Share on Facebook

Main News Page

ਪੰਥਕ ਕਨਵੈਨਸ਼ਨ ਬਨਾਮ ਕਾਂਗਰਸ ਕਨਵੈਨਸ਼ਨ
-: ਦਿਲਦੀਪ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤੀ ਗਈ ਕਾਮਯਾਬ ਪੰਥਕ ਕਨਵੈਨਸ਼ਨ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰੀ ਹਰਵਿੰਦਰ ਸਿੰਘ ਸਰਨਾ ਦੀ ਕਾਮਯਾਬੀ ਘੱਟ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆ ਨਲਾਇਕੀਆ ਦਾ ਸਿੱਟਾ ਵਧੇਰੇ ਰਹੀ, ਕਿਉਂਕਿ ਜਿਹੜੇ ਵਾਅਦੇ ਦਿੱਲੀ ਦੇ ਸਿੱਖਾਂ ਨਾਲ ਬਾਦਲ ਦਲ ਵੱਲੋ ਚੋਣਾਂ ਦੌਰਾਨ ਕੀਤੇ ਗਏ ਸਨ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਅੱਜ ਤੱਕ ਕਾਬਜ ਧਿਰ ਨੇ ਅਮਲੀ ਜਾਮਾ ਨਹੀਂ ਪਹਿਨਾਇਆ।

ਬੀਤੀ 15 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਪੰਥਕ ਕਨਵੈਨਸ਼ਨ ਪੂਰੀ ਤਰ੍ਹਾਂ ਕਾਮਯਾਬ ਰਹੀ ਤੇ ਖਚਾ ਖੱਚ ਭਰੇ ਨੂੰ ਵੇਖ ਕੇ ਤਾਂ ਬੁਲਾਰੇ ਇੱਕ ਵਾਰੀ ਪੂਰੀ ਤਰ੍ਹਾਂ ਬਾਗੋ ਬਾਗ ਹੋ ਗਏ ਪਰ ਬੁਲਾਰਿਆ ਨੂੰ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਘੰਟੇ ਬਾਅਦ ਹੀ ਹਾਲ ਖਾਲੀ ਹੋ ਗਿਆ ਤੇ ਆਸ਼ਾਂ ਪੂਰੀ ਤਰ੍ਹਾਂ ਨਿਰਾਸ਼ਾ ਵਿੱਚ ਬਦਲ ਗਈ।

ਇਸ ‘‘ਪੰਥਕ ਕਨਵੈਨਸ਼ਨ’’ ਵਿੱਚ ਦਿੱਲੀ ਦੇ ਸਿੱਖਾਂ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕੀਤਾ ਗਿਆ ਅਤੇ ਦਿੱਲੀ ਦੇ ਸਿੱਖਾਂ ਦੀ ਅਵਾਜ ਬੁਲੰਦ ਕਰਨ ਲਈ ਦਿੱਲੀ ਦੇ ਸਿੱਖਾਂ ਦੀ ਹਮਾਇਤ ਦਾ ਇੱਕ ਵੀ ਮੱਤਾ ਪੇਸ਼ ਨਹੀਂ ਕੀਤਾ ਗਿਆ। ਇਹਨਾਂ ਮੱਤਿਆ ਦੀ ਲਿਸਟ ਵਿੱਚ 1984 ਦੇ ਦਿੱਲੀ ਦੇ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਹੈ ਅਤੇ ਨਾ ਹੀ ਦੋਸ਼ੀਆ ਨੂੰ ਸਜਾਵਾ ਦੇਣ ਦੀ ਮੰਗ ਦਾ ਕੋਈ ਮੱਤਾ ਪਾਇਆ ਗਿਆ। ਜਿਹਨਾਂ 17 ਮੱਤਿਆ ਨੂੰ ਪੰਥਕ ਕਨਵੈਨਸ਼ਨ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ਉਹਨਾਂ ਵਿੱਚ ਸਾਕਾ ਨੀਲਾ ਤਾਰਾ ਦੌਰਾਨ ਤੋਸ਼ਾਖਾਨਾ ਵਿੱਚੋ ਲੁੱਟੇ ਗਏ ਬੇਸ਼ੁਮਾਰ ਕੀਮਤੀ ਖਜ਼ਾਨੇ ਤੇ ਸ੍ਰੀ ਗੁਰੂ ਰਾਮਦਾਸ ਲਾਇਬਰੇਰੀ ਵਿੱਚੋ ਲੁੱਟੇ ਗਏ ਸਿੱਖ ਪੰਥ ਨਾਲ ਸਬੰਧਿਤ ਸਾਹਿਤ ਨੂੰ ਵੀ ਵਾਪਸ ਦਿਵਾਉਣ ਦੀ ਮੰਗ ਨੂੰ ਅੱਖੋ ਪਰੋਖੇ ਕੀਤਾ ਗਿਆ। ਇਥੇ ਹੀ ਬੱਸ ਨਹੀਂ ਪੰਥਕ ਕਨਵੈਨਸ਼ਨ ਵਿੱਚੋ ਪੰਜਾਬ ਵਿੱਚ ਪਿਛਲੇ ਕਾਲੇ ਦੌਰ ਦੌਰਾਨ ਮਾਰੇ ਗਏ ਨਿਰਦੋਸ਼ ਲੋੇਕਾਂ ਨੂੰ ਇਨਸਾਫ ਦੀ ਮੰਗ ਦਾ ਵੀ ਮਤਾ ਪੇਸ਼ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਆਗੂ ਨੇ ਉਸ ਦੀ ਮੰਗ ਕੀਤੀ। ਮੱਤਿਆ ਵਿੱਚ ਅਸਿੱਧੇ ਤੌਰ ਤੇ ਭਾਜਪਾ ਨੂੰ ਤਾਂ ਫਿਰਕਾਪ੍ਰਸਤ ਦੱਸਿਆ ਗਿਆ ਪਰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਮੰਨੀ ਜਾਂਦੀ ਕਾਂਗਰਸ ਨੂੰ ਛੋਹਿਆ ਤੱਕ ਵੀ ਨਹੀਂ ਗਿਆ।

ਕਨਵੈਨਸ਼ਨ ਕਰੀਬ ਦੋ ਦੀ ਬਜਾਏ ਢਾਈ ਵਜੇ ਸ਼ੁਰੂ ਹੋਈ ਅਤੇ ਕਨਵੈਨਸ਼ਨ ਵਿੱਚ ਬੁਲਾਰਿਆ ਨੇ ਵੀ ਮੱਖੀ ਤੇ ਮੱਖੀ ਮਾਰਨ ਵਾਲੇ ਹੀ ਭਾਸ਼ਨ ਦਿੱਤੇ। ਕਿਸੇ ਦੇ ਵੀ ਭਾਸ਼ਨ ਵਿੱਚ ਕੋਈ ਨਵੀ ਗਲ ਨਜ਼ਰ ਨਹੀਂ ਆਈ ਸਗੋਂ ਸਰਨਾ ਬੰਧੂਆ ਦੀਆ ਤਾਰੀਫਾ ਵਧੇਰੇ ਤੇ ਪੰਥਕ ਪੱਖ ਘੱਟ ਪੇਸ਼ ਕੀਤਾ ਗਿਆ। ਕੋਈ ਵੀ ਅਜਿਹਾ ਆਗੂ ਨਹੀਂ ਸੀ ਜਿਹੜਾ ਸੰਗਤਾਂ ਨੂੰ ਬੰਨ ਕੇ ਬਿਠਾ ਸਕਦਾ ਸਗੋਂ ਇਹ ਸਾਰੇ ਉਹੀ ਆਗੂ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੋ ਦੁਰਕਾਰੇ ਹੋਏ ਸਨ। ਉਹਨਾਂ ਨੇ ਵੀ ਬਾਦਲ ਨੂੰ ਸਿੱਖ ਪੰਥ ਦੀਆ ਊਣਤਾਈਆ ਲਈ ਦੋਸ਼ੀ ਠਹਿਰਾਇਆ। ਇਹਨਾਂ ਆਗੂਆ ਦੀ ਇਹ ਵੀ ਬਦਕਿਸਮਤੀ ਰਹੀ ਸੀ ਕਿ ਇਹਨਾਂ ਵਿੱਚੋਂ ਕਈ ਆਗੂਆ ਤੇ ਤਾਂ ਸਰਕਾਰੀ ਏਜੰਸੀਆ ਦੇ ਟਾਊਟ ਹੋਣ ਦੇ ਵੀ ਦੋਸ਼ ਲੱਗਦੇ ਰਹੇ ਹਨ ਅਤੇ ਅੱਜ ਵੀ ਲੱਗ ਰਹੇ ਹਨ। ਬੀਬੀਆ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕੀਤਾ ਗਿਆ ਅਤੇ ਸ਼ਰੋਮਣੀ ਅਕਾਲੀ ਦਲ (ਲੌਗੇਵਾਲ) ਦੀ ਪਰਧਾਨ ਬੀਬੀ ਸੁਰਜੀਤ ਕੌਰ ਨੂੰ ਹੀ ਚੰਦ ਮਿੰਟ ਬੋਲਣ ਦਾ ਮੌਕਾ ਦਿੱਤਾ ਗਿਆ ਜਿਹਨਾਂ ਤੇ ਕਾਂਗਰਸੀ ਹੋਣ ਦੇ ਅਨੇਕਾਂ ਦੋਸ਼ ਲੱਗਦੇ ਰਹੇ ਹਨ। ਉਹਨਾਂ ਦੇ ਪਤੀ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਸ੍ਰੀ ਸੁਰਜੀਤ ਸਿੰਘ ਬਰਨਾਲਾ ਕਾਂਗਰਸ ਦੀਆ ਫੌੜੀਆ ਤੇ ਪੰਜਾਬ ਵਿੱਚ ਅਕਾਲੀ ਸਰਕਾਰ ਵੀ ਚਲਾ ਚੁੱਕੇ ਹਨ ਅਤੇ ਕਾਂਗਰਸ ਦੀ ਅਪਾਰ ਕਿਰਪਾ ਸਦਕਾ ਦੇਸ ਦੇ ਕਈ ਰਾਜਾਂ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਕੁਲ ਮਿਲਾ ਕੇ ਕਨਵੈਨਸ਼ਨ ਵਿੱਚੋ ਪੰਥ ਪੂਰੀ ਤਰ੍ਹਾਂ ਗਾਇਬ ਸੀ।

ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੇ ਆਗੂਆ ਦੇ ਪੰਥਕ ਹਿੱਤ ਘੱਟ ਤੇ ਨਿੱਜੀ ਹਿੱਤ ਵਧੇਰੇ ਨਜਰ ਆ ਰਹੇ ਸਨ ਅਤੇ ਉਹ ਆਪਣੇ ਨਿੱਜੀ ਹਿੱਤਾਂ ਨੂੰ ਹੀ ਮੁੱਖ ਰੱਖ ਕੇ ਆਪਣੇ ਭਾਸ਼ਨ ਕਰ ਰਹੇ ਸਨ। ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਕਮੇਟੀ ਦੇ ਸਕੱਤਰ ਤੇ ਪਰਧਾਨ ਇਸ ਕਰਕੇ ਕਨਵੈਨਸ਼ਨ ਵਿੱਚ ਸ਼ਾਮਲ ਹੋਏ ਸਨ ਕਿਉਂਕਿ ਸ੍ਰੀ ਸਰਨਾ ਨੇ ਪਟਨਾ ਸਾਹਿਬ ਕਮੇਟੀ ਤੇ ਕਬਜਾ ਕਰਨ ਲਈ ਦਿੱਲੀ ਕਮੇਟੀ ਦੇ ਪਰਧਾਨ ਹੁੰਦਿਆ ਸਿਆਸੀ ਸਤਰੰਜ਼ ਦੇ ਮੋਹਰੇ ਚਲਾ ਕੇ ਕਬਜ਼ਾ ਕਰ ਲਿਆ ਤੇ ਉਥੋ ਦੇ ਸਿੱਖਾਂ ਨੂੰ ਹੀ ਪ੍ਰਬੰਧ ਸੌਂਪ ਕੇ ਪ੍ਰਧਨਾਗੀ ਤੋ ਹੋਰ ਆਹੁਦੇਦਾਰੀਆ ਬਖਸ਼ ਦਿੱਤੀਆ। ਉਸ ਕਮੇਟੀ ਦੇ ਆਹੁਦੇਦਾਰ ਤਾਂ ਆਪਾ ਬਚਾਉਣ ਲਈ ਹਾਜਰ ਹੋਏ ਸਨ। ਤਖਤ ਸ੍ਰੀ ਹਜੂਰ ਸਾਹਿਬ ਦੇ ਨੁੰਮਾਇੰਦੇ ਇਸ ਲਈ ਹਾਜ਼ਰ ਹੋਏ ਕਿਉਂਕਿ ਉਹ ਸਰਨੇ ਦੇ ਕੰਨਾੜਿਆ ਤੇ ਚੜ ਕੇ ਕੇਂਦਰ ਸਰਕਾਰ ਕੋਲੋ ਆਪਣਾ ਵੱਖਰਾ ਗੁਰੂਦੁਆਰਾ ਐਕਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕ ਸਭਾ ਚੋਣਾਂ ਤੋ ਬਾਅਦ ਜੇਕਰ ਕਾਂਗਰਸ ਸਰਕਾਰ ਦੁਬਾਰਾ ਹੋਂਦ ਵਿੱਚ ਆ ਜਾਂਦੀ ਹੈ ਤਾਂ ਅਜਿਹਾ ਹੋਣਾ ਵੀ ਸੰਭਵ ਹੈ। ਮਹਾਂਰਾਸ਼ਟਰ ਦੇ ਸਿੱਖ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਜੂਲਾ ਆਪਣੇ ਗਲੋ ਲਾਹੁਣ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਧੇਰੇ ਹੋਣ ਕਾਰਨ ਮਹਾਂਰਾਸ਼ਟਰ ਦੇ ਸਿੱਖ ਪ੍ਰਬੰਧਕ ਕਮੇਟੀ ‘ਚ ਬਾਹਰ ਰਹਿ ਜਾਂਦੇ ਹਨ ਅਤੇ ਉਹ ਸਿੱਖ ਹੀ ਸ਼ਾਮਲ ਹੁੰਦੇ ਹਨ ਜਿਹੜੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਬਾਦਲ ਅਕਾਲੀ ਦਲ ਦੀ ਸਤਰੰਜ਼ ਦੇ ਮੋਹਰੇ ਹੁੰਦੇ ਹਨ।

ਇਸ ਕਨਵੈਨਸ਼ਨ ਵਿੱਚ ਨਸ਼ਿਆ ਦਾ ਵੀ ਮੁੱਦਾ ਛਾਇਆ ਰਿਹਾ ਜਦ ਕਿ ਦਿੱਲੀ ਦੇ ਸਿੱਖਾਂ ਵਿੱਚ ਸ਼ਰਾਬ ਪੀਣ ਦੀ ਬੀਮਾਰੀ ਥੋੜੀ ਬਹੁਤੀ ਤਾਂ ਹੋ ਸਕਦੀ ਹੈ ਪਰ ਦਿੱਲੀ ਦੇ ਸਿੱਖ ਨੌਜਵਾਨ ਡਰੱਗਜ਼ ਤੇ ਹੋਰ ਹੀਰੋਇਨ ਵਰਗੇ ਨਸ਼ਿਆ ਤੋ ਨਾਵਾਕਫ ਹਨ ਅਤੇ ਉਹਨਾਂ ਦਾ ਇਸ ਮਤੇ ਨਾਲ ਬਹੁਤਾ ਕੋਈ ਵਾਸਤਾ ਵੀ ਨਹੀਂ ਸੀ। ਦਿੱਲੀ ਵਿੱਚ ਵਧੇਰੇ ਕਰਕੇ ਭਾਪਾ ਤੇ ਰਾਮਗੜ੍ਹੀਆ ਸਿੱਖ ਵੱਸਦੇ ਹਨ ਜਿਹੜੇ ਕਿਰਤੀ ਸਿੱਖ ਕਹਿ ਜਾਂਦੇ ਹਨ ਅਤੇ ਸਿੱਖੀ ਵੀ ਉਹਨਾਂ ਨੇ ਸੰਭਾਲ ਰੱਖੀ ਹੋਈ ਹੈ। ਪੰਜਾਬ ਵਿੱਚੋ ਸਿੱਖੀ ਗਾਇਬ ਹੈ ਜੇਕਰ ਇਹ ਪੰਥਕ ਕਨਵੈਨਸ਼ਨ ਅਜਿਹੀਆ ਅਲਾਮਤਾਂ ਤੇ ਮੱਤਿਆ ਨੂੰ ਸਮੱਰਪਿੱਤ ਸੀ ਤਾਂ ਇਹ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਹੋਣੀ ਚਾਹੀਦੀ ਸੀ। ਅਸਲ ਵਿੱਚ ਕਨਵੈਨਸ਼ਨ ਦਾ ਏਜੰਡਾ ਸਿਰਫ ਇੱਕ ਨੁਕਾਤੀ ਸੀ ਕਿ ਦਿੱਲੀ ਦੀਆ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਨਿਆ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨਾ ਤਾਂ ਕਿ ਸਿਆਸੀ ਪਾਰਟੀਆ ਵਿੱਚ ਉਹਨਾਂ ਦੀ ਪੁੱਛ ਗਿੱਛ ਪੂਰੀ ਤਰ੍ਹਾਂ ਹੋ ਸਕੇ ਅਤੇ ਸਰਨੇ ਅਜਿਹਾ ਕਰਨ ਵਿੱਚ ਸਫਲ ਵੀ ਰਹੇ ਹਨ।

ਤਾਲ ਕਟੋਰਾ ਦਾ ਵਾਤਾਨੂਕੂਲ ਖੱਚਾ ਖੱਚ ਭਰਿਆ ਹਾਲ ਉਸ ਵੇਲੇ ਖਾਲੀ ਹੋਣਾ ਸ਼ੁਰੂ ਹੋ ਗਿਆ ਜਦੋਂ ਦਿੱਲੀ ਸਰਕਾਰ ਵਿੱਚ ਮੰਤਰੀ ਤੇ ਪਤਿਤ ਸਿੱਖ ਸ੍ਰੀ ਅਰਵਿੰਦਰ ਸਿੰਘ ਲਵਲੀ ਇਸ ਕਨਵੈਨਸ਼ਨ ਵਿੱਚ ਹਾਜ਼ਰ ਹੋਏ ਕਿਉਂਕਿ ਹਾਜਰ ਸਿੱਖਾਂ ਨੇ ਕਨਵੈਨਸ਼ਨ ਦੇ ਅੰਦਰੂਨੀ ਮਨੋਰਥ ਨੂੰ ਸਮਝ ਲਿਆ ਸੀ ਕਿ ਇਹ ਪੰਥਕ ਕਨਵੈਨਸ਼ਨ ਘੱਟ ਤੇ ਕਾਂਗਰਸ ਕਨਵੈਨਸ਼ਨ ਵਧੇਰੇ ਹੈ ਜਿਸ ਕਰਕੇ ਉਹ ਸੀਟਾਂ ਖਾਲੀ ਕਰਕੇ ਚੱਲਦੇ ਬਣੇ। ਇਥੋ ਤੱਕ ਕਿ ਸ੍ਰੀ ਸਰਨਾ ਦੇ ਬੋਲਣ ਸਮੇ ਤੱਕ ਵੀ ਕਰੀਬ ਅੱਧਿਉ ਵਧੇਰੇ ਹਾਲ ਖਾਲੀ ਹੋ ਗਿਆ ਸੀ।

ਪੰਥਕ ਕਨਵੈਨਸ਼ਨ ਵਿੱਚ ਇੱਕ ਪਤਿਤ ਨੂੰ ਵਿਸ਼ੇਸ ਮਹਿਮਾਨ ਵਜੋਂ ਬੁਲਾਉਣਾ ਤੇ ਫਿਰ ਉਸ ਨੂੰ ਸਟੇਜ ਤੋ ਬੋਲਣ ਦਾ ਮੌਕਾ ਦੇਣਾ ਵੀ ਪ੍ਰਬੰਧਕਾਂ ਦੀ ਨਲਾਇਕੀ ਹੀ ਕਹੀ ਜਾ ਸਕਦੀ ਹੈ ਕਿਉਂਕਿ ਇਹ ਪੰਥਕ ਕਨਵੈਨਸ਼ਨ ਪਤਿਤਪੁਣਾ, ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆ ਦੇ ਖਿਲਾਫ ਸੀ ਅਤੇ ਬੁਲਾਰਿਆ ਵੱਲੋ ਇਹਨਾਂ ਬੁਰਾਈਆ ਦੇ ਖਿਲਾਫ ਜਹਾਦ ਛੇੜਣ ਦੀ ਕਾਵਾਂ ਰੌਲੀ ਪਾਈ ਜਾ ਰਹੀ ਸੀ। ਉਸੇ ਸਟੇਜ ਤੋ ਹੀ ਇੱਕ ਪਤਿਤ ਇਹ ਕਹੇ ਕਿ ਉਹ ਬਤੌਰ ਸਿੱਖ ਇਸ ਕਾਨਫਰੰਸ ਵਿੱਚ ਸ਼ਾਮਲ ਹੋਇਆ ਹੈ ਤਾਂ ਫਿਰ ਕਨਵੈਨਸ਼ਨ ਵਿੱਚ ਬੈਠੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਰਗੇ ਸਿੱਖ ਚੁੱਪ ਕਰਕੇ ਬੈਠੇ ਰਹਿਣ ਇਸ ਨੂੰ ਸਿੱਖ ਪੰਥ ਨਾਲ ਇਨਸਾਫ ਨਹੀਂ ਕਿਹਾ ਜਾ ਸਕਦਾ। ਬਾਬਾ ਦਾਦੂਵਾਲ ਨੂੰ ਚਾਹੀਦਾ ਸੀ ਉਹ ਉਸ ਸਮੇਂ ਉਠ ਕੇ ਲਵਲੀ ਨੂੰ ਇਹ ਕਹਿੰਦੇ ਕਿ ਲਵਲੀ ਜੀ ਤੁਸੀ ਪੰਥਕ ਕਾਨਫਰੰਸ ਵਿੱਚ ਆਏ ਹੋ ਅਤੇ ਅੱਜ ਇਸ ਸਟੇਜ ਤੋ ਐਲਾਨ ਕਰਕੇ ਜਾਉ ਕਿ ਤੁਸੀ ਭਵਿੱਖ ਵਿੱਚ ਆਪਣੀ ਦਾਹੜੀ ਕਤਲ ਨਹੀਂ ਕਰੋਗੇ ਪਰ ਨਾ ਤਾਂ ਬਾਬਾ ਦਾਦੂਵਾਲ ਤੇ ਨਾ ਹੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਹਿੰਮਤ ਕੀਤੀ ਕਿ ਉਹ ਲਵਲੀ ਨੂੰ ਅਜਿਹਾ ਕਰਨ ਲਈ ਕਹਿ ਸਕਦੇ। ਸਰਨਿਆ ਦੀ ਇੱਕ ਹੋਰ ਵੀ ਵਿਡੰਬਨਾ ਹੈ ਕਿ ਉਹਨਾਂ ਨੇ ਆਪਣੇ ਚਾਚੇ ਸੰਤ ਸਿੰਘ ਗੁਜਰਖਾਨੀ ਦੇ ਪੋਤਰੇ ਦੇ ਵਿਆਹ ਵਿੱਚ ਜਾਣ ਤੋ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸਨੇ ਆਪਣੇ ਕੇਸਾਂ ਦਾ ਕਤਲ ਕੀਤਾ ਹੋਇਆ ਸੀ ਤੇ ਸਰਨਿਆ ਦੀ ਇਹ ਸ਼ਰਤ ਸੀ ਕਿ ਉਹ ਆਪਣੇ ਵਿਆਹ ਸਮਾਗਮ ਵਿੱਚ ਗੁਰੂ ਸਾਹਿਬ ਦੀ ਹਜੂਰੀ ਵਿੱਚ ਇਹ ਅਰਦਾਸ ਬੇਨਤੀ ਕਰੇ ਕਿ ਉਹ ਭਵਿੱਖ ਕੇਸ ਕਤਲ ਨਹੀਂ ਕਰੇਗਾ ਪਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਸਰਨਿਆ ਨੇ ਉਸ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋ ਇਨਕਾਰ ਕਰ ਦਿੱਤਾ, ਪਰ ਸਿਆਸੀ ਰੋਟੀਆ ਸੇਕਣ ਦੀ ਖਾਤਰ ਸਰਨੇ ਵੀ ਲਵਲੀ ਨੂੰ ਅਜਿਹਾ ਕਰਨ ਲਈ ਨਹੀਂ ਕਹਿ ਸਕੇ ਤਾਂ ਕਿ ਕਾਂਗਰਸ ਉਹਨਾਂ ਤੋ ਨਾਰਾਜ਼ ਨਾ ਹੋ ਜਾਵੇ।

ਇਸੇ ਤਰ੍ਹਾਂ ਕਨਵੈਨਸ਼ਨ ਵਿੱਚ ਦੇਹਧਾਰੀ ਗੁਰੂ ਡੰਮ ਦਾ ਵੀ ਖੰਡਨ ਕੀਤਾ ਜਾ ਰਿਹਾ ਸੀ ਜਦ ਕਿ ਦੇਹਧਾਰੀ ਗੁਰੂ ਨਾਮਧਾਰੀ ਸੰਪਰਦਾ ਦੇ ਆਗੂ ਤੇ ਕਾਂਗਰਸ ਦੇ ਸਾਬਕਾ ਐਮ .ਪੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪਰਧਾਨ ਸ੍ਰੀ ਹਰਵਿੰਦਰ ਸਿੰਘ ਹੰਸਪਾਲ ਨੇ ਵੀ ਆਪਣੀ ਸੰਪਰਦਾ ਦੇਹਧਾਰੀ ਗੁਰੂ ਡੰਮ ਨਾਲ ਜੁੜਣ ਦਾ ਸਟੇਜ ਤੋਂ ਸੱਦਾ ਦਿੱਤਾ, ਪਰ ਕਿਸੇ ਨੇ ਵੀ ਉਸ ਦਾ ਵਿਰੋਧ ਕਰਨ ਦੀ ਕੋਸ਼ਿਸ਼ ਨਾ ਕੀਤੀ, ਕੇਵਲ ਗਿਆਨੀ ਜਗਤਾਰ ਸਿੰਘ ਜਾਚਕ ਨੇ ਹੀ ਆਪਣੇ ਭਾਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਦੱਸ ਕੇ ਹੰਸਪਾਲ ਦੇ ਲਫਜਾਂ ਨੂੰ ਕੱਟਿਆ

ਕਾਨਫਰੰਸ ਦੇ ਕਾਮਯਾਬ ਹੋਣ ਦਾ ਸਭ ਤੋ ਵੱਡਾ ਕਾਰਨ ਮੌਜੂਦਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਦੀਆ ਨਲਾਇਕੀਆ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਆਪਣੇ ਚੋਣ ਮੈਨੀਫੈਸਟੋ ਵਿੱਚ ਜਿਹੜੇ ਵਾਅਦੇ ਹਾਕਮਾਂ ਧਿਰ ਨੇ ਦਿੱਲੀ ਦੇ ਸਿੱਖਾਂ ਨਾਲ ਕੀਤੇ ਸਨ ਉਹਨਾਂ ਵਿੱਚੋ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਸਭ ਤੋ ਪਹਿਲਾਂ ਵਾਅਦਾ ਉਹਨਾਂ ਨੇ ਗਰੀਬ ਬੱਚਿਆ ਦੀਆ ਫੀਸਾ ਮੁਆਫ ਕਰਨ ਦਾ ਕੀਤਾ ਸੀ ਜਿਹੜਾ ਸਾਕਾਰ ਨਾ ਹੋ ਸਕਿਆ। ਇਸੇ ਤਰ੍ਹਾਂ ਗਰੀਬ ਬੱਚਿਆ ਨੂੰ ਮੁਫਤ ਕਿਤਾਬਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਵੀ ਵਾਅਦਾ ਵੀ ਵਫਾ ਨਾ ਹੋ ਸਕਿਆ ਸਗੋਂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਹਲਕੇ ਵਿੱਚ ਜੇਕਰ ਗਰੀਬ ਬੱਚਿਆਂ ਨੂੰ ਕਿਤਾਬਾ ਵੰਡੀਆਂ ਵੀ ਤਾਂ ਉਹ ਵੀ ਉਸ ਨੇ ਨਾ ਤਾਂ ਦਿੱਲੀ ਕਮੇਟੀ ਅਤੇ ਨਾ ਹੀ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਸਮੱਰਪਿੱਤ ਕੀਤੀਆ ਸਗੋਂ ਇਹਨਾਂ ਕਿਤਾਬਾ ਤੇ ਵੀ ਆਪਣੇ ਨਿੱਜੀ ਨਾਮ ਦੇ ਸਟਿੱਕਰ ਲਗਾ ਕੇ ਵੰਡੀਆ ਜਿਸ ਕਾਰਨ ਬਾਕੀ ਹਲਕਿਆ ਦੇ ਗਰੀਬ ਸਿੱਖਾਂ ਵਿੱਚ ਰੋਸ ਦੀ ਲਹਿਰ ਦੌੜ ਗਈ। ਗੁਰੂਦੁਆਰਿਆਂ ਦੇ ਵਿਕਾਸ ਲਈ ਸਰਕਾਰੀ ਯੋਜਨਾਵਾ ਨੂੰ ਵੀ ਬਰੇਕਾਂ ਲਗਾ ਦਿੱਤੀਆਂ ਗਈਆਂ ਅਤੇ ਦਿੱਲੀ ਕਮੇਟੀ ਦੇ ਸਾਰੇ ਆਹੁਦੇਦਾਰਾਂ ਨੇ ਦੋ ਕਰੋੜ ਰੁਪਏ ਖਰਚ ਕਰਕੇ ਵਿਦੇਸ਼ਾਂ ਦੌਰੇ ਕਰਨੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਸੱਤਾ ਸੰਭਲਦਿਆਂ ਹੀ ਮਹਿੰਗੀਆਂ ਗੱਡੀਆਂ ਵੀ ਗੁਰੂ ਦੀ ਗੋਲਕ ਵਿੱਚੋ ਖਰੀਦ ਲਈਆਂ ਗਈਆਂ, ਜਦ ਕਿ ਸਾਬਕਾ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਦੇ ਵੀ ਗੁਰੂਦੁਆਰੇ ਦੀ ਗੱਡੀ ਨਹੀਂ ਵਰਤੀ ਸੀ, ਅਤੇ ਨਾ ਹੀ ਕਦੇ ਆਪਣੀ ਗੱਡੀ ਵਿੱਚ ਗੁਰੂ ਦੀ ਗੋਲਕ ਵਿੱਚੋਂ ਤੇਲ ਪਵਾਇਆ ਸੀ। ਸਰਨਿਆਂ ਦੀ ਰੈਲੀ ਨੂੰ ਫੇਲ ਕਰਨ ਲਈ ਦਿੱਲੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਦੇ ਸਕੂਲਾਂ ਨੂੰ ਕਾਲਜਾਂ ਦੇ ਸਟਾਫ ਨੂੰ "ਛੇਵਾਂ ਪੇ ਕਮਿਸ਼ਨ" ਲਾਗੂ ਕਰਕੇ ਸਤੰਬਰ ਮਹੀਨੇ ਤੋ ਤਨਖਾਹਾਂ ਦੇਣ ਦਾ ਐਲਾਨ ਤਾਂ ਜਰੂਰ ਕੀਤਾ ਗਿਆ, ਪਰ ਇਹ ਵਾਅਦਾ ਵੀ ਪੂਰਾ ਹੁੰਦਾ ਹੈ, ਜਾਂ ਫਿਰ ਊਠ ਦੇ ਬੁੱਲ ਵਾਂਗ ਲਟਕਿਆ ਰਹਿੰਦਾ ਹੈ, ਇਹ ਤਾਂ ਅਕਤੂਬਰ ਦੇ ਪਹਿਲੇ ਹਫਤੇ ਤਨਖਾਹਾਂ ਮਿਲਣ ਸਮੇਂ ਹੀ ਪਤਾ ਲੱਗ ਸਕੇਗਾ।

15 ਸਤੰਬਰ ਨੂੰ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕਨਵੈਨਸ਼ਨ ਹੋ ਰਹੀ ਸੀ, ਤਾਂ ਉਸ ਦਿਨ ਦਿੱਲੀ ਕਮੇਟੀ ਨੇ ਪ੍ਰੈਸ ਨੂੰ ਵਰਗਲਾਉਣ ਲਈ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕਰ ਦਿੱਤਾ ਤਾਂ ਕਿ ਪ੍ਰੈਸ ਸਰਨਿਆਂ ਦੀ ਕਨਵੈਨਸ਼ਨ ਵਿੱਚ ਨਾ ਜਾ ਸਕੇ ਤੇ ਕੁਝ ਹੱਦ ਤੱਕ ਦਿੱਲੀ ਕਮੇਟੀ ਅਜਿਹਾ ਕਰਨ ਵਿੱਚ ਕਾਮਯਾਬ ਵੀ ਰਹੀ। ਪ੍ਰੈਸ ਕਾਨਫੰਰਸ ਵਿੱਚ ਮੁੱਦਾ ਸਿਰਫ ਹਰਿਆਣੇ ਦੇ ਸਿੱਖਾਂ ਨੂੰ ਹਰਿਆਣਾ ਸਰਕਾਰ ਕੋਲੋ ਖੋਹੀਆਂ ਗਈਆਂ ਜ਼ਮੀਨਾਂ ਦੇ ਪੱਟੇ ਵਾਲੀਆਂ ਵਾਪਸ ਦਿਵਾਉਣ ਦਾ ਧੰਨਵਾਦ ਕਰਨਾ ਸੀ, ਪਰ ਅਸਲ ਮਨਸ਼ਾ ਹਰਿਆਣਾ ਦੇ ਸਿੱਖਾਂ ਦਾ ਦਿੱਲੀ ਕਮੇਟੀ ਅਤੇ ਬਾਦਲ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਕੰਨਾੜਿਆਂ' ਤੇ ਚੜ ਕੇ ਹਰਿਆਣਾ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਟਿਕਟਾਂ ਲੈਣੀਆਆਂ ਅਤੇ ਹਰਿਆਣਾ ਵਿਚਲੀ ਬਾਦਲ ਦਲ ਦੀ ਇਕਾਈ ਤੇ ਕਬਜ਼ਾ ਕਰਨਾ ਸੀ। ਹਰਿਆਣੇ ਦੇ ਸਿੱਖਾਂ ਨੂੰ ਜ਼ਮੀਨਾਂ ਦੇ ਪੱਟੇ ਵਾਪਸ ਦਿਵਾਉਣ ਵਿੱਚ ਖਾਸਾ ਰੋਲ ਸ੍ਰੀ ਸਰਨਾ ਦੀ ਵੀ ਰਿਹਾ ਜਿਹਨਾਂ ਦੇ ਕਾਰਜਕਾਲ ਦੌਰਾਨ ਵੀ ਇਹ ਮਾਮਲਾ ਦਿੱਲੀ ਕਮੇਟੀ ਕੋਲ ਆਇਆ ਸੀ ਤੇ ਉਹਨਾਂ ਦੇ ਕਹਿਣ ਤੇ ਹਰਿਆਣੇ ਦੇ ਸਿੱਖਾਂ ਕੋਲੋ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਕੇ.ਟੀ.ਐਸ ਤੁਲਸੀ ਨੇ ਕਰੀਬ 50 ਲੱਖ ਰੁਪਏ ਫੀਸ ਹਰਿਆਣੇ ਦੇ ਸਿੱਖਾਂ ਨੂੰ ਛੱਡ ਦਿੱਤੀ ਤੇ ਸੁਪਰੀਮ ਕੋਰਟ ਵਿੱਚ ਉਹਨਾਂ ਦਾ ਕੇਸ ਬਿਨਾਂ ਫੀਸ ਤੋ ਲੜਿਆ ਸੀ। ਪ੍ਰੈਸ ਕਾਨਫਰੰਸ ਵਿੱਚ ਬੈਠਾ ਮਕਤੂਲ ਸਿੰਘ ਇਸ ਕੇਸ ਵਿੱਚ ਧਿਰ ਸੀ। ਧੰਨਵਾਦ ਤਾਂ ਸਰਨੇ ਦਾ ਕਰਨਾ ਬਣਦਾ ਸੀ ਪਰ ਸਿਆਸੀ ਰੋਟੀਆ ਸੇਕਣ ਲਈ ਪਹਿਲਾਂ ਇਹ ਸੁਆਰਥੀ ਸਿੱਖਾਂ ਦਾ ਟੋਲਾ ਸ਼੍ਰੋਮਣੀ ਕਮੇਟੀ ਦੇ ਗੁਲਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ਪੁੱਜਾ ਅਤੇ ਉਹਨਾਂ ਕੋਲੋ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਫਿਰ ਦਿੱਲੀ ਜਾ ਕੇ ਡਰਾਮਾ ਕੀਤਾ ਗਿਆ।

ਕਨਵੈਨਸ਼ਨ ਵਿੱਚ ਕਈ ਬੁਲਾਰਿਆਂ ਨੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਾਣੀ ਪੀ ਪੀ ਕੇ ਕੋਸਿਆ ਤੇ ਕਈਆਂ ਨੇ ਨਰਿੰਦਰ ਮੋਦੀ ਦੀ ਛੋਈ ਲਾਹੀ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਰਮਾਇਣ ਵਿੱਚ ਇੱਕ ਰਾਸ਼ੀ ਦੇ ਦੋ  ਵਿਅਕਤੀ ਸਨ, ਜਿਹਨਾਂ ਵਿੱਚ ਇੱਕ ਰਾਮ ਤੇ ਦੂਸਰਾ ਰਾਵਣ ਹੈ ਅਤੇ ਦੋਹਾਂ ਦੀ ਰਾਸ਼ੀ ਵੀ ਇੱਕ ਹੈ, ਪਰ ਇੱਕ ਖਲਨਾਇਕ ਤੇ ਦੂਸਰਾ ਨਾਇਕ ਹੈ, ਕਿਉਂਕਿ ਦੋਹਾਂ ਦੇ ਕਰਮ ਵੱਖਰੇ ਵੱਖਰੇ ਹਨ, ਠੀਕ ਇਸੇ ਤਰ੍ਹਾਂ ਹੀ ਇਹ ਕਨਵੈਨਸ਼ਨ ਵੀ ਉਹਨਾਂ ਦੋ ਵਿਅਕਤੀਆਂ ਦੇ ਦੁਆਲੇ ਘੁੰਮਦੀ ਰਹੀ, ਜਿਹਨਾਂ ਦੀ ਰਾਸ਼ੀਆਂ ਇੱਕ ਹੀ ਹਨ। ਇਹ ਵਿਅਕਤੀ ਇੱਕ ਹੈ, ਸ੍ਰੀ ਪ੍ਰਕਾਸ਼ ਸਿੰਘ ਬਾਦਲ ਜਿਸ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ, ਜਦ ਕਿ ਦੂਸਰੇ ਵਿਅਕਤੀ ਹਨ ਪਰਮਜੀਤ ਸਿੰਘ ਸਰਨਾ ਹਨ, ਜਿਹਨਾਂ ਨੂੰ ਨਾਇਕ ਵੱਜੋ ਪੇਸ਼ ਕੀਤਾ ਗਿਆ। ਇਹਨਾਂ ਦੋਹਾਂ ਵਿੱਚੋ ਕੌਮ ਦੇ ਰਾਜਾ ਜਾਂ ਰੰਕ ਕੌਣ ਬਣਦਾ ਹੈ, ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਪਿਆ ਹੈ, ਪਰ ਇਸੇ ਵੇਲੇ ਤਾਂ ਚਾਰ ਚੁਫੇਰੇ ਹਾਲ ਦੀ ਘੜੀ ਬਾਦਲ ਦਾ ਹੀ ਬੋਲਬਾਲਾ ਹੈ।

ਇਸ ਕਨਵੈਨਸ਼ਨ ਦਾ ਜਮਾ ਘਟਾਉ ਕਰਕੇ ਵੇਖਿਆ ਜਾਵੇ, ਤਾਂ ਇਹ ਹੀ ਸਿਆਸੀ ਗਣਿਤ ਸਾਹਮਣੇ ਆਉਦਾ ਹੈ ਕਿ ਇਹ ਪੰਥਕ ਕਨਵੈਨਸ਼ਨ ਘੱਟ ਤੇ ਸਿਆਸੀ ਕਨਵੈਨਸ਼ਨ ਵਧੇਰੇ ਸੀ ਕਿਉਂਕਿ ਸੰਤ ਸਮਾਜ ਪੰਥਕ ਕਨਵੈਨਸ਼ਨ ਵਿੱਚੋ ਗਾਇਬ ਸੀ ਤੇ ਜਿਹੜੇ ਇੱਕ ਦੋ ਸੰਤ ਆਏ ਸੀ ਉਹ ਵੀ ਬਾਦਲ ਵਿਰੋਧੀ ਸਨ, ਪੰਥ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਸੀ। ਸਰਨੇ ਬੰਧੂ ਜੇਕਰ ਇਸ ਨੂੰ ਸਿਆਸੀ ਕਨਵੈਨਸ਼ਨ ਦਾ ਰੂਪ ਦੇ ਕੇ ਕਰਦੇ ਤਾਂ ਸ਼ਾਇਦ ਉਹਨਾਂ ਨੂੰ ਹੋਰ ਵੀ ਜ਼ਿਆਦਾ ਕਾਮਯਾਬੀ ਮਿਲਦੀ, ਫਿਰ ਵੀ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਸਰਨਿਆਂ ਦਾ ਸਰਕਾਰ ਤੇ ਦਬਾ ਵਧਾਉਣ ਲਈ ਵਧੀਆ ਸ਼ਕਤੀ ਪ੍ਰਦਰਸ਼ਨ ਸੀ। ਕੁਲ ਮਿਲਾ ਕੇ ਕਨਵੈਨਸ਼ਨ ਨੂੰ ਕਾਮਯਾਬ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਦਿੱਲੀ ਵਿੱਚ ਇੰਨਾ ਵੱਡਾ ਕੇਵਲ ਸਿੱਖਾਂ ਦਾ ਇਕੱਠ ਕਰਨਾ ਕੋਈ ਖਾਲਾ ਜੀ ਵਾੜਾ ਨਹੀਂ ਹੈ ਜਿਹੜਾ ਸਰਨਿਆ ਨੇ ਕਰ ਵਿਖਾਇਆ। ਆਮੀਨ।


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top