Share on Facebook

Main News Page

ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੇ ਦਿਹਾੜੇ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ
-: ਗਿਆਨੀ ਜਗਤਾਰ ਸਿੰਘ ਜਾਚਕ

ਅੰਮ੍ਰਿਤਸਰ 1 ਨਵੰਬਰ (ਕਿਰਪਾਲ ਸਿੰਘ) ਸ਼੍ਰੋਮਣੀ ਕਮੇਟੀ 3 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਵਾਲੇ ਜ਼ੁਲਮੀ ਤੇ ਕਾਲੇ ਦਿਹਾੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਿੰਦੂ ਤਿਉਹਾਰ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ। ਕਿਉਂਕਿ, ਸੱਤਧਾਰੀ ਦਲ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਲੈਣ ਵਾਲੇ ਆਪਣੇ ਭਾਈਵਾਲਾਂ ਦੀ ਖੁਸ਼ਨੂਦੀ ਲਈ, ਸਿੱਧ ਕਰਨਾ ਚਹੁੰਦਾ ਹੈ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਅੰਗ ਹਨ, ਵਖਰੀ ਕੌਮ ਨਹੀਂ। ਪੰਥ ਦਰਦੀ ਸਿੱਖ ਚਿੰਤਕਾਂ ਦਾ ਕਥਨ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਕਾਬਿਜ਼ ਧਿਰ ਨੂੰ ਐਂਤਕੀ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਮੂੰਹ ਦੀ ਖਾਣੀ ਪੈ ਸਕਦੀ ਹੈ। ਕਿਉਂਕਿ, ਲੋਕ ਸਮਝਣਗੇ ਕਿ ਕੌਮੀ ਇਨਸਾਫ਼ ਲਈ ਇਨ੍ਹਾਂ ਦਾ ਰੌਲਾ ਪਾਉਣਾ ਮੌਕਾਪ੍ਰਸਤੀ ਚੋਣ ਸਟੰਟ ਤੇ ਇੱਕ ਬਾਹਰੀ ਡਰਾਮਾ ਹੈ। ਅੰਦਰੋਂ ਇਹ ਪੰਥ ਵਿਰੋਧੀ ਸੋਚ ਨਾਲ ਘਿਉ ਖਿਚੜੀ ਹਨ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾ ਸਪਸ਼ਟ ਕੀਤਾ ਕਿ ਸੱਤਾਧਾਰੀ 3 ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਵਾਲਾ ਜਬਰ ਜ਼ੁਲਮ ਦਾ ਉਹ ਕਾਲਾ ਦਿਹਾੜਾ ਹੈ, ਜਿਸ ਦਿਨ ਹਿੰਦੂ ਹਕੂਮਤ ਦੇ ਇਸ਼ਾਰੇ ’ਤੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਿੱਖ ਪ੍ਰਵਾਰਾਂ ਨੂੰ ਚੁਣ ਚੁਣ ਕੇ ਕਤਲ ਕੀਤਾ, ਕੋਹ ਕੋਹ ਕੇ ਜ਼ਿੰਦਾ ਜਲਾਇਆ ਅਤੇ ਗਲੀਆਂ ਬਜ਼ਾਰਾਂ ਵਿੱਚ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਕੌਮ ਦੀ ਇਜ਼ਤ ਪੈਰਾਂ ਵਿੱਚ ਰੋਲੀ। ਗੁਰਦੁਆਰਿਆਂ ਤੇ ਹਮਲੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ੇਸ਼ ਨਿਰਾਦਰ ਕੀਤਾ। ਇਹ ਸਭ ਕੁਝ ਪੁਲੀਸ ਦੀ ਮਿਲੀ ਭੁਗਤ ਨਾਲ ਸ਼ਰੇਆਮ ਹੋਇਆ । ਤੀਹ ਸਾਲ ਲੰਘਣ ਦੇ ਬਾਵਜੂਦ ਵੀ ਇਸ ਨਸਲਕੁਸ਼ੀ ਦਾ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕੁਦਰਤੀ ਹੀ ਇਸ ਵਾਰ ਹਿੰਦੂ ਤਿਉਹਾਰ ਦੀਵਾਲੀ ਵੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਇਸੇ ਹੀ ਕਾਲੇ ਦਿਨ ਹੈ। ਦੇਸ਼ ਵਿਦੇਸ਼ ਦੇ ਪੰਥ ਦਰਦੀ ਤੇ ਜਾਗਰੂਕ ਲੋਕ ਚਹੁੰਦੇ ਸਨ ਕਿ ਦੁਨੀਆਂ ਨੂੰ ਦੱਸਿਆ ਜਾਏ ਕਿ 1984 ਦੇ ਨਾਸੂਰ ਬਣ ਚੁੱਕੇ ਕੌਮੀ ਜ਼ਖਮ ਅੱਜ ਵੀ ਰਿਸਦੇ ਹੋਏ ਚੀਸਾਂ ਦੇ ਰਹੇ ਹਨ।

ਇਸ ਲਈ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲਾਂ ਕੀਤੀਆਂ ਸਨ ਕਿ ਇਸ ਵਾਰ ਆਤਿਸ਼ਬਾਜ਼ੀ ਚਲਾ ਕੇ ਮਨਾਈ ਜਾਣ ਵਾਲੀ ਮਹੰਤ-ਕਾਲ ਵੇਲੇ ਦੀ ਦੀਵਾਲੀ ਵਾਲੀ ਪਰੰਪਰਾ ਨੂੰ ਪਾਸੇ ਰੱਖ ਕੇ ਕੌਮੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਏ। 3 ਨਵੰਬਰ ਦਾ ਦਿਹਾੜਾ ਰੌਸ਼ਨੀਆਂ ਭਰਪੂਰ ਦੀਵਾਲੀ ਦੀ ਥਾਂ, ਜਬਰ ਜ਼ੁਲਮ ਦੇ ਰੋਸ ਭਰੇ ਕਾਲੇ ਦਿਹਾੜੇ ਵਜੋਂ ਮਨਾਇਆ ਜਾਏ। ਅਤਿਅੰਤ ਹੀ ਦੁੱਖ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਦੋ-ਟੁੱਕ ਤੇ ਗੁੰਮਰਾਹਕੁੰਨ ਜਵਾਬ ਦਿੱਤਾ ਕਿ ਦੀਵਾਲੀ ਗੁਰੂ ਕਾਲ ਦੀ ਪਰੰਪਰਾ ਮੁਤਾਬਿਕ ਆਤਸ਼ਬਾਜ਼ੀ ਚਲਾ ਕੇ ਹੀ ਮਨਾਈ ਜਾਏਗੀ। ਜਦੋਂ ਕਿ ਸੱਚ ਇਹ ਹੈ ਕਿ ਸਿੱਖ ਦਵਾਲੀ ਨਹੀਂ, ਬੰਦੀਛੋੜ ਦਿਵਸ ਮਨਾਉਂਦੇ ਹਨ ਅਤੇ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਉਹ ਦਿਹਾੜਾ 3 ਨਵੰਬਰ ਨੂੰ ਨਹੀਂ, ਫਰਵਰੀ ਦਾ ਅੰਤਲੇ ਹਫਤੇ ਹੈ। ਕਿਉਂਕਿ, ਭੱਟ ਵਹੀਆਂ ਮੁਤਾਬਿਕ ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਲੀ ਵਾਲੀ ਰਾਤ ਨੂੰ ਗਵਾਲੀਅਰ ਵਿਖੇ ਭਾਈ ਹਰਿਦਾਸ ਜੀ ਦਰੋਗੇ ਦੇ ਘਰ ਸਨ, ਅੰਮ੍ਰਿਤਸਰ ਨਹੀਂ। ਹੋਰ ਦੁਖਦਾਈ ਖ਼ਬਰ ਸਿੱਖਾਂ ਲਈ ਇਹ ਹੈ ਕਿ 84 ਦੀ ਸਿੱਖ ਨਸਲਕੁਸ਼ੀ ਵੇਲੇ ਭਾਈ ਹਰਿਦਾਸ ਦੇ ਘਰ ਵਾਲੀ ਥਾਂ ਬਣੇ ਗੁਰੁਦੁਆਰੇ ਨੂੰ, ਹਿੰਦੂ ਫਿਰਕਾਪ੍ਰਸਤਾਂ ਦੀ ਭੀੜ ਨੇ ਸੇਵਦਾਰਾਂ ਨੂੰ ਕਤਲ ਕਰਕੇ ਕਾਲਕਾ ਦੇ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ; ਜਦੋਂ ਕਿ ਉਸ ਜ਼ਮੀਨ ਦੀ ਰਜ਼ਿਸਟਰੀ ਬਾਬਾ ਸੇਵਾ ਸਿੰਘ ਖਾਡੂਰ ਵਾਲਿਆਂ ਪਾਸ ਹੈ।

ਗਿਆਨੀ ਜਾਚਕ ਅਨੁਸਾਰ 3 ਨਵੰਬਰ 2013 ਨੂੰ ਸਵੇਰੇ 10.30 ਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਅਰਦਾਸ ਕਰਨ ਉਪਰੰਤ 11 ਵਜੇ ਰੋਜ਼ਾਨਾ ਪਹਿਰੇਦਾਰ ਅਤੇ ਹੋਰ ਪੰਥ ਦਰਦੀ ਸੰਸਥਾਵਾਂ ਦੇ ਸਹਿਯੋਗ ਨਾਲ ਜਗਰਾਉਂ ਪੁਲ ਲੁਧਿਆਣਾ ਤੋਂ ਕਚਿਹਰੀਆਂ ਵੱਲ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਮਨੁੱਖੀ ਚੇਨ ਬਣਾਉਂਦਿਆਂ ਉਪਰੋਕਤ ਧੱਕੇਸ਼ਾਹੀ ਤੇ ਬੇਇਨਸਾਫੀ ਦੇ ਵਿਰੁਧ ਰੋਸ ਪ੍ਰਗਟਾਵਾ ਕੀਤਾ ਜਾਏਗਾ

ਉਨ੍ਹਾਂ ਸਾਰੀਆਂ ਪੰਥ ਦਰਦੀ ਸਿੱਖ ਸੰਸਥਾਵਾਂ ਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਸ ਮਾਰਚ ਵਿੱਚ ਜ਼ਰੂਰ ਸ਼ਾਮਲ ਹੋਣ ਅਤੇ ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਨਾ ਕਰਨ। ਕਿਉਂਕਿ, ਇਸ ਪੱਖੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਮੌਖਿਕ ਐਲਾਨ, ਸ਼੍ਰੋਮਣੀ ਕਮੇਟੀ ਦੀ ਰਾਜਨੀਤਕ ਪਾਲਸੀ ਦੇ ਪ੍ਰਭਾਵ ਅਧੀਨ ਹੈ, ਨਾ ਕਿ ਆਪਣੀ ਜ਼ਮੀਰ ਦੀ ਅਵਾਜ਼ ਅਤੇ ਪੰਥ ਦਰਦੀ ਸਿੱਖ ਚਿੰਤਕਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਲਿਆ ਹੋਇਆ ਕੋਈ ਕੌਮੀ ਫੈਸਲਾ। ਆਸ ਹੈ ਕਿ ਸ਼੍ਰੋਮਣੀ ਕਮੇਟੀ ਕੌਮੀ ਅਵਾਜ਼ ਸੁਣੇਗੀ ਅਤੇ ਆਪਣੇ ਫੈਸਲੇ ਸਬੰਧੀ ਮੁੜ ਵੀਚਾਰ ਕਰੇਗੀ। ਕਿਉਂਕਿ, ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top