Share on Facebook

Main News Page

ਸਿਰੋਪਾਉ ਦੀ ਮਹਾਨਤਾ ਨਾਲ ਮਜ਼ਾਕ !
-: ਗੁਰਚਰਨ ਸਿੰਘ ਗੁਰਾਇਆ

ਸਿੱਖ ਕੌਮ ਲਈ ਨਿੱਜੀ ਹਿੱਤਾਂ ਤੋਂ ਉਪੱਰ ਉਠ ਕੇ ਕਿਸੇ ਵੀ ਖੇਤਰ, ਧਰਮ ਦੇ ਪ੍ਰਚਾਰ, ਆਰਥਿਕ, ਖੇਡਾਂ, ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ, ਕੌਮ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਵਿੱਚ ਆਪਣਾ ਆਪ ਕੁਰਬਾਨ ਕਰਨ, ਜੇਲ੍ਹਾਂ ਵਿੱਚ ਤਸੀਹੇ ਝੱਲਣ ਜਾਂ ਤਨ ਮਨ ਨਾਲ ਘਾਲਣਾਂ ਘਾਲਣ ਵਾਲੇ ਗੁਰਸਿੱਖਾਂ ਦਾ ਸਤਿਕਾਰਤ ਸ਼ਖਸ਼ੀਅਤ ਹੱਥੋਂ ਸਨਮਾਣ ਹੋਣਾ ਚੰਗੀ ਗੱਲ ਹੈ ।

ਮਹਾਨ ਕੋਸ਼ ਵਿੱਚ ਸਿਰੋਪਾਉ ਦਾ ਮਤਲਬ ਸਿਰ ਤੋਂ ਪੈਰ ਤੱਕ ਪਹਿਨਣ ਦੀ ਪੁਸ਼ਾਕ, ਖਿੱਲਤ ਰੂਪ ਦਰਸਾਇਆ ਗਿਆ ਹੈ। ਸਿਰੋਪੇ ਦੇ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਵਿੱਚ ਪੜ੍ਹੀਏ ਤਾˆ ਪਤਾ ਲਗਦਾ ਹੈ ਕਿ ਸਿਰੋਪਾ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ । ਉਸ ਦਾ ਮਤਲਬ ਵੀ ਸਿਰ ਤੋਂ ਲੈਕੇ ਪੈਰਾਂ ਤੱਕ ਢੱਕਣ ਵਾਲੀ ਪੋਸ਼ਾਕ ਜੋ ਬਾਦਸ਼ਾਹ ਕਿਸੇ ਨੂੰ ਸਨਮਾਨ ਜਾਂ ਇੱਜ਼ਤ ਦੇਣ ਲਈ ਵਰਤਦੇ ਸਨ । ਸਿੱਖ ਧਰਮ ਵਿੱਚ ਇਤਿਹਾਸ ਦੇ ਪੰਨਿਆਂ ਅਨੁਸਾਰ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਗੁਰੂ ਅਮਰਦਾਸ ਜੀ ਵੱਲੋਂ ਤਨ ਮਨ ਨਾਲ ਗੁਰੂ ਨੂੰ ਸਮਰਪਿਤ ਹੋਕੇ ਨਿਭਾਈ ਸੇਵਾ ਘਾਲ ਕਮਾਈ ਕਰਕੇ ਉਹਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਹੋਈ ਸੀ। ਗੁਰੂ ਕਾਲ ਸਮੇਂ ਤੋਂ ਇਹ ਪ੍ਰੰਪਰਾ ਚਲਦੀ ਆਈ ਹੈ ਕਿ ਇਹ ਸਿਰੋਪਾਉ ਗੁਰੂ ਦੇ ਅਦੇਸ਼ਾਂ ਅਨੁਸਾਰ ਮਨੁੱਖਤਾ ਦੀ ਸੇਵਾ ਵਿੱਚ ਬਹੁਤ ਵੱਡੀ ਘਾਲ ਘਾਲਣ ਵਾਲੇ ਨੂੰ ਗੁਰੂ ਦੀ ਬਖਸ਼ਿਸ਼ ਤੇ ਸੰਗਤ ਦੀ ਅਸੀਸ ਦੇ ਤੌਰ ਤੇ ਦਿੱਤਾ ਜਾਂਦਾ ਸੀ ।

ਪਰ ਅੱਜ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਲੈ ਕੇ ਕਿਸੇ ਵਿਰਲੇ ਗੁਰਦੁਆਰਾ ਸਾਹਿਬ ਨੂੰ ਛੱਡਕੇ ਸਿਰੋਪਾਉ ਦੇਣ ਤੇ ਲੈਣ ਵਾਲਿਆ ਵੱਲੋ ਇਸ ਨੂੰ ਕੱਪੜੇ ਦਾ ਟੋਟਾ ਜਾਣ ਕੇ ਇਸ ਦੀ ਮਹਾਨਤਾ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਮਾਇਆ ਦੇ ਚੜ੍ਹਾਵੇ ਨਾਲ, ਜਿਸ ਨੂੰ ਗੁਰੂ ਦੀ ਬਖਸ਼ਿਸ਼ ਨਹੀਂ, ਮੁੱਲ ਖਰੀਦਿਆ ਸਿਰੋਪਾਉ ਦਿੱਤਾ ਜਾਂਦਾ ਹੈ ਜਿਸ ਨੇ ਇਸ ਦੀ ਮਹਾਨਤਾ ਨੂੰ ਘਟਾਇਆ ਅਤੇ ਰਾਜਸੀ ਲੋਕਾਂ ਨੇ ਗਲੀਆਂ ਮੁਹੱਲਿਆਂ ਵਿੱਚ ਦੂਸਰੀ ਪਾਰਟੀ ਦੇ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਰਲਾਉਣ ਲਈ ਇਸ ਦੀ ਦੁਰਵਰਤੋਂ ਕਰਕੇ ਸਿਰੋਪਾਉ ਦੀ ਮਹਾਨਤਾ ਨਾਲ ਕੋਝਾ ਮਜ਼ਾਕ ਹੀ ਨਹੀਂ ਕੀਤਾ ਬਲਕਿ ਜੀਅ ਭਰ ਕੇ ਪੈਰਾਂ ਵਿੱਚ ਰੋਲਣ ਵਾਲਾ ਕੰਮ ਕਰ ਰਹੇ ਹਨ।

ਸਿਰੋਪਾਉ ਦੀ ਮਹਾਨਤਾ ਦੀ ਹੋ ਰਹੀ ਇਸ ਬੇਅਦਬੀ ਨੂੰ ਕੌਣ ਰੋਕੇ ? ਜਿਨ੍ਹਾਂ ਸਿੱਖ ਸੰਸਥਾਵਾਂ ਨੇ ਇਸ ਦੀ ਪਹਿਰੇਦਾਰੀ ਕਰਨੀ ਸੀ ਉਹ ਇਸ ਗੁਨਾਹ ਵਿੱਚ ਖੁਦ ਸ਼ਾਮਲ ਹਨ । ਜਨਰਲ ਉਡਵਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬਰਾਹ ਅਰੂੜ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਉ ਨਾਲ ਸਨਮਾਨਤ ਕਰ ਦਿੱਤਾ ਸੀ। ਉਸ ਦੇ ਵਾਰਿਸਾਂ ਨੇ ਆਪਣੇ ਵੱਡਿਆਂ ਦੀ ਗਲਤੀ ਤੇ ਪਛਤਾਵਾ ਕਰਕੇ ਕੌਮ ਕੋਲੋਂ ਮੁਆਫੀ ਮੰਗੀ । ਪਰ ਅੱਜ ਸਿੱਖ ਕੌਮ ਦੀਆਂ ਸਿਰਮੌਰ ਧਾਰਮਿਕ ਪਦਵੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਜਨਰਲ ਉਡਵਾਇਰ ਨਾਲੋਂ ਵੀ ਕਿਤੇ ਵੱਡੇ ਗੁਨਾਹ ਕਰਨ ਵਾਲਿਆ ਨੂੰ ਸਿਰੋਪਾਉ ਤੇ ਸ਼੍ਰੀ ਸਾਹਿਬਾਂ ਨਾਲ ਆਮ ਹੀ ਸਨਮਾਨਤ ਕਰਦੇ ਦੇਖਿਆ ਜਾ ਸਕਦਾ ਹੈ।ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਤੇ ਇਹਨਾਂ ਦੇ ਮੁੱਖੀਆਂ ਵੱਲੋਂ ਸਿਰੋਪਾਉ ਦੀ ਮਹਾਨਤਾ ਤੇ ਇਸ ਦੀਆਂ ਸੁਨਹਿਰੀ ਪ੍ਰੰਪਰਾਵਾਂ ਨੂੰ ਮਜ਼ਾਕ ਬਣਾਉਣ ਕਰਕੇ ਹੀ ਅੱਜ ਕੌਮ ਵਿੱਚ ਥੱਲੇ ਪੱਧਰ ਤੱਕ ਇਹ ਬਿਮਾਰੀ ਫੈਲ ਚੁੱਕੀ ਹੈ।

ਸਿੱਖ ਕੌਮ ਲਈ ਨਿੱਜੀ ਹਿੱਤਾਂ ਤੋਂ ਤੋਂ ਉਪੱਰ ਉਠਕੇ ਕਿਸੇ ਵੀ ਖੇਤਰ, ਧਰਮ ਦੇ ਪ੍ਰਚਾਰ, ਆਰਥਿਕ, ਖੇਡਾਂ, ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ, ਕੌਮ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਵਿੱਚ ਆਪਣਾ ਆਪ ਕੁਰਬਾਨ ਕਰਨ, ਜੇਲ੍ਹਾਂ ਵਿੱਚ ਤਸੀਹੇ ਝੱਲਣ ਜਾਂ ਤਨ ਮਨ ਨਾਲ ਘਾਲਣਾਂ ਘਾਲਣ ਵਾਲੇ ਗੁਰਸਿੱਖਾਂ ਦਾ ਸਤਿਕਾਰਤ ਸ਼ਖਸ਼ੀਅਤ ਹੱਥੋਂ ਸਨਮਾਣ ਹੋਣਾ ਚੰਗੀ ਗੱਲ ਹੈ। ਗੁਰੂ ਸਿਧਾਂਤ ਅਨੁਸਾਰ ਤਨ ਮਨ ਤੇ ਧਨ ਨਾਲ ਸੇਵਾ ਘਾਲਣਾਂ ਘਾਲ ਕੇ ਜ਼ੁਬਾਨ ਤਾਂ ਕੀ ਮਨ ਵਿੱਚ ਕੋਈ ਮਾਣ ਸਨਮਾਨ ਦਾ ਫੁਰਨਾ ਨਾ ਫੁਰੇ, ਇਸ ਤਰ੍ਹਾਂ ਦੀ ਕੀਤੀ ਸੇਵਾ ਸਤਿਗੁਰ ਦੇ ਦਰ ਪ੍ਰਵਾਨ ਹੈ ।ਅੱਜ ਸਿਰੋਪਾਉ ਲੈਣ ਤੇ ਦੇਣ ਵਾਲਿਆ ਦੀ ਭਾਵਨਾਂ ਤਾਂ ਗੁਰੂ ਨੂੰ ਭਾਉਣ ਲਈ ਨਾ ਹੋ ਕੇ ਆਪਣੇ ਆਪਣੇ ਧੜ੍ਹਿਆਂ, ਗਰੁੱਪਾਂ, ਜਥੇਬੰਦੀਆਂ ਨੂੰ ਖੁਸ਼ ਕਰਨ ਲਈ ਤੇ ਇੱਥੋਂ ਤੱਕ ਕਿ ਕਈ ਵਾਰੀ ਇਧਰੋਂ ਉਧਰੋਂ ਕਹਿ ਕਹਾਕੇ ਸਿਰੋਪਾਉ ਲਏ ਤੇ ਦਿੱਤੇ ਜਾ ਰਹੇ ਹਨ ।

ਮੈਂ ਆਪ ਜੀ ਨਾਲ ਇਕ ਦੋ ਘਟਨਾਵਾਂ ਜੋ ਮੇਰੇ ਨਾਲ ਬੀਤੀਆਂ ਹਨ ਉਹਨਾਂ ਦੀ ਸੰਖੇਪ ਵਿੱਚ ਆਪ ਜੀ ਨਾਲ ਸਾਂਝ ਪਾਉਂਦਾ ਹਾਂ।

ਪਹਿਲੀ ਘਟਨਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਦੇ ਸਬੰਧ ਵਿੱਚ ਤਿੰਨ ਦਿਨਾਂ ਬਹੁਤ ਵੱਡਾ ਸਮਾਗਮ ਕਰਾਇਆ ਗਿਆ ਜੋ ਕਿ ਜਰਮਨ ਦੇ ਇਤਿਹਾਸ ਵਿੱਚ ਸਿੱਖਾਂ ਦਾ ਵੱਡੀ ਗਿਣਤੀ ਵਿੱਚ ਪਹਿਲਾਂ ਇਕੱਠ ਸੀ ।ਇੱਥੇ ਮੈਂ ਸਨਮਾਨ ਨਾਲ ਸਬੰਧਤ ਗੱਲ ਹੀ ਕਰਨੀ ਹੈ। ਸਨਮਾਨ ਕਰਨ ਲਈ ਜਦੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਕਿ ਤੁਸੀਂ ਸਨਮਾਨ ਕਰੋ, ਤਾਂ ਸਿੰਘ ਸਾਹਿਬ ਜੀ ਨੇ ਮੇਰੇ ਕੋਲ ਆਕੇ ਕਿਹਾ ਕਿ ਸਿੰਘ ਜੀ ਮੈਂ ਕਿਸੇ ਕੇਸਾਂ ਦੀ ਬੇਅਦਬੀ ਕਰਨ ਜਾਂ ਦਾੜੀ ਰੰਗਣ ਵਾਲੇ ਨੂੰ ਸਿਰੋਪਾਉ ਨਹੀਂ ਦੇਣਾ। ਮੈਂ ਕਿਹਾ ਕਿ ਸਿੰਘ ਸਾਹਿਬ ਜੀ ਗੁਰੂ ਦੀ ਕ੍ਰਿਪਾ ਨਾਲ ਅਸੀਂ ਸਿਰੋਪਾਉ ਦੇਣ ਦਾ ਪ੍ਰੋਗਰਾਮ ਹੀ ਨਹੀਂ ਰੱਖਿਆ, ਸਿਰਫ 300 ਸਾਲਾ ਨਾਲ ਸਬੰਧਤ ਸਨਮਾਨ ਚਿੰਨ੍ਹਾਂ ਨਾਲ ਹੀ ਸਨਮਾਨ ਕਰਨਾ ਹੈ, ਉਹ ਰੀਤ ਅੱਜ ਵੀ ਚੱਲਦੀ ਆਉਂਦੀ ਹੈ। ਇਸ ਇੱਕਠ 'ਤੇ ਸਿੱਖ ਸੰਘਰਸ਼ ਨਾਲ ਸਬੰਧਤ ਜਰਨੈਲਾਂ ਦੇ ਹਾਜ਼ਰ ਪਰਿਵਾਰਾਂ ਦਾ ਸਨਮਾਨ, ਹਾਜ਼ਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਸਿੱਖੀ ਸਰੂਪ ਵਿੱਚ ਜਰਮਨ ਵਿੱਚ ਵੱਡੀਆਂ ਪੋਸਟਾਂ ਤੇ ਸਰਿਵਸ ਕਰਨ ਵਾਲਿਆਂ ਤੇ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਪਰ ਕੁਝ ਆਗੂ ਲੋਕਾਂ ਦਾ ਸਨਮਾਨ ਨਾ ਕੀਤਾ ਗਿਆ ਤੇ ਉਹਨਾਂ ਨੇ ਆਪਣੀ ਨਰਾਜ਼ਗੀ ਵੀ ਜ਼ਾਹਰ ਕੀਤੀ ਕਿ ਅਸੀਂ ਪਿੱਛੇ ਸੰਘਰਸ਼ ਵਿੱਚ ਸੇਵਾ ਕੀਤੀ ਹੈ। ਜਦ ਇਹੋ ਜਿਹੀਆਂ ਗੱਲਾਂ ਦੀ ਘੁਸਰ ਮੁਸਰ ਹੋਈ ਤਾਂ ਮੇਰੇ ਨਾਲ ਇੱਕ ਖੜ੍ਹੇ ਸਿੰਘ ਨੇ ਇਹਨਾਂ ਸਨਮਾਨ ਚਾਹੁਣ ਵਾਲਿਆਂ ਤੇ ਤਨਜ਼ ਕੱਸਦਿਆਂ ਹੋਇਆਂ ਕਿਹਾ ਕਿ ਇੱਥੇ ਮਾਤਾ ਭਾਗ ਕੌਰ ਦੀਆਂ ਵਾਰਸ ਬੀਬੀਆਂ ਨਹੀਂ ਹਨ, ਨਹੀਂ ਤਾਂ ਮੈਦਾਨੋਂ ਭੱਜਕੇ ਆਇਆਂ ਦਾ ਮਾਣ ਸਨਮਾਨ ਨਹੀਂ, ਬਲਕਿ ਉਹਨਾਂ ਨੂੰ ਤਾਂ ਸਿੱਖ ਇਤਿਹਾਸ ਵਿੱਚ ਚੂੜੀਆਂ ਤੇ ਚੁੰਨੀਆਂ ਦੀ ਪੇਸ਼ਕਸ਼ ਹੁੰਦੀ ਰਹੀ ਹੈ ਤੇ ਇਹ ਸਨਮਾਨ ਭਾਲਦੇ ਹਨ। ਫਿਰ ਇਹੋ ਜਿਹੀ ਚਾਹਨਾਂ ਵਾਲੇ ਵੀਰਾਂ ਨੇ ਆਪ ਹੀ ਇਕ ਪ੍ਰੋਗਰਾਮ ਤੇ ਇਕ ਦੂਜੇ ਦੇ ਗਲਾਂ ਵਿੱਚ ਸਿਰੋਪਾਉ ਪਾ ਕੇ ਆਪਣੇ ਮਨ ਨੂੰ ਸ਼ਾਂਤੀ ਦਿੱਤੀ।

ਦੂਸਰੀ ਗੱਲ ਅੱਜ ਜਦੋਂ ਗੁਰਦੁਆਰਾ ਸਾਹਿਬ ਅੰਦਰ ਕੋਈ ਮਾਇਆਧਾਰੀ ਕੋਈ ਸੇਵਾ ਕਰਾਉਂਦਾ ਹੈ, ਤਾਂ ਬੇਸ਼ੱਕ ਉਹ ਸਿੱਖੀ ਤੋਂ ਪਤਿਤ ਹੋਵੇ ਅਸੀਂ ਗੁਰੂ ਦੀਆਂ ਖੁਸ਼ੀਆਂ ਲੈਣ ਦੀ ਬਜਾਏ ਉਸ ਮਾਇਆਧਾਰੀ ਦੀ ਖੁਸ਼ੀ ਲੈਣ ਦੀ ਖਾਤਰ ਪੰਥਕ ਰਹਿਤ ਮਰਯਾਦਾ ਨੂੰ ਅੱਖੋਂ ਪਰੋਖੇ ਕਰਕੇ ਉਸ ਮਾਇਆਧਾਰੀ ਦੀ ਉਪਮਾ ਤੇ ਉਸ ਨੂੰ ਸਿਰੋਪਾਉ ਪਾਕੇ ਸਨਮਾਨਤ ਵੀ ਕਰਦੇ ਹਾਂ । ਇਸ ਸਿਰੋਪਾਉ ਦੀ ਬੇਅਦਬੀ ਤੇ ਬੇਕਦਰੀ ਨੂੰ ਦੇਖ ਕੇ ਇੱਕ ਵੀਰ ਨੇ ਕਿਹਾ ਕਿ ਵੀਰ ਜੀ ਮੈਂ ਆਪਣੀ ਭੁੱਲ ਦੀ ਸੰਗਤਾਂ ਤੋਂ ਪਹਿਲਾਂ ਹੀ ਮੁਆਫੀ ਮੰਗ ਲੈਦਾ ਹਾਂ। ਪਰ ਤੁਸੀਂ ਗਧੇ ਦੇ ਗਲ ਵਿੱਚ ਸਿਰੋਪਾਉ ਵਾਲੀ ਤਸਵੀਰ ਮੀਡੀਏ ਵਿੱਚ ਜਾਂ ਪੇਪਰ ਵਿੱਚ ਲਾ ਦਿਉ ਕਿਉਂਕਿ ਇਹ ਗਧਾ ਉਹ ਹੈ, ਜਿਸ ਨੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਬਹੁਤ ਇੱਟਾਂ ਢੋਈਆਂ ਸਨ ਤੇ ਇਹ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਲੰਘਦਾ ਹੈ ਸਿਰ ਝੁਕਾ ਕੇ ਲੰਘਦਾ ਹੈ। ਇਹ ਉਸ ਵੀਰ ਨੇ ਸਿਰਫ ਸਿਰੋਪਾਉ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਵਿਅੰਗਮਈ ਕਿਹਾ ਸੀ। ਸ਼ਾਇਦ ਅਖਬਾਰਾਂ ਵਿੱਚ ਸਿਰੋਪਾਉ ਦੇਕੇ ਜਾਂ ਲੈਕੇ ਤਸਵੀਰਾਂ ਲਵਾਉਣ ਵਾਲੇ ਸਮਝ ਜਾਣ ਤੇ ਇਹ ਬੇਅਦਬੀ ਕਰਨ ਤੋਂ ਰੁਕ ਜਾਣ।

ਇੱਥੇ ਹੁਣ ਇੱਕ ਚੰਗੀ ਮਿਸਾਲ ਪਿੱਛਲੇ ਦਿਨੀ ਪੜ੍ਹਨ ਨੂੰ ਵੀ ਮਿਲੀ ਹੈ ਕਿ ਹਾਲੈਂਡ ਦੇ ਜਥੇਦਾਰ ਕਰਮ ਸਿੰਘ ਬੱਬਰ ਨੂੰ ਪ੍ਰੋਗਰਾਮ ਦੇ ਪ੍ਰਬੰਧਕ ਸਿਰੋਪਾਉ ਦੇਣ ਲੱਗੇ ਤਾਂ ਉਸ ਨੇ ਸਾਫ ਨਾਂਹ ਕਰਦਿਆ ਹੋਇਆ ਕਿਹਾ ਕਿ ਮੈ ਪ੍ਰਣ ਕੀਤਾ ਹੋਇਆ ਹੈ ਕਿ ਸਿਰੋਪਾਉ ਜਾਂ ਕੋਈ ਮਾਣ ਸਨਮਾਣ ਉਸ ਦਿਨ ਹੀ ਲਵਾਂਗਾ, ਜਿਸ ਦਿਨ ਮੇਰੀ ਕੌਮ ਦਾ ਅਜ਼ਾਦ ਘਰ ਖਾਲਿਸਤਾਨ ਬਣ ਜਾਵੇਗਾ। ਇਹ ਇਕ ਚੰਗੀ ਮਿਸਾਲ, ਸੇਧ ਲੈਣ ਵਾਲੀ ਹੈ, ਨਾਲੇ ਮਾਣ ਸਨਮਾਨ ਲੈਣ ਲੱਗੇ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਸਨਮਾਣ ਕਿਸਦਾ ਕਰਨਾ ਹੈ, ਕੀ ਉਹ ਸਨਮਾਨ ਲੈਣ ਦੇ ਯੋਗ ਵੀ ਹੈ ? ਫਿਰ ਸਨਮਾਨ ਕਰਨ ਵਾਲਾ ਕੌਣ ਹੈ, ਕੀ ਉਸ ਦੀ ਘਾਲ ਕਮਾਈ ਉਸ ਤੋਂ ਉਪੱਰ ਹੈ। ਉਸ ਤਰ੍ਹਾਂ ਤਾਂ ਇਕ ਦੂਜੇ ਦਾ ਮੂੰਹ ਰੱਖਣ ਲਈ ਜਾਂ ਤੂੰ ਮੈਨੂੰ ਮੁੱਲਾ ਕਹਿ ਤੇ ਮੈਂ ਤੈਨੂੰ ਕਾਜ਼ੀ ਕਹਿਣ ਵਾਲੇ ਤਾਂ ਬਹੁਤ ਮਿਲ ਜਾਦੇ ਹਨ।

ਜੇਕਰ ਇੱਕ ਮਹਾਨ ਪੱਦਵੀ ਤੇ ਬੈਠਾ ਜਥੇਦਾਰ ਸਿੱਖੀ ਦਾ ਘਾਣ, ਪੰਜਾਬ ਨੂੰ ਨਸ਼ੇੜੀ, ਲੱਚਰਸਤਾਨ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਉਚ ਅਹੁਦਿਆਂ ਤੇ ਬੈਠਾਉਣ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਡੇਰੇਦਾਰਾਂ ਦੀ ਪਹਿਰੇਦਾਰੀ ਕਰਨ ਵਾਲੇ ਨੂੰ ਫਖਰ ਏ ਕੌਮ ਦਾ ਸਨਮਾਨ ਦਿੰਦਾ ਹੈ ਤੇ ਉਹ ਹੀ ਜਥੇਦਾਰ ਦੂਜੇ ਪਾਸੇ ਸਿੱਖੀ ਸਿਧਾਤਾਂ, ਸਿੱਖੀ ਦੇ ਨਿਆਰੇਪਨ ਲਈ ਆਪਣਾ ਆਪ ਕੁਰਬਾਨ, ਜੇਲ਼੍ਹਾਂ ਦੀ ਕਾਲ ਕੋਠੜੀਆਂ ਵਿੱਚ ਤਸੀਹੇ ਝੱਲਣ ਵਾਲਿਆਂ ਦਾ ਸਨਮਾਨ ਮਜ਼ਬੂਰੀ ਤੇ ਸਿਆਸੀ ਸਟੰਟ ਹੀ ਹੈ। ਸਿੱਖ ਕੌਮ ਦੇ ਅਣਖੀ ਸੂਰਬੀਰ ਯੋਧੇ ਨੂੰ ਸਿੱਖ ਕੌਮ ਦੀਆਂ ਮਹਾਨ ਪੱਦਵੀਆਂ ਤੇ ਬਿਰਾਜਮਾਨ ਆਯੋਗ ਆਗੂਆਂ ਦੇ ਹੱਥਾਂ ਤੋਂ ਸਨਮਾਨ ਲੈਣ, ਤੋਂ ,ਪਹਿਲਾਂ ਜਰੂਰ ਵੀਚਾਰਨ ,ਜੋ ਤੁਹਾਡੀ ਸੋਚ ਦੇ ਕਾਤਲਾਂ ਨੂੰ ਵੀ ਸਨਮਾਨਤ ਕਰ ਚੁੱਕੇ ਹੋਣ ਤੇ ਇਹਨਾਂ ਦੀ ਸ਼ਲਾਘਾ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਲਈ ਆਪਣੀ ਜਿੰਦਗੀਆਂ ਕੌਮ ਦੇ ਲੇਖੇ ਲਾਈਆਂ ਜਾਂ ਜੇਲ੍ਹਾਂ ਵਿੱਚ ਤਸੀਹੇ ਝੱਲ ਰਹੇ ਹਨ ਉਹਨਾਂ ਦਾ ਸਨਮਾਨ ਗੁਰੂ ਦੇ ਲੇਖੇ ਵਿੱਚ ਹੈ। ਉਹ ਰਾਜਸੀ ਲੋਕਾਂ ਦੇ ਗੁਲਾਮ ਜਥੇਦਾਰਾਂ ਦੇ ਕਿਸੇ ਮਾਣ ਸਨਮਾਨ ਦੇ ਮੁਥਾਜ ਨਹੀਂ ਹਨ। ਕਈ ਵਾਰੀ ਅਸੀਂ ਰਾਜਸੀ ਤੌਰ 'ਤੇ ਇਹਨਾਂ ਜਥੇਦਾਰਾਂ ਜਾ ਇਹਨਾਂ ਦੇ ਮੁਲਾਜ਼ਮਾਂ ਤੱਕ ਪੰਹੁਚ ਕਰਕੇ ਆਪਣੇ ਸੂਰਬੀਰ ਯੋਧਿਆਂ ਲਈ ਮਾਣ ਸਨਮਾਣ ਦੀ ਮੰਗ ਕਰਦੇ ਹਾਂ, ਪਰ ਗੁਰੂ ਸਿਧਾਂਤ ਅਨੁਸਾਰ ਇਹ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ। ਮੇਰੇ ਇਹ ਵੀਚਾਰ ਪ੍ਰਗਟਾਉਣ ਦੀ ਮਨਸ਼ਾ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚਾਉਣਾ ਕਦਾਚਿਤ ਵੀ ਨਹੀਂ ਹੈ। ਸਿਰੋਪਾਉ ਲੈਣ ਦੇ ਯੋਗ ਤੇ ਹੱਕਦਾਰਾਂ ਨੂੰ ਇਹ ਸਨਮਾਨ ਯੋਗ ਵਿਅਕਤੀਆਂ ਦੇ ਹੱਥੋਂ ਜਰੂਰ ਮਿਲਣਾ ਚਾਹੀਦਾ ਹੈ।

ਭੁਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top