Share on Facebook

Main News Page

"ਰੇਤ ਮਾਫੀਆ ਦਾ ਪਰਦਾਫਾਸ ਕਾਰਨ ਵਾਲੇ ਪੱਤਰਕਾਰ ਦੀ ਸੜਕ ਹਾਦਸੇ ਵਿਚ ਮੌਤ" - ਸੱਚ ਦੀਆਂ ਅਵਾਜ਼ਾਂ ਦਾ ਕਤਲੇਆਮ ਸ਼ੁਰੂ…?
-: ਜਸਪਾਲ ਸਿੰਘ ਹੇਰਾਂ, ਸੰਪਾਦਕ ਡੇਅਲੀ ਪਹਿਰੇਦਾਰ

ਜਿਸ ਗੁੰਡਾ ਟੈਕਸ ਦੀ ਅਸੀਂ ਕੱਲ੍ਹ ਗੱਲ ਕੀਤੀ ਸੀ ਅਤੇ ਜਿਸ ਨਿਧੜਕ ਪੱਤਰਕਾਰ ਨੇ ਇਸ ਗੁੰਡਾ ਟੈਕਸ ਦੀ ਸਚਾਈ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ, ਉਸ ਪੱਤਰਕਾਰ ਦੀ ਨਿਧੜਕ ਕਲਮ, ਇਸ ਗੁੰਡਾ ਰਾਜ ਦੇ ਹੋਰ ਬਖ਼ੀਏ ਉਧੇੜਦੀ, ਉਸ ਤੋਂ ਪਹਿਲਾ ਹੀ ਉਸ ਨੂੰ ਖਾਮੋਸ਼ ਕਰ ਦਿੱਤਾ ਗਿਆ ਹੈ। ਭਾਵੇਂ ਕਿ ਸੱਚ ਨੂੰ ਹਮੇਸ਼ਾ ਕਤਲ ਕਰਨ ਦੀ ਕੋਸ਼ਿਸ ਜਾਬਰ ਧਿਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਅਤੇ ਕੀਤੀ ਜਾਂਦੀ ਰਹੂੰਗੀ, ਪ੍ਰੰਤੂ ਸੱਚ ਦੀ ਅਵਾਜ਼ ਨੂੰ ਕਦੇ ਵੀ ਖਾਮੋਸ਼ ਨਹੀਂ ਕੀਤਾ ਜਾ ਸਕਿਆ ਅਤੇ ਨਾ ਹੀ ਕੀਤਾ ਜਾ ਸਕੇਗਾ।

ਅੰਗਰੇਜ਼ੀ ਅਖ਼ਬਾਰ ਦੇ ਨਾਮੀ ਪੱਤਰਕਾਰ ਜਸਦੀਪ ਸਿੰਘ ਮਲਹੋਤਰਾ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਪ੍ਰੰਤੂ ਕਿਉਂਕਿ ਇਹ ਹਾਦਸਾ ਉਸੇ ਦਿਨ ਵਾਪਰਿਆਂ, ਜਿਸ ਦਿਨ ਮਲਹੋਤਰਾ ਵੱਲੋਂ ਰੇਤ ਮਾਫ਼ੀਏ ਦੇ ਗੁੰਡਾ ਟੈਕਸ ਦੀ, ਜਿਸ ਟੈਕਸ ਰਾਂਹੀ ਰੋਜ਼ਾਨਾ ਲਗਭਗ 20 ਲੱਖ ਰੁਪਏ ਵਸੂਲੇ ਜਾ ਰਹੇ ਹਨ, ਦੀ ਪੋਲ੍ਹ ਖੋਲ੍ਹੀ ਗਈ ਸੀ ਅਤੇ ਪੱਤਰਕਾਰ ਮਲਹੋਤਰਾ ਹਾਲੇਂ ਇਸ ਗੁੰਡਾ ਰਾਜ ਤੇ ਗੁੰਡਾ ਟੈਕਸ ਦੀ ਹਨੇਰਗਰਦੀ ਨੂੰ ਹੋਰ ਨੰਗਾ ਕਰਨ ‘ਚ ਲੱਗਿਆ ਹੋਇਆ ਸੀ, ਇਸ ਲਈ ਉਸ ਦੀ ਮੌਤ ਲਈ ਜੁੰਮੇਵਾਰ ਹੋਇਆ ਸੀ, ਇਸ ਲਈ ਉਸ ਦੀ ਮੌਤ ਲਈ ਜੁੰਮੇਵਾਰ ਹਾਦਸੇ ਤੇ ਸ਼ੰਕੇ ਖੜ੍ਹੇ ਹੋਣੇ ਸੁਭਾਵਿਕ ਹਨ। ਮ੍ਰਿਤਕ ਪੱਤਰਕਾਰ ਦੇ ਭਰਾ ਨੇ ਇਸ ਹਾਦਸੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਅਸੀਂ ਵੀ ਇਸ ਮੰਗ ਦੀ ਪ੍ਰੋੜ੍ਹਤਾ ਕਰਦੇ ਹਾਂ ਤਾਂ ਕਿ ਪੰਜਾਬ ‘ਚ ਮਾਫ਼ੀਏ ਦੀ ਵੱਧਦੀ ਗੁੰਡਾਗਰਦੀ ਦਾ ਭਿਆਨਕ ਕਾਲਾ ਸੱਚ ਸਾਹਮਣੇ ਆ ਸਕੇ। ਅਸੀਂ ਕੱਲ੍ਹ ਵੀ ਇਹੋ ‘ਹੋਕਾ’ ਦਿੱਤਾ ਸੀ ਕਿ ਪੰਜਾਬ ‘ਚ ਸੱਤਾਧਾਰੀ ਧਿਰ ਦੇ ਥਾਪੜੇ, ਹਿੱਸੇਦਾਰੀ ਤੇ ਸ਼ਮੂਲੀਅਤ ਕਾਰਣ ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਆ, ਚੰਮ ਦੀਆਂ ਚਲਾਉਣ ਲੱਗੇ ਹੋਏ ਹਨ। ਸਿਰਫ਼ ਲੁੱਟ, ਉਨ੍ਹਾਂ ਦਾ ਨਿਸ਼ਾਨਾ ਹੈ ਅਤੇ ਇਸ ‘ਲੁੱਟ’ ਦੇ ਰਾਹ ‘ਚ ਰੋੜ੍ਹਾ ਬਣਨ ਵਾਲਾ ਉਨ੍ਹਾਂ ਦਾ ਦੁਸ਼ਮਣ ਹੈ, ਜਿਸਨੂੰ ਹਰ ਢੰਗ ਤਰੀਕਾ ਵਰਤ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ।

ਲੋਕਤੰਤਰ ਦੇ ਚਾਰੋਂ ਥੰਮਾਂ ‘ਚ ਜੇ ਕਿਧਰੇ ‘ਮੀਡੀਆ’ ਕਦੇ-ਕਦਾਈ ਸੱਚ ਦੀ ਅਵਾਜ਼ ਬੁਲੰਦ ਕਰਨ ਦਾ ਯਤਨ ਕਰਦਾ ਹੈ ਤਾਂ ਉਸਨੂੰ ਦਬਾਉਣ ਲਈ ਭ੍ਰਿਸ਼ਟ ਸਿਆਸੀ ਧਿਰਾਂ ਤੇ ਅਫ਼ਸਰਸ਼ਾਹੀ ਇਕਜੁੱਟ ਹੋ ਜਾਂਦੇ ਹਨ ਅਤੇ ਮਾਫ਼ੀਏ ਨੂੰ ਥਾਪੜਾ ਦੇ ਕੇ ਉਸ ਅਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਕ ਸਾਲ ‘ਚ ਜੇ 127 ਪੱਤਰਕਾਰ ਨੂੰ ਜਾਬਰ, ਭ੍ਰਿਸ਼ਟ ਤਾਕਤਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਇਸਦਾ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਅੱਜ ਵੀ ਸੱਚ ਦੀ ਅਵਾਜ਼ ਤੇ ਜ਼ਾਲਮ ਤਾਕਤਾਂ ਦਾ ਪਹਿਰਾ ਹੈ, ਜਿਹੜਾ ਸੱਚ ਦੀ ਸੰਘੀ ਘੁੱਟਣ ਲੱਗਾ ਹੋਇਆ ਹੈ। ਰੇਤ ਮਾਫ਼ੀਏ ਤੇ ਬਜਰੀ ਮਾਫ਼ੀਏ ਵੱਲੋਂ ਜਿਹੜਾ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ, ਉਸਦੀ ਪੋਲ ਤਾਂ ਸਵਰਗੀ ਮਲਹੋਤਰਾ ਆਪਣੀ ਜਾਨ ਤੇ ਖੇਡ ਕੇ ਖੋਲ੍ਹ, ਗਿਆ। ਹੁਣ ਪੰਜਾਬ ‘ਚ ਵੱਧਦੀ ਗੁੰਡਾ ਗੁੰਡਾਗਰਦੀ, ਜਿਹੜੀ ਹੱਕ-ਸੱਚ ਦੇ ਪਹਿਰੇਦਾਰਾਂ ਦੀ ਕਾਤਲ ਹੈ, ਉਸ ਵਿਰੁੱਧ ਸਰਕਾਰ ਵੱਲੋਂ, ਕਿਸੇ ਕਾਰਵਾਈ ਦੀ ਆਸ ਤਾਂ ਕੀਤੀ ਕੀਤੀ ਹੀ ਨਹੀਂ ਜਾ ਸਕਦੀ, ਕਿਉਂਕਿ ਉਸਦੇ ਥਾਪੜੇ ਥੱਲੇ ਇਹ ਗੁੰਡਾਗਰਦੀ ਵੱਧ-ਫੁੱਲ ਰਹੀ ਹੈ। ਪ੍ਰੰਤੂ ਮਨੁੱਖੀ ਅਧਿਕਾਰ ਦੇ ਰਾਖਿਆਂ, ਇਨਸਾਫ਼ਪਸੰਦ ਲੋਕਾਂ ਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਪੰਥ ਦਰਦੀਆਂ ਨੂੰ ਜ਼ਰੂਰ ਇਸ ਗੁੰਡਾਰਾਜ ਦੇ ਜ਼ੁਲਮ ਤੇ ਜਬਰ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਜੇ ਇਹ ਤਾਕਤਾਂ ਇਸੇ ਤਰ੍ਹਾਂ ਆਪਣੇ ਵਿਰੁੱਧ ਉੱਠਣ ਵਾਲੀ ਅਵਾਜ਼ ਨੂੰ ਹਾਦਸਿਆਂ ਦੇ ਰੂਪ ‘ਚ ਬੰਦ ਕਰਦੇ ਰਹੇ ਅਤੇ ਅਸੀਂ ਚੁੱਪ ਰਹੇ, ਫਿਰ ਝੂਠ, ਜ਼ੁਲਮ, ਲੁੱਟ ਦਾ ਹਨੇਰਾ ਦਿਨੋ-ਦਿਨ ਹੋਰ ਗੂੜ੍ਹਾ ਹੋਵੇਗਾ, ਜਿਸ ਤੋਂ ਛੁਟਕਾਰਾ ਪਾਉਣਾ ਬੇਹੱਦ ਔਖਾ ਹੋ ਜਾਵੇਗਾ। ਅਸੀਂ ਕਲਮਾਂ ਵਾਲਿਆਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਕਲਮਾਂ ਨਾਲ, ਉਸ ਕਲਮ ਦੇ ਅਧੂਰੇ ਹਰਫ਼ਾਂ ਨੂੰ, ਜਿਸਦੀ ਪੂਰਤੀ ਲਈ ਉਹ ਕਲਮ, ਸੀਸ ਤਲੀ ਤੇ ਰੱਖ ਕੇ ਨਿੱਤਰੀ ਸੀ, ਪੂਰਾ ਕਰਨ ਲਈ ਅੱਗੇ ਆਉਣ। ਭਾਵੇਂ ਸਵਰਗੀ ਪੱਤਰਕਾਰ ਮਲਹੋਤਰਾ ਦੀ ਮੌਤ ਭਾਵੇਂ ਅਚਾਨਕ ਵਾਪਰੇ ਸੜਕ ਹਾਦਸੇ ‘ਚ ਹੀ ਹੋਈ ਹੋਵੇ, ਪ੍ਰੰਤੂ ਉਸ ਵੱਲੋਂ ਪੰਜਾਬ ‘ਚ ਗੁੰਡਾ ਟੈਕਸ ਨੂੰ ਨੰਗਾ ਕਰਕੇ ਪੰਜਾਬ ‘ਚ ਸ਼ਕਤੀਸ਼ਾਲੀ ਹੋ ਰਹੇ ਗੁੰਡਾਰਾਜ ਦਾ ਸੱਚ ਨੰਗਾ ਕੀਤਾ ਗਿਆ ਸੀ, ਉਸਨੂੰ ਅੱਗੇ ਲੈ ਕੇ ਜਾਣਾ ਹਰ ਸੱਚੀ-ਸੁੱਚੀ ਕਲਮ ਦਾ ਹੁਣ ਮੁੱਢਲਾ ਫਰਜ਼ ਬਣ ਜਾਣਾ ਚਾਹੀਦਾ ਹੈ। ਹਾਦਸਿਆਂ ਦੀਆਂ ਜਾਂਚਾਂ ਕਿਵੇਂ ਹੁੰਦੀਆਂ ਹਨ, ਕਿਵੇਂ ਸਿਰੇ ਚੜ੍ਹਦੀਆਂ ਹਨ ਅਤੇ ਕਿੰਨ੍ਹੀਆਂ ਕੁ ਸੱਚੀਆਂ ਹੁੰਦੀਆਂ ਹਨ?

ਇਸ ਬਾਰੇ ਭਾਵੇਂ ਸਾਨੂੰ ਕੋਈ ਭਰਮ ਭੁਲੇਖਾ ਨਹੀਂ, ਪ੍ਰੰਤੂ ਇਸਦੇ ਬਾਵਜੂਦ ਅਸੀਂ ਚਾਹਾਂਗੇ ਕਿ ਸਵਰਗੀ ਪੱਤਰਕਾਰ ਮਲਹੋਤਰਾ ਦੀ ਮੌਤ ਬਾਰੇ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੇ ਇਨਾਫ਼ ਪਸੰਦ ਲੋਕਾਂ ਨੂੰ ਸ਼ਕਤੀਸ਼ਾਲੀ ਹੋ ਰਹੇ ਮਾਫ਼ੀਏ ਦੇ ਗੁੰਡਾਰਾਜ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਝੂਠ ਦੇ ਪੈਰ ਨਹੀਂ ਹੁੰਦੇ, ਜ਼ੁਲਮ ਸਦੀਵੀ ਨਹੀਂ ਹੁੰਦਾ, ਅੰਨ੍ਹੀ ਤਾਕਤ ਢੱਲਦਾ ਪ੍ਰਛਾਵਾ ਹੁੰਦੀ ਹੈ, ਇਹ ਕੁਦਰਤ ਵੱਲੋਂ ਬਣਾਏ ਅਟੱਲ ਨਿਯਮ ਹਨ, ਇਸ ਲਈ ਗੁੰਡਾਗਰਦੀ ਤੇ ਹਨ੍ਹੇਰਗਰਦੀ ਨੇ ਹਮੇਸ਼ਾ ਲੋਕ ਰੋਹ ਸਾਹਮਣੇ ਗੋਡੇ ਟੇਕੇ ਹਨ ਅਤੇ ਹੁਣ ਵੀ ਟੇਕੇਗੀ। ਇਹ ਸਾਡਾ ਪੱਕਾ ਭਰੋਸਾ ਹੈ। ਲੋੜ ਸੱਚ ‘ਤੇ ਪਹਿਰਾ ਦੇਣ ਲਈ ਦ੍ਰਿੜ ਇੱਛਾ ਸ਼ਕਤੀਕਾਲ ਮੈਦਾਨ ‘ਚ ਨਿਤੱਰਣ ਦੀ ਲੋੜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top