Share on Facebook

Main News Page

ਸੰਤ ਫ਼ਤੇਹ ਸਿੰਘ ਬਨਾਮ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ
-: ਕੁਲਵਿੰਦਰ ਸਿੰਘ

ਉਂਝ ਤੇ ਸਿੱਖ ਧਰਮ ਵਿਚ ਅੱਜ ਇਹ ਗਲ ਕੋਈ ਨਿਵੇਕਲੀ ਨਹੀਂ, ਕੀ ਕਿਸ ਤਰਾਂ ਅੱਜ ਸਾਡੇ ਸੰਪਰਦਾਇਕ ਪ੍ਰਚਾਰਕ ਵੀਰ ਕਿਵੇ ਕੌਮ ਲਈ ਆਪਾ ਵਾਰਣ ਵਾਲੇ ਜੋਧਿਯਾਂ ਦੀਆਂ ਕੁਰਬਾਨੀਆਂ ਨੂੰ ਭੁਲ ਕੇ ਸਿਰਫ ਤੇ ਸਿਰਫ ਆਪਣੇ ਮਹਾਪੁਰਸ਼ਾਂ ਦੀਆਂ ਬਰਸੀਆਂ ਮਨਾਉਣ ਲਗੇ ਹੋਏ ਹਨ। ਅਤੇ ਰਹਿੰਦੀ ਕਸਰ ਹਿੰਦੁਸਤਾਨ ਦਾ ਮੀਡਿਆ ਪੂਰੀ ਕਰ ਦਿੰਦਾ ਹੈ। ਓਹਨਾ ਨੇ ਤੇ ਸਿੱਖ ਕੌਮ ਦੇ ਗੱਦਾਰਾਂ ਨੂੰ ਹੀਰੋ ਬਣਾਕੇ ਪੇਸ਼ ਕਰਨ ਦੀ ਸਹੁੰ ਖਾਦੀ ਹੋਈ ਹੈ। ਪਰ ਦੁਖ ਤੇ ਉਦੋਂ ਹੁੰਦਾ ਹੈ ਜਦੋ ਸਾਡੇ ਪੰਥਿਕ ਕਹਾਉਣ ਵਾਲੇ ਵੀਰ ਵੀ ਉਹਨਾ ਸੋਧਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦਿੰਦੇ ਹਨ।

ਹੁਣ ਗਲ ਸ਼ੁਰੂ ਕਰਦੇ ਹਾਂ ਉਸ ਅਖੌਤੀ ਸੰਤ ਫ਼ਤੇਹ ਸਿੰਘ ਦੀ ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ, ਇਕ ਪਾਸੇ ਤੇ ਓਹ ਪਾਖੰਡੀ ਸੰਤ ਫ਼ਤੇਹ ਸਿੰਘ ਜਿਸ ਦੀਆਂ ਕਰਤੂਤਾਂ ਸਦਕਾ ਸਾਡਾ ਅੱਜ ਦਾ ਪੰਜਾਬ ਇਕ ਪੰਜਾਬੀ ਸੂਬੀ ਦੇ ਰੂਪ 1 ਨਵੰਬਰ 1966 ਚ ਸਾਡੇ ਮਥੇ ਮੜ ਦਿਤਾ ਗਿਆ। ਕਿਓਂਕਿ ਠੀਕ ਉਸ ਵਕ਼ਤ ਜਦੋਂ ਕੀ ਕਮਿਸ਼ਨ ਪੰਜਾਬੀ ਸੂਬੇ ਦੀ ਹਦਬੰਦੀ ਕਰ ਰਿਹਾ ਸੀ, ਉਦੋਂ ਸਿੱਖ ਕੌਮ ਦਾ ਪੈਰੋਕਾਰ ਕਹਾਉਣ ਵਾਲਾ ਇਹ ਪਾਖੰਡੀ ਸੰਤ ਇੰਗ੍ਲੈੰਡ ਸੈਰ ਕਰਨ ਵਾਸਤੇ ਚਲਾ ਗਿਆ ਤੇ ਵਾਪਿਸ ਪੰਜਾਬ ਪਰਤ ਕੇ ਇਸ ਨੇ ਮੰਜੀ ਸਾਹਿਬ ਤੋ ਐਲਾਨ ਕੀਤਾ ਕੀ ਉਹ ਪੰਜਾਬੀ ਸੂਬੇ ਨੂੰ ਪ੍ਰਵਾਨ ਕਰਦੇ ਹਨ ਅਤੇ ਰਹਿੰਦੀ ਕਸਰ ਨੂੰ ਸਰਕਾਰ ਨਾਲ ਗਲਬਾਤ ਰਾਹੀਂ ਪੂਰਾ ਕਰਵਾਣਗੇ।

ਪਰ ਏਸ ਫੈਸਲੇ ਤੋਂ ਸਿੱਖਾਂ ਵਿਚ ਭਾਰੀ ਨਿਰਾਸਤਾ ਫੈਲ। ਫੇਰ ਜਦੋਂ ਗ੍ਰਹ ਵਿਭਾਗ ਦੇ ਰਾਜ ਮੰਤਰੀ ਨੇ ਉਸੇ ਦਿਨ ਲੋਕ ਸਭਾ ਵਿਚ ਇਕ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕੀ "ਹੁਣ ਹੱਦਬੰਦੀ ਬਾਰੇ ਕਿਸੇ ਗਲ ਦੀ ਸੰਭਾਵਨਾ ਨਹੀਂ” ਉਦੋ ਸੰਤ ਫ਼ਤੇਹ ਸਿੰਘ ਨੂੰ ਭੱਜਣ ਦਾ ਰਾਹ ਨਾ ਲਭ। ਓਹਨਾ ਮਜਬੂਰ ਹੋਕੇ ਆਪਣੇ ਅਕਾਲੀ ਦਲ ਵਲੋਂ 20 ਨਵੰਬਰ 1966 ਨੂੰ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਫੇਰ ਛੇਤੀ ਹੀ 17 ਦਿਸੰਬਰ ਤੋਂ ਅਰਦਾਸਾ ਕਰਕੇ ਭੁਖ ਹੜਤਾਲ ਸ਼ੁਰੂ ਕਰ ਦਿਤੀ ਅਤੇ 27 ਦਿਸੰਬਰ ਤਕ ਪੰਜਾਬ ਨਾਲ ਹੋਈ ਨਾ-ਇਨਸਾਫੀ ਦੂਰ ਨਾ ਹੋਣ ਦੀ ਸੂਰਤ ਵਿਚ ਸੜ ਮਰਨ ਦਾ ਪ੍ਰਣ ਕੀਤਾ। ਓਹਨਾ ਦੇ ਛੇ ਚੇਲੇਆਂ ਨੇ ਬਾਬਾ ਜੀ ਤੋ ਇਕ ਦਿਨ ਪਹਿਲਾਂ ਅਰਥਾਤ 26 ਦਿਸੰਬਰ ਨੂੰ ਸੜ ਮਰਣ ਦਾ ਪ੍ਰਣ ਸ਼੍ਰੀ ਅਕਾਲ ਤਖ਼ਤ ਤੇ ਹਜੂਰ ਅਰਦਾਸਾ ਕਰਕੇ ਕੀਤਾ। ਇਹਨਾ ਪਖੰਡੀਆਂ ਨੇ ਗੁਰਮਤ ਮਰਿਆਦਾ ਦੇ ਉਲਟ ਅਕਾਲ ਤਖ਼ਤ ਸਾਹਿਬ ਤੇ ਆਪਣੇ ਸੜ ਮਰਣ ਲਈ ਅਗਨੀ ਕੁੰਡ ਵੀ ਤਿਆਰ ਕਰਵਾ ਲਏ। ਕਈ ਸਿਆਸੀ ਚਾਲਾਂ ਚਲੀਆਂ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਸੜ ਮਰਣ ਦਾ ਦਿਨ ਨੇੜੇ ਆਉਂਦਾ ਦੇਖ, ਸੰਤ ਫ਼ਤੇਹ ਸਿੰਘ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਬਾ-ਰਸੂਖ ਠੇਕੇਦਾਰ ਮਿਤਰਾਂ ਰਾਹੀਂ ਹੁਕਮ ਸਿੰਘ ਸਪੀਕਰ ਲੋਕ ਸਭਾ ਨਾਲ ਗੰਡ ਤੁਪ ਕਰਨੀ ਪਈ। ਸੰਤ ਫ਼ਤੇਹ ਸਿੰਘ ਤੇ ਉਸ ਦੇ ਚੇਲੇਆਂ ਦੇ ਸੜ ਮਰਣ ਦਾ ਦਿਨ ਨੇੜੇ ਆਉਂਦਾ ਦੇਖ, ਇਕ ਖਾਸ ਕਿਰਾਏ ਤੇ ਕੀਤੇ ਜਹਾਜ ਰਹੀ ਹੁਕੂਮ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਠੀਕ ਉਸ ਵਕ਼ਤ ਜਦੋਂ ਸੰਗਤਾਂ ਇਹਨਾ ਪਖੰਡੀਆਂ ਨੂੰ ਸੇਜਲ ਅਖਾਂ ਨਾਲ ਵਿਦਾਇਗੀ ਦੇਣ ਨੂੰ ਤਿਆਰ ਬੈਠੀਆਂ ਸੀ, ਅਚਾਨਕ ਵੇਖਦਿਆਂ ਵੇਖਦਿਆਂ ਸੀਨ ਬਦਲ ਗਿਆ। ਹੁਕੂਮ ਸਿੰਘ ਦੇ ਨਿੱਜੀ ਵਿਸ਼ਵਾਸ਼ 'ਤੇ ਕੀ ਫੈਸਲਾ ਪੰਜਾਬ ਦੇ ਹਕ਼ ਵਿਚ ਹੋਵੇਗਾ, ਫ਼ਤੇਹ ਸਿੰਘ ਦਲ ਦੀ ਵਰਕਿੰਗ ਕਮੇਟੀ ਨੇ ਵਰਤ ਤੋੜਨ ਦਾ ਫੈਸਲਾ ਕਰ ਲਿਆ। ਸੰਗਤ ਵਿਚ ਤਜਵੀਹ ਰੱਖੀ ਗਈ ਤਾਂ ਆਵਾਜ ਸਰਬਸੰਮਤੀ ਨਾਲ ਆਈ "ਨਹੀਂ ਮਨਜੂਰ, ਬਿਲਕੁਲ ਨਹੀਂ ਪਰਵਾਨ"। ਝੱਟਪਟ ਸਿੱਖਾਂ ਦੇ ਪੋਪ ਪਾਖੰਡੀ ਸਾਧ ਨੇ ਫ਼ਤਵਾ ਦੇ ਦਿੱਤਾ ਕੀ ਇਹ ਗੁਰੂ ਰੂਪ ਸਾਧ ਸੰਗਤ ਨਹੀਂ, ਇਹ ਮਾਸਟਰ ਤਾਰਾ ਸਿੰਘ ਦੇ ਬੰਦੇ ਹਨ ਤੇ ਇਸ ਦੇ ਚੇਲੇਆਂ ਨੇ ਸੰਗਤਾਂ ਤੇ ਡਾਂਗਾਂ ਸੋਟਿਆਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿਤਾ।

ਦੂਜੇ ਪਾਸੇ ਕੌਮ ਦਾ ਉਹ ਬੁਢ਼ਾ ਜਰਨੈਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜਿਹਨੂੰ ਜੇਕਰ "ਸਿੱਖ ਹੋਮਲੈੰਡ ਦੀ ਪ੍ਰਾਪਤੀ ਲਈ ਸ਼ਹੀਦ ਹੋਣ ਵਾਲਾ ਪਹਲਾ ਸਹੀਦ ਵੀ ਕਹ ਲਈਏ ਤੇ ਕੋਈ ਅਤਕਥਨੀ ਨਹੀਂ ਹੋਵੇਗੀ" ਜਿਸਨੇ ਸਿਰਫ ਇਸ ਕਰਕੇ ਸ਼ਹਾਦਤ ਦਿਤੀ ਕੀ ਉਹ ਕਾਲਖ ਜਿਹੜੀ ਅਕਾਲ ਤਖ਼ਤ ਦੇ ਹਜੂਰ ਜਿਓੰਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਕਾਇਰ ਗੁਰੂ ਤੋਂ ਬੇਮੁਖ ਤੇ ਪੰਥ ਦੇ ਭਗੋੜੇ ਅਖੌਤੀ ਲੀਡਰਾਂ ਨੇ ਪੰਥ ਦੇ ਉਜ਼ਲ ਮੁਖ ਤੇ ਮਲੀ ਹੈ ਉਹ ਧੋਤੀ ਜਾਏ। 1 ਅਗਸਤ 1969 ਨੂੰ ਰਇਆ ਮੰਡੀ ਵਿਚ ਇਕ ਕਾਨਫਰੰਸ ਕਰਕੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਕਰ ਦਿਤਾ ਕੀ ਉਹ 15 ਅਗਸਤ 1969 ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਸ਼੍ਰੀ ਅਕਾਲ ਤਖ਼ਤ ਦੇ ਹਜੂਰ ਉਹੋ ਅਰਦਾਸਾ ਕਰੇਗਾ, ਜਿਹੜਾ ਫ਼ਤੇਹ ਸਿੰਘ ਤੇ ਉਸ ਦੇ ਸਾਥੀ ਕਈ ਵਾਰ ਕਰਕੇ ਕਾਇਰਾਂ ਵਾਂਗ ਤੋੜ ਚੁੱਕੇ ਹਨ। ਇਸ ਤੋਂ ਉਪਰਾਂਤ ਉਹ ਅਖੰਡ ਮਰਨ ਵਰਤ ਧਾਰਨ ਕਰ ਲੈਣਗੇ ਅਤੇ ਯਾ ਅਰਦਾਸਾ ਪੂਰਾ ਹੋਵੇਗਾ ਯਾ ਉਹ ਆਪਣੀ ਜਾਨ ਉਤੇ ਖੇਡ ਜਾਣਗੇ। ਪਰ 9 ਅਗਸਤ ਨੂੰ ਕਿਸੇ ਮਾਮੂਲੀ ਆਦਮੀ ਗੁਰਦਿਤ ਸਿੰਘ ਨੇ ਬਿਆਸ ਦੇ ਥਾਣੇ ਵਿਚ ਇਕ ਰਪਟ ਦਰਜ ਕਰਵਾ ਦਿਤੀ ਕੀ ਦਰਸ਼ਨ ਸਿੰਘ ਫੇਰੂਮਾਨ ਸੰਤ ਫ਼ਤੇਹ ਸਿੰਘ ਨੂੰ ਖੁਲਮ ਖੁੱਲਾ ਪਾਖੰਡੀ ਤੇ ਧੋਖੇਬਾਜ ਸਾਧ ਕਹਿੰਦਾ। ਜਿਸ ਤੇ ਕਾਰਵਾਈ ਕਰਦੇਆਂ 12 ਅਤੇ 13 ਅਗਸਤ ਦੀ ਰਾਤ ਨੂੰ, ਐਨ ਅਧੀ ਰਾਤ ਦੇ ਸਮੇ ਪੰਜਾਬ ਪੁਲਿਸ ਦੀ ਇਕ ਧਾੜ ਨੇ ਸਰਦਾਰ ਦਰਸ਼ਨ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਿਫਤਾਰ ਕਰਕੇ ਉਨਾਂ ਨੂੰ ਅੰਮ੍ਰਿਤਸਰ ਦੀ ਜੇਲ ਵਿਚ ਸੁੱਟ ਦਿੱਤਾ ਗਿਆ।

15 ਅਗਸਤ 1969 ਨੂੰ ਪੂਰੇ ਚਾਰ ਵਜੇ ਸ਼ਾਮ, ਜਿਵੇਂ ਕੀ ਫੇਰੂਮਾਨ ਜੀ ਨੇ ਪਹਿਲਾਂ ਹੀ ਨਿਸ਼ਚਾ ਕੀਤਾ ਹੋਇਆ ਸੀ, ਉਨਾਂ ਨੇ ਉਹੋ ਅਰਦਾਸਾ ਕਰਕੇ, ਜਿਹੜਾ ਕੀ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ਼੍ਰੀ ਅਕਾਲ ਤਖ਼ਤ ਦੇ ਹਜੂਰ ਕਰਨਾ ਸੀ, ਆਪਣਾ ਅਖੰਡ ਮਰਨ ਵਰਤ ਆਰੰਭ ਦਿੱਤਾ।

16 ਅਗਸਤ ਨੂੰ ਅਤੇ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਤੇ ਨਿਰੰਤਰ ਭੰਡੀ ਪ੍ਰਚਾਰ ਇਸ ਮਹਾਨ ਸ਼ਹੀਦ ਦੇ ਵਿਰੁਧ ਸਾਧ ਫ਼ਤੇਹ ਸਿੰਘ ਨੇ ਸ਼ੁਰੂ ਕਰਵਾ ਦਿੱਤਾ ਤੇ ਮੁੜ ਮੁੜ ਇਹ ਸਾਧ ਤੇ ਏਹਦੇ ਜੁੰਡੀਦਾਰ ਇਹੋ ਕਹੀ ਜਾਣ ਕੀ ਦਰਸ਼ਨ ਸਿੰਘ ਫੇਰੂਮਾਨ ਫ਼ਤੇਹ ਸਿੰਘ ਦੀ ਲੀਡਰੀ ਤੋੜਨਾ ਚਾਹੁੰਦਾ ਹੈ !

ਅਕਤੂਬਰ ਮਹੀਨੇ ਦੇ ਅਰੰਭ ਵਿਚ ਫੇਰੂਮਾਨ ਜੀ ਦੀ ਰਿਹਾਈ ਦਾ ਹੁਕਮ ਅਵੇਂ ਕਾਗਜੀ ਰੂਪ ਵਿਚ ਹੀ ਦੇ ਦਿੱਤਾ ਗਿਆ ਪਰ ਰਖਿਆ ਉਨਾ ਨੂੰ ਕੈਦ ਵਿਚ ਹੀ ਗਿਆ, ਹਸਪਤਾਲ ਦੇ ਅੰਦਰ ੀ
25 ਅਕਤੂਬਰ ਨੂੰ ਉਹ ਇਤਨੇ ਕਮਜੋਰ ਹੋ ਗਏ ਕੀ ਉਨਾਂ ਉਤੇ ਗਸ਼ੀ ਦੇ ਦੋਰੇ ਮੁਕਤਾਵਰ ਪੈਣ ਲੱਗ ਪਏ ਇਸ ਸਮੇ ਫੇਰੂਮਾਨ ਜੀ ਨੇ ਆਪਣੇ ਉਹਨਾ ਸੰਬੰਧੀਆਂ ਨੂੰ ਜੋ ਕੀ ਮੌਜੂਦ ਸਨ ਕਿਹਾ ਕੀ "ਮੇਰੇ ਜਿਓੰਦੇ ਜੀ ਅਤੇ ਮੇਰੇ ਮਰਨ ਪਿਛੋਂ ਕਿਸੇ ਹਾਲਤ ਵਿਚ ਭੀ ਫ਼ਤੇਹ ਸਿੰਘ ਸਾਧ ਦਾ ਭ੍ਰਿਸਟ ਪਰਛਾਵਾਂ ਮੇਰੇ ਸਰੀਰ ਉਤੇ ਨਾ ਪੈਣ ਦਿਤਾ ਜਾਵੇ"।

ਇਹ ਗਲ ਦਰਸ਼ਨ ਸਿੰਘ ਜੀ ਫੇਰੂਮਾਨ ਦੇ ਸੰਬੰਧੀਆਂ ਨੇ ਆਪ ਅਖਬਾਰਾਂ ਰਾਹੀਂ ਪ੍ਰਗਟ ਕੀਤੀ ਹੈ।

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਮਰਨ ਵਰਤ ਤੋ ਪਹਿਲਾਂ ਇਕ ਵਸੀਅਤ ਕੌਮ ਦੇ ਨਾਮ ਲਿਖੀ ਜੋ ਹੂਬ-ਹੂ ਇਸ ਪ੍ਰਕਾਰ ਦਰਜ ਹੈ

ਮੈਂ ਦਰਸ਼ਨ ਸਿੰਘ ਫੇਰੂਮਾਨ ਗੁਰੂ ਪੰਥ ਅਤੇ ਦੇਸ਼ਵਾਸਿਆਂ ਅਤੇ ਸਬ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪੁਚਾਉਣਾ ਚਾਹੁੰਦਾ ਹਾਂ।

ਇਹ ਮੇਰਾ ਸੰਦੇਸ਼ ਜਦੋਂ ਤੁਹਾਨੂੰ ਪੁੱਜੇਗਾ ਉਸ ਸਮੇ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ।

ਅੱਜ 1 ਅਗਸਤ 1969 ਨੂੰ ਮੈਂ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ ! ਬੀਤੀ ਅਧੀ ਵਿਚ ਮੈਂ ਪੰਥ ਦੀ ਚੜਦੀ ਕਲਾ ਅਤੇ ਦੇਸ਼ ਦੀ ਆਜਾਦੀ ਲਈ ਘੋਲ ਕਰਦਾ ਰਿਹਾ ਹਾਂ ! ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।

ਦੇਸ਼ ਆਜਾਦ ਹੋ ਗਿਆ ਹੈ, ਪਰ ਪੰਥ ਅਜੇ ਵੀ ਪਰਾਧੀਨ ਹੈ ! ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸਟਾਚਾਰ ਤੇ ਗਿਰਾਵਟ ਵਧ ਗਈ ਹੈ ! ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਪਾਖੰਡੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ! ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੌਲ ਦਿੱਤਾ ਗਿਆ ਹੈ।

ਸ਼੍ਰੀ ਅਕਾਲ ਤਖ਼ਤ ਦੇ ਹਜੂਰ ਮਰਨ ਵਰਤ ਅਤੇ ਜਿਓੰਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜਸ਼ ਵਿਚ ਕਾਮਯਾਬ ਹੋ ਰਹੇ ਹਨ।

ਇਸ ਦੰਭ ਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ਼੍ਰੀ ਅਕਾਲ ਤਖ਼ਤ ਦੇ ਸਰੀਕ, ਕੁੰਡ ਖੜੇ ਕਰ ਦਿਤੇ ਹਨ, ਜਿਨਾਂ ਨੂੰ ਧੱਕੇ ਅਰੇ ਸਰਕਾਰੀ ਸ਼ਹਿ ਨਾਲ ਕਾਇਮ ਰਖਿਆ ਜਾ ਰਿਹਾ ਹੈ।

ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ ! ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ।

ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੌਲੇ ਬਣਾਉਣ ਦੀ ਸਾਜਸ਼ ਪੱਕੇ ਤੌਰ ਤੇ ਰਚ ਲਈ ਹੈ ! ਇਹ ਕੂੜ ਦੀ ਮੱਸਿਆ, ਅਤੇ ਦੰਬ ਦਾ ਜਾਲ ਬਿਨਾਂ ਸਿਰ ਦਿੱਤੀਆਂ ਹੁਣ ਦੂਰ ਨਹੀਂ ਹੋਣਾ ! ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤੀਆਂ ਧੌਤਾ ਨਹੀਂ ਜਾਣਾ।

ਸ਼੍ਰੀ ਅਕਾਲ ਤਖ਼ਤ ਦੇ ਸਰੀਕ, ਸੰਤ ਫ਼ਤੇਹ ਸਿੰਘ ਅਤੇ ਉਸਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ-ਕੁੰਡ ਪੁਕਾਰ ਪੁਕਾਰ ਕੇ ਸਿਘਾਂ ਕੋਲੋਂ ਆਹੂਤੀਆਂ ਮੰਗ ਰਹੇ ਹਨ। ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋਕੇ ਪੰਥ ਬਚ ਨਹੀਂ ਸਕਦਾ।

ਹੁਣ ਇਹ ਜਰੂਰੀ ਹੋ ਗਿਆ ਹੈ ਕੀ ਕੋਈ ਗੁਰੂ ਦਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸਚਿਤ ਕਰੇ ਤਾਂ ਜੂ ਪੰਥ, ਆਜਾਦ ਹਿੰਦੁਸਤਾਨ ਵਿਚ ਆਜਾਦ ਪੰਥ, ਅਥਵਾ ਸਿੱਖ ਹੋਮਲੈੰਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।

ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾਂ ਹਾਂ ! ਸੰਗਤਾਂ ਨੂੰ ਬੇਨਤੀ ਹੈ ਕੀ ਮੇਰੇ ਪਿਛੋਂ ਉਹ ਆਪਣਾ ਫਰਜ ਪਛਾਨਣ ! ਮੇਰੇ ਮਰਣ ਤੋਂ ਪਿਛੋਂ ਮੇਰੇ ਸਰੀਰ ਨੂੰ ਸੰਤ ਫ਼ਤੇਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥਿਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ ! ਪੰਥ ਦੇ ਮਸੰਦਾਂ ਤੇ ਧਰਮ ਦੇ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ਼੍ਰੀ ਅਕਾਲ ਤਖ਼ਤ ਉਤੇ ਹੋਏ ਦੰਬ ਅਤੇ ਪਾਖੰਡ ਦੀਆਂ ਨਿਸ਼ਾਨੀਆਂ, ਅਗਨੀ ਕੁੰਡ ਢਾਹ ਦਿੱਤੇ ਜਾਣ, ਕਿਉਂਜ ਇਹ ਗੁਰਮਤ ਵਿਰੁਧ ਹਨ ਅਤੇ ਪੰਥ ਦੇ ਉਜਲੇ ਮੁਹ ਉਤੇ ਕਲੰਕ ਹਨ।

ਸੰਗਤਾਂ ਅਰਦਾਸ ਕਰਨ ਕੀ ਸਾਹਿਬ ਦਸਮ ਪਾਤਸ਼ਾਹ ਮੇਰੀ ਤੁਛ੍ਹ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ।

ਸੰਪੂਰਨ ਪੰਜਾਬ ਜਿੰਦਾਬਾਦ।
ਸਿੱਖ ਹੋਮਲੈੰਡ ਅਮਰ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤੇਹ !!
ਗੁਰੂ ਸੰਗਤਾਂ ਦਾ ਦਾਸ,

ਦਰਸ਼ਨ ਸਿੰਘ ਫੇਰੂਮਾਨ

ਅਤੇ ਇਸ ਤਰਾਂ ਆਪਣੇ ਕੀਤੇ ਅਰਦਾਸੇ ਅਨੁਸਾਰ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਦੀ ਆਤਮਾ 27 ਅਕਤੂਬਰ 1969 ਨੂੰ ਸਾਢੇ ਤਿਨ ਵਜੇ ਸ਼ਾਮ, 74 ਦਿਨ ਅਖੰਡ ਮਰਨ ਵਰਤ ਪੂਰਾ ਕਰਨ ਉਪਰੰਤ ਗੁਰੂ ਚਰਨਾ ਵਿਚ ਜਾ ਬਿਰਾਜੀ।

ਹੁਣ ਏਨਾ ਸਬ ਜਾਣ ਲੈਣ ਤੋ ਬਾਅਦ ਸ਼ਾਯਦ ਤੁਹਾਨੂੰ ਵੀ ਦੁਖ ਹੋਵੇ, ਕਿ ਕੌਮ ਦੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਅਸੀਂ ਕਿਉਂ ਵਿਸਾਰ ਦਿਤਾ। ਹੋਰ ਕਿਨਾ ਚਿਰ ਆਪਾਂ ਇਹਨਾ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਕੇ, ਪਾਖੰਡੀ ਸਾਧਾਂ ਦੀ ਬਰਸੀਆਂ ਮਨਾਉਣ ਵਿਚ ਭਾਗੀਦਾਰੀ ਬਣਦੇ ਰਹਾਂਗੇ ? ਏਹੋ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਸੁਮੱਤ ਬਖਸ਼ੇ, ਜੋ ਅਸੀਂ ਆਪਣੇ ਸ਼ਹੀਦਾਂ ਨੂੰ ਮਨੋ ਨਾ ਵਿਸਾਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top