Share on Facebook

Main News Page

ਭਾਈ ਗੁਰਦਾਸ ਜੀ ਦੀ "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ" ਵਾਰ ਦੀ ਗੁਰਮਤਿ ਅਨੁਸਾਰ ਵਿਆਖਿਆ
-:
ਅਮਰਜੀਤ ਸਿੰਘ ਚੰਦੀ
ਫੋਨ :- 91 95685 41414

ਇਹ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ ਛੇਵੀਂ ਪਉੜੀ ਦੀ ਲਾਈਨ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵਿੱਚ ਇਕੱਠੀ ਹੋਈ ਪੁਜਾਰੀ ਜਮਾਤ ਨੇ, ਕਿਸੇ ਚਾਲ ਅਧੀਨ ਜਾਂ ਅਗਿਆਨਤਾ ਵੱਸ ਅਜਿਹਾ ਪ੍ਰਚਾਰ ਕੀਤਾ ਹੈ, ਜੋ ਸਿੱਖਾਂ ਨੂੰ ਗੁਰਮਤਿ ਨਾਲੋਂ ਤੋੜ ਕੇ, ਬ੍ਰਾਹਮਣਵਾਦ ਨਾਲ ਜੋੜਨ ਦਾ ਕਾਰਨ ਬਣ ਰਹੀ ਹੈ। ਆਉ ਅੱਜ ਇਸ ਬਾਰੇ ਹੀ ਵਿਚਾਰ ਕਰਦੇ ਹਾਂ।

ਪੂਰੀ ਪਉੜੀ ਇਵੇਂ ਹੈ,
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।6।

ਦੀਵਾਲੀ ਦੀ ਹਨੇਰੀ ਰਾਤ ਨੂੰ, ਦੀਵਾਲੀ ਨੂੰ ਮਨਾਉਣ ਵਾਲੇ, ਲਕਸ਼ਮੀ ਦੀ ਪੂਜਾ ਕਰਨ ਵਾਲੇ, ਹਿੰਦੂ ਵੀਰ ਦੀਵੇ ਬਾਲਦੇ ਹਨ। ਇਹ ਉਸ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਹੁੰਦਾ ਹੈ, ਜਿਸ ਕਾਰਨ, ਲਕਸ਼ਮੀ ਦੇ ਰਾਹ ਭਟਕ ਜਾਣ ਦਾ ਭਰਮ ਹਿੰਦੂਆਂ ਵਿਚ ਬ੍ਰਾਹਮਣਾਂ ਵਲੋਂ ਪਾਇਆ ਹੋਇਆ ਹੈ। ਕਈ ਹਿੰਦੂ ਤਾਂ ਰਾਤ ਨੂੰ ਆਪਣੇ ਦਰਵਾਜੇ ਵੀ ਖੁਲ੍ਹੇ ਰਖਦੇ ਹਨ, ਜਿਸ ਕਾਰਨ ਕਈ ਵਾਰੀ ਚੋਰਾਂ ਨੂੰ, ਚੋਰੀ ਕਰਨ ਵਿਚ ਵੀ ਮਦਦ ਮਿਲੀ ਹੈ, ਲਕਸ਼ਮੀ ਆਉਣ ਦੀ ਥਾਂ ਉਲਟਾ ਚਲੇ ਵੀ ਗਈ ਹੈ। ਇਸ ਦਾ ਹੀ ਦੂਸਰਾ ਰੂਪ ਹੈ ਜੂਆ, ਜੂਆ ਖੇਲਣ ਵਾਲਾ ਹਰ ਬੰਦਾ, ਲਕਸ਼ਮੀ ਆਉਣ ਦੀ ਆਸ ਨਾਲ, ਜੂਏ ਵਿਚ ਜਿੱਤਣ ਦੀ ਆਸ ਨਾਲ ਹੀ ਖੇਡਦਾ ਹੈ। ਇਹ ਗੱਲ ਵਖਰੀ ਹੈ ਕਿ ਪੂਰੀ ਟੋਲੀ ਵਿਚੋਂ ਕੋਈ ਇਕ-ਅੱਧ ਹੀ ਜਿਤਦਾ ਹੈ, ਬਾਕੀ ਸਾਰੇ ਹਾਰਦੇ ਹੀ ਹਨ। (ਇਹ ਇੱਕ ਰਾਤ ਦਾ ਥੋੜ੍ਹ ਚਿਰਾ, ਦਿਲ ਪਰਚਾਵਾ ਭਰ ਹੈ।)

ਇਵੇਂ ਹੀ ਪੰਜਾਬ ਵਿਚ ਇਕ ਚੀਜ਼ ਪ੍ਰਚਲਤ ਸੀ, ਛੋਟੇ-ਵੱਡੇ ਬੱਚੇ, ਜਦ ਛੱਤਾਂ ਤੇ ਸੌਂਦੇ ਸਨ, ਤਾਂ ਕੁੱਝ ਸਮਾਂ ਬਿਤਾਉਣ ਲਈ, ਤਾਰਿਆਂ ਨਾਲ ਖੇਡਿਆ ਕਰਦੇ ਸੀ। ਕਈ ਤਾਰੇ ਲੱਭੇ ਜਾਂਦੇ ਸਨ, ਜਿਵੇਂ ਸਰਵਣ ਦੀ ਵਹਿੰਗੀ ਕਹੇ ਜਾਂਦੇ, ਇਕੋ ਕਤਾਰ ਵਿਚ ਤਿੰਨ ਤਾਰੇ। ਗਿੱਟੀਆਂ, ਕੁੜੀਆਂ ਗਿੱਟੀਆਂ ਨਾਲ ਖੇਡਦੀਆਂ ਹੁੰਦੀਆਂ ਸਨ, ਇਹ ਗਿੱਟੀਆਂ ਪੰਜ ਹੁੰਦੀਆਂ ਸਨ। ਉਨ੍ਹਾਂ ਵਰਗੇ ਹੀ ਛੋਟੇ-ਛੋਟੇ ਇਕੱਠੇ ਪੰਜ ਤਾਰਿਆਂ ਨੂੰ ਗਿੱਟੀਆਂ ਕਿਹਾ ਜਾਂਦਾ ਸੀ, ਉਨ੍ਹਾਂ ਦੀ ਭਾਲ ਕੀਤੀ ਜਾਂਦੀ ਸੀ। ਇਵੇਂ ਹੀ ਧਰੂ ਤਾਰਾ, ਸਪਤ ਰਿਸ਼ੀ ਆਦਿ ਤਾਰਿਆਂ ਦੀ ਭਾਲ ਕੀਤੀ ਜਾਂਦੀ ਸੀ, ਛੋਟੇ ਬੱਚਿਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਏਸੇ ਦੀ ਪ੍ਰਤੀਕ ਵਜੋਂ ਕਿਹਾ ਹੈ ਕਿ ਛੋਟੇ-ਵੱਡੇ ਬੱਚੇ, ਕੁੱਝ ਜਾਣੇ ਪਛਾਣੇ ਅਤੇ ਕੁਝ ਅਣਪਛਾਤੇ ਤਾਰਿਆਂ ਦੀ ਅੰਬਰ ਵਿਚ, ਆਕਾਸ਼ ਵਿਚ ਭਾਲ ਕਰਦੇ ਹਨ। (ਇਹ ਵੀ ਕੁਝ ਪਲਾਂ ਦਾ ਧੋੜ੍ਹ ਚਿਰਾ ਤਮਾਸ਼ਾ ਭਰ ਹੈ।)

ਬਾਗਬਾਨ, ਮਾਲੀ ਆਪਣੇ ਬਾਗ ਵਿਚ ਫੁੱਲਾਂ ਦੇ ਬੂਟੇ ਲਾਉਂਦੇ ਹਨ, ਉਨ੍ਹਾਂ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਪਾਲਦੇ ਹਨ, ਬੂਟੇ ਵੱਡੇ ਹੁੰਦੇ ਹਨ, ਫੁਲ ਲਗਦੇ ਹਨ, ਖਿੜਦੇ ਹਨ। ਮਾਲੀ ਉਨ੍ਹਾਂ ਨੂੰ ਇੱਕ-ਇੱਕ ਕਰ ਕੇ ਚੁਣ ਲੈਂਦਾ ਹੈ, ਤੋੜ ਲੈਂਦਾ ਹੈ। (ਇਹ ਵੀ ਕੁਝ ਮਹੀਨਿਆਂ ਦਾ ਥੋੜ੍ਹ ਚਿਰਾ ਤਮਾਸ਼ਾ ਹੀ ਹੈ।)

ਤੀਰਥ ਤੇ ਜਾਣ ਵਾਲੇ ਤੀਰਥ ਯਾਤਰੀ, ਤੀਰਥਾਂ ਤੇ ਜਾਂਦੇ ਹਨ, ਆਪਣੀ ਜਾਤ ਬਰਾਦਰੀ ਵਾਲੇ ਭਰਾਵਾਂ ਨੂੰ ਮਿਲਦੇ ਹਨ, ਉਨ੍ਹਾਂ ਨੂੰ ਵੇਖ ਕੇ, ਤੀਰਥਾਂ ਦੀਆਂ ਚੀਜ਼ਾਂ ਵੇਖ ਕੇ ਨੈਣਾਂ ਨੂੰ ਨਿਹਾਲ ਕਰਦੇ ਹਨ, ਵੇਖ ਕੇ ਖੁਸ਼ੀ ਮਨਾਉਂਦੇ ਹਨ। ਤੀਰਥ ਇਸ਼ਨਾਨ ਕਰ ਕੇ ਘਰਾਂ ਨੂੰ ਮੁੜ ਆਉਂਦੇ ਹਨ। (ਇਹ ਵੀ ਕੁਝ ਦਿਨਾਂ ਦਾ, ਥੋੜ੍ਹ ਚਿਰਾ ਤਮਾਸ਼ਾ ਹੀ ਹੈ।)

ਜਿਵੇਂ ਹਰਿ ਚੰਦਉਰੀ, ਭਰਮ-ਭੁਲੇਖੇ ਵਿੱਚ ਫਸਿਆ ਹਿਰਨ, ਸੂਰਜ ਦੀ ਰੌਸ਼ਨੀ ਵਿੱਚ ਚਮਕਦੀ ਰੇਤ ਨੂੰ, ਪਾਣੀ ਦੀ ਝੀਲ ਸਮਝ ਕੇ, ਉਸ ਵੱਲ ਭੱਜਦਾ ਹੈ, ਪਰ ਉਹ ਤਾਂ ਨਜ਼ਰ ਦਾ ਭੁਲੇਖਾ ਹੀ ਹੁੰਦਾ ਹੈ। ਇਵੇਂ ਹਿਰਨ ਰੇਗਿਸਤਾਨ ਵਿੱਚ, ਪਾਣੀ ਦੀ ਭਾਲ ਵਿੱਚ ਭਟਕਦਾ, ਪਿਆਸਾ ਹੀ ਮਰ ਜਾਂਦਾ ਹੈ। ਬੰਦੇ ਵੀ ਅਜਿਹੇ ਭੁਲੇਖੇ ਅਧੀਨ ਹੀ ਕਈ ਨਵੀਆਂ-ਨਵੀਆਂ ਚੀਜ਼ਾਂ ਵੇਖਣ ਦਾ ਭਰਮ ਪਾਲਦੇ ਹਨ, ਅਤੇ ਉਨ੍ਹਾਂ ਨੂੰ ਲੁਪਤ ਹੁੰਦਿਆਂ ਵੀ ਮਹਿਸੂਸ ਕਰਦੇ ਹਨ। ਇਵੇਂ ਹੀ ਇਹ ਉਪਰ ਦਿੱਤੀਆਂ ਸਾਰੀਆਂ ਚੀਜ਼ਾਂ, ਥੋੜ੍ਹ ਚਿਰੇ ਭੁਲੇਖੇ ਤੋਂ ਵੱਧ ਕੁਝ ਵੀ ਨਹੀਂ ਹਨ।

ਪਰ ਗੁਰਮੁਖ ਬੰਦੇ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦੇ। ਸ਼ਬਦ ਗੁਰੂ ਦੇ ਗਿਆਨ ਅਨੁਸਾਰ ਚੱਲਣ ਵਾਲੇ ਬੰਦੇ, ਸ਼ਬਦ ਦੀ ਵਿਚਾਰ ਕਰ ਕੇ, ਉਸ ਦੀ ਸਿਖਿਆ ਨੂੰ ਮਨ ਵਿਚ ਸੰਭਾਲਦੇ ਹਨ। ਪਰਮਾਤਮਾ ਨਾਲ ਜੁੜ ਕੇ, ਹਮੇਸ਼ਾ ਸੁਖ ਦੇਣ ਵਾਲੇ ਫਲ ਦੀ ਦਾਤ ਪ੍ਰਾਪਤ ਕਰਦੇ ਹਨ। ਜੋ ਹਮੇਸ਼ਾ ਉਨ੍ਹਾਂ ਦੇ ਨਾਲ ਨਿਭਦੀ ਹੈ, ਕਦੀ ਸਾਥ ਨਹੀਂ ਛੱਡਦੀ। ਇਸ ਦਾਤ ਆਸਰੇ ਉਨ੍ਹਾਂ ਨੂੰ ਸੰਸਾਰ ਵਿੱਚ ਵੀ ਅਤੇ ਪਰਮਾਤਮਾ ਦੇ ਹਜ਼ੂਰ ਵੀ ਸੁਖ ਮਿਲਦਾ ਹੈ।

ਇਸ ਪਉੜੀ ਰਾਹੀਂ ਸਿੱਖਾਂ ਨੂੰ, ਥੋੜ੍ਹ ਚਿਰੀਆਂ ਚੀਜ਼ਾਂ ਨਾਲ ਦਿਲ ਜੋੜਨ ਦੀ ਥਾਂ, ਸ਼ਬਦ ਗੁਰੂ ਨਾਲ ਜੁੜ ਕੇ ਗੁਰਮੁਖਿ ਹੋਣ ਦੀ ਹਦਾਇਤ ਕੀਤੀ ਹੈ।

(ਨੋਟ :- ਅਜਿਹੀ ਹਾਲਤ ਵਿਚ, ਇਹ ਪੁਜਾਰੀ ਲਾਣਾ, ਜੋ ਭਾਵੇਂ ਅਗਿਆਨਤਾ ਵੱਸ ਸਿੱਖਾਂ ਨੂੰ ਕੁਰਾਹੇ ਪਾ ਰਿਹਾ ਹੈ, ਭਾਵੇਂ ਕਿਸੇ ਚਾਲ ਅਧੀਨ ਅਜਿਹਾ ਕਰ ਰਿਹਾ ਹੈ, ਦੋਵਾਂ ਹਾਲਤਾਂ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਰਹਿਣ ਲਾਇਕ ਨਹੀਂ ਹੈ, ਇਹ ਤਾਂ ਜਿਸ ਥਾਲੀ ਵਿਚ ਖਾ ਰਿਹਾ ਹੈ, ਓਸੇ ਵਿੱਚ ਹੀ ਛੇਕ ਕਰ ਰਿਹਾ ਹੈ, ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਦਾ ਰਸਤਾ ਵਿਖਾਉਣ ਦਾ ਇੰਤਜ਼ਾਮ ਕਰਨਾ ਬਣਦਾ ਹੈ।)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top