Share on Facebook

Main News Page

ਪ੍ਰਸ਼ਾਦ (ਦੇਗ)
-: ਦਲਜੀਤ ਸਿੰਘ ਇੰਡਿਆਨਾ

ਪ੍ਰਸ਼ਾਦ ਦੀ ਸਿੱਖ ਧਰਮ ਵਿਚ ਬਹੁਤ ਅਹਮੀਅਤ ਹੈ। ਗੁਰਬਾਣੀ ਵਿਚ ਪ੍ਰਸ਼ਾਦ ਸ਼ਬਦ ਕਈ ਥਾਂ 'ਤੇ ਆਇਆ ਹੈ "ਜਿਸ ਗੁਰੁ ਪੂਰਾ ਪੂਰਾ ਪਰਸਾਦ ॥੨॥" (ਹੇ ਸਹੇਲੀਓ! ਇਹ ਸਭ ਕੁਝ) ਪੂਰਾ ਗੁਰੂ ਹੀ (ਕਰਨ ਵਾਲਾ ਹੈ, ਇਹ) ਪੂਰੇ (ਗੁਰੂ ਦੀ ਹੀ) ਮਿਹਰ ਹੋਈ ਹੈ ॥੨॥ ਅੰਕ 1143 ਅਤੇ ਹੋਰ ਵੀ ਪ੍ਰਮਾਣ ਹਨ ਜਿਸ ਤਰ੍ਹਾਂ "ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥" ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥ ਅੰਕ 130 ਗੁਰਬਾਣੀ ਅਨੁਸਾਰ ਗੁਰੂ ਦੀ ਕਿਰਪਾ ਨੂੰ ਹੀ ਪ੍ਰਸ਼ਾਦ ਕਿਹਾ ਗਿਆ ਹੈ ।

ਇਸ ਤਰਾਂ ਕਾਫੀ ਖੋਜ ਕਰਨ ਤੋਂ ਬਾਅਦ ਇਹ ਪਤਾ ਲਗਦਾ ਹੈ, ਕਿ ਸੰਗਤ ਵਿਚ ਪ੍ਰਸ਼ਾਦ ਦੀ ਪਰੰਪਰਾ ਕਿਥੋ ਅਤੇ ਕਿਓਂ ਸ਼ੁਰੂ ਹੋਈ ਇਹ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲਦੀ ਦਸਦੇ ਹਨ । ਇਸ ਦਾ ਇਕ ਤਾਂ ਮਕਸਦ ਸੀ, ਕਿ ਬਿਨਾ ਕਿਸੇ ਭੇਦਭਾਵ ਉਚ ਨੀਚ ਤੋਂ ਬਿਨਾ ਸਾਰੇ ਇਕਠੇ ਬੈਠ ਕੇ ਛਕਣ, ਦੂਸਰਾ ਸੀ ਕਿ ਸਿਖ ਤੇ ਖੁਸ਼ੀ ਆਏ, ਚਾਹੇ ਗਮੀ, ਸਿਖ ਨੇ ਰੱਬ ਦਾ ਭਾਣਾ ਮੰਨ ਕੇ ਪ੍ਰਸ਼ਾਦ ਹੀ ਛਕਣਾ ਹੈ । ਜਦੋ ਵੀ ਸਿਖ ਗੁਰਦਵਾਰੇ ਆਵੇ, ਪ੍ਰਸ਼ਾਦ ਛਕੇ ਅਤੇ ਵਾਹਿਗੁਰੂ ਦੇ ਗੁਣ ਗਾਵੇ ।

ਪ੍ਰਸ਼ਾਦ ਦੀ ਪਰੰਪਰਾ ਸਿਰਫ ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿਚ ਸੰਗਤਾਂ ਸਿਰਫ ਬੈਠ ਕੇ ਛਕਣ ਦੀ ਹੈ । ਹੁਣ ਤੁਸੀਂ ਸੋਚੋਗੇ ਪ੍ਰਸ਼ਾਦ ਭਾਵ ਦੇਗ ਬਾਰੇ ਤਾਂ ਸਭ ਨੂੰ ਪਤਾ ਹੀ ਹੈ, ਇਸ ਬਾਰੇ ਇਹ ਦਸਣ ਦੀ ਕੀ ਜ਼ਰੂਰਤ ਸੀ । ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ, ਕਿਉਂਕਿ, ਅਜ ਕੁਝ ਲੋਕਾਂ ਨੇ ਪ੍ਰਸ਼ਾਦ ਦੀ ਰੂਪ ਰੇਖਾ ਹੀ ਬਦਲ ਦਿਤੀ ਹੈ । ਗੁਰਮਤਿ ਵਿਚ ਸਿਰਫ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਵਾਨਗੀ ਹੈ, ਪਰ ਅਜ ਕਲ ਬਹੁਤੇ ਡੇਰਿਆਂ ਵਿਚ ਮਿਸ਼ਰੀ, ਲੱਡੂ ਅਤੇ ਹੋਰ ਮਿਠਾਈਆਂ ਨੂੰ ਵੀ ਪ੍ਰਸ਼ਾਦ ਆਖ ਕੇ ਵਰਤਾਇਆ ਜਾਂਦਾ ਹੈ ਕਈ ਡੇਰਿਆਂ ਵਿਚ ਤਾ ਸ਼ਰਾਬ ਵੀ ਪ੍ਰਸ਼ਾਦ ਆਖ ਕੇ ਵਰਤਾਈ ਜਾਂਦੀ ਹੈ ਨਿਹੰਗ ਸਿੰਘ ਭੰਗ ਅਤੇ ਮੀਟ ਨੂ ਵੀ ਪ੍ਰਸ਼ਾਦ ਦਾ ਨਾਮ ਦਿੰਦੇ ਹਨ । ਜੋ ਗੁਰਮਤ ਦੇ ਉਲਟ ਹੈ ਅਤੇ ਪ੍ਰਸ਼ਾਦ ਦੇ ਨਾਮ 'ਤੇ ਸੰਗਤਾਂ ਨਾਲ ਧੋਖਾ ਹੈ । ਅਜ ਕਲ ਪ੍ਰਸ਼ਾਦ ਦੇ ਨਾਮ 'ਤੇ ਬਹੁਤ ਵੱਡਾ ਧੰਦਾ ਚੱਲ ਰਿਹਾ ਹੈ ।

ਤੁਸੀਂ ਦੇਖੋਗੇ ਕਿ ਬਹੁਤੇ ਸਾਧ ਨਵੇਂ ਡੇਰੇ ਵੱਡੀਆਂ ਸੜਕਾਂ ਦੇ ਨੇੜੇ ਬਣਾਉਂਦੇ ਹਨ, ਇਸ ਦਾ ਕਾਰਨ ਦੇਗ ਅਤੇ ਚਾਹ ਤੋ ਵੱਡੀ ਕਮਾਈ ਹੈ। ਇਥੇ ਡੇਰੇ ਦੇ ਨੇੜੇ ਤੇੜੇ ਇਹ ਗੱਲ ਫੈਲਾ ਦਿਤੀ ਜਾਂਦੀ ਹੈ, ਕਿ ਜਿਹੜਾ ਇਥੇ ਰੁਕ ਕੇ ਨਾ ਗਿਆ, ਤਾਂ ਓਸ ਨੂੰ ਅੱਗੇ ਜਾਕੇ ਹਾਦਸਾ ਪੇਸ਼ ਆ ਸਕਦਾ ਹੈ। ਕੀ ਕਦੇ ਅਸੀਂ ਸੋਚਿਆ ਕਿ ਗੁਰੂ ਸਾਡੇ ਨਾਲ ਇਸ ਤਰ੍ਹਾਂ ਕਰ ਸਕਦਾ ਹੈ? ਇਹਨਾ ਠੱਗਾਂ ਨੇ ਗੁਰੂ ਨੂੰ ਇਕ ਡਰਾਉਣ ਵਾਲੀ ਚੀਜ਼ ਬਣਾ ਦਿਤਾ ਹੈ।

ਜਿਵੇਂ ਉਧਾਰਣ ਵਜੋਂ ਮੋਗੇ ਨੇੜੇ ਦਾਮੁ ਸ਼ਾਹ ਦੀ ਦਰਗਾਹ, ਜਗਰਾਓ ਨੇੜੇ ਨਾਨਕਸਰ ਜਿਥੇ ਸੜਕ 'ਤੇ ਬੈਰੀਕੇਡ ਲਾਕੇ ਜਬਰਦਸਤੀ ਲੋਕਾਂ ਨੂੰ ਰੋਕਿਆ ਜਾਂਦਾ ਹੈ । ਸੰਗਰੂਰ ਨੇੜੇ ਮਸਤੂਆਨਾ ਅਤੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿਚਕਾਰ ਬਾਬਾ ਦੀਪ ਸਿੰਘ ਦਾ ਗੁਰਦਵਾਰਾ ਅਤੇ ਹੋਰ ਅਨੇਕਾਂ ਗੁਰਦਵਾਰੇ, ਜਿਥੇ ਇਹ ਮਿੱਥ ਬਣਾਈ ਹੋਈ ਹੈ ਕਿ ਹਰ ਇਕ ਗੱਡੀ ਨੇ ਇਥੇ ਰੁਕ ਜੇ ਜਾਣਾ ਹੈ । ਜਿਹੜਾ ਵੀ ਰੁਕਿਆ ਦੋ ਚਾਰ ਦਸ ਰੁਪਏ ਵੀ ਟੇਕਕੇ ਜਾਂਦਾ ਹੈ ਅਤੇ ਓਸ ਨੂੰ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ .. ਭਾਂਵੇ ਓਸ ਦਾ ਸਿਰ ਨੰਗਾ ਹੈ, ਭਾਂਵੇ ਓਸ ਨੇ ਜੁਤੀ ਪਾਈ ਹੋਈ ਹੈ .. ਓਸ ਨੂੰ ਸੰਗਤੀ ਰੂਪ ਵਿਚ ਬੈਠਣ ਦੀ ਲੋੜ ਨਹੀਂ, ਬੱਸ ਦੂਰੋਂ ਪੈਸੇ ਚਲਾ ਕੇ ਮਾਰੋ ਅਤੇ ਪ੍ਰਸ਼ਾਦ ਲੈਕੇ ਖਾਂਦੇ ਆਵੋ .. ਇਸ ਤਰਾਂ ਧਰਮ ਦੇ ਨਾਮ 'ਤੇ ਬਹੁਤ ਵੱਡਾ ਗੋਰਖ ਧੰਦਾ ਚਲ ਲਿਆ ਹੈ, ਚਾਲਾਕ ਲੋਕਾਂ ਨੇ ..

ਇਕ ਵਾਰ ਅਸੀਂ ਦਿਲੀ ਜਾਂਦੇ ਸੀ ਅਤੇ ਗੱਡੀ ਕਿਰਾਏ 'ਤੇ ਸੀ, ਗੱਡੀ ਦੇ ਡ੍ਰਾਈਵਰ ਨੇ ਮਸਤੁਆਨੇ ਡੇਰੇ ਦੇ ਅੱਗੇ ਗੱਡੀ ਰੋਕ ਲਈ। ਮੈਂ ਕਿਹਾ ਕੀ ਹੋਇਆ ਕਹਿੰਦਾ ਬਾਈ ਜੀ ਦੇਗ ਕਰਵਾ ਦੇਈਏ, ਮੈਂ ਵੀ ਉਤਰ ਗਿਆ ਅਤੇ ਓਥੇ ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਨਿਕੀ ਜਿਹੀ ਬਾਰੀ ਵਿਚ ਡ੍ਰਾਈਵਰ ਨੇ ਦਸ ਰੁਪਈਏ ਦਿੱਤੇ ਅਤੇ ਭਾਈ ਨੇ ਪੱਤੇ ਉਪਰ ਥੋੜਾ ਜਿਹਾ ਪ੍ਰਸ਼ਾਦ ਪਾਕੇ ਦੇ ਦਿਤਾ। ਮੈਂ ਵੀ ਆਦਤ ਤੋਂ ਮਜਬੂਰ ਪਿਛੇ ਚਲਾ ਗਿਆ ਅਤੇ ਕਿਹਾ ਮੱਥਾ ਟੇਕਣਾ ਹੈ, ਗੁਰੂ ਗਰੰਥ ਸਾਹਿਬ ਕਿਥੇ ਹੈ? ਕਹਿੰਦਾ ਬਾਈ ਜੀ ਓਹ ਤਾਂ ਕਾਫੀ ਪਿੱਛੇ ਗੁਰਦਵਾਰਾ ਸਾਹਿਬ ਵਿੱਚ ਹੈ। ਤੇ ਮੈਂ ਭਾਈ ਨੂੰ ਕਿਹਾ ਫੇਰ ਤੂੰ ਇਥੇ ਦੇਗ ਕਿਹੜੀ ਖੁਸ਼ੀ ਵਿਚ ਦੇਈ ਜਾਂਦਾ ਹੈਂ? ਜਦੋਂ ਗੁਰੂ ਗਰੰਥ ਸਾਹਿਬ ਜੀ ਤਾਂ ਇਥੇ ਸ਼ੁਸ਼ੋਭਿਤ ਨਹੀਂ ਹਨ। ਓਹ ਮੇਰੇ ਮੁੰਹ ਵੱਲ ਦੇਖੇ। ਇਹ ਇਕ ਉਧਾਰਨ ਹੈ ਇਹੋ ਜਿਹੀਆਂ ਹਜ਼ਾਰਾਂ ਉਧਾਰਨਾਂ ਹਨ, ਜਿਥੇ ਪ੍ਰਸ਼ਾਦ ਨੂੰ ਦੁਕਾਨਾ ਦੀ ਤਰ੍ਹਾਂ ਵੇਚ ਕੇ ਪੈਸਾ ਕਮਾਇਆ ਜਾ ਰਿਹਾ ਹੈ ।

ਹੁਣ ਗੱਲ ਕਰਦੇ ਹਾਂ ਸ਼ਿਰੋਮਣੀ ਕਮੇਟੀ ਦੇ ਅਧੀਨ ਗੁਰਦਵਾਰਿਆਂ ਵਿਚ ਪ੍ਰਸ਼ਾਦ ਦੇ ਨਾਮ 'ਤੇ ਕਮਾਈ ਅਤੇ ਘੱਪਲਿਆਂ ਦੀ, ਜਿਹੜੇ ਇਨ੍ਹਾਂ ਗੁਰਦਵਾਰਿਆਂ ਵਿਚ ਦੇਗ ਦੀਆਂ ਪਰਚੀਆਂ ਕਟਦੇ ਹਨ। ਓਹਨਾ ਨੇ ਸਿਰਫ ਪਰਚੀਆਂ ਕੱਟ ਕੱਟ ਕੇ ਲੱਖਾਂ ਰੁਪਈਏ ਕਮਾਏ ਹਨ। ਹੁਣ ਤੁਸੀਂ ਸੋਚੋਗੇ ਕਿ ਪਰਚੀ ਕਟਣ ਵਾਲੇ ਨੇ ਇਨੇ ਪੈਸੇ ਕਿਵੇਂ ਕਮਾਏ? ਉਧਾਰਨ ਵਜੋਂ, ਇਹ ਇਸ ਤਰਾਂ ਕਮਾਈ ਕਰਦੇ ਹਨ? ਜੇਕਰ ਕਿਸੇ ਨੇ ਸੌ ਰੁਪਈਏ ਦੀ ਦੇਗ ਕਾਰਵਾਈ, ਇਹਨਾ ਨੇ ਸੌ ਦੀ ਇਕ ਪਰਚੀ ਨਹੀਂ ਕਟਣੀ, ਇਹਨਾ ਨੇ ਦਸਾਂ ਦਸਾਂ ਦਿਆਂ ਨੌਂ ਪਰਚੀਆਂ ਕਟਕੇ, ਦੇਗ ਦੇ ਵਿਚ ਖੁਭੋ ਦੇਣੀਆਂ ਹਨ॥ ਪ੍ਰਸ਼ਾਦ ਦੇ ਘਿਓ ਨਾਲ ਲੱਥ ਪੱਥ ਇਹ ਪਰਚੀਆਂ ਪੜ੍ਹਨ ਯੋਗ ਨਹੀਂ ਰਹਿੰਦੀਆਂ। ਆਪਣੇ ਵਿਚੋਂ ਬਹੁਤੇ ਲੋਕ ਇਹ ਦੇਖਦੇ ਹੀ ਨਹੀਂ, ਜਦੋਂ ਅੱਗੇ ਜਾਕੇ ਇਕ ਹੋਰ ਸਿੰਘ ਖੜਾ ਹੁੰਦਾ, ਓਹ ਪਰਚੀਆਂ ਚੁੱਕ ਕੇ ਇਕ ਕੂੜੇਦਾਨ ਵਿਚ ਆਪ ਹੀ ਪਾ ਦਿੰਦਾ ਹੈ, ਹੋ ਗਈ ਨਾ ਦਸ ਰੁਪਈਆਂ ਦੀ ਕਮਾਈ!!! ਇਹ ਸਿਰਫ ਉਧਾਰਨ ਹੈ, ਇਹ ਪ੍ਰਸ਼ਾਦ ਦੀਆਂ ਪਰਚੀਆਂ ਕੱਟਣ ਵਾਲੇ ਹਜ਼ਾਰਾਂ ਰੁਪਇਆ ਜੇਬ੍ਹ ਵਿੱਚ ਪਾਕੇ ਉਠਦੇ ਹਨ ਹਰ ਰੋਜ ।

ਹੁਣ ਦਰਬਾਰ ਸਾਹਿਬ ਵਿਚ ਪ੍ਰਸ਼ਾਦ ਭਾਵ ਦੇਗ ਦਾ ਠੇਕਾ ਇਕ ਪ੍ਰਾਇਵੇਟ ਕੰਪਨੀ ਕੋਲ ਹੈ। ਪਹਿਲਾਂ ਜਿਹੜੇ ਲੋਕ ਦਰਬਾਰ ਸਾਹਿਬ ਜਾਂਦੇ ਸੀ, ਜਦੋਂ ਓਹ ਪ੍ਰਸ਼ਾਦ ਲੈਕੇ ਜਾਂਦੇ ਸੀ, ਤਾਂ ਅੱਗੇ ਖੜਾ ਸੇਵਾਦਾਰ ਅਧੀ ਦੇਗ ਰੱਖ ਲੈਂਦਾ, ਅੱਧੀ ਦੇਗ ਮੋੜ ਦਿੰਦਾ ਸੀ। ਪਰ ਹੁਣ ਜਦੋਂ ਤੁਸੀਂ ਜਾਓਗੇ, ਓਹ ਤੁਹਾਨੂੰ ਥੋੜੀ ਜਿਹੀ ਦੇਗ ਵਾਪਿਸ ਕਰਨਗੇ, ਬਾਕੀ ਰਖ ਲੈਂਦੇ ਹਨ, ਕਿਓੁਂਕਿ ਓਹੀ ਦੇਗ ਵਾਪਿਸ ਫੇਰ ਪਰਚੀਆਂ ਕੱਟਣ ਵਾਲਿਆਂ ਕੋਲ ਚਲੀ ਜਾਂਦੀ ਹੈ । ਇਸ ਤਰਾਂ ਦੂਹਰੀ ਕਮਾਈ ਕਰ ਰਹੀ ਹੈ ਇਹ ਕੰਪਨੀ। ਕਰੇ ਵੀ ਕਿਓਂ ਨਾ, ਅਗਲਿਆਂ ਨੇ ਠੇਕਾ ਨਹੀਂ ਦਿੱਤਾ!!! ਇਹ ਕੰਪਨੀ ਦੇਗ ਵੀ ਇਸ ਤਰ੍ਹਾਂ ਤਿਆਰ ਕਰਦੀ ਹੈ, ਕਿ ਪਹਿਲਾਂ ਆਟਾ ਪੂਰੀ ਤਰਾਂ ਬਿਨਾ ਘਿਓੁ ਤੋਂ ਹੀ ਭੁੰਨਦੇ ਹਨ। ਅਖੀਰ ਵਿੱਚ ਘਿਓ ਪਾਉਂਦੇ ਹਨ, ਇਸ ਤਰਾਂ ਜਿਹੜਾ ਆਟਾ ਓਹ ਜਿਆਦਾ ਘਿਓ ਨਹੀਂ ਪੀਂਦਾ। ਤੁਸੀਂ ਦੇਖਿਆ ਹੋਵੇਗਾ ਦੇਗ ਵਿਚੋ ਘਿਓ ਅਲਗ ਹੀ ਫਿਰਦਾ ਹੁੰਦਾ ਹੈ, ਸਾਨੂ ਲਗਦਾ ਹੈ ਕਿ ਦੇਖੋ ਦੇਗ ਵਿਚ ਕਿੰਨਾ ਘਿਓ ਹੈ। ਅਸਲ ਵਿਚ ਇਹ ਟਰਿੱਕ ਹੈ, ਘਿਓ ਦੀ ਬਚਤ ਕਰਨ ਦਾ

ਸੋ, ਇਸ ਤਰਾਂ ਸ਼੍ਰੋਮਣੀ ਕਮੇਟੀ ਨੇ ਪੈਸਾ ਕਮਾਉਣ ਦੀ ਖਾਤਿਰ ਇਸ ਦਾ ਠੇਕਾ ਦਿੱਤਾ ਹੋਇਆ ਹੈ। ਹੁਣ ਤਾਂ ਹਿੰਦੂ ਤੀਰਥ ਅਸਥਾਨਾਂ ਦੀ ਤਰ੍ਹਾਂ ਪਿੰਨੀ ਪ੍ਰਸ਼ਾਦ ਵੀ ਵੇਚਿਆ ਜਾ ਰਿਹਾ ਹੈ ਅਤੇ ਜੇਕਰ ਕਿਸੇ ਨੇ ਡਾਕ ਰਾਹੀਂ ਪ੍ਰਸ਼ਾਦ ਮੰਗਵਾਉਣਾ ਹੈ, ਓਹ ਵੀ ਮੰਗਵਾ ਸਕਦਾ ਹੈ। ਸੋ, ਜਿਸ ਮਕਸਦ ਵਾਸਤੇ ਪ੍ਰਸ਼ਾਦ ਦੀ ਪਰੰਪਰਾ ਚਲਾਈ ਸੀ, ਓਸਨੂੰ ਇਹਨਾ ਧਰਮ ਦੇ ਠੇਕੇਦਾਰਾਂ ਨੇ ਕਮਾਈ ਦਾ ਸਾਧਣ ਬਣਾ ਲਿਆ ਹੈ। ਅਜ ਤੁਹਾਡੇ ਨਾਲ ਵਿਚਾਰ ਕੀਤੀ ਹੈ ਪ੍ਰਸ਼ਾਦ ਦੇ ਨਾਮ 'ਤੇ ਹੋ ਰਹੀ ਲੁੱਟ ਬਾਰੇ। ਪ੍ਰਸ਼ਾਦ ਦਾ ਓਹੀ ਹੈ, ਜੋ ਸੰਗਤੀ ਰੂਪ ਵਿੱਚ ਵਰਤੇ, ਜਦੋ ਗੁਰੂ ਗਰੰਥ ਸਾਹਿਬ ਪ੍ਰਕਾਸ਼ ਹੋਣ .. ਸੜਕਾਂ ਤੋਂ ਇਸ ਤਰਾਂ ਖਰੀਦਿਆਂ ਪ੍ਰਸ਼ਾਦ ਨਹੀਂ, ਇਕ ਮਿਠਾਈ ਹੈ, ਹੋਰ ਕੁੱਝ ਨਹੀਂ।

ਸੋ ਇਸ ਨੂੰ ਵਹਿਮ ਜਾਂ ਕਰਮਕਾਂਡ ਨਾ ਬਨਾਓ ਅਤੇ ਇਹਨਾ ਚੀਜਾਂ ਪਿਛੇ ਆਪਣੀ ਲੁੱਟ ਨਾ ਕਰਵਾਓ। ਇਸ ਲੇਖ ਦਾ ਮਕਸਦ ਪ੍ਰਸ਼ਾਦ 'ਤੇ ਕਿੰਤੂ ਕਰਨਾ ਨਹੀਂ, ਸਿਰਫ ਸੰਗਤਾਂ ਨੂੰ ਜਾਣਕਾਰੀ ਦੇਣਾ ਹੈ, ਕਿ ਕਿਸ ਤਰ੍ਹਾਂ ਧਰਮ ਦੇ ਪੁਜਾਰੀ, ਹਰ ਇੱਕ ਗੁਰੂ ਵਲੋਂ ਦਿੱਤੀ ਚੀਜ਼ ਨੂੰ ਕਰਮਕਾਂਡ ਬਣਾ ਕੇ, ਲੋਕਾਂ ਦੇ ਦਿਲਾਂ ਵਿੱਚ ਵਹਿਮ ਭਰਮ ਬਿਠਾ ਕੇ ਕਮਾਈ ਕਰਦੇ ਹਨ। ਸਾਡਾ ਉਦੇਸ਼ ਲੋਕਾਂ ਨੂੰ ਕਹਿਣਾ ਹੈ ਜਾਗਦੇ ਰਹੋ, ਜਾਗਦੇ ਰਹੋ ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top