Share on Facebook

Main News Page

ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਅਕਸਰ ਇਹ ਕਹਿੰਦੇ ਸੁਣੇ ਗਏ ਹਨ, ਕਿ ਇਸ ਗ੍ਰੰਥ ਨੂੰ ਤਿਆਗ ਦੇਣ ਨਾਲ ਪਹਿਲਾਂ "ਅੰਮ੍ਰਿਤ" ਖ਼ਤਮ ਹੋ ਜਾਏਗਾ ਅਤੇ ਫਿਰ "ਅੰਮ੍ਰਿਤਧਾਰੀ" ਖ਼ਤਮ ਹੋ ਜਾਣਗੇ
-: ਸਰਬਜੀਤ ਸਿੰਘ, ਸੰਪਾਦਕ, ਇੰਡੀਆ ਅਵੇਅਰਨੈੱਸ

ਵਿਚਾਰ: ਦਸਮ ਗ੍ਰੰਥੀਆਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਕੌਮ ਪੂਰੀ ਤਰ੍ਹਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਤਿਆਗ ਦਿੰਦੀ ਹੈ, ਤਾਂ ਇਸ ਨਾਲ ਅੰਮ੍ਰਿਤ ਸੰਚਾਰ ਰਸਮ ਦੌਰਾਨ ਪੜ੍ਹੀਆਂ ਜਾਂਦੀਆਂ 3 ਰਚਨਾਵਾਂ ਯਾਨਿ ਜਾਪੁ ਸਾਹਿਬ, ਸਵੈਯੇ ਇਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਪਰੰਪਰਾ ‘ਖੰਡੇ ਬਾਟੇ ਦੀ ਪਾਹੁਲ‘ ਸੀ ਅਤੇ ਚੌਪਈ ਨੂੰ ਵੀ ਤਿਆਗਣਾ ਪਏਗਾ। ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਤਾਂ ਸਿੱਖਾਂ ਦਾ ਵਿਰਸਾ ‘ਅੰਮ੍ਰਿਤ‘ ਹੀ ਖ਼ਤਮ ਹੋ ਜਾਏਗਾ।

ਅਤੇ ਸਮੁੱਚੀਆਂ ਪੁਰਾਤਨ ਸਿੱਖ ਲਿਖਤਾਂ ਵਿੱਚ ਇਸ ਬਾਬਤ ‘ਪਾਹੁਲ‘ ਲਫ਼ਜ਼ ਦੀ ਹੀ ਵਰਤੋਂ ਕੀਤੀ ਗਈ ਹੈ (ਪੀਵਹੁ ਪਾਹੁਲ ਖੰਡ ਧਾਰ ਹੋਇ ਜਨਮੁ ਸੁਹੇਲਾ।) ਨਿਰਮਲੇ/ਉਦਾਸੀ ਪ੍ਰਚਾਰਕਾਂ ਵੱਲੋਂ ਸਿੱਖੀ ਦੇ ਹਰ ਸੰਕਲਪ/ਰਵਾਇਤ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਇਸ ਪ੍ਰਥਾ ਦਾ ਨਾਮ ‘ਅੰਮ੍ਰਿਤ‘ ਪ੍ਰਚਾਰ ਦਿੱਤਾ ਗਿਆ ਕਿਉਂਕਿ ‘ਅੰਮ੍ਰਿਤ‘ ਲਫ਼ਜ਼ ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਤੀਕ ਹੈ, ਜਿਸ ਵਿੱਚ ਇਹ ਧਾਰਨਾ ਹੈ, ਕਿ ਪਾਣੀ ਵਿੱਚ (ਜਾਂ ਕਿਸੇ ਫਲ ਵਿੱਚ) ਪਵਿੱਤਰ ਸਮਝੇ ਜਾਂਦੇ ਮੰਤਰਾਂ ਆਦਿਕ ਦੇ ਉਚਾਰਨ ਨਾਲ ਅਜਿਹੀ ਅਦਿੱਖ ਤਾਕਤ ਭਰੀ ਜਾ ਸਕਦੀ ਹੈ, ਕਿ ਉਹ ਪਾਣੀ ਪੀਣ ਨਾਲ ਇਨਸਾਨ ਦੀ ਮੌਤ ਨਹੀਂ ਹੁੰਦੀ। ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀ ਮਾਨਸਿਕਤਾ ਤੋਂ ਪ੍ਰਭਾਵਿਤ ਹੋਣ ਕਾਰਨ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਦੀ ਦਿੱਕਤ ਇਹ ਹੈ, ਕਿ ਉਨ੍ਹਾਂ ਨੇ ਪਾਹੁਲ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਪ੍ਰਚਲਿਤ ‘ਅੰਮ੍ਰਿਤ‘ ਵਰਗੀ ਕੋਈ ਜਾਦੂਈ ਸ਼ੈਅ ਸਮਝਿਆ ਹੋਇਆ ਹੈ। ਦਸਮ ਗ੍ਰੰਥੀਏ ਸੋਚਦੇ ਹਨ ਕਿ ਜੇਕਰ ਅਜਿਹੇ ‘ਅੰਮ੍ਰਿਤ‘ ਨੂੰ ਤਿਆਰ ਕਰਨ ਲੱਗਿਆਂ ਪੜ੍ਹੇ ਜਾਂਦੇ ਮੰਤਰ ਬਦਲ ਦਿੱਤੇ ਗਏ, ਤਾਂ ਫਿਰ ‘ਅੰਮ੍ਰਿਤ‘ ਦੀ ਕੁਆਲਿਟੀ ਵੀ ਬਦਲ ਜਾਏਗੀ।

ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲਈ ਜਾਵੇ ਅਤੇ ਸਿੱਖ ਇਤਿਹਾਸ ਦੀਆਂ ਲਿਖਤਾਂ ਤੋਂ ਪੜਚੋਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਨਾ ਬਿਲਕੁਲ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਹੁਲ ਪਰੰਪਰਾ ਸਥਾਪਿਤ ਕੀਤੇ ਜਾਣ ਤੋਂ ਬਹੁਤ ਬਾਅਦ ਤੱਕ ਇਹ ਰਸਮ ‘ਖੰਡੇ ਬਾਟੇ ਦੀ ਪਾਹੁਲ ਛਕਣਾ‘ ਹੀ ਅਖਵਾਉਂਦੀ ਰਹੀ। ਗੁਰਦੁਆਰਿਆਂ ਵਿੱਚ ਨਿਰਮਲੇ/ਉਦਾਸੀ ਮਹੰਤਾਂ ਦੇ ਕਬਜ਼ੇ ਤੋਂ ਬਾਅਦ ਇਸ ਪਰੰਪਰਾ ਲਈ ‘ਅੰਮ੍ਰਿਤ‘ ਲਫ਼ਜ਼ ਪ੍ਰਚਲਿਤ ਕਰ ਦਿੱਤਾ ਗਿਆ, ਜੋ ਸਿੱਖ ਰਹਿਤ ਮਰਿਆਦਾ ਦਾ ਲਿਖਤੀ ਸਰੂਪ ਹੋਂਦ ਵਿੱਚ ਆਉਣ ਸਮੇਂ ਪੱਕਾ ਰੂਪ ਅਖ਼ਤਿਆਰ ਕਰ ਗਿਆ ਪਰ ਗੁਰਬਾਣੀ ਕਿਸੇ ਅਜਿਹੇ ‘ਅੰਮ੍ਰਿਤ‘ ਦੇ ਸੰਕਲਪ ਨੂੰ ਰੱਦ ਕਰਦੀ ਹੈ, ਜਿਸ ਨੂੰ ਪੀਣ ਨਾਲ ਮਨੁੱਖ ਅਮਰ ਹੋ ਜਾਂਦਾ ਹੈ, ਜਾਂ ਜਿਸ ਨੂੰ ਪੀਣ ਨਾਲ ਇਨਸਾਨ ਦੇ ਆਤਮਕ ਵਿਕਾਰ ਦੂਰ ਹੋ ਜਾਂਦੇ ਹੋਣ। ਗੁਰਬਾਣੀ ਵਿੱਚ ਤਾਂ ਸਿਰਫ਼ ਪਰਮਾਤਮਾ ਦੇ ਗੁਣਾਂ ਰੂਪੀ ਪਵਿੱਤਰ ਨਾਮ ਅਤੇ ਉਸ ਨਾਮ ਨੂੰ ਯਾਦ (ਸਿਮਰਨ) ਕਰਨ ਦੇ ਪਵਿੱਤਰ ਵੇਲੇ ਨੂੰ ‘ਅੰਮ੍ਰਿਤ‘ ਕਿਹਾ ਗਿਆ ਹੈ। ਜਿਵੇਂ:

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥ (ਜਪੁ ਜੀ ਸਾਹਿਬ)

ਭਾਵ, ਜਿਸ ਵੇਲੇ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਜਾਂਦੀ ਹੈ, ਉਹ ਵੇਲਾ ਅੰਮ੍ਰਿਤ ਸਮਾਨ ਪਵਿੱਤਰ ਹੁੰਦਾ ਹੈ।

ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
(ਗੁ.ਗ੍ਰੰ.ਸਾ, ਅੰਕ 29)

ਭਾਵ, ਗੁਰੂ ਦੀ ਵਿਚਾਰਧਾਰਾ ਨੂੰ ਪਛਾਣ (ਅਪਣਾ) ਕੇ ਪਰਮਾਤਮਾ ਰੂਪੀ ਅੰਮ੍ਰਿਤ ਨਾਮ ਵਿੱਚ ਸਮਾ ਜਾਈਦਾ ਹੈ।

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥
(ਗੁ.ਗ੍ਰੰ.ਸਾ, ਅੰਕ 33)

ਭਾਵ, ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਪੂਰੇ ਗੁਰੂ ਦੇ ਉਪਦੇਸ਼ਾਂ ਵਿੱਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ।

ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥
(ਗੁ.ਗ੍ਰੰ.ਸਾ, ਅੰਕ 103)

ਭਾਵ: ਹੇ ਹਰੀ, ਤੇਰੀ ਸਿਫ਼ਤਿ-ਸਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁੜ-ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥
(ਗੁ.ਗ੍ਰੰ.ਸਾ, ਅੰਕ 644)

ਭਾਵ, ਹੇ ਨਾਨਕ! ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਉਪਦੇਸ਼ਾਂ ਤੋਂ ਸੇਧ ਲੈਣ ਵਾਲੇ ਨੂੰ ਮਿਲਦਾ ਹੈ।

ਸਲੋਕ ਮਹਲਾ 2
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ ॥
(ਗੁ.ਗ੍ਰੰ.ਸਾ, ਅੰਕ 1238)

ਭਾਵ, ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ ਕਰਨ ਦੀ ਸੁਭਾਗਤਾ ਮਿਲੀ ਹੈ, ਉਹ ਮਨੁੱਖ ਆਪਣੇ ਮਨ ਵਿੱਚ ਤੇਰੇ ਗੁਣਾਂ ਦੀ ਵਿਚਾਰ ਦੇ ਰੰਗ ਨਾਲ ਰੰਗੇ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਲਈ ਇੱਕ ਨਾਮ ਹੀ ਅੰਮ੍ਰਿਤ ਹੈ, ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ। ਹੇ ਨਾਨਕ! ਇਹ ਨਾਮ ਰੂਪੀ ਅੰਮ੍ਰਿਤ ਹਰੇਕ ਮਨੁੱਖ ਦੇ ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਨ੍ਹਾਂ ਨੇ ਹੀ ਸੁਆਦ ਨਾਲ ਪੀਤਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਉਕਤ ਅਤੇ ਹੋਰ ਬਹੁਤ ਸਾਰੇ ਫੁਰਮਾਨਾਂ ਤੋਂ ਸਾਬਿਤ ਹੁੰਦਾ ਹੈ ਕਿ ਸਿੱਖ ਫਲਸਫੇ ਵਿੱਚ ‘ਅੰਮ੍ਰਿਤ‘ ਲਫ਼ਜ਼ ਗੁਰਬਾਣੀ ਅਤੇ ਰੱਬੀ ਗੁਣਾਂ ਲਈ ਵਰਤਿਆ ਜਾਂਦਾ ਹੈ। ਖੰਡੇ-ਬਾਟੇ ਦੀ ਪਾਹੁਲ ਲਈ ‘ਅੰਮ੍ਰਿਤ‘ ਲਫ਼ਜ਼ ਇਸ ਵਾਸਤੇ ਤਾਂ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਪਾਹੁਲ ਛਕਣ ਵਾਲੇ ਇਨਸਾਨ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਰੱਬੀ ਗੁਣਾਂ ਰੂਪੀ ਅੰਮ੍ਰਿਤ ਨੂੰ ਆਪਣੇ ਅੰਦਰ ਧਾਰਨ ਕਰੇਗਾ ਪਰ ਇਹ ਸੋਚਣਾ ਕਿ ਅੰਮ੍ਰਿਤ (ਖੰਡੇ-ਬਾਟੇ ਦੀ ਪਾਹੁਲ) ਵਿੱਚ ਕੋਈ ਗੈਰ-ਕੁਦਰਤੀ ਚਮਤਕਾਰੀ ਸ਼ਕਤੀ ਹੈ, ਭਾਰੀ ਗਲਤੀ ਅਤੇ ਮਨਮਤਿ ਹੈ। ਇਹੀ ਮਨਮਤੀ ਧਾਰਨਾ ਦਸਮ ਗ੍ਰੰਥ ਦੇ ਉਪਾਸਕਾਂ ਦੇ ਮਨਾਂ ਵਿੱਚ ਇਹ ਖੌਫ ਪੈਦਾ ਕਰਦੀ ਹੈ ਕਿ ਜੇਕਰ ਖੰਡੇ-ਬਾਟੇ ਦੀ ਪਾਹੁਲ ਛਕਾਏ ਜਾਣ ਵੇਲੇ ਦਸਮ ਗ੍ਰੰਥ ਦੀਆਂ ਰਚਨਾਵਾਂ ਨਾ ਪੜ੍ਹੀਆਂ ਜਾਣ, ਤਾਂ ਉਨ੍ਹਾਂ ਨਾਲ ਅੰਮ੍ਰਿਤ ਦੀ ਇਹ ‘ਸ਼ਕਤੀ‘ ਘੱਟ ਜਾਏਗੀ ਜਾਂ ਬਿਲਕੁਲ ਨਹੀਂ ਰਹੇਗੀ। ਪਰ ਇਨ੍ਹਾਂ ਭੋਲੇ ਵੀਰਾਂ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ 2 ਰਚਨਾਵਾਂ (ਜਪੁ ਜੀ ਸਾਹਿਬ ਅਤੇ ਅਨੰਦ ਸਾਹਿਬ) ਨਾਲ ਬਾਕੀ 3 ਰਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਪੜ੍ਹ ਲਈਆਂ ਜਾਣ, ਤਾਂ ਪਾਹੁਲ ਸੰਸਕਾਰ ਨੂੰ ‘ਅੰਮ੍ਰਿਤ‘ ਦਾ ਦਰਜਾ ਦੇਣਾ ਵਧੇਰੇ ਬਿਹਤਰ ਹੋਵੇਗਾ (ਅੰਮ੍ਰਿਤ, ਅੰਮ੍ਰਿਤ ਹੀ ਰਹੇਗਾ, ਜ਼ਹਿਰ ਨਹੀਂ ਬਣ ਜਾਏਗਾ) ਕਿਉਂਕਿ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅੰਮ੍ਰਿਤ ਰੂਪੀ ਹੈ।

ਪਰ ਕਿਉਂਕਿ ਟਕਸਾਲੀਆਂ, ਜੱਥਿਆਂ ਜਾਂ ਡੇਰੇਦਾਰਾਂ ਵੱਲੋਂ ਸਾਰਾ ਜੋਰ ਸਿਰਫ਼ ਅੰਮ੍ਰਿਤ ਛਕਾਉਣ ਤੱਕ ਹੀ ਸੀਮਤ ਰਹਿੰਦਾ ਹੈ, ਗੁਰਬਾਣੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਨਹੀਂ, ਇਸੇ ਵਾਸਤੇ ਕਈ ਅਖੌਤੀ ਅੰਮ੍ਰਿਤਧਾਰੀ ਮੰਦਰਾਂ ਵਿੱਚ ਮੱਥੇ ਟੇਕਦੇ ਵੇਖੇ ਜਾਂਦੇ ਹਨ, ਕਈ ਘੱਟ ਉਮਰ ਦੇ ਡੇਰੇਦਾਰਾਂ ਨੂੰ ਮੱਥੇ ਟੇਕਦੇ ਅਤੇ ਉਨ੍ਹਾਂ ਨੂੰ ਚੈਨੀਆਂ ਭੇਟ ਕਰਦੇ ਵੇਖੇ ਜਾਂਦੇ ਹਨ, ਕਈ ਅੰਮ੍ਰਿਤ ਛਕਣ ਉਪਰੰਤ ਵੀ ਅਨੈਤਿਕ ਸੰਬਧਾਂ ਵਿੱਚ ਫਸੇ ਅਤੇ ਕਈ ਲੋਕਾਂ ਨਾਲ ਠੱਗੀਆਂ-ਬੇਈਮਾਨੀਆਂ ਕਰਦੇ ਵੇਖੇ ਜਾਂਦੇ ਹਨ। ਇਸਦਾ ਕਾਰਨ ਇਹੀ ਹੁੰਦਾ ਹੈ ਕਿ ਅਜਿਹੇ ਲੋਕ ਜਜ਼ਬਾਤੀ ਹੋ ਕੇ ਜਾਂ ਕਿਸੇ ਦੇ ਦਬਾਅ ਅਧੀਨ ਅੰਮ੍ਰਿਤ ਛਕਣ ਦੀ ਰਸਮ ਤਾਂ ਪੂਰੀ ਕਰ ਲੈਂਦੇ ਹਨ ਪਰ ਗੁਰਬਾਣੀ ਰੂਪੀ ਅੰਮ੍ਰਿਤ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਸਮਝਣ-ਅਪਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਸਲਈ ਅਜਿਹੀ ਰਸਮੀ ਪਾਹੁਲ ਛਕਣ ਵਾਲੇ ਲੋਕਾਂ ਨੂੰ ‘ਅੰਮ੍ਰਿਤਧਾਰੀਆਂ‘ ਵਿੱਚ ਗਿਣਨਾ ਭਾਰੀ ਗਲਤੀ ਹੈ। ਅਸਲ ਅਰਥਾਂ ਵਿੱਚ ਅੰਮ੍ਰਿਤਧਾਰੀ ਤਾਂ ਉਹੀ ਇਨਸਾਨ ਹੈ, ਜਿਹੜਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਦਿਸ਼ਾ ਵਿੱਚ ਸਰਗਰਮ ਹੈ।

ਇਸ ਸਭ ਚਰਚਾ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਨੂੰ ਤਿਆਗਣ ਨਾਲ ਅੰਮ੍ਰਿਤ ਸੰਸਕਾਰ ਖ਼ਤਮ ਹੋਣ ਜਾਂ ਅੰਮ੍ਰਿਤਧਾਰੀਆਂ ਦੇ ਖ਼ਤਮ ਹੋ ਜਾਣ ਦਾ ਪ੍ਰਗਟਾਇਆ ਜਾ ਰਿਹਾ ਖਦਸ਼ਾ ਬਿਲਕੁਲ ਨਿਰਮੂਲ ਅਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਝੀ ਸਾਜਿਸ਼ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰ. ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top