Share on Facebook

Main News Page

ਮਨੁੱਖ ਦੀਆਂ ਦੁਨਿਆਵੀਂ ਲਾਲਸਾਵਾਂ ਕਾਰਨ ਹੀ ਜੀਵਨ ਵਿੱਚੋਂ ਅਲੋਪ ਹੋ ਰਿਹਾ ਸਚੁ ਆਚਾਰ !
-: ਗੁਰਚਰਨ ਸਿੰਘ ਗੁਰਾਇਆ

ਅੱਜ ਸੰਸਾਰ ਅੰਦਰ ਜਿਵੇਂ ਜਿਵੇਂ ਮਨੁੱਖ ਅੰਦਰ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਤੇ ਵੱਧ ਰਿਹੀਆਂ ਦੁਨਿਆਵੀਂ ਲਾਲਸਾਵਾਂ ਕਾਰਨ ਉਵੇਂ ਉਵੇਂ ਹੀ ਮਨੁੱਖ ਦੇ ਜੀਵਨ ਵਿੱਚੋਂ ਅਲੋਪ ਹੋ ਰਿਹਾ ਸਚੁ ਆਚਾਰ। ਜਦ ਕਿ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖ ਨੂੰ ਮੁਢਲਾ ਉਪਦੇਸ਼ ਜਪੁ ਜੀ ਸਾਹਿਬ ਵਿੱਚ ਸਚਿਆਰ ਬਣਨ ਦਾ ਹੈ :- ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਜੋ ਮਨੁੱਖ ਦੀ ਹਾਉਮੈ ਦੇ ਕਾਰਨ ਅਕਾਲ ਪੁਰਖ ਨਾਲ ਵਿੱਥ ਪਈ ਹੋਈ ਹੈ । ਇਹ ਅਕਾਲ ਪੁਰਖ ਦੀ ਰਜ਼ਾ ਤੇ ਗੁਣਾਂ ਰੂਪੀ ਹੁਕਮ ਨੂੰ ਮੰਨਕੇ ਤੇ ਉਸ ਉੱਪਰ ਚਲਕੇ ਹੀ ਦੂਰ ਹੋ ਸਕਦੀ ਹੈ ਤੇ ਅਸੀਂ ਤਾਹੀ ਸਚਿਆਰ ਬਣ ਸਕਦੇ ਹਾਂ। ਜਪੁ ਜੀ ਸਾਹਿਬ ਵਿੱਚ ਹੀ ਸਚਿਆਰ ਬਣ ਲਈ ਆਚਰਨ ਪਵਿੱਤਰ ਹੋਵੇ, ਧੀਰਜ, ਮਤਿ, ਗਿਆਨ, ਭਾਉ, ਘਾਲ ਤੇ ਪ੍ਰੇਮ ਗੁਣ ਧਾਰਨ ਕਰਨ ਦਾ ਉਪਦੇਸ਼ ਹੈ ਤੇ ਸਭ ਤੋਂ ਪਹਿਲਾਂ ਉਪਦੇਸ਼ ਸਚੁ ਆਚਾਰ ਬਣਾਉਣ ਦਾ ਦਿੱਤਾ ਹੈ । ਅੱਗੇ ਚਲ ਕੇ ਗੁਰਬਾਣੀ ਦਾ ਹੀ ਫੁਰਮਾਨ ਹੈ:- ਸਚਹੁ ੳਰੈ ਸਭ ਕੋ ਉਪਰਿ ਸਚੁ ਆਚਾਰ॥

ਅੱਜ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਕਹਾਉਣ ਵਾਲੇ ਵਿਰਲੇ ਸਿੱਖਾਂ ਵਿੱਚੋਂ ਹੀ ਸਚੁ ਆਚਾਰ ਦੇ ਦਰਸ਼ਨ ਹੁੰਦੇ ਹਨ ਤੇ ਬਹੁਗਿਣਤੀ ਵਿੱਚੋਂ ਇਹ ਗੁਣ ਅਲੋਪ ਹੋ ਗਿਆ ਹੈ ਇਸੇ ਬਾਵਤ ਗੁਰਬਾਣੀ ਦਾ ਵੀ ਫੁਰਮਾਣ ਹੈ:- ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥12॥ {ਪੰਨਾ 1411}ਅਰਥ:-ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ । (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ।ਇਹਨਾਂ ਵਿਰਲਿਆਂ ਨੂੰ ਛੱਡ ਕੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਇੱਕ ਪਾਦਰੀ ਵੱਲੋਂ ਆਪਣੇ ਪੁੱਤਰ ਦੀ ਲਈ ਪਰੀਖਿਆ ਦੀ ਗਾਥਾ ਵਰਗਾ ਹੀ ਹੋ ਗਿਆ ਹੈ । ਜਿਸ ਨੇ ਇਕ ਕਮਰੇ ਵਿੱਚ ਸ਼ਰਾਬ ਕਬਾਬ, ਦੂਸਰੇ ਵਿੱਚ ਔਰਤ, ਤੀਸਰੇ ਵਿੱਚ ਮਾਇਆ ਤੇ ਚੌਥੇ ਵਿੱਚ ਧਾਰਮਿਕ ਪੁਸਤਕ ਬਾਈਬਲ ਰੱਖ ਦਿੱਤੀ ਤੇ ਆਪਣੇ ਪੁੱਤਰ ਨੂੰ ਇਹਨਾਂ ਕਮਰਿਆਂ ਵਿੱਚੋਂ ਗੁਜ਼ਰਨ ਨੂੰ ਕਿਹਾ ਤਾਂ ਉਸ ਨੇ ਸ਼ਰਾਬ ਕਬਾਬ ਦਾ ਲੁਤਫ ਲਿਆ ਤੇ ਔਰਤ ਨਾਲ ਵੀ ਵਿਭਚਾਰ ਕੀਤਾ ਤੇ ਮਾਇਆ ਨਾਲ ਜੇਬਾਂ ਭਰੀਆਂ ਤੇ ਚੌਥੇ ਕਮਰੇ ਵਿੱਚੋਂ ਬਾਈਬਲ ਹੱਥ ਵਿਚ ਲਈ ਤੇ ਧਾਰਮਿਕ ਚਿਹਰਾ ਬਣਾਕੇ ਗੌਡ ਗੌਡ ਕਰਦਾ ਬਾਹਰ ਆ ਗਿਆ ਤੇ ਪਾਦਰੀ ਨੇ ਸਮਝ ਲਿਆ ਕਿ ਇਹ ਅਜੋਕੀ ਗੰਦੀ ਰਾਜਨੀਤੀ ਦਾ ਹਿੱਸਾ ਬਣੇਗਾ । ਅਜੋਕੇ ਰਾਜਸੀ ਲੀਡਰਾਂ ਦਾ ਕੁਰਸੀ ਹਥਿਆਣ ਲਈ ਇਹੋ ਜਿਹੇ ਘਟੀਆ ਹੱਥ ਕੰਡੇ ਆਪਣਾਉਣੇ ਤੇ ਲੋਕਾਂ ਸਾਹਮਣੇ ਆਪਣੇ ਆਪ ਨੂੰ ਦੁਧ ਧੋਤੇ ਪੇਸ਼ ਕਰਨਾ ਤਾਂ ਆਮ ਜਿਹੀ ਗੱਲ ਹੈ । ਪਰ ਉੱਚੇ ਸੁਚੇ ਆਚਾਰਨ ਵਾਲੀ ਸਿੱਖ ਕੌਮ ਦੇ ਧਰਮਿਕ ਖੇਤਰ ਵਿੱਚ ਵੀ ਇਹ ਬਿਮਾਰੀ ਵੱਡੇ ਪੱਧਰ ਤੇ ਫੈਲ ਚੁੱਕੀ ਹੈ । ਅੱਜ ਇਸ ਬਿਮਾਰੀ ਦਾ ਸ਼ਿਕਾਰ ਧਰਮ ਦੇ ਪ੍ਰਚਾਰ ਜਾਂ ਕੌਮ ਦੇ ਹਿੱਤਾਂ ਦੀ ਗੱਲ ਕਰਨ ਦੇ ਨਾਮ ਹੇਠ ਧਾਰਮਿਕ ਮੁਖੌਟਾ ਪਹਿਨੇ ਹੋਏ ਅਖੌਤੀ ਸੰਤ, ਬਾਬੇ, ਪ੍ਰਚਾਰਕ, ਵਿਦਵਾਨ, ਸਿੱਖ ਸੰਸਥਾਵਾਂ ਦੇ ਆਗੂ, ਗੁਰਦੁਆਰਾ ਪ੍ਰਬੰਧਕ, ਜਥੇਬੰਦੀਆਂ ਦੇ ਆਗੂ ਹਨ ਜੋ ਲੋਕਾਂ ਸਾਹਮਣੇ ਆਪਣੇ ਆਪ ਨੂੰ ਬਹੁਤ ਹੀ ਧਾਰਮਿਕ, ਕੌਮ ਹਿੱਤੂ, ਪੰਥ ਪ੍ਰਸਤ ਹੋਣ ਦਾ ਡਰਮਾ ਕਰਦੇ ਆਮ ਹੀ ਨਜ਼ਰ ਆਉਦੇ ਹਨ । ਇਸ ਕਰਕੇ ਸਤਿਗੁਰਾਂ ਦੀ ਰੱਬੀ ਬਾਣੀ ਨੇ ਕਿਸੇ ਦਾ ਲਿਹਾਜ਼ ਨਹੀ ਕੀਤਾ ਤੇ ਅਨੇਕਾਂ ਗੁਰਬਾਣੀ ਦੇ ਫੁਰਮਾਣ ਹਨ ਜਿਵੇਂ:-

ਗਉੜੀ ਮਹਲਾ 5 ॥ ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥1॥ ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥1॥ ਰਹਾਉ ॥ ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਜਮ ਪੁਰਿ ਬਾਧਾ ਚੋਟਾ ਖਾਵੈ ॥2॥ ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥3॥ ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਨਾਨਕ ਤਿਸੁ ਕਿਰਪਾਲੁ ਬਿਧਾਤਾ ॥4॥71॥140॥ {ਪੰਨਾ 194} ਅਰਥ:-(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ । (ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ।1।ਰਹਾਉ। ਪਰ ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ (ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ ।1। (ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ, ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ।2। (ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ, ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ।3। ਹੇ ਨਾਨਕ! ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ, ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ।4।71।140।

ਜਦੋਂ ਜਦੋਂ ਵੀ 'ਕਰੈ ਦੁਹਕਰਮ ਦਿਖਾਵੈ ਹੋਰੁ' ਵਾਲੇ ਕੌਮ ਦੇ ਆਗੂ ਬਣੇ ਹਨ ਉਦੋਂ ਹੀ ਕੌਮ ਨਿਘਾਰ ਵੱਲ ਗਈ ਹੈ ਅੱਜ ਵੀ ਕੌਮ ਦੇ ਨਿਘਾਰ ਵੱਲ ਜਾਣ ਦਾ ਇਹ ਹੀ ਕਾਰਨ ਹੈ । ਅੱਜ ਸਚੁ ਆਚਾਰ ਅਸੀ ਘਰ ਤੋਂ ਸਿੱਖਣਾ ਸੀ, ਪਰ ਇਹ ਉਥੋਂ ਵੀ ਗਾਇਬ ਹੋ ਗਿਆ ਹੈ ਕਿਉਂਕਿ ਸਾਡੀ ਜ਼ਿੰਦਗੀ ਵੀ 'ਕਰੈ ਦੁਹਕਰਮ ਦਿਖਾਵੈ ਹੋਰੁ' ਵਾਲੀ ਹੋਣ ਕਰਕੇ ਸਾਡੇ ਬੱਚੇ ਅੱਜ ਸਿੱਖੀ ਤੋਂ ਦੂਰ ਜਾ ਰਹੇ ਹਨ ।ਅਸੀ ਹਉਮੈ ਜਾਂ ਪਦਾਰਥਵਾਦ ਦੀ ਦੌੜ ਵਿੱਚ ਰੁਝੇ ਹੋਏ ਹੋਣ ਕਰਕੇ ਗੰਭੀਰਤਾ ਨਾਲ ਇਸ ਪਾਸੇ ਘੱਟ ਹੀ ਧਿਆਨ ਦੇ ਰਹੇ ਹਾਂ । ਘਰ ਤੋਂ ਬਾਹਰ ਦੂਸਰਾ ਸਿੱਖੀ, ਗੁਰਮਤਿ ਦ੍ਰਿੜ ਕਰਾਉਣ ਤੇ ਸਚੁ ਆਚਾਰ ਦੇ ਸਕੂਲ ਹਨ ਸਾਡੇ ਗੁਰਦੁਆਰਾ ਸਾਹਿਬ ਜੋ ਅਸੀ ਚੌਧਰ, ਹਾਉਮੈ ਦੀ ਖਾਤਰ ਲੜਾਈ ਤੇ ਸਿਆਸਤ ਦੇ ਅਖਾੜੇ ਬਣਾ ਦਿੱਤੇ ਗਏ ਹਨ ।ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੋਲਣ ਵਾਲਿਆ ਦੀ ਹਾਲਤ ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ਵਾਲੀ ਹੀ ਹੁੰਦੀ ਹੈ ਤੇ ਇਹ ਵੀ ਭੁਲ ਜਾਦੇ ਹਾਂ ਕਿ ਆਖਾ ਜੀਵਾ ਵਿਸਰੈ ਮਰਿ ਜਾਉ ॥ ਭਾਵ ਕਿ ਜੇਕਰ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹਾਂ ਤਾਂ ਆਤਮਿਕ ਤੌਰਤੇ ਜੀਉਂਦਾ ਹਾਂ, ਜਦੋ ਉਸ ਨੂੰ ਵਿਸਾਰ ਦਿੰਦਾ ਹਾਂ ਤਾਂ ਮੈਂ ਮਰ ਜਾਦਾ ਹਾਂ । ਅੱਜ ਆਤਮਿਕ ਤੌਰ ਤੇ ਮਰੇ ਹੋਣ ਕਰਕੇ ਹੀ ਸਾਡੇ ਵਿੱਚੋਂ ਸਚੁ ਆਚਾਰ ਨਜ਼ਰ ਨਹੀ ਆਉਦਾ ।ਅੱਜ ਸੱਚ ਕਹਿਣਾ ਔਖਾ ਬਣਦਾ ਜਾ ਰਿਹਾ ਹੈ ਕਈ ਵਾਰੀ ਸਾਨੂੰ ਪਤਾ ਹੋਣ ਦੇ ਬਾਵਾਜੂਦ ਉਸ ਤੋਂ ਪਾਸਾ ਵੱਟ ਜਾਦੇ ਹਾਂ ਕਿਉਕਿ ਕੁਫਰ ਬੋਲਣ ਵਾਲਾ ਸਾਡੇ ਧੜ੍ਹੇ ਜਾਂ ਗਰੁੱਪ ਦਾ ਹੈ ਤੇ ਵਿਰੋਧ ਇਸ ਕਰਕੇ ਕਿ ਇਸ ਨੇ ਕਹਿਣਾ ਕਿ ਇਹ ਮੇਰਾ ਵਿਰੋਧੀ ਹੈ ਤੇ ਆਮ ਲੋਕ ਕਿ ਸਾਨੂੰ ਕੀ ਅਸੀ ਕੀ ਲੈਣਾ । ਇਸੇ ਕਰਕੇ ਹੀ ਅੱਜ ਕੂੜ ਪ੍ਰਧਾਨ ਹੈ ਤੇ ਜੋ :-- ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥3॥

ਅੱਜ ਹਰ ਪਾਸੇ ਕਰੇ ਦੁਹਕਰਮ ਦਿਖਾਵੈ ਹੋਰ ਵਾਲੇ ਆਗੂਆਂ ਕਰਕੇ ਝੂਠ ਤੇ ਕੂੜ ਦਾ ਪਸਾਰਾ ਹੈ । ਪਰ ਗੁਰਬਾਣੀ ਦੇ ਫੁਰਮਾਨ ਅਨੁਸਾਰ ਹੈਨਿ ਵਿਰਲੈ ਨਾਹੀ ਘਣੈ ਵਾਲੇ ਗੁਰਸਿੱਖਾਂ ਨੇ ਪਹਿਲਾਂ ਵੀ ਬਹੁਤ ਸਿਦਕਦਿਲੀ ਤੇ ਕੁਰਬਾਨੀਆਂ ਕਰਕੇ ਇਹੋ ਜਿਹੇ ਆਗੂਆਂ ਦੀ ਗ੍ਰਿਫਤ ਵਿੱਚੋਂ ਕੌਮ ਨੂੰ ਅਜ਼ਾਦ ਕਰਵਾਇਆ ਸੀ ਤੇ ਉਹ ਹੁਣ ਵੀ ਸਿਦਕ ਦਿਲੀ ਨਾਲ ਉਪਰਾਲੇ ਕਰ ਰਹੇ ਹਨ ।ਅੱਜ ਲੋੜ ਹੈ ਉਹਨਾਂ ਗੁਰਸਿੱਖ ਪ੍ਰਚਾਰਕਾਂ, ਵਿਦਵਾਨਾਂ ਤੇ ਆਗੂਆਂ ਦਾ ਸਾਥ ਦੇਣ ਦੀ ਜੋ ਜੀਅਹੁ ਨਿਰਮਲ ਬਾਹਰਹੁ ਨਿਰਮਲ ॥ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥ ਵਾਲੇ ਹੋਣ ਅਤੇ ਜੀਵਨ ਵਿੱਚ ਸਚੁ ਆਚਾਰ ਲਿਆਉਣ ਲਈ ਪਹਿਲਾਂ ਆਪਣੇ ਆਪ ਤੇ ਆਪਣੇ ਘਰ ਤੋਂ ਸ਼ੁਰੂਆਤ ਕਰਨ ਵਾਲੇ ਹੋਣ । ਗੁਰਬਾਣੀ ਦੇ ਫੁਰਮਾਨ :-ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਅਨੁਸਾਰ ਸ੍ਰਿਸ਼ਟੀ ਦੇ ਰਚਣਹਾਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕੇ ਸਾਡੇ ਤੇ ਕਿਰਪਾ ਕਰੋ ਜੀ । ਆਪ ਜੀ ਦਾ ਪਹਿਲਾ ਗੁਣ ਸਾਡਾ ਆਚਰਨ ਪਵਿੱਤਰ ਹੋ ਜਾਵੇ ਫਿਰ ਧੀਰਜ, ਮਤਿ, ਗਿਆਨ, ਭਾਉ, ਘਾਲ ਤੇ ਪ੍ਰੇਮ ਵਾਲੇ ਗੁਣ ਸਾਡੇ ਵਿੱਚ ਆ ਜਾਣ ਤੇ ਸਾਡਾ ਇਸ ਜਗ ਤੇ ਆਉਣਾ ਸਫਲਾ ਹੋ ਜਾਵੇ । ਅੱਜ ਜੋ ਸਿੱਖ ਕੌਮ ਬਾਹਰੀ ਤੇ ਅੰਦਰੂਨੀ ਤੌਰਤੇ ਗੁਲਾਮ ਹੈ ਸੋ ਬ੍ਰਹਮਵਾਦੀ ਸੋਚ ਤੋ ਅਜ਼ਾਦ ਹੋਣ ਲਈ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਦੇ ਸਿਧਾਤ ਅਨੁਸਾਰ ਅੰਦਰੂਨੀ ਗੁਲਾਮੀ ਤੋ ਛੁਟਕਾਰਾ ਪਾਉਣ ਨਾਲ ਹੀ ਬਾਹਰੀ ਅਜ਼ਾਦੀ ਦਾ ਰਸਤਾ ਸੌਖਾ ਹੋ ਸਕਦਾ ਹੈ।ਇਹ ਵੀਚਾਰ ਲਿਖਣ ਵਿੱਚ ਅਨੇਕਾਂ ਭੁਲਾਂ ਹੋ ਗਈਆਂ ਹੋਣਗੀਆਂ ਉਹਨਾਂ ਲਈ ਖਿਮਾਂ ਦਾ ਜਾਚਕ।ਗੁਰਚਰਨ ਸਿੰਘ ਗੁਰਾਇਆ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top