ਪਰਿਵਾਰ ਨੇ ਬੈੱਡਰੂਮ ਵਿਚ ਲਗਾਉਣ ਲਈ ਨਵੇਂ ਪਰਦੇ ਪਸੰਦ ਕਰ ਕੇ
ਦੁਕਾਨ ‘ਤੇ ਆਰਡਰ ਦੇ ਦਿੱਤਾ ਤੇ ਦੁਕਾਨਦਾਰ ਨੇ ਦੱਸ ਦਿੱਤਾ ਕਿ ਕਿਹੜੇ ਦਿਨ ਉਨ੍ਹਾਂ ਦਾ
ਵਰਕਰ ਆ ਕੇ ਮਿਣਤੀ ਕਰੇਗਾ। ਮਿਥੇ ਦਿਨ ‘ਤੇ ਇਕ ਗੁਰਸਿੱਖ ਨੌਜੁਆਨ ਫਿੱਟਰ ਪਰਦਿਆਂ ਦੀ
ਉਚਾਈ ਲੰਬਾਈ ਮਿਣਨ ਲਈ ਪਹੁੰਚ ਗਿਆ। ਜਦੋਂ ਉਹ ਉੱਪਰ ਬੈੱਡਰੂਮ ‘ਚ ਜਾਣ ਲੱਗਾ ਤਾਂ
ਪਰਿਵਾਰ ਦੀ ਮਾਈ ਕਹਿਣ ਲੱਗੀ, “ਪੁੱਤਰ ਜੀ, ਜੋੜਾ ਪਾ ਕੇ ਨਹੀਂ
ਬੈੱਡਰੂਮ ‘ਚ ਜਾਣਾ, ਏਥੇ ਨੀਚੇ ਹੀ ਜੋੜਾ ਉਤਾਰ ਦੇ”।
ਉਸ
ਨੇ ਸੋਚਿਆ ਕਿ ਬੈੱਡਰੂਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਉਸ ਨੇ
ਜੋੜਾ ਉਤਾਰਿਆ ਅਤੇ ਮਾਈ ਦੇ ਮਗਰ ਮਗਰ ਪੌੜੀਆਂ ਚੜ੍ਹ ਗਿਆ। ਉਹ ਬੜੇ ਅਦਬ ਨਾਲ਼ ਅੰਦਰ ਦਾਖ਼ਲ
ਹੋਇਆ ਤੇ ਆਲੇ ਦੁਆਲੇ ਦੇਖਣ ਲੱਗਾ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਕਿੱਥੇ ਸੀ, ਪਰ ਉਸ ਨੂੰ
ਕਿਧਰੇ ਵੀ ਨਜ਼ਰ ਨਾ ਆਇਆ। ਕੰਧ ਨਾਲ਼ ਇਕ ਗੁਜ਼ਰ ਚੁੱਕੇ ਸਾਧ ਬਾਬੇ ਦੀ ਬਹੁਤ ਵੱਡੀ ਫੋਟੋ
ਲੱਗੀ ਹੋਈ ਸੀ। ਜਦ ਉਹਨੇ ਧਿਆਨ ਨਾਲ਼ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਸਜੇ ਹੋਏ ਬੈੱਡ
ਉੱਪਰ ਚੱਪਲਾਂ ਰੱਖੀਆਂ ਹੋਈਆਂ ਸਨ। ਚੱਪਲਾਂ ਦੇ ਅੱਗੇ ਮਾਇਆ ਅਰਪਣ ਕੀਤੀ ਹੋਈ ਸੀ ਤੇ
ਚੜ੍ਹਾਵੇ ਦੇ ਰੂਪ ਵਿਚ ਕੁਝ ਹੋਰ ਬੈਗ਼ਾਂ ‘ਚ ਫ਼ਰੂਟ ਆਦਿਕ ਪਿਆ ਸੀ। ਇਕ ਪਾਸੇ ਥਾਲ਼ ਵਿਚ
ਬਦਾਮ ਅਤੇ ਮਿਸ਼ਰੀ ਆਦਿ ਦਾ ਪ੍ਰਸ਼ਾਦ ਰੱਖਿਆ ਹੋਇਆ ਸੀ। ਫੋਟੋ ਦੇਖ ਕੇ ਉਸ ਨੂੰ ਪਤਾ ਲੱਗ
ਗਿਆ ਕਿ ਇਹ ਕਿਹੜੇ ਸਾਧ ਬਾਬੇ ਦਾ ਘਰ ਸੀ।
ਉਹ ਅਜੇ ਉੱਥੇ ਗਿਣਤੀ ਮਿਣਤੀ ਕਰ ਹੀ ਰਿਹਾ ਸੀ ਕਿ ਦੋ ਬੀਬੀਆਂ ਨੇ
ਆਕੇ ਪਹਿਲਾਂ ਮਾਇਆ ਰੱਖ ਕੇ ਚਪਲਾਂ ਨੂੰ ਅਤੇ ਫੇਰ ਫੋਟੋ ਨੂੰ ਮੱਥਾ ਟੇਕਿਆ। ਪਰਿਵਾਰ ਦੀ
ਮਾਈ ਨੇ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ ਤੇ ਅਸ਼ੀਰਵਾਦ ਦਿੱਤੀ।
ਇਸ ਬਾਬੇ ਨੇ ਸਾਰੀ ਉਮਰ ਧਾਗੇ-ਤਵੀਤਾਂ ਦਾ ਤੇ ਜਾਦੂ-ਟੂਣੇ ਦਾ ਕੰਮ
ਕਰ ਕੇ ਭੋਲ਼ੇ-ਭਾਲ਼ੇ ਲੋਕ ਲੁੱਟੇ ਸਨ। ਜੋ ਲੋਕ ਇਸ ਨੂੰ ਪਿੱਛਿਉਂ ਪੰਜਾਬ ਤੋਂ ਹੀ ਜਾਣਦੇ
ਸਨ ਉਹ ਦੱਸਦੇ ਸਨ ਇਹ ਕੱਪੜਾ ਵੇਚਣ ਦੇ ਨਾਲ਼ ਨਾਲ਼ ਧਾਗੇ ਤਵੀਤ ਵੀ ਦਿਆ ਕਰਦਾ ਸੀ।ਇੰਗਲੈਂਡ
ਆ ਕੇ ਵੀ ਇਸ ਨੇ ਇਹ ਕੰਮ ਜਾਰੀ ਰੱਖਿਆ। ਫਿਰ ਇਸ ਬਾਬੇ ਨੂੰ ਕਿਸੇ ਮਾੜੀ ਕਰਤੂਤ ਕਰ ਕੇ
ਛੋਟੇ ਜਿਹੇ ਟਾਊਨ ‘ਚੋਂ ਨਿੱਕਲਣਾ ਪਿਆ ਤੇ ਇਹ ਵੱਡੇ ਸ਼ਹਿਰ ਵਿਚ ਚਲਿਆ ਗਿਆ ਤੇ ਇਕ ਡੇਰੇ
ਦੇ ਸਾਧ ਬਾਬੇ ਦਾ ਚੇਲਾ ਬਣ ਗਿਆ ਤੇ ਉਸ ਬਾਬੇ ਦੀ ਮੌਤ ਤੋਂ ਬਾਅਦ ਉਸ ਡੇਰੇ ਦਾ ਮੁਖੀ ਬਣ
ਗਿਆ। ਦੱਸਿਆ ਜਾਂਦਾ ਹੈ ਕਿ ਉੱਥੇ ਵੀ ਇਸ ਨੇ ਧਾਗਿਆਂ-ਤਵੀਤਾਂ ਦਾ ਧੰਦਾ ਜਾਰੀ ਰੱਖਿਆ।
ਸਰਕਾਰੇ ਦਰਬਾਰੇ ਪਹੁੰਚ ਹੋਣ ਕਰ ਕੇ ਇਹ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਦੀ
ਪੁਸ਼ਤ-ਪਨਾਹੀ ਵੀ ਕਰਦਾ ਰਿਹਾ। ਇਸ ਦੀ ਮੌਤ ‘ਤੇ ਬਹੁਤ ਵੱਡਾ ਜਲੌ ਕੀਤਾ ਗਿਆ।
ਇਹ ਸਾਧ ਆਪਣੇ ਪਰਿਵਾਰ ‘ਚੋਂ ਡੇਰੇ ਦਾ ਜਾਨਸ਼ੀਨ ਕਾਇਮ ਨਾ ਕਰ ਸਕਿਆ।
ਪਰਿਵਾਰ ਨੇ ਉਸ ਦੀਆਂ ਚੱਪਲਾਂ ਬੈੱਡ ‘ਤੇ ਸਜਾ ਕੇ ਘਰੇ ਹੀ ਡੇਰਾ ਸਥਾਪਤ ਕਰ ਕੇ ਪਰਿਵਾਰ
ਦੀ ਆਮਦਨ ਦਾ ਪੱਕਾ ਇੰਤਜ਼ਾਮ ਕਰ ਲਿਆ ਸੀ।
ਨੌਜੁਆਨ ਫਿੱਟਰ ਵਾਪਿਸ ਜਾਂਦਾ ਸੋਚਾਂ ‘ਚ ਗ਼ਲਤਾਨ ਸੀ ਕਿ ਇਹ ਕਿਸ
ਤਰ੍ਹਾਂ ਦੇ ਸਿੱਖ ਹਨ ਜੋ ਜੁੱਤੀਆਂ ਨੂੰ ਹੀ ਮੱਥੇ ਟੇਕੀ ਜਾਂਦੇ ਹਨ ਤੇ ਚੜ੍ਹਾਵੇ ਚਾੜ੍ਹੀ
ਜਾਂਦੇ ਹਨ। ਉਹ ਪਰਿਵਾਰ ਦੀ ਸਕੀਮ ‘ਤੇ ਵੀ ਵਾਰੀ ਜਾ ਰਿਹਾ ਸੀ ਤੇ ਅਚਾਨਕ ਹੀ ਉਹਦੇ ਮੂੰਹੋਂ
ਨਿੱਕਲਿਆ, “ਜਿਊਂਦਾ ਹਾਥੀ ਲੱਖ ਦਾ ਤੇ ਮਰਿਆ ਸਵਾ ਲੱਖ ਦਾ”।