Share on Facebook

Main News Page

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਿਆਟਲ ਵਿਖੇ ਹੋਏ ਸੈਮੀਨਾਰ ਦੀਆਂ ਦੇਸ਼ ਵਿਦੇਸ਼ ਵਿੱਚ ਪਈਆਂ ਗੂੰਜਾਂ! ਕਥਿਤ ‘ਸੋਧਿਆ’ ਕੈਲੰਡਰ ਕੀਤਾ ਰੱਦ !!

* ਸੰਗਤ ਨੇ ਅਸਲ ਕੈਲੰਡਰ ‘ਤੇ ਹੀ ਪਹਿਰਾ ਦੇਣ ਦਾ ਅਹਿਦ ਲਿਆ !!!

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲਪੁਰੀ): ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਮੁੜ ਬਹਾਲੀ ਸਬੰਧੀ, ਅਮਰੀਕਾ-ਕੈਨੇਡਾ ਦੀਆਂ ਨਾਮੀ ਸਿੱਖ ਜਥੇਬੰਦੀਆਂ ਦੇ ਭਰਵੇਂ ਸਹਿਯੋਗ ਸਦਕਾ ਵਰਲਡ ਸਿੱਖ ਫੈਡਰੇਸ਼ਨ ਵੱਲੋਂ 26 ਅਕਤੂਬਰ ਨੂੰ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਖੇ ਸੰਪੰਨ ਹੋਇਆ। ਕੌਮਾਂਤਰੀ ਸੈਮੀਨਾਰ, ਸਫਲਤਾ ਪੱਖੋਂ ਪਰਵਾਸੀ ਸਿੱਖ ਸਮਾਗਮਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਗਿਆ। ਜ਼ਬਤ ਅਤੇ ਸੰਜੀਦਾ ਦਾ ਮਾਹੌਲ ਵਿੱਚ ਨੇਪਰੇ ਚੜ੍ਹੇ ਇਸ ਪੰਥਕ ਸਮਾਗਮ ਨੇ ਅਸਲ ਨਾਨਕਸ਼ਾਹੀ ਕੈਲੰਡਰ ‘ਤੇ ਪੱਕੀ ਮੋਹਰ ਹੀ ਨਹੀਂ ਲਗਾਈ, ਸਗੋਂ ਇਹ ਆਸ ਵੀ ਬਨ੍ਹਾਈ ਹੈ ਕਿ ਇਸ ਦੀ ਮੁੜ ਬਹਾਲੀ ਨੂੰ ਹੁਣ ਹੋਰ ਟਾਲਿਆ ਨਹੀਂ ਜਾ ਸਕੇਗਾ । ਵਿਸ਼ਵ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਹੋਈਆਂ ਸਿੱਖ ਸੰਸਥਾਵਾਂ ਜਾਂ ਉਨ੍ਹਾਂ ਦੇ ਪ੍ਰਤਿਨਿਧਾਂ ਨੇ ਇੱਕ ਜ਼ੁਬਾਨ ਹੋ ਕੇ, ਸੰਨ 2003 ਵਿੱਚ ਲਾਗੂ ਹੋਏ ਅਸਲ ਕੈਲੰਡਰ ‘ਤੇ ਹੀ ਡਟ ਕੇ ਪਹਿਰਾ ਦੇਣ ਦਾ ਅਹਿਦ ਲਿਆ। ਮੁੱਖ ਦੀਵਾਨ ਹਾਲ ਵਿੱਚ ਜੁੜੇ ਵਿਸ਼ਾਲ ਇਕੱਠ ਨੇ, ਸੱਤ ਕੁ ਘੰਟੇ ਚੱਲੇ ਇਸ ਵਿਸ਼ੇਸ਼ ਸਮਾਗਮ ਨੂੰ ਬੜੀ ਗੰਭੀਰਤਾ ਨਾਲ਼ ਸੁਣਿਆ।

ਦੁਪਹਿਰ ਗਿਆਰਾਂ ਵਜੇ ਇਲਾਹੀ ਬਾਣੀ ਦੇ ਕੀਰਤਨ ਦੀ ਸਮਾਪਤੀ ਉਪ੍ਰੰਤ ਅਮੈਰੀਕਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਦੇ ਕੁੰਜੀ-ਵਤ ਸ਼ਬਦਾਂ ਨਾਲ਼ ਇਸ ਸਮਾਗਮ ਦੀ ਆਰੰਭਤਾ ਹੋਈ । ਸੰਨ 2003 ਵਿੱਚ ਪੰਥਕ-ਜੁਗਤਿ ਨਾਲ਼ ਲਾਗੂ ਹੋਏ ਅਸਲ ਨਾਨਕਸ਼ਾਹੀ ਕੈਲੰਡਰ ਦਾ ਸੱਤਾਂ ਸਾਲਾਂ ਬਾਅਦ ‘ਭਗਵਾਂ ਕਰਨ’ ਕਿਉਂ ਅਤੇ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਕੀਤਾ ਗਿਆ, ਵਰਗੇ ਸੁਆਲਾਂ ਦੇ ਜੁਆਬ ਦਿੰਦਿਆਂ ਸਾਰੇ ਬੁਲਾਰਿਆਂ ਨੇ ਵਿਦਵਤਾ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਖਗੋਲ ਅਤੇ ਭੂਗੋਲ ਵਿੱਦਿਆ ਦੇ ਮਾਹਿਰ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸੂਰਜੀ ਅਤੇ ਚੰਦਰਮਾ ਸਾਲਾਂ ਬਾਰੇ ਖੋਜ ਭਰਪੂਰ ਤੱਥ ਪੇਸ਼ ਕਰਕੇ ਸੰਗਤ ਨੂੰ ਹਕੀਕਤਾਂ ਤੋਂ ਜਾਣੂੰ ਕਰਾਇਆ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਪੰਚ ਪ੍ਰਧਾਨੀਂ), ਸਿੱਖ ਯੂਥ ਆਫ ਅਮਰੀਕਾ, ਡਾ. ਅੰਬੇਦਕਰ ਸਿੱਖ ਫਾਊਂਡੇਸ਼ਨ, ਸਿੱਖ ਸਟੱਡੀਜ਼ ਸੈਂਟਰ ਕੈਨੇਡਾ, ਅਤੇ ਦੇਸ਼ ਵਿਦੇਸ਼ ਦੀਆਂ ਹੋਰ ਅਨੇਕਾਂ ਸਿੱਖ ਜਥੇਬੰਦੀਆਂ ਦੇ ਨੁਮਾਇਂਦਿਆਂ ਨੇ ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ ਉੱਤੇ ਵਧਦੀ ਜਾ ਰਹੀ ਸਿਆਸਤ ਦੀ ਜਕੜ ਬਾਰੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਹਰੇਕ ਸਿੱਖ ਨੂੰ ਜਾਗਰੂਕ ਅਤੇ ਚੇਤੰਨ ਹੋਣ ਦੀ ਅਪੀਲ਼ ਕੀਤੀ। ਸਿੱਖ ਫਲਸਫੇ ਦੀ ਵਿਲੱਖਣਤਾ ਨੂੰ ਨੇਸਤੋ-ਨਾਬੂਦ ਕਰਨ ‘ਤੇ ਤੁਲੀਆਂ ਹੋਈਆਂ ਬਿਪਰਵਾਦੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਸੀ ਵਖਰੇਵਿਆਂ ਨੂੰ ਘਟਾਉਣ ਉੱਤੇ ਜ਼ੋਰ ਦਿੱਤਾ ਗਿਆ।

ਸੈਮੀਨਾਰ ਦੇ ਪ੍ਰਮੁਖ ਬੁਲਾਰੇ ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਦੇ ਸਿੱਖ ਸਿਆਸਤ ਦਾਨਾਂ ਵਲੋਂ ਅਸਲ ਕੈਲੰਡਰ ਕਤਲ ਕੀਤੇ ਜਾਣ ਤੋਂ ਇਲਾਵਾ ਪੰਥਕ ਰਹੁ-ਰੀਤਾਂ ਅਤੇ ਸਿੱਖ ਵਿਰਸੇ ਦੇ ਕੀਤੇ ਜਾ ਰਹੇ ਘਾਣ ਬਾਰੇ ਦਿਲ-ਟੁੰਬਵੀਂ ਤਕਰੀਰ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਵਿੱਚ ਛਪਵਾਇਆ ਸੰਨ 2014 ਦਾ ਨਵਾਂ ਨਾਨਕਸ਼ਾਹੀ ਕੈਲੰਡਰ ਵੀ ਰਿਲੀਜ਼ ਕੀਤਾ। ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਹਰ ਸਿੱਖ ਸਰੋਤੇ ਨੇ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਅਪਨਾਉਣ ਦੇ ਪ੍ਰਣ-ਪੱਤਰ ਭਰ ਕੇ ਪ੍ਰਬੰਧਕਾਂ ਨੂੰ ਸੌਂਪੇ।

ਸਮਾਪਤੀ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਕੁੱਝ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਆਖਿਆ ਗਿਆ । ਦੇਸ਼ ਵਿਦੇਸ਼ ਦੀਆਂ ਚਾਰ ਕੁ ਦਰਜਨ ਸਿੱਖ ਸੰਸਥਾਂਵਾਂ ਵੱਲੋਂ ਭੇਜੇ ਗਏ ਉਨ੍ਹਾਂ ਮਤਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਜਿਨ੍ਹਾਂ ਵਿੱਚ ਉਕਤ ਜਥੇਬੰਦੀਆਂ ਨੇ ਅਸਲ ਕੈਲੰਡਰ ‘ਤੇ ਹੀ ਪਹਿਰਾ ਦਿੰਦੇ ਰਹਿਣ ਦਾ ਅਹਿਦ ਲਿਆ ਹੋਇਆ ਸੀ।

ਹੋਰਾਂ ਤੋਂ ਇਲਾਵਾ ਇਕੱਠ ਨੂੰ ਸੰਬੋਧਨ ਕਰਨ ਵਾਲ਼ਿਆਂ ਵਿੱਚ ਸ਼ਾਮਿਲ ਸਨ- ਜਗਪਾਲ ਸਿੰਘ ਸਰੀ, ਤਨਵੀਰ ਸਿੰਘ, ਅਜੀਤ ਸਿੰਘ ਰਾਹੀ (ਆਸਟ੍ਰੇਲੀਆ) , ਦਲਜੀਤ ਸਿੰਘ ਇੰਡਿਆਨਾ, ਡਾ. ਗੁਰਮੀਤ ਸਿੰਘ ਬਰਸਾਲ, ਹਰਚਰਨ ਸਿੰਘ ਕੈਲਗਰੀ, ਡਾ. ਪੂਰਨ ਸਿੰਘ ਸਰੀ, ਰੇਸ਼ਮ ਸਿੰਘ ਬੇਕਰਫੀਲਡ, ਮਨਜੀਤ ਸਿੰਘ ਗੁਰਦੁਅਰਾ ਦਸਮੇਸ਼ ਦਰਬਾਰ ਸਰੀ, ਸੰਤੋਖ ਸਿੰਘ ਡੈਲਸ, ਇੰਦਰਜੀਤ ਸਿੰਘ ਮੈਰਿਸਵਿਲ, ਅਜੀਤ ਸਿੰਘ ਵਾਹਦ, ਕੁਲਦੀਪ ਸਿੰਘ ਰੇਡੀਉੇ ਹੋਸਟ ਕੈਨੇਡਾ, ਮਨਜੀਤ ਸਿੰਘ ਧਾਲੀਵਾਲ, ਗੁਰਦੇਵ ਸਿੰਘ ਸੱਧੇ ਵਾਲ਼ੀਆ, ਮੋਤਾ ਸਿੰਘ ਝੀਤਾ ਐਬਟਸਫੋਰਡ, ਜਸਪਿੰਦਰ ਸਿੰਘ, ਈਸਰ ਸਿੰਘ ਗਰਚਾ, ਸ਼ਰਨਜੀਤ ਸਿੰਘ ਰੈਂਟਨ, ਚਰਨ ਸਿੰਘ ਵੈਨਕੂਵਰ, ਗਿਆਨੀ ਸਵਰਨ ਸਿੰਘ , ਗੁਰਨੇਕ ਸਿੰਘ ਫਰਿਜ਼ਨੋ , ਹਰਦਿਆਲ ਸਿੰਘ ਕੈਂਟ, ਮਨਜੀਤ ਸਿੰਘ ਪਿਆਸਾ, ਤਰਲੋਚਨ ਸਿੰਘ ਦੁਪਾਲ ਪੁਰ ਸਾਬਕਾ ਮੈਂਬਰ ਅੱੈਸ. ਜੀ. ਪੀ. ਸੀ. ਅਤੇ ਕਰਨੈਲ ਸਿੰਘ।

ਸਮਾਪਤੀ ਮੌਕੇ ਸਾਰਿਆਂ ਬੁਲਾਰਿਆਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਈ ਅਜਾਇਬ ਸਿੰਘ ਸਿਆਟਲ ਨੇ ਗੁਰਦੁਆਰਾ ਸੱਚਾ ਮਾਰਗ ਦੇ ਪ੍ਰਬੰਧਕਾਂ ਅਤੇ ਸਮੂੰਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top