੁਰੂ ਕੇ ਰੰਗ ਵਿੱਚ ਰੰਗਿਆ ਹੋਇਆ ਹੈ, ਜਿਸਦਾ ਜੀਵਨ ਹੀ ਗੁਰਬਾਣੀ ਹੈ ਉਸ ਨੂੰ ਇਹ ਤੁਕਾਂ ਲਿਖਣ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਉਤੇ ਤਾਂ ਗੁਰਬਾਣੀ ਦੀਆਂ ਤੁਕਾਂ ਆਪਣੇ ਆਪ ਹੀ ਢੁਕਣਗੀਆਂ।

ਪਰ ਜੋ ਖੁਸ਼ੀ, ਗਮੀ ਦੇ ਮਾਰੇ, ਲੀਡਰ, ਸਾਧ, ਸੰਤ ਆਦਿ ਵਿਅਕਤੀ ਜੋ ਲੋਕਾਂ ਨਾਲ ਹੇਰਾ ਫੇਰੀ ਕਰਦੇ ਹਨ, ਲੋਕਾਂ ਦੀ ਕਮਾਈ ਤੇ ਪਲਦੇ ਹਨ ਆਪਣੇ ਡੇਰੇ ਚਲਾਉਂਦੇ ਹਨ, ਈਰਖਾ, ਨਫਰਤ ਫੈਲਾਉਂਦੇ ਹਨ, ਕੁਰਸੀਆਂ ਲਈ ਇਨਸਾਨੀਅਤ ਦਾ ਕਤਲ ਕਰਦੇ ਹਨ, ਭ੍ਰਿਸ਼ਟਾਚਾਰ ਫੈਲਾਉਂਦੇ ਹਨ, ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਦੇ ਹਨ, ਹੱਥੀਂ ਕਿਰਤ ਨਹੀਂ ਕਰਦੇ, ਅਜਿਹੇ ਵਿਅਕਤੀ ਹੋਰ ਤਾਂ ਜੋ ਮਰਜੀ ਕਰਨ ਪਰ ਆਪਣੇ ਆਪ ਨੂੰ ਗੁਰਬਾਣੀ ਅਨੁਸਾਰੀ ਹੋਣ ਦਾ ਵਿਖਾਵਾ ਕਰਨ ਲਈ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਉੱਪਰ ਨਾ ਢੁਕਾਉਣ । ਕਿਉਂਕਿ ਗੁਰਬਾਣੀ ਕਿਸੇ ਦੀ ਚਾਪਲੂਸ ਨਹੀਂ ਹੈ। ਇਹ ਇੱਕ ਸਦੀਵੀ ਸੱਚ ਹੈ ਜੋ ਗੁਰ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਵੀ ਸੀ ਤੇ ਸੁਖਬੀਰ ਸਿੰਘ ਬਾਦਲ ਵਰਗੇ ਨਾਸ਼ਵੰਤ ਪ੍ਰਧਾਨਾਂ ਦੇ ਚਲੇ ਜਾਣ, ਖਤਮ ਹੋ ਜਾਣ ਤੋਂ ਬਾਅਦ ਵੀ ਰਹੇਗਾ । ਇਸ ਲਈ ਇਸ਼ਤਿਹਾਰ ਦੇਣ ਅਤੇ ਛਾਪਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਖੁਸ਼ੀ ਖੁਸ਼ੀ ਜਿੱਡੇ-ਜਿੱਡੇ ਮਰਜੀ ਇਸ਼ਤਿਹਾਰ ਦੇਣ ਅਤੇ ਛਾਪਣ, ਪਰ ਗੁਰਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਨਾ ਕਰਨ ਕਿਉਂਕਿ ਨਾ ਤਾਂ ਅਸੀਂ ਗੁਰਬਾਣੀ ਅਨੁਸਾਰ ਹਾਂ ਅਤੇ ਨਾ ਹੀ ਗੁਰਬਾਣੀ ਸਾਡੇ ਅਨੁਸਾਰ ਹੈ।

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
8-9-2013


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top