* ਨਾਨਕਸ਼ਾਹੀ ਕੈਲੰਡਰ ਸਬੰਧੀ ਸਿਆਟਲ ਵਿਖੇ ਹੋਏ ਸੈਮੀਨਾਰ ਵਿਚ ਲਏ ਫ਼ੈਸਲਿਆਂ
ਦੀ ਜਾਣਕਾਰੀ ਦੇਣ 'ਤੇ ਵਿਦੇਸ਼ੀ ਸਿੱਖਾਂ ਦਾ ਦਿਮਾਗ਼ ਖ਼ਰਾਬ ਹੋਣਾ ਦੱਸਿਆ
ਬਠਿੰਡਾ, 28 ਅਕਤੂਬਰ (ਕਿਰਪਾਲ ਸਿੰਘ): ਅੱਜ ਸਵੇਰੇ ਜਦ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ
ਅਕਾਲ ਤਖ਼ਤ ਸਾਹਿਬ ਜੀ ਨੂੰ ਚੇਤਾ ਕਰਵਾਇਆ ਗਿਆ ਕਿ ਤੁਸੀਂ 16 ਅਗਸਤ ਨੂੰ ਬਠਿੰਡਾ ਵਿਖੇ ਸੋਧੇ
ਹੋਏ ਕੈਲੰਡਰ ਵਿਚ ਗ਼ਲਤੀਆਂ ਨੂੰ ਸਵੀਕਾਰ ਕਰਦਿਆਂ ਬੜਾ ਉਤਸ਼ਾਹ ਪੂਰਨ ਬਿਆਨ ਦਿੱਤਾ ਸੀ ਕਿ
ਕੈਲੰਡਰ ਕੋਈ ਗੁਰਬਾਣੀ ਨਹੀਂ ਹੈ ਹੋਰ ਸੋਧਾਂ ਲਈ ਸੁਝਾਉ ਆਉਣ 'ਤੇ ਇਸ ਨੂੰ ਮੁੜ ਸੋਧਿਆ ਜਾ
ਸਕਦਾ ਹੈ। ਪਰ ਉਸ ਤੋਂ ਪਿੱਛੋਂ ਢਾਈ ਮਹੀਨੇ ਬੀਤ ਜਾਣ ਅਤੇ ਇਸ ਦੌਰਾਨ ਪੰਜ ਸਿੰਘ ਸਾਹਿਬਾਨ
ਦੀਆਂ ਦੋ ਤਿੰਨ ਮੀਟਿੰਗ ਹੋਣ ਉਪਰੰਤ ਵੀ ਸੋਧ ਕਰਨ ਵਲ ਕੋਈ ਕਦਮ ਪੁੱਟਿਆ ਨਜ਼ਰ ਨਹੀਂ ਆਇਆ। ਇਸ
ਦੇ ਜਵਾਬ 'ਚ ਉਨ੍ਹਾਂ ਕਿਹਾ ਮੈਂ ਤਾਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਲਈ ਤੁਹਾਡੇ ਨਾਲੋਂ
ਵੀ ਬਹੁਤ ਕਾਹਲ਼ਾ ਹਾਂ। ਜੇ ਮੇਰੇ ਇਕੱਲੇ ਦੇ ਵੱਸ ਹੋਵੇ ਤਾਂ ਮੈਂ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ
ਮਸਲਾ ਹੱਲ ਕਰ ਦੇਵਾਂ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਆਪਣੇ
ਸਮੇਂ ਦੌਰਾਨ ਕਿਹਾ ਸੀ ਕਿ ਸੁਝਾਉ ਆਉਣ 'ਤੇ ਮੁੜ ਸੋਧ ਹੋ ਸਕਦੀ ਹੈ ਅਤੇ ਹੁਣ ਮੈਂ (ਗਿਆਨੀ
ਗੁਰਬਚਨ ਸਿੰਘ) ਵੀ ਉਸੇ ਫ਼ੈਸਲੇ 'ਤੇ ਕਾਇਮ ਹਾਂ ਕਿ ਸੁਝਾਉ ਆਉਣ 'ਤੇ ਕੈਲੰਡਰ ਮੁੜ ਸੋਧਿਆ ਜਾ
ਸਕਦਾ ਹੈ।
ਜਦੋਂ ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਬਠਿੰਡਾ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ
ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਤਾਂ ਸੋਧ ਲਈ ਠੋਸ ਦਲੀਲਾਂ ਦਿੰਦੇ ਹੋਏ ਮਤਾ ਪਾਸ ਕਰ ਕੇ
ਤੁਹਾਨੂੰ ਨਿੱਜੀ ਤੌਰ 'ਤੇ ਸੌਂਪਿਆ ਸੀ। ਉਸ ਉਪਰੰਤ ਖ਼ਬਰਾਂ ਅਨੁਸਾਰ ਪੰਜਾਬ ਹਰਿਆਣਾ ਰਾਜਸਥਾਨ
ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਮਤੇ ਪਾਸ ਕਰ ਕੇ ਭੇਜੇ ਜਾ ਚੁੱਕੇ ਹਨ। 26 ਅਕਤੂਬਰ ਨੂੰ
ਸਿਆਟਲ (ਅਮਰੀਕਾ) ਵਿਖੇ ਹੋਏ ਸੈਮੀਨਾਰ ਦੌਰਾਨ ਅਮਰੀਕਾ ਕੈਨੇਡਾ ਦੀਆਂ 100 ਤੋਂ ਵੱਧ ਗੁਰਦੁਆਰਾ
ਕਮੇਟੀਆਂ ਨੇ ਮਤੇ ਭੇਜਣ ਲਈ ਖਰੜੇ ਦੀਆਂ ਕਾਪੀਆਂ ਲਈਆਂ ਹਨ। ਤਾਂ ਤੁਸੀਂ ਹੋਰ ਕਿਸ ਵੱਲੋਂ
ਸੁਝਾਉ ਦੀ ਉਡੀਕ ਕਰ ਰਹੇ ਹੋ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਨ੍ਹਾਂ 'ਤੇ ਵਿਚਾਰ ਹੋ ਰਹੀ
ਹੈ ਪਰ ਮੇਰੇ ਇਕੱਲੇ ਦੇ ਵੱਸ ਵਿਚ ਨਹੀਂ ਹੈ, ਪੰਜੇ ਸਿੰਘ ਸਾਹਿਬਾਨ ਦੀ ਸਹਿਮਤੀ ਜ਼ਰੂਰੀ ਹੈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਅਸਲ ਵਿਚ ਬਹੁ ਗਿਣਤੀ ਸਿੱਖਾਂ ਦਾ ਖ਼ਿਆਲ ਹੈ ਕਿ ਸ਼੍ਰੋਮਣੀ ਕਮੇਟੀ
ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸੋਧਾਂ ਤੋਂ ਪੂਰਨ ਤੌਰ 'ਤੇ ਇਨਕਾਰ ਕੀਤੇ ਜਾਣ ਵਾਲੇ ਬਿਆਨ
ਪਿੱਛੋਂ ਤੁਸੀਂ ਸੋਧ ਦੇ ਖ਼ਿਆਲ ਨੂੰ ਠੰਢੇ ਬਸਤੇ 'ਚ ਪਾ ਦਿੱਤਾ ਹੈ। ਇਸੇ ਕਾਰਨ ਸਿਆਟਲ ਵਿਖੇ
ਹੋਏ ਸੈਮੀਨਾਰ ਜਿਸ ਦੀਆਂ ਸੀਡੀਆਂ ਤੁਹਾਨੂੰ ਭੇਜੀਆਂ ਜਾ ਰਹੀਆਂ ਹਨ ਉਹ ਸੁਣ ਕੇ ਵੇਖੋ ਉਸ ਵਿਚ
ਬੁਲਾਰੇ ਕਹਿ ਰਹੇ ਹਨ ਕਿ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਨੂੰ ਕੋਈ ਸੁਝਾਉ ਭੇਜਣ ਜਾਂ
ਕੈਲੰਡਰ 'ਚ ਸੋਧ ਦੀ ਮੰਗ ਕਰਨਾ ਇਉਂ ਹੀ ਹੈ, ਜਿਵੇਂ ਕਬਰਸਤਾਨ ਵਿਚ ਜਾ ਕੇ ਮੁਰਦੇ ਖੜ੍ਹੇ ਕਰਨ
ਦੀਆਂ ਗੱਲਾਂ ਕਰਨੀਆਂ।
ਕਈ ਬੁਲਾਰਿਆਂ ਨੇ ਕਿਹਾ ਕਿ ਗੁਰਮਤਿ ਸਿਧਾਂਤ ਅਨੁਸਾਰ ਜਿਹੜਾ ਬੰਦਾ
ਕਿਸੇ ਮਨੁੱਖ ਦੀ ਗ਼ੁਲਾਮੀ ਕਬੂਲ ਕਰਦਾ ਹੈ ਉਹ ਪੂਰਨ ਸਿੱਖ ਨਹੀਂ ਅਖਵਾ ਸਕਦਾ ਪਰ ਅੱਜ ਸਿੱਖ
ਉਨ੍ਹਾਂ ਜਥੇਦਾਰਾਂ ਦੀ ਗ਼ੁਲਾਮੀ ਕਬੂਲ ਕਰ ਰਹੇ ਹਨ ਜਿਹੜੇ ਖ਼ੁਦ ਸ਼੍ਰੋਮਣੀ ਕਮੇਟੀ ਦੇ ਗ਼ੁਲਾਮ ਹਨ;
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਗ਼ੁਲਾਮ ਤੇ ਅੱਗੇ ਸ਼੍ਰੋਮਣੀ
ਕਮੇਟੀ ਦਾ ਪ੍ਰਧਾਨ ਉਸ ਸੰਸਥਾ ਦਾ ਗ਼ੁਲਾਮ ਹੈ, ਜਿਹੜੀ ਸਿੱਖੀ ਸਿਧਾਂਤਾਂ ਨੂੰ ਮੁੱਢੋਂ ਹੀ ਤਹਿਸ
ਨਹਿਸ਼ ਕਰਨ 'ਤੇ ਤੁਲੀ ਹੋਈ ਹੈ ਤਾਂ ਸਿੱਖਾਂ; ਜਿਨ੍ਹਾਂ ਪਾਸ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ
ਜੀ ਮੌਜੂਦ ਹਨ ਉਨ੍ਹਾਂ ਨੂੰ ਅਜਿਹੀ ਗ਼ੁਲਾਮ ਸੋਚ ਵਾਲੇ ਜਥੇਦਾਰਾਂ ਤੋਂ ਕਿਸੇ ਅਗਵਾਈ ਲੱਭਣ ਦੀ
ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਸ ਸੈਮੀਨਾਰ ਵਿਚ ਅਸਲੀ ਨਾਨਕਸ਼ਾਹੀ
ਕੈਲੰਡਰ 2014 ਰੀਲੀਜ਼ ਕੀਤਾ ਗਿਆ ਤੇ ਉੱਥੇ ਮੌਜੂਦ 100 ਤੋਂ ਵੱਧ ਗੁਰਦੁਆਰਾ ਕਮੇਟੀਆਂ ਨੇ
2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਪ੍ਰਣ ਲੈ ਲਿਆ ਹੈ। ਜੇ ਤੁਸੀਂ ਹਾਲੀ ਵੀ
ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਨਾ ਕੀਤਾ ਤਾਂ ਐਸੀ ਸਥਿਤੀ ਪੰਜਾਬ ਵਿਚ ਵੀ ਬਣ ਸਕਦੀ ਹੈ।
ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਅਹੁਦੇ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਇਹ ਮਸਲਾ ਛੇਤੀ
ਹੱਲ ਕੀਤਾ ਜਾਵੇ। ਹੁਣ ਸ: ਪਾਲ ਸਿੰਘ ਪੁਰੇਵਾਲ ਵੀ ਪੰਜਾਬ ਵਿਚ ਹੀ ਹਨ ਤੇ ਸ਼ਾਇਦ ਦੂਸਰੀ ਧਿਰ
ਦੇ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਪੰਜਾਬ ਵਿਚ ਹੀ ਹਨ, ਇਸ ਲਈ ਉਨ੍ਹਾਂ ਦੀ ਮੌਜੂਦਗੀ
ਦਾ ਲਾਭ ਉਠਾਇਆ ਜਾਵੇ ਤੇ ਜਲਦੀ ਸਾਰੀਆਂ ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਮਸਲਾ ਹੱਲ
ਕੀਤਾ ਜਾਵੇ।
ਇਸ ਦੇ ਜਵਾਬ ਵਿਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ
ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ। ਇਸੇ ਲਈ ਉਹ ਤਾਂ
ਸਿੱਖਾਂ ਨੂੰ ਵੀ ਗੁਰਦੁਆਰੇ ਵਿਚ ਨਹੀਂ ਵੜਨ ਦਿੰਦੇ। ਕਿਹੜੇ ਸਿੱਖ ਨੂੰ ਗੁਰਦੁਆਰੇ ਵਿਚ ਵੜਨ
ਤੋਂ ਕਿਸ ਨੇ ਰੋਕਿਆ ਹੈ; ਇਸ ਦਾ ਤਾਂ ਉਨ੍ਹਾਂ ਕੋਈ ਉੱਤਰ ਨਾ ਦਿੱਤਾ ਪਰ ਇਨ੍ਹਾਂ ਜ਼ਰੂਰ ਕਿਹਾ
ਕਿ 'ਸੋਧ ਲਈ ਵਿਚਾਰ ਚੱਲ ਰਹੀ ਹੈ ਤੇ ਜਦੋਂ ਵੀ ਕੋਈ ਸੋਧ ਕਰਨ ਦੀ ਲੋੜ ਪਈ ਤਾਂ ਸ: ਪਾਲ ਸਿੰਘ
ਨੂੰ ਜ਼ਰੂਰ ਸੱਦਿਆ ਜਾਵੇਗਾ। ਉਹ ਕੋਈ ਦੂਰ ਨਹੀਂ ਉਨ੍ਹਾਂ ਨੂੰ ਦੁਬਾਰਾ ਵੀ ਸੱਦ ਲਵਾਂਗੇ।'