Share on Facebook

Main News Page

ਕਿਵੇਂ ਭੁੱਲ ਜਾਈਏ 1984 ਨੂੰ…
-: ਹਰਲਾਜ ਸਿੰਘ ਬਹਾਦਰਪੁਰ

ਅਖੌਤੀ ਹਮਦਰਦੋ, ਬੱਸ ਕਰੋ ਹੁਣ ਬਹੁਤ ਹੋ ਚੁੱਕਿਆ ਹੈ । ਵੋਟਾਂ ਦੀ ਰਾਜਨੀਤੀ ਵਿੱਚ ਅਜਿਹੀਆਂ ਦਿਲ ਕੰਬਾਂਊ ਫੋਟੋਆਂ ਦੇ ਇਸਤਿਹਾਰ ਦੇ ਕੇ ਸਾਡੇ ਪੀੜਤਾਂ ਦੇ ਜਖਮਾਂ ਨੂੰ ਹੋਰ ਨਾ ਉਚੇੜੋ ।

ਤਿੰਨ ਨਵੰਬਰ ਦਾ ਕਾਲਾ ਪਹਿਰੇਦਾਰ ਅਖਬਾਰ ਜਦੋਂ ਸਵੇਰੇ-ਸਵੇਰੇ ਵੇਖਿਆ ਤਾਂ ਤੁਰੰਤ ਹੀ ਗੱਲ ਸਮਝ ਵਿੱਚ ਆ ਗਈ ਕਿ ਰੋਜਾਨਾ ਪਹਿਰੇਦਾਰ ਵਾਲਿਆਂ ਨੇ ਅੱਜ ਇਸਨੂੰ ਰੰਗੀਨ ਇਸ ਲਈ ਨਹੀਂ ਛਾਪਿਆ ਕਿ ਅੱਜ ਦਿੱਲੀ (ਅਤੇ ਕਈ ਹੋਰ ਸ਼ਹਿਰਾਂ) ਵਿੱਚ ਬੇਦੋਸ਼ਿਆਂ ਦੇ ਹੋਏ ਕਤਲਾਂ ਦੀ ਵਰੇਗੰਢ ਹੈ। ਪਰ ਜਦੋਂ ਇਹ ਬਾਹਰੋਂ ਕਾਲਾ ਅਖਬਾਰ ਚੁੱਕ ਕੇ ਵੇਖਿਆ ਤਾਂ ਇਹ ਵਿੱਚੋਂ ਵੀ ਕਾਲਖ ਨਾਲ ਭਰਿਆ ਪਿਆ ਸੀ । ਅਖਬਾਰ ਦੀ ਬਾਹਰਲੀ ਕਾਲਖ ਤਾਂ ਇਤਿਹਾਸ ਦੇ ਪੰਨੇ ਸੀ, ਪਰ ਅੰਦਰਲੀ ਕਾਲਖ ਬੜੀ ਬੇਇਮਾਨ ਸੀ, ਜਿਸਨੂੰ ਵੇਖ ਕੇ ਇਉਂ ਲੱਗਿਆ ਜਿਵੇਂ ਸ਼ੈਤਾਨ ਕੁਰਾਨ ਦਾ ਹਵਾਲਾ ਦੇ ਰਿਹਾ ਹੋਵੇ ।

ਇਸ ਅੰਦਰਲੀ ਕਾਲਖ ਵਿੱਚ ਜਿੱਥੇ ਦਿੱਲੀ ਵਿੱਚ ਨੰਗੀ ਚਿੱਟੀ ਦੁਸ਼ਮਣ ਕਾਂਗਰਸ ਦੀ ਸਰਕਾਰ ਵੱਲੋਂ ਸੜਕਾਂ ਤੇ ਬੇਦੋਸ਼ਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੀ ਕਾਲਖ ਸੀ ਉੱਥੇ ਹੀ ਮਖੌਟਾ ਧਾਰੀ ਦੁਸ਼ਮਣ ਵੱਲੋਂ 84 ਦੇ ਡੂੰਘੇ ਜਖਮਾਂ ਨੂੰ ਉਚੇੜ-ਉਚੇੜ ਕੁ ਜਖਮਾਂ ਵਿੱਚੋਂ ਕੱਢੇ ਗਏ ਖੂਨ ਦੀ (ਪੁਰਾਣੇ ਜਖਮਾਂ ਦਾ ਖੂਨ ਆਮ ਤੌਰ ਤੇ ਕਾਲਾ ਹੋ ਜਾਂਦਾ ਹੈ) ਕਾਲਖ ਦਿਸੀ । ਦਿੱਲੀ ਵਿੱਚ ਸਿੱਖਾਂ ਉੱਪਰ ਹੋਏ ਜੁਲਮਾਂ ਦੀਆਂ ਇਸ਼ਤਿਹਾਰਾਂ ਦੇ ਰੂਪ ਵਿੱਚ ਛਪੀਆਂ ਹੋਈਆਂ ਤਸਵੀਰਾਂ ਜੋ ਜਾਲਮ ਦੇ ਕਰੂਪ ਚਿਹਰੇ ਨੂੰ ਨੰਗਾ ਕਰਦੀਆਂ ਸਨ ।ਜੇ ਤਾਂ ਇਹ ਤਸਵੀਰਾਂ ਪਹਿਰੇਦਾਰ ਜਾਂ ਕਿਸੇ ਹੋਰ ਪੰਥ ਦਰਦੀ ਵੱਲੋਂ ਹੁੰਦੀਆਂ, ਫਿਰ ਤਾਂ ਇਹ ਸਿਰਫ ਤੇ ਸਿਰਫ ਸੱਚ ਨੂੰ ਹੀ ਪ੍ਰਗਟ ਕਰਦੀਆਂ ।

ਪਰ ਮਖੌਟਾ ਧਾਰੀਆਂ ਵੱਲੋਂ ਛਪਾਈਆਂ ਜਾਣ ਕਾਰਣ ਇਹ ਤਸਵੀਰਾਂ ਜਿੱਥੇ ਇੱਕ ਪਾਸੇ ਇੱਕ ਦੁਸ਼ਮਣ ਦਾ ਚਿਹਰਾ ਬੇਨਕਾਬ ਕਰਦੀਆਂ ਸਨ, ਦੂਜੇ ਪਾਸੇ ਦੂਜੇ ਦੁਸ਼ਮਣ ਦੇ ਚਿਹਰੇ ਉੱਤੇ ਨਕਾਬ ਪਾ ਰਹੀਆਂ ਸਨ। ਜਿਸ ਨਕਾਬ ਰਾਹੀਂ ਇਹ ਦੁਸ਼ਮਣ ਪੀੜਤਾਂ ਦੀ ਪੀੜਾ ਦਾ ਦਹਾਕਿਆਂ ਤੋਂ ਮੁੱਲ ਵੱਟਦਾ ਆ ਰਿਹਾ ਹੈ। ਜਿਸਨੂੰ ਵੇਖ ਕੇ ਅੰਦਰੋਂ ਅਵਾਜ ਆਈ ਕਿ 1984 ਨੂੰ ਭੁੱਲ ਜਾਓ ਅਤੇ ਯਾਦ ਰੱਖੋ ਕਹਿਣ ਵਾਲਿਓ, ਪੀੜਤਾਂ ਲਈ ਤੁਸੀਂ ਦੋਹੇਂ ਹੀ ਬਰਾਬਰ ਦੇ ਕਾਤਲ ਤੇ ਜਾਲਮ ਹੋਂ, ਜਖਮਾਂ ਨੂੰ ਉਚੇੜਨ ਵਾਲਿਓ (ਹਰਨਾਮ ਸਿੰਘ ਧੁੰਮਾ, ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਗੁਰਦੀਪ ਸਿੰਘ ਗੋਸ਼ਾ, ਹਰਸੁਖਇੰਦਰ ਸਿੰਘ ਬੱਬੀ ਬਾਦਲ) ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਦੀਓ ਕੱਠਪੁਤਲੀਓ, ਤੁਸੀਂ ਕਾਂਗਰਸ ਦੇ ਉਜਾੜੇ/ਕਤਲ ਕੀਤੇ ਪੀੜਤਾਂ ਦੀ ਕੀ ਸਹਾਇਤਾ ਕੀਤੀ ਹੈ ? ਠੀਕ ਹੈ, ਪੀੜਤ ਕਾਂਗਰਸ ਦੇ ਜੁਲਮਾਂ ਨੂੰ ਨਹੀਂ ਭੁਲਾ ਸਕਦੇ, ਪਰ ਇਸਦੇ ਉਲਟ ਤੁਹਾਡੀ ਕਿਹੜੀ ਵਫਾਦਾਰੀ ਹੈ ਜਿਸਨੂੰ ਪੀੜਤ ਯਾਦ ਕਰਨ ।

ਕਿਵੇਂ ਭੁੱਲ ਜਾਈਏ 1984 ਨੂੰ ? ਇਹ ਸਵਾਲ ਹਰ ਸਿੱਖ ਦਾ ਹੈ, ਨਾ ਹੀ ਕਦੇ ਅਜਿਹੇ ਸਾਕੇ ਭੁਲਾਏ ਜਾਂਦੇ ਹੁੰਦੇ ਹਨ ਅਤੇ ਨਾ ਹੀ ਭੁਲਾਏ ਜਾਣੇ ਚਾਹੀਂਦੇ ਹਨ, ਪਰ ਜੇਕਰ ਅਸੀਂ ਅਜਿਹੇ ਸਾਕਿਆਂ ਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰੀਏ ਇਹ ਤਾਂ ਵੀ ਭੁਲਾਏ ਨਹੀਂ ਜਾ ਸਕਦੇ, ਕਿਉਂਕਿ ਇਹ ਸਾਕੇ ਇਤਿਹਾਸ ਬਣ ਚੁੱਕੇ ਹੁੰਦੇ ਹਨ । ਜਿੰਨਾਂ ਲੋਕਾਂ ਉੱਪਰ ਇਹ ਸਾਕੇ ਵਾਪਰਦੇ ਹਨ ਇਹਨਾਂ ਸਾਕਿਆਂ ਦੀ ਪੀੜ ਦਾ ਅਸਲੀ ਅਨੁਭਵ ਤਾਂ ਉਨ੍ਹਾਂ ਨੂੰ ਹੀ ਹੁੰਦਾ ਹੈ, ਜੋ ਲੋਕ ਅਜਿਹੇ ਸਾਕਿਆਂ ਨੂੰ ਭੁੱਲ ਜਾਣ ਜਾਂ ਯਾਦ ਰੱਖਣ ਲਈ ਪ੍ਰੇਰਦੇ ਹਨ ਉਹ ਸਾਕਿਆਂ ਦੇ ਪੀੜਤਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ । ਕਿਉਂਕਿ ਉਨ੍ਹਾਂ ਨੂੰ ਤਾਂ ਪੀੜਤਾਂ ਦੀ ਪੀੜਾ ਨਾਲੋਂ ਕੁਰਸੀ ਵੱਡੀ ਦਿਖ ਰਹੀ ਹੁੰਦੀ ਹੈ ।

ਇਸ ਲਈ ਜਿਸ ਤਰ੍ਹਾਂ ਦਰਦ ਨੂੰ ਭੁੱਲ ਜਾਓ ਕਹਿਣਾ ਬੇਕਾਰ ਹੈ, ਉਸੇ ਤਰ੍ਹਾਂ ਮਖੌਟਾ ਧਾਰੀ ਦੁਸ਼ਮਣਾਂ ਅੱਗੇ ਦਰਦ ਦਾ ਰੋਣਾ, ਰੋਣਾ ਵੀ ਬੇਕਾਰ ਹੀ ਹੁੰਦਾ ਹੈ। ਜਦੋਂ ਕਦੇ ਅਜਿਹੇ ਸਾਕੇ ਵਾਪਰਦੇ ਹਨ ਤਾਂ ਅਜਿਹੇ ਸਾਕਿਆਂ ਵਿੱਚ ਮਜਲੂਮਾਂ ਦੇ ਕਾਤਲ ਜਿਸ ਰੂਪ, ਨਸਲ ਜਾਂ ਮਜ੍ਹਬ ਦੀ ਪਹਿਚਾਣ ਵੱਜੋਂ ਸਾਹਮਣੇ ਹੁੰਦੇ ਹਨ ਤਾਂ ਮਜਲੂਮਾਂ ਦੇ ਧੁਰ ਅੰਦਰ ਉਨ੍ਹਾਂ ਦੀ ਤਸਵੀਰ ਛਪ ਜਾਂਦੀ ਹੈ। ਇਸ ਲਈ ਪੀੜਤਾਂ ਨੂੰ ਸਾਹਮਣੇ ਦੇ ਕਾਤਲ ਵਾਲੀ ਤਸਵੀਰ/ਸ਼ਕਲ ਤੋਂ ਇਲਾਵਾ ਹੋਰ ਸਾਰੇ ਆਪਣੇ ਹਮਦਰਦ ਹੀ ਨਜਰ ਆਉਣ ਲੱਗ ਪੈਂਦੇ ਹਨ। ਜੇਕਰ ਕਾਤਲ ਆਪਣਾ ਭੇਸ ਬਦਲ ਕੇ ਪੀੜਤਾਂ ਦਾ ਦਰਦ ਵੰਂਡਾਉਣ ਦਾ ਡਰਾਮਾ ਕਰੇ ਤਾਂ ਪੀੜਤ ਉਸਨੂੰ ਵੀ ਪਹਿਚਾਣ ਨਹੀਂ ਸਕਦੇ । ਕਿਉਂਕਿ ਉਨ੍ਹਾਂ ਨੂੰ ਤਾਂ ਕਾਤਲ ਦਾ ਉਹੀ ਚਿਹਰਾ ਦਿਸਦਾ ਹੁੰਦਾ ਹੈ, ਜੋ ਕਤਲ ਕਰਨ ਸਮੇਂ ਸਾਹਮਣੇ ਹੁੰਦਾ ਹੈ। ਇਹੀ ਕਾਰਣ ਹੈ ਕਿ ਸਾਡਾ ਸਾਹਮਣੇ ਦਾ ਦੁਸ਼ਮਣ ਕਾਤਲ ਸਾਡੇ ਉੱਪਰ ਇੱਕ ਵਾਰ ਹਮਲਾ ਕਰਕੇ ਸਾਨੂੰ ਜੋ ਜਖਮ ਦਿੰਦਾ ਹੈ ਤਾਂ ਦੂਜਾ ਦੁਸ਼ਮਣ ਹਮਦਰਦੀ ਦਾ ਮਖੌਟਾ ਪਾ ਕੇ ਸਾਡੇ ਨਾਲ ਹਮਦਰਦੀ ਦਾ ਨਾਟਕ ਕਰਦਾ ਹੋਇਆ ਉਨ੍ਹਾਂ ਜਖਮਾਂ ਨੂੰ ਦਹਾਕਿਆਂ ਵੱਧੀ ਉਚੇੜ-ਉਚੇੜ ਕੇ ਸਾਨੂੰ ਦਰਦ ਦਿੰਦਾ ਰਹਿੰਦਾ ਹੈ ਅਤੇ ਨੰਗੇ ਚਿੱਟੇ ਦੁਸ਼ਮਣ ਨੂੰ ਸਾਡਾ ਦੁਸ਼ਮਣ ਕਹਿ-ਕਹਿ ਕੇ ਏਨਾ ਸ਼ੋਰ ਮਚਾ ਦਿੰਦਾ ਹੈ ਕਿ ਅਸੀਂ ਦਹਾਕਿਆਂ ਵੱਧੀ ਉਸੇ ਦੁਸ਼ਮਣ ਵੱਲ ਹੀ ਵੇਖਦੇ ਰਹਿੰਦੇ ਹਾਂ ਅਤੇ ਉਸ ਮਖੌਟਾ ਧਾਰੀ ਵੱਡੇ ਦੁਸ਼ਮਣ ਵੱਲ ਝਾਕਣ ਦਾ ਸਾਨੂੰ ਸਮਾਂ ਹੀ ਨਹੀਂ ਮਿਲਦਾ । ਇਸੇ ਕਾਰਨ ਪੀੜਤ ਮਜਲੂਮਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ ।

ਇਸ ਦੇ ਉਲਟ ਜਿੱਥੇ ਘੱਟ ਗਿਣਤੀਆਂ ਦਾ ਕਤਲ ਕਰਨ ਵਾਲੇ ਵੱਧ ਗਿਣਤੀਆਂ ਦੇ ਹਰਮਨ ਪਿਆਰੇ ਬਣ ਕੇ ਵੱਧ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਦੇਸ਼ ਦੇ ਹੁਕਮਰਾਨ ਬਣ ਜਾਂਦੇ ਹਨ, ਉੱਥੇ ਹੀ ਹਮਦਰਦੀ ਦੇ ਮਖੌਟਾਧਾਰੀ ਦੁਸ਼ਮਣ ਘੱਟ ਗਿਣਤੀਆਂ/ਮਜਲੂਮਾਂ ਦਾ ਹਮਦਰਦ ਹੋਣ ਦਾ ਨਾਟਕ ਕਰਕੇ ਘੱਟ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਸੂਬੇ ਦਾ ਹੁਕਮਰਾਨ ਬਣ ਬੈਠਦਾ ਹੈ। ਇਸ ਲਈ ਜਿੱਥੇ ਅਸੀਂ ਸਾਡੇ ਨੰਗੇ ਚਿੱਟੇ ਕਾਤਲ ਨੂੰ ਯਾਦ ਰੱਖਦੇ ਹਾਂ ਉੱਥੇ ਸਾਨੂੰ ਮਖੌਟਾਧਾਰੀ ਦੁਸ਼ਮਣ ਦੀ ਵੀ ਪਹਿਚਾਣ ਕਰਨੀ ਪਵੇਗੀ। ਮਖੌਟਾਧਾਰੀ ਦੁਸ਼ਮਣ ਦੀ ਪਹਿਚਾਣ ਕਰਨ ਨਾਲ ਬੇਸ਼ੱਕ ਪੀੜਤਾਂ ਨੂੰ ਇਨਸਾਫ ਤਾਂ ਨਾ ਮਿਲੇ ਪਰ ਇਨਾ ਕੁ ਫਾਇਦਾ ਜਰੂਰ ਹੋ ਜਾਵੇਗਾ ਕਿ ਮਖੌਟਾਧਾਰੀ ਦੁਸ਼ਮਣ ਸਾਡੇ ਡੂੰਘੇ ਜਖਮਾਂ ਉੱਤੇ ਡਾਹੀ ਕੁਰਸੀ ਦੀ ਨੀਂਹ ਡੂੰਘੀ/ਮਜਬੂਤ ਨਹੀਂ ਬਣਾ ਸਕੇਗਾ ਅਤੇ ਇਨਸਾਫ ਦੇ ਨਾਮ ਉੱਤੇ ਉਚੇੜੇ ਜਾ ਰਹੇ ਜਖਮਾਂ ਦੇ ਦਰਦਾਂ ਤੋਂ ਵੀ ਬਚਿਆ ਜਾ ਸਕਦਾ ਹੈ। ਜੇਕਰ ਪੀੜਤ ਮਖੌਟਾਧਾਰੀ ਦੁਸ਼ਮਣਾਂ ਨੂੰ ਪਹਿਚਾਣ ਲੈਣ । ਜੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਹਮਦਰਦ ਬਣ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਸਮਝਦਾ ਹੈ ਤਾਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਨੂੰ ਮਾਰਨ ਵਾਲੇ ਸਿੱਖਾਂ (ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ) ਜਾਂ ਉਹਨਾਂ ਦੇ ਪਰਿਵਾਰਾਂ ਦੀ ਬਾਦਲ ਨੇ ਕੀ ਮੱਦਦ ਕੀਤੀ ? ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ, ਤਾਂ ਸਿੱਖਾਂ ਦੇ ਹਮਦਰਦੀ ਸਿੰਘਾਂ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਬੇਅੰਤ ਸਿੰਘ ਨੂੰ ਖਤਮ ਕਰ ਦਿੱਤਾ, ਫੇਰ ਬਾਦਲ ਨੇ ਸਿੱਖਾਂ ਦੇ ਦੁਸ਼ਮਣ ਕਾਂਗਰਸੀ ਮੁੱਖ ਮੰਤਰੀ ਨੂੰ ਮਾਰਨ ਵਾਲੇ ਸਿੰਘਾਂ ਦੀ ਜਾਂ ਸਿੰਘਾਂ ਦੇ ਪਰਿਵਾਰਾਂ ਦੀ ਕੀ ਮੱਦਦ ਕੀਤੀ ?

ਜੇ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਤ ਕਰ ਸਕਦੀ ਹੈ ਤਾਂ ਬਾਦਲ ਕਾਂਗਰਸੀਆਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਕਿਉਂ ਨਹੀਂ ਦੇ ਸਕਦਾ ? 2014 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਦਿੱਲੀ ਦੇ ਪੀੜਤਾਂ ਦੇ ਜਖਮ ਉਚੇੜਨ ਵਾਲਿਓ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾਉਣ ਵਾਲਿਓ (ਬਾਦਲੋ ਅਤੇ ਬਾਦਲਾਂ ਦੇ ਚਹੇਤਿਓ) ਤੁਸੀਂ ਸਪੱਸ਼ਟ ਕਰੋ ਕਿ ਤੁਸੀਂ ਸਿੱਖਾਂ ਦੇ ਦੁਸ਼ਮਣ ਕਾਂਗਰਸੀਆਂ ਨਾਲ ਖੜ੍ਹੇ ਹੋ ਜਾਂ ਕਾਂਗਰਸੀਆਂ ਨੂੰ ਮਾਰਨ ਵਾਲਿਆਂ (ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ, ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਆਦਿ) ਨਾਲ ਖੜ੍ਹੇ ਹੋਂ ? ਜੇ ਬਾਦਲ ਸੱਚਮੁੱਚ ਸਿੱਖਾਂ ਦਾ ਹਮਦਰਦ ਹੈ ਤਾਂ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਪਾਰਟੀ ਬੀ.ਜੇ.ਪੀ. ਨਾਲੋਂ ਨਾਤਾ ਤੋੜ ਕੇ. ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲਿਆਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ ਨਹੀਂ ਦੇ ਦਿੰਦਾ ? ਸਿਧਾਰਥ ਸ਼ੰਕਰ ਰੇਅ ਦੀ ਮੌਤ ਤੇ ਦੋ ਦਿਨਾਂ ਦਾ ਸੋਗ ਮਨਾਉਣ ਵਾਲੀ ਪੰਜਾਬ ਦੀ ਬਾਦਲ ਸਰਕਾਰ, ਦਿੱਲੀ ਦੇ ਪੀੜਤਾਂ ਦੇ ਦੁੱਖ ਵਿੱਚ 1 ਤੋਂ 3 ਨਵੰਬਰ ਤੱਕ ਸੋਗ ਦਾ ਐਲਾਨ ਕਿਉਂ ਨਹੀਂ ਕਰ ਦਿੰਦੀ ? ਜੇ ਹੋਰ ਨਹੀਂ ਤਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਤੇ ਤਾਂ ਬਾਦਲ ਦਾ ਹੀ ਕਬਜਾ ਹੈ। ਇੱਥੇ ਤਾਂ ਆਤਿਸ਼ਬਾਜੀ ਅਤੇ ਦੀਪਮਾਲਾ ਬੰਦ ਕੀਤੀ ਜਾ ਸਕਦੀ ਸੀ, ਇੱਥੇਂ ਕਿਹੜੀ ਖੁਸ਼ੀ ਵਿੱਚ ਆਤਿਸ਼ਬਾਜੀ ਕੀਤੀ ਜਾ ਰਹੀ ਹੈ ? ਗੈਰ ਸਿੱਖ ਦੇਸ਼ ਅਮਰੀਕਾ ਤਾਂ ਬੇਗੁਨਾਹ ਸਿੱਖਾਂ ਦੇ ਹੋਏ ਕਾਤਲਾਂ ਦੇ ਸੋਗ ਵੱਜੋਂ ਆਪਣੇ ਦੇਸ਼ ਦੇ ਝੰਡੇ ਨੀਵੇਂ ਕਰ ਸਕਦਾ ਹੈ, ਤੁਸੀਂ ਸਿੱਖ ਕਹਾਉਂਦੇ ਹੋਏ ਆਪਣਿਆਂ ਦੀ ਯਾਦ ਵਿੱਚ ਆਪਣੇ ਕੇਂਦਰੀ ਧਰਮ ਸਥਾਨ ਅੰਦਰ ਬੇਲੋੜੀ ਅਤੇ ਆਪਣੇ ਘਰ ਲਈ ਹਾਨੀਕਾਰਕ ਸਿੱਧ ਹੋ ਰਹੀ ਆਤਿਸ਼ਬਾਜੀ ਵੀ ਨਹੀਂ ਰੋਕ ਸਕਦੇ ?

ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ.ਜੇ.ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮਸ਼ੁਮਾਰੀ ਸਮੇਂ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ ਚਾਹੀਂਦਾ ਸੀ । ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਇਫ” ਵਿੱਚ ਲਿਖਿਆ ਸੀ ਕਿ ਇਹ ਹਮਲਾ ਅਸੀਂ ਨੇ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤਾਂ ਆਰ.ਐਸ.ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ । ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ ।

ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ । ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ । ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ । ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ । ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ । ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ ।

ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ । ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ । ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ । ਇਸ ਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ । ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ ।

ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ । ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ । ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ । ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ । ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ । ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ । ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ । ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ । ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ ।

ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ । ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ । ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ । ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ । ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ । ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ।

ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ । ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ । ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ । ਪੰਜਾਬ ਦੇ ਕਾਲੇ ਦੌਰ ਵਿੱਚ ਬੇਗੁਨਾਹ ਸਿੱਖਾਂ ਉਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ । ਪ੍ਰਕਾਸ਼ ਸਿੰਘ ਬਾਦਲ ਨੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਇਸ ਫਿਲਮ ਤੇ 4 ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ ਸੀ, ਕਦੇ ਸ੍ਰ: ਬਾਦਲ ਨੇ ਅਸ਼ਲੀਲ ਫਿਲਮਾਂ ਜਾਂ ਗਾਣਿਆਂ ਤੇ ਪਾਬੰਦੀ ਕਿਉਂ ਨਹੀਂ ਲਾਈ ? ਸਿੱਖਾਂ ਤੇ ਹੋਏ ਜੁਲਮ ਨੂੰ ਵਿਖਾਉਣ ਨਾਲ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਬਾਇਲ ਫੋਨਾਂ, ਮੈਰਿਜ ਪੈਲੇਸਾਂ ਵਿੱਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ ਨਾਲ ਪੰਜਾਬ ਦਾ ਮਾਹੌਲ ਠੀਕ ਹੁੰਦਾ ਹੈ ? ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ।

ਸਾਡਾ ਹੱਕ ਵਰਗੀਆਂ ਫਿਲਮਾਂ ਹੋ ਸਕਦੈ ਨੌਜਵਾਨਾਂ ਵਿੱਚ ਅਣਖ, ਗੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ ਦੇਣ। ਜਾਗੇ ਹੋਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ । ਇਸੇ ਲਈ ਇਹ ਪੰਜਾਬ ਵਾਸੀਆਂ ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦਾ ਹੈ । ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ ਨੂੰ ਖਬਰ ਲੱਗੀ ਹੈ ਜਿਸ ਵਿੱਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ, ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ । ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ । ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ, ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ ।

ਹੈ ਨਾ ਅਜੀਬ ਗੱਲ ! ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ ? ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ । ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ ? ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ ? ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਤੇ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ ।

ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ ? ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਵੱਲੋਂ ਦਿੱਲੀ ਦੀ ਥਾਂ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਕੀਤੀ ਅਪੀਲ ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੇ ਤਾਂ ਮੰਨ ਲਿਆ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ: ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਬਾਦਲ ਫੇਰ ਵੀ ਸਿੱਖਾਂ ਦਾ ਮਿੱਤਰ ? ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ ? ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ,ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ । ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ ।

ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ । ਪਰ ਦੁੱਖ ਦੀ ਗੱਲ ਹੈ ਕਿ ਨੰਗੇ ਚਿੱਟੇ ਸਿੱਖਾਂ ਦੇ ਕਾਤਲ ਸਿੱਖ ਕੌਮ ਦੇ ਕਾਤਲ ਨੂੰ ਸਿੱਖਾਂ ਨੇ ਹੀ ਅਕਾਲ ਤਖਤ, ਸ਼੍ਰੋ:ਗੁ:ਪ੍ਰ:ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ । ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਮਿਲ ਚੁੱਕੀ ਹੈ । ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਅਤੇ ਬੀ.ਜੇ.ਪੀ. ਨੂੰ ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਦੀ ਥਾਂ ਕੁਰਸੀਆਂ ਮਿਲ ਰਹੀਆਂ ਹਨ ।

ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀਓ ਜਾਗੋ, ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਦੁਸ਼ਮਣ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ ਕਰ ਰਿਹਾ ਹੈ। ਇਹਨਾਂ ਮਖੌਟਾਧਾਰੀ ਦੁਸ਼ਮਣਾਂ (ਭਾਜਪਾ/ਬਾਦਲਾਂ) ਨੂੰ ਕਹੋ ਕਿ ਅਖੌਤੀ ਹਮਦਰਦੋ ਬੱਸ ਕਰੋ ਹੁਣ ਬਹੁਤ ਹੋ ਚੁੱਕਿਆ ਹੈ, ਵੋਟਾਂ ਦੀ ਰਾਜਨੀਤੀ ਵਿੱਚ ਅਜਿਹੀਆਂ ਦਿਲ ਕੰਬਾਂਊ ਫੋਟੋਆਂ ਦੇ ਇਸਤਿਹਾਰ ਦੇ ਕੇ ਸਾਡੇ ਪੀੜਤਾਂ ਦੇ ਜਖਮਾਂ ਨੂੰ ਹੋਰ ਨਾ ਉਚੇੜੋ।

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top