Share on Facebook

Main News Page

ਦਲੇਰ ਮਹਿੰਦੀ ਨੇ ਜਗਦੀਸ਼ ਟਾਈਟਲਰ ਨਾਲ ਸਟੇਜ ਸਾਂਝੀ ਕੀਤੀ

ਚੰਡੀਗੜ੍ਹ, 24 ਸਤੰਬਰ (ਮੇਜਰ ਸਿੰਘ): ਪਿਛਲੇ ਦਿਨੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਗਾਇਕ ਦਲੇਰ ਮਹਿੰਦੀ ਨੇ ਇਕ ਨਵਾਂ ਵਿਵਾਦ ਸਹੇੜ ਲਿਆ ਹੈ। ਉਨ੍ਹਾਂ ਵਲੋਂ 1984 ਦੇ ਦਿੱਲੀ ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਨਾਲ ਸਟੇਜ ਸਾਂਝੀ ਕੀਤੀ ਅਤੇ ਨਾਲ ਹੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਸਮੇਤ ਟਾਈਟਲਰ ਨਾਲ ਫੁੱਲਾਂ ਦਾ ਵੱਡਾ ਹਾਰ ਵੀ ਗਲ 'ਚ ਪੁਆਇਆ। ਦਲ ਖਾਲਸਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਇਸ ਨੂੰ ਸਿੱਖ ਹਿਰਦੇ ਵਲੂੰਧਰਨ ਵਾਲੀ ਕਾਰਵਾਈ ਕਰਾਰ ਦਿੰਦਿਆਂ, ਦਲੇਰ ਮਹਿੰਦੀ ਵਿਰੁੱਧ ਸਖਤ ਪ੍ਰਤੀਕਿਰਿਆਵਾਂ ਕੀਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਦਿੱਲੀ ਵਿਖੇ ਸੋਮਵਾਰ ਨੂੰ ਮੁਸਲਿਮ ਸੰਮੇਲਨ 'ਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਸਮੇਤ ਸ਼ਾਮਲ ਹੋਏ ਤੇ ਉਨ੍ਹਾਂ 1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਟਾਈਟਲਰ ਨਾਲ ਸਟੇਜ ਸਾਂਝੀ ਕੀਤੀ। ਇਸ ਪ੍ਰੋਗਰਾਮ 'ਚ ਫਿਲਮ ਅਦਾਕਾਰ ਰਣਜੀਤ ਵੀ ਸ਼ਾਮਲ ਸਨ। ਪ੍ਰੋਗਰਾਮ 'ਚ ਦਲੇਰ, ਸ਼ੀਲਾ, ਟਾਈਟਲਰ ਤੇ ਰਣਜੀਤ ਆਦਿ ਨੂੰ ਇਨ੍ਹਾਂ ਦੇ ਸਮਰਥਕਾਂ ਵਲੋਂ ਇਕ ਵੱਡਾ ਹਾਰ ਵੀ ਗਲ ਚ ਪਾਇਆ ਗਿਆ।

ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਇਸ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਦਲੇਰ ਮਹਿੰਦੀ ਵਲੋਂ ਸਿੱਖ ਹਿਰਦੇ ਵਲੂੰਧਰਣ ਵਾਲੀ ਕਾਰਵਾਈ ਗਰਦਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਖਸ ਨੇ ਨਿਰਦੋਸ਼ ਸਿੱਖਾਂ ਦਾ ਖੂਨ ਵਹਾਇਆ, ਉਸ ਨਾਲ ਸਟੇਜ ਸਾਂਝੀ ਕਰਕੇ ਦਲੇਰ ਮਹਿੰਦੀ ਨੇ ਇਸ ਗੱਲ ਦਾ ਸਬੂਤ ਦਿਤਾ ਹੈ ਕਿ ਉਸ ਨੂੰ ਸਿੱਖ ਭਾਵਨਾਵਾਂ ਤੇ ਕਦਰਾਂ-ਕੀਮਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਟਾਈਟਲਰ ਨਾਲ ਸਟੇਜ ਸਾਂਝੀ ਕਰਕੇ ਦਲੇਰ ਨੇ ਸਾਬਤ ਕੀਤਾ ਹੈ, ਕਿ ਉਹ ਸਿੱਖ ਨਹੀਂ ਹੈ। ਭਾਈ ਕੰਵਰਪਾਲ ਨੇ ਕਿਹਾ ਕਿ ਦਲੇਰ ਦੇ ਸਿਰ ਦੀ ਪੱਗ ਨੇ ਉਸ ਦੀ ਟੌਹਰ ਪੂਰੀ ਦੁਨੀਆ 'ਚ ਬਣਾਈ, ਪਰ ਫਿਰ ਵੀ ਉਸ ਨੇ ਟਾਈਟਲਰ ਨਾਲ ਸਟੇਜ ਸਾਂਝੀ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਕਿਹਾ ਕਿ ਦਲੇਰ ਵਲੋਂ ਕਾਂਗਰਸ 'ਚ ਸ਼ਾਮਲ ਹੋਣਾ ਤੇ ਹੁਣ ਟਾਈਟਲਰ ਨਾਲ ਸਟੇਜ ਸਾਂਝੀ ਕਰਨ ਨਾਲ ਸਾਬਤ ਹੋ ਗਿਆ ਹੈ, ਕਿ ਉਸ ਨੂੰ ਸਿੱਖ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈ। ਪੀਰਮੁਹੰਮਦ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਤਾਂ ਪਹਿਲਾਂ ਸਿੱਖਾਂ ਦੇ ਕਾਤਲਾਂ ਨੂੰ ਬਚਾਉਂਦੀ ਆ ਰਹੀ ਹੈ ਤੇ ਹੁਣ ਜਿਸ ਤਰਾਂ ਦਲੇਰ ਵਲੋਂ ਟਾਈਟਲਰ ਨਾਲ ਸਟੇਜ ਸਾਂਝੀ ਕੀਤੀ ਗਈ ਹੈ, ਇਸ ਨਾਲ ਦਲੇਰ ਵੀ ਇਸੇ ਕਤਾਰ ਚ ਸ਼ਾਮਲ ਹੋ ਗਏ ਹਨ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਦਲੇਰ ਮਹਿੰਦੀ ਦਿੱਲੀ 'ਚ ਕਾਂਗਰਸ ਦੀ ਟਿਕਟ ਤੋਂ ਤਿਲਕ ਨਗਰ ਤੋਂ ਵਿਧਾਨ ਸਭਾ ਚੋਣਾਂ ਲੜਨ ਦੇ ਚਾਹਵਾਨ ਹਨ, ਪਰ ਟਾਈਟਲਰ ਨਾਲ ਸਟੇਜ ਸਾਂਝੀ ਕਰਨ ਉਪਰੰਤ ਉਨ੍ਹਾਂ ਲਈ ਕਾਫੀ ਮੁਸ਼ਕਲ ਖੜੀ ਹੋ ਸਕਦੀ ਹੈ, ਕਿਉਂਕਿ 1984 ਦੌਰਾਨ ਤਿਲਕ ਨਗਰ 'ਚ ਵੱਡੇ ਪੱਧਰ ਤੇ ਸਿਖਾਂ ਦਾ ਕਤਲੇਆਮ ਹੋਇਆ ਸੀ। ਟਾਈਟਲਰ ਤੇ ਸੱਜਣ ਕੁਮਾਰ ਦਿੱਲੀ 'ਚ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਚ ਸ਼ੁਮਾਰ ਹਨ ਤੇ ਜਿਸ ਤਰ੍ਹਾਂ ਦਲੇਰ ਮਹਿੰਦੀ ਵਲੋਂ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ ਗਈ ਹੈ, ਇਸ ਤੇ ਸਿੱਖ ਜਗਤ ਚ ਰੋਸ ਪੈਦਾ ਹੋਣਾ ਸੁਭਾਵਕ ਹੀ ਹੈ।

Source: ਬਾਬੂਸ਼ਾਹੀ


ਟਿੱਪਣੀ:

ਸਾਨੂੰ ਇਨ੍ਹਾਂ ਕਲਾਕਾਰਾਂ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ, ਕਿ ਇਹ ਦਸਤਾਰ ਬੰਨ੍ਹ ਕੇ, ਜਾਂ ਉਤੋਂ ਦੀ ਕਿਰਪਾਨ ਪਾਕੇ, ਕੋਈ ਸਿੱਖੀ ਦੇ ਹੱਕ 'ਚ ਕੰਮ ਕਰਨਗੇ। ਕਲਾਕਾਰ ਉਹ ਹੈ, ਜਿਸ ਨੂੰ ਜਿੱਥੇ ਪੈਸਾ ਜਾਂ ਸ਼ੋਹਰਤ ਮਿਲੇ ਪਹੁੰਚ ਜਾਂਦਾ ਹੈ, ਉਸ ਨੂੰ ਦੀਨ-ਈਮਾਨ ਨਾਲ ਕੋਈ ਵਾਸਤਾ ਨਹੀਂ। ਚਾਹੇ ਉਹ ਦਲੇਰ ਮਹਿੰਦੀ ਹੋਵੇ, ਕੇ.ਐਸ. ਮੱਖਣ ਹੋਵੇ, ਸਤਿੰਦਰ ਸਰਤਾਜ ਹੋਵੇ, ਜਾਂ ਕੋਈ ਹੋਰ... ਸਭ ਕਲਾਕਾਰ ਨੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top