Share on Facebook

Main News Page

ਅਮਰੀਕਾ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੀ ਹੀ ਚੜ੍ਹਤ ਬਰਕਰਾਰ! ਇਸ ਮੁੱਦੇ `ਤੇ ਤੀਜਾ ਸੈਮੀਨਾਰ ਫਰਿਜ਼ਨੋ `ਚ ਹੋਇਆ ਬੇਹੱਦ ਸਫਲ!!

ਦੇਸ਼-ਵਿਦੇਸ਼਼ ਤੋਂ ਮਿਲਿਆ ਜ਼ਬਰਦਸਤ ਹੁੰਗਾਰਾ

ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲਪੁਰ) - ਖਾਲਸਾ ਪੰਥ ਦੀ ਵਿਲੱਖਣ ਪਹਿਚਾਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ `ਤੇ ਡਟ ਕੇ ਪਹਿਰਾ ਦੇਣ ਵਾਲੀਆਂ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ‘ਕਾਂਗਰਸ ਦੇ ਏਜੰਟ` ਢਾਈ ਟੋਟਰੂ ਜਾਂ ਸ੍ਰੀ ਅਕਾਲ ਤਖਤ ਤੋਂ ਬਾਗ਼ੀ ਹੋਣ ਵਾਲੇ ਕਹਿ - ਕਹਿ ਕੇ ਭੰਡਿਆ ਜਾਂਦਾ ਹੈ। ਕਦੇ ਉਨ੍ਹਾਂ ਨੂੰ ‘ਤਲਬ ਕਰਨ` ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪ੍ਰੰਤੂ ਲਗਭਗ ਅੱਸੀਆਂ ਕੁ ਸਾਲਾਂ ਤੋਂ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਤੋਂ ਮੂੰਹ ਮੋੜੀ ਬੈਠੇ ਅਤੇ ਸੰਨ 2003 ਵਿੱਚ ਪੰਥਕ ਜੁਗਤਿ ਅਨੁਸਾਰ ਲਾਗੂ ਹੋਏ ਅਸਲ ਨਾਨਕਸ਼ਾਹੀ ਕੈਲੰਡਰ ਦਾ ਸੱਤ ਸਾਲ ਵਿਰੋਧ ਕਰਦੇ ਰਹੇ ਸਾਧ ਬਾਬਿਆਂ ਉੱਤੇ ਉਪਰੋਕਤ ਲੇਬਲ ਕਿਉਂ ਨਹੀਂ ਚਿਪਕਾਏ ਗਏ? ਉਨ੍ਹਾਂ ਨੂੰ ਕਿਉਂ ਨਹੀਂ ਤਲਬ ਕੀਤਾ ਗਿਆ?

ਇਹ ਰੋਹ ਭਰੇ ਸਵਾਲ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਨੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਜੁੜੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਠਾਏ, ਜਿਥੇ ਕਿ ਬੀਤੇ 9 ਨਵੰਬਰ ਦਿਨ ਸ਼ਨਿਚਰਵਾਰ ਨੂੰ ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਬਾਬਤ ਸੈਮੀਨਾਰ ਆਯੋਜਿਤ ਕੀਤਾ ਗਿਆ। ਬਾਲਟੀਮੋਰ ਅਤੇ ਸਿਆਟਲ ਤੋਂ ਬਾਅਦ ਇਸੇ ਵਿਸ਼ੇ `ਤੇ ਅਮਰੀਕਾ ਵਿੱਚ ਹੋਣ ਵਾਲਾ ਇਹ ਤੀਸਰਾ ਸੈਮੀਨਾਰ ਵੀ ਸਮੂਹ ਪੰਥਕ ਜਥੇਬੰਦੀਆਂ ਅਤੇ ਸਥਾਨਕ ਸਿੱਖ ਆਗੂਆਂ ਦੇ ਭਰਵੇਂ ਸਹਿਯੋਗ ਨਾਲ ਵਰਲਡ ਸਿੱਖ ਫੈਡਰੇਸ਼ਨ ਵੱਲੋਂ ਹੀ ਕਰਵਾਇਆ ਗਿਆ।

ਬਾਅਦ ਦੁਪਹਿਰ 3 ਵਜੇ ਸਟੇਜ ਸਕੱਤਰ (ਗੁਰਦਵਾਰਾ ਸਿੰਘ ਸਭਾ ਫਰਿਜਨੋ) ਗੁਰਪ੍ਰੀਤ ਸਿੰਘ ਮਾਨ ਨੇ ਸੰਕੋਚਵੇਂ ਸ਼ਬਦਾਂ ਰਾਹੀਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦੇ ਕੇ ਪਹਿਲੇ ਬੁਲਾਰੇ ਡਾ. ਗੁਰਮੀਤ ਸਿੰਘ ਬਰਸਾਲ ਨੂੰ ਸੱਦਾ ਦਿੱਤਾ। ਹੌਲੀ-ਹੌਲੀ ਭਰਦੇ ਗਏ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਵਿੱਚ ਚਾਰ ਕੁ ਘੰਟੇ ਚੱਲੇ ਇਸ ਸੰਜ਼ੀਦਾ ਮਾਹੌਲ ਵਾਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਮੂਲ਼ ਨਾਨਕਸ਼ਾਹੀ ਕੈਲੰਡਰ `ਤੇ ਲਗਾਤਾਰ ਆਵਾਜ਼ ਬੁਲੰਦ ਕਰ ਰਹੀਆਂ ਸਮੂਹ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਦੱਸਿਆ ਕਿ ਏ. ਜੀ. ਪੀ. ਸੀ. ਨਾਲ ਸਬੰਧਿਤ ਸਾਰੇ ਗੁਰਦੁਆਰਿਆਂ ਵਿੱਚ ਅਸਲ ਕੈਲੰਡਰ ਅਨੁਸਾਰ ਹੀ ਇਤਿਹਾਸਕ ਪੁਰਬ ਮਨਾਏ ਜਾਂਦੇ ਹਨ। ਇਸੇ ਸੰਸਥਾ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਬੜੇ ਦਰਦ ਭਰੇ ਸ਼ਬਦਾਂ ਰਾਹੀਂ ਦੱਸਿਆ ਕਿ ਜਦੋਂ ਸੰਨ 2010 ਵਿੱਚ ਅਸਲ ਕੈਲੰਡਰ ਨੂੰ ‘ਸੋਧਣ` ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਉਨ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਮੱਕੜ ਨੂੰ ਫੋਨ `ਤੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਸਖ਼ਤ ਮਿਹਨਤ ਨਾਲ ਤਿਆਰ ਹੋਏ ਇਸ ਪੰਥਕ ਕੈਲੰਡਰ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਆਪਣੀ ਬੇਬਸੀ ਦੱਸਦਿਆਂ ਸ. ਮੱਕੜ ਨੇ ਉੱਪ ਮੁੱਖ-ਮੰਤਰੀ ਸੁਖਬੀਰ ਬਾਦਲ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਨਾਲ ਹੀ ਗੱਲ ਕਰੋ, ਮੇਰੇ ਹੱਥ-ਵੱਸ ਕੁਝ ਨਹੀਂ।

ਦਲ ਖਾਲਸਾ ਅਲਾਇੰਸ ਦੇ ਪ੍ਰਮੁੱਖ ਭਾਈ ਪਰਮਜੀਤ ਸਿੰਘ ਦਾਖਾ ਨੇ ਰੋਹ ਭਰੇ ਸ਼ਬਦਾਂ ਰਾਹੀਂ ਸਿੱਖ ਪੰਥ ਦੇ ਕੌਮੀ ਮਸਲਿਆਂ ਵਿੱਚ ਬਿਪਰਵਾਦੀ ਤਾਕਤਾਂ ਦੀ ਘਿਨਾਉਣੀ ਦਖਲ-ਅੰਦਾਜ਼ੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਬਿਪਰ ਤਾਕਤਾਂ ਦੇ ਹੱਥ ਠੋਕੇ ਬਣਨ ਵਾਲੇ ਸਿੱਖ ਭਰਾਵਾਂ ਦੀ ਪਛਾਣ ਕਰਨ `ਤੇ ਜ਼ੋਰ ਦਿੱਤਾ। ਭੂਗੋਲ, ਖਗੋਲ ਅਤੇ ਅੰਕ-ਗਣਿਤ ਦੇ ਮਾਹਰ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ‘ਸਲਾਈਡ-ਸ਼ੋਅ` ਦੀ ਵਰਤੋਂ ਕਰਦਿਆਂ ਸੂਰਜੀ-ਚੰਦਰਮਾ ਕੈਲੰਡਰਾਂ ਦੇ ਨਾਲ-ਨਾਲ ਅਸਲ ਨਾਨਕਸ਼ਾਹੀ ਕੈਲੰਡਰ ਦੀ ਅੰਦਰੂਨੀ ਬਣਤਰ ਦੇ ਅਤਿ-ਮਹੀਨ ਨੁਕਤਿਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਵਾਰ-ਵਾਰ ਬਿਆਨ ਬਦਲਣ ਵਾਲੇ ਵੀਡੀਓ ਕਲਿਪਸ ਦਿਖਾ ਕੇ ਸੰਗਤਾਂ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ।

ਅਖੰਡ ਕੀਰਤਨੀ ਜਥਾ ਯੂ. ਕੇ. ਪ੍ਰਮੁੱਖ ਭਾਈ ਰਜਿੰਦਰ ਸਿੰਘ ਪੁਰੇਵਾਲ ਅਤੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਵਲੋਂ ਭੇਜਿਆ ਗਿਆ ਲਿਖਤੀ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਅਖੰਡ ਕੀਰਤਨੀ ਜਥੇ ਦੀਆਂ 20 ਯੂਰਪੀ ਇਕਾਈਆਂ ਵਲੋਂ ਅਸਲ ਨਾਨਕਸ਼ਾਹੀ ਕੈਲੰਡਰ ਦੀ ਹੀ ਪਾਲਣਾ ਕਰਦੇ ਰਹਿਣ ਦਾ ਅਹਿਦ ਬਿਆਨਿਆ ਹੋਇਆ ਸੀ। ਉੱਘੇ ਸਿੱਖ ਸਕਾਲਰ ਭਾਈ ਅਸ਼ੋਕ ਸਿੰਘ ਬਾਗੜੀਆ ਵਲੋਂ ਭੇਜਿਆ ਗਿਆ ਪ੍ਰਵਾਸੀ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਵਾਲਾ ਪੱਤਰ ਵੀ ਪੜ੍ਹਿਆ ਗਿਆ। ਰੇਡੀਓ ‘ਦਿਲ ਆਪਨਾ ਪੰਜਾਬੀ` ਦੇ ਮਨਜੀਤ ਸਿੰਘ ਪੱਤੜ ਅਤੇ ਸਾਥੀਆਂ ਵਲੋਂ ਸੰਨ 2014 ਲਈ ਨਵਾਂ ਨਾਨਕਸ਼ਾਹੀ ਕੈਲੰਡਰ ਭਾਰੀ ਗਿਣਤੀ `ਚ ਵੰਡਿਆ ਗਿਆ।

ਹੋਰਨਾਂ ਤੋਂ ਇਲਾਵਾ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ -

ਫਰਿਜਨੋ ਸਟੇਟ ਯੂਨੀਵਰਸਟੀ ਦੇ ਸਾਈਂਟਿਸਟ ਡਾ. ਗੁਰੂਮੇਲ ਸਿੰਘ ਸਿੱਧੂ, ਵਰਿੰਦਰ ਸਿੰਘ ਗੋਲਡੀ ਐਲ. ਏ(WSF), ਰੇਸ਼ਮ ਸਿੰਘ ਅਕਾਲੀ ਦਲ ਮਾਨ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਨਵਨੀਤ ਸਿੰਘ ਫਰਿਜਨੋ (WSF), ਮਹਿੰਦਰ ਸਿੰਘ ਸੰਧਾਂਵਾਲੀਆ (ਗੁਰਦੁਆਰਾ ਅਨੰਦਗੜ੍ਹ ਕਰਮਨ), ਸਿਮਰਜੀਤ ਸਿੰਘ ਵਿਰਕ (ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜਨੋ), ਅਮਰੀਕ ਸਿੰਘ ਵਿਰਕ (ਜਨਰਲ ਸਕੱਤਰ ਸੈਂਟਰਲ ਕੈਲੇਫੋਰਨੀਆ ਸਿੱਖ ਕੌਂਸਲ), ਅਵਤਾਰ ਸਿੰਘ ਧਾਮੀ (ਸਿੱਖ ਸਕਾਲਰ), ਚਮਕੌਰ ਸਿੰਘ ਫਰਿਜ਼ਨੋ (ਸਿੰਘ ਸਭਾ ਇੰਟਰਨੈਸ਼ਨਲ), ਅਵਤਾਰ ਸਿੰਘ ਮਿਸ਼ਨਰੀ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ), ਹਰਬਖਸ਼ ਸਿੰਘ ਰਾਊਕੇ (WSF ਸੈਨਹੋਜੇ), ਕੁਲਦੀਪ ਸਿੰਘ ਢੀਂਡਸਾ (ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ), ਸੁਦੇਸ਼ ਸਿੰਘ ਅਟਵਾਲ (ਵਾਈਸ ਪਰੈਜ਼ੀਡੈਂਟ ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ), ਜਸਵੀਰ ਸਿੰਘ ਤੱਖਰ (ਸੀਨੀਅਰ ਵਾਈਸ ਪਰੈਜ਼ੀਡੈਂਟ ਬੇ-ਏਰੀਆ ਸਿੱਖ ਅਲਾਇਂਸ), ਸੁਖਵਿੰਦਰ ਸਿੰਘ ਸੰਘੇੜਾ (ਜਨਰਲ ਸਕੱਤਰ ਇੰਟਰਨੈਸ਼ਨਲ ਸਿੱਖ ਸਭਿਆਰਕ ਸੋਸਾਇਟੀ), ਕੁਲਦੀਪ ਸਿੰਘ ਯੂਬਾ ਸਿਟੀ (ਮਿਸ਼ਨਰੀ ਸਰਕਲ ਕੈਲੇਫੋਰਨੀਆਂ), ਅਵਤਾਰ ਸਿੰਘ ਰੰਧਾਵਾ(ਗੁਰਦਵਾਰਾ ਲੌਡ੍ਹਾਈ) ਅਤੇ ਤਰਲੋਚਨ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ। ਭਾਈ ਗੁਰਨੇਕ ਸਿੰਘ ਬਾਗੜੀ (WSF) ਅਤੇ ਬੀਬੀ ਕਮਲਜੀਤ ਕੌਰ ਲੈਥਰੋਪ (WSF) ਨੇ ਮਤੇ ਪੜ੍ਹੇ, ਜਿਨ੍ਹਾਂ ਵਿੱਚ ਦੇਸ਼-ਵਿਦੇਸ਼ ਦੀਆਂ ਜਾਗਰੂਕ ਸਿੱਖ ਸਭਾ-ਸੁਸਾਇਟੀਆਂ ਅਤੇ ਸਿੱਖ ਸੰਗਤਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇੱਕ ਵੱਖਰੇ ਮਤੇ ਰਾਹੀਂ ਭਾਈ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਪ੍ਰਭਾਵਸ਼ਾਲੀ ਰੋਲ ਅਦਾ ਕਰਨ।

ਇੱਕ ਹੋਰ ਮਤੇ ਰਾਹੀਂ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਹਾਰਦਿਕ ਅਪੀਲ ਕੀਤੀ ਗਈ ਕਿ ਉਹ ਸੌੜੇ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਇਸ ਕੌਮੀ ਕਾਜ਼ `ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀਆਂ ਕੈਲੰਡਰ ਸਬੰਧੀ ਭਾਵਨਾਵਾਂ ਲਿਖਤੀ ਰੂਪ ਵਿੱਚ ਭੇਜਣ। ਹਾਜ਼ਰ ਸੰਗਤਾਂ ਨੇ ਬਾਹਾਂ ਖੜ੍ਹੀਆਂ ਕਰਕੇ ਜੋਸ਼਼ `ਚ ‘ਬੋਲੇ ਸੋ ਨਿਹਾਲ` ਦੇ ਜੈਕਾਰੇ ਗਜਾਉਂਦਿਆਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ।

ਇਸ ਮੌਕੇ ਵਰਲਡ ਸਿੱਖ ਫੈਡਰੇਸ਼ਨ ਦੇ ਹਰਮਿੰਦਰ ਸਿੰਘ ਸੇਖਾ , ਗੁਰਿੰਦਰ ਸਿੰਘ ਅਟਵਾਲ,ਬਾਵਾ ਸਿੰਘ ਲੈਥਰੌਪ ,ਸਰਬਜੀਤ ਸਿੰਘ ਐਲ ਏ,ਰਛਪਾਲ ਸਿੰਘ ਬਾਹੋਵਾਲ,ਜਿੰਦਰਪਾਲ ਸਿੰਘ ਐਲ ਏ,ਹਰਦੀਪ ਸਿੰਘ ਮਾਣਕਰਾਏ, ਸੁਖਦੇਵ ਸਿੰਘ ਅਤੇ ਸਾਥੀਆਂ ਵੱਲੋਂ ਸਟਾਲ ਵੀ ਲਾਇਆ ਗਿਆ, ਜਿੱਥੇ ਭੇਟਾ ਰਹਿਤ ਸੀ. ਡੀਆਂ, ਡੀ. ਵੀ. ਡੀ., ਗੁਰਮਤਿ ਸਾਹਿਤ ਅਤੇ ਨਵੇਂ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਵੀ ਭਾਰੀ ਗਿਣਤੀ `ਚ ਵੰਡਿਆ ਗਿਆ। ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਦੇ ਪ੍ਰਬੰਧਕਾਂ ਦੀ ਇਸ ਕੌਮੀ ਕਾਰਜ ਨੂੰ ਬਾਖੂਬੀ ਨੇਪਰੇ ਚਾੜ੍ਹਨ ਲਈ ਬੁਲਾਰਿਆਂ ਨੇ ਭਰਵੀਂ ਸ਼ਲਾਘਾ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top