Share on Facebook

Main News Page

ਬੁਹਤ ਸਾਲ ਹੋ ਗਏ ਗੁਰਪੁਰਬ ਮਨਾਉਂਦਿਆਂ ਨੂੰ, ਇਸ ਵਾਰ ਮੰਨ ਕੇ ਵੀ ਦੇਖ ਲਓ !
-: ਬਹਾਦਰ ਸਿੰਘ ਢਪਾਲੀ
099146-88792, 096804-41242

ਸਭ ਤੋਂ ਪਹਿਲਾਂ ਸਰਬਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ !

ਮੈਂ ਅਜ ਆਪ ਜੀ ਨਾਲ ਇਕ ਮਹੱਤਵਪੂਰਨ ਵਿਚਾਰ ਦੀ ਸਾਂਝ ਪਾ ਰਿਹਾ ਹਾਂ ! ਆਉਣ ਵਾਲੀ ੧੭ ਨਵੰਬਰ ਨੂੰ ਪੂਰੇ ਸਿੱਖ ਜਗਤ ਦੇ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ  ਦਾ ਗੁਰਪੁਰਬ ਮਨਾਇਆ ਜਾਣਾ ਹੈ ! ਚੰਗੀ ਗਲ ਹੈ, ਆਪਣੇ ਪੁਰਖਿਆਂ ਦੇ ਦਿਹਾੜੇ ਓਹਨਾ ਦੀ ਯਾਦ ਨੂੰ ਮੁੱਖ ਰਖ ਕੇ ਮਨਾਏ ਜਾਣੇ ਚਾਹੀਦੇ ਹਨ ! ਭਾਈ ਗੁਰਦਾਸ ਜੀ ਵੀ ਆਪਣੀ ਤੀਜੀ ਵਾਰ ਦੀ ੩ ਨੰਬਰ ਪਉੜੀ ਵਿਚ ਅਜਿਹਾ ਕਹਿ ਰਹੇ ਹਨ ਕਿ "ਗੁਰਸਿਖ ਗੁਰ ਪੁਰਬ ਕਰਦੇ ਹਨ...... ਭੈ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ !!"

....ਪਰ ਸੋਚਣ ਵਾਲੀ ਗਲ ਤਾਂ ਇਹ ਹੈ ਕਿ ਕਿੰਨੇ ਸਾਲ ਹੋ ਗਏ ਨੇ, ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ  ਜੀ ਦੇ ਗੁਰਪੁਰਬ ਨੂੰ ਮਨਾਉਂਦਿਆਂ, ਪਰ ਮੈਨੂੰ ਤਾਂ ਲਗਦਾ ਹੈ ਕਿ ਅਜੇ ਤੱਕ ਮੰਨਿਆ ਹੀ ਨਹੀਂ! ਓਸ ਦਿਨ ਕਿੰਨੀ ਬਰਬਾਦੀ ਕੀਤੀ ਜਾਂਦੀ ਹੈ, ਕੌਮ ਦੇ ਪੈਸੇ ਦੀ ਨਗਰ ਕੀਰਤਨ (ਜਲੂਸ) ਦੇ ਰੂਪ ਵਿੱਚ, ਚੇਨ ਮਾਰਚ ਕੱਢ ਕੇ ! ਕਿਨਾਂ ਸਮਾਂ ਬਰਬਾਦ ਕੀਤਾ ਜਾਂਦਾ ਹੈ, ਰੈਣ ਸਬਾਈ ਕੀਰਤਨ ਦਰਬਾਰ ਕਰਵਾ ਕੇ ! ਹੋ ਸ੍ਕ਼ਦਾ ਹੈ ਇਥੇ ਆਪ ਸਬ ਮੈਨੂੰ ਇੱਕ ਨਾਸਤਕ ਹੀ ਆਖ ਦੇਵੋ, ਪਰ ਏਹੋ ਜਿਹੇ ਗੁਰਪੁਰਬ ਮਨਾਉਣ ਦਾ ਕੋਈ ਫਾਇਦਾ ਹੀ ਨਹੀਂ ਜਿਥੇ ਰਾਗੀ, ਢਾਢੀ, ਪ੍ਰਚਾਰਕ ਕੇਵਲ.. ਰੋਟੀਆਂ ਕਾਰਨਿ ਪੂਰਹਿ ਤਾਲ !! ਵਾਲੀ ਵਿਰਤੀ ਰਖ ਕੇ ਹੀ ਸਮਾਗਮਾਂ ਵਿਚ ਹਾਜਰੀ ਭਰ ਆਉਣ ਅਤੇ ਗੁਰੂ ਬਾਬਾ ਜੀ ਦਾ ਸੱਚ ਨਾ ਸੁਣਾਉਣ ਅਤੇ ਸੰਗਤ ਵੀ ਕੇਵਲ ਲੰਗਰ ਖਾਣ ਬਣਾਉਣ ਵਿਚ ਮਸਤ ਰਹਿ ਜਾਵੇ ! ਅਤੇ ਉਚੀ ਉਚੀ ਕੂਕ ਕੂਕ ਕੇ ਇਕੋ ਪੰਗਤੀ ਭਾਈ ਗੁਰਦਾਸ ਜੀ ਦੀ ਵਾਰ ਵਾਰ ਗਾਈ ਜਾਵੇ "....ਸਤਗੁਰਿ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ !" ਪਰ ਇਸਦੇ ਅਸਲ ਅਰਥ ਨਾ ਪੜੇ ਜਾਨ ਨਾ ਸੁਣੇ ਤੇ ਦਸੇ ਜਾਣ !

ਹਾਂ ਮੈ ਇਹ ਨਹੀਂ ਕਹਿ ਰਿਹਾ ਕੇ ਇਹ ਪੰਗਤੀ ਨਾ ਗਾਈ ਜਾਵੇ, ਸਗੋਂ ਮੈ ਤਾ ਸਮਝਦਾ ਹਾਂ ਕਿ ਇਹ ਪੰਗਤੀ ਹਰ ਰੋਜ ਗਾਈ ਜਾਣੀ ਚਾਹੀਦੀ ਹੈ, ਪਰ ਅਰਥ ਸਮਝ ਕੇ ! ਆਪਣੀ ਅਸਲ ਗਲ ਕਰਨ ਤੋ ਪਹਿਲਾਂ ਮੈਂ ਇਹ ਗਲ ਜ਼ਰੂਰ ਕਰਨੀ ਸਮਝਦਾ ਹਾਂ, ਕਿ ਕਿੰਨੇ ਸਾਲ ਹੋ ਗਏ ਨੇ ਭਾਈ ਗੁਰਦਾਸ ਜੀ ਦੀ ਇਹ ਪੰਗਤੀ ਪੜਦਿਆਂ, ਗਾਉਂਦਿਆਂ, ਸੁਣਦਿਆਂ, ਪਰ ਹੁਣ ਸੋਚ ਕੇ ਦੇਖੋ ਵੀ ਕੀ ਧੁੰਦ ਅਸਲ ਵਿੱਚ ਮਿਟੀ ਹੈ ਜਾ ਨਹੀਂ ! ਮੈਨੂੰ ਤਾਂ ਲਗਦਾ ਧੁੰਦ ਗਹਰੀ ਹੋ ਚੁਕੀ ਹੈ ! ਅਜੇ ਤੱਕ ਤਾਂ ਸਿੱਖਾਂ ਨੂੰ ਏਸ ਧੁੰਦ ਵਿੱਚ ਗੁਰੂ ਨਾਨਕ ਸਾਹਿਬ ਜੀ  ਜੀ ਦੇ ਪ੍ਰਕਾਸ਼ ਪੁਰਬ ਦਾ ਅਸਲ ਮਹੀਨਾ ਹੀ ਨਹੀਂ ਪਤਾ ਲਗਾ ਕਿ ......ਕਤੱਕ ਕਿ ਵੈਸਾਖ ! ਇਸੇ ਧੁੰਦ ਵਿੱਚ ਤਾਂ ਸਰਦਾਰ ਪਾਲ ਸਿੰਘ ਪੁਰੇਵਾਲ ਵਲੋਂ ਬਣਾਇਆ ਨਾਨਾਕਸਾਹੀ ਕੈਲੰਡਰ ਵੀ ਧੁੰਦਲਾ ਕਰ ਦਿਤਾ ਗਿਆ ! ਹੁਣ ਨਾਨਾਕਸਾਹੀ ਕੈਲੰਡਰ ਦੀ ਥਾਂ ਚਲ ਰਹੇ ਨਾਦਾਰ੍ਸ਼ਾਈ ਕੈਲੰਡਰ ਨੇ ਤਾਂ ਅਖੌਤੀ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਵੀ ਦੋ ਕਦਮ ਅਗੇ ਛਾਲ ਮਾਰ ਦਿਤੀ, ਜਿਸਦਾ ਨਤੀਜਾ ਇਸ ਸਾਲ ਗੁਰਪੁਰਬ ਕਤੱਕ ਦੀ ਥਾਂ ੨ ਮਘਰ ੧੭ ਨਵੰਬਰ ਦਾ ਆ ਰਿਹਾ ਹੈ !

ਖੈਰ ਇਹ ਤਾਂ ਮੇਰਾ ਇਕ ਸੱਚ ਦੱਸਣ ਦਾ ਮਕਸਦ ਸੀ, ਪਰ ਅਸਲ ਵਿਚਾਰ ਤਾਂ ਮੈ ਇਹ ਰਖਣੀ ਚਾਹੁੰਦਾ ਹਾਂ, ਕਿ ਬਹੁਤ ਸਾਲ ਹੋ ਗਏ ਗੁਰਪੁਰਬ ਮਨਾਉਂਦਿਆ ਨੂੰ, ਇਕ ਵਾਰ ਮੰਨ ਕੇ ਵੀ ਦੇਖ ਲਈਏ! ਕਿਓੁਂਕਿ ਭਾਈ ਗੁਰਦਾਸ ਜੀ ਨੇ ਹੀ ਆਪਣੀ ਰਚਨਾ ਵਿੱਚ ਲਿਖਿਆ ਹੈ "....ਗੁਰਸਿਖੀ ਦਾ ਕਰਮ ਇਹ ਗੁਰ ਫੁਰਮਾਇ ਗੁਰਸਿਖ ਕਰਨਾ .!!" ਭਾਵ ਕਿ ਗੁਰੂ ਜੋ ਕਹਿੰਦਾ ਹੈ ਓਹੀ ਸਿੱਖ ਕਰੇ! ਮੈ ਗਲ ਏਥੋਂ ਸ਼ੁਰੂ ਕਰਾਂ ਕਿ ਗੁਰੂ ਨਾਨਕ ਦੇ ਮਿਲਣ ਤੋਂ ਪਹਿਲਾਂ ਸਜਣ ਠੱਗ ਠੱਗੀਆਂ ਮਾਰਦਾ ਸੀ, ਪਰ ਗੁਰੂ ਨਾਨਕ ਦੇ ਇਕੋ ਸ਼ਬਦ ਨੂੰ ਸੁਣਨ ਨਾਲ ਓਹੀ ਠਗ ਤੋਂ ਸਜਣ ਬਣਕੇ, ਸਿੱਖੀ ਦਾ ਪ੍ਰਚਾਰਕ ਬਣ ਗਿਆ, ਪਰ ਅਜ ਕਲ ਵਾਲੇ ਠੱਗ ਗੁਰੂ ਨਾਨਕ ਦੀ ਬਾਣੀ ਦੀਆਂ ਲੜੀਆਂ ਚਲਾ ਤੇ ਠੱਗੀ ਮਾਰ ਰਹੇ ਹਨ ! ਇਸਦਾ ਮਤਲਬ ਇਹਨਾ ਅਜੋਕੇ ਠੱਗਾਂ ਨੇ ਅਜੇ ਤਕ ਗੁਰੂ ਦੀ ਇਹ ਗਲ ਵੀ ਨਹੀਂ ਮੰਨੀ ਕਿ ਗੁਰਬਾਣੀ ਆਪ ਪੜਨ ਦਾ ਵਿਸ਼ਾ ਹੈ ! ਜਿਵੇਂ ਕਿ ਗੁਰੂ ਬਾਬਾ ਜੀ ਦਸ ਰਹੇ ਹਨ "...ਪ੍ਰਭ ਬਾਨੀ ਸ਼ਬਦ ਸੁਭਾਖਿਆ !! ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਿ ਪੂਰੈ ਤੂੰ ਰਾਖਿਆ !!"

ਬਾਬੇ ਨਾਨਕ ਨੇ ਜਾਤ ਪਾਤ ਨੂੰ ਖਤਮ ਕਰਨ ਦੀ ਗਲ ਕੀਤੀ ਹੈ "..ਫਕੜ ਜਾਤੀ ਫਕੜ ਨਾਓ !!ਸਭਨਾ ਜੀਆ ਇਕਾ ਸਾਓ !!" ਪਰ ਹੁਣ ਗਲ ਕਰੀਏ ਬਾਬੇ ਦਾ ਪ੍ਰਕਾਸ਼ ਮਨਾਉਣ ਵਾਲੀਆਂ ਦੀ, ਓਹ ਆਖਦੇ ਹਨ ਮਜਹਬੀ ਸਿਖ, ਨੀਵੀਂ ਜਾਤ ਦੇ ਲੋਕ ਸਾਡੇ ਲੰਗਰ 'ਚ ਬੈਠ ਕੇ ਪਰਸ਼ਾਦਾ ਨਹੀਂ ਛੱਕਕ਼ ਸ੍ਕ਼ਦੇ, ਜਿਵੇਂ ਕਿ ਰੂਮੀ ਵਾਲੇ ਡੇਰੇ (ਭੁਚੋ ਮੰਡੀ) ਵਿੱਚ ਆਮ ਦੇਖਿਆ ਜਾ ਸਕਦਾ ਹੈ। ਇਥੇ ਹੀ ਬਸ ਨਹੀਂ ਹੋਰ ਵੀ ਬੁਹਤ ਨੇ ਏਦਾਂ ਦੇ ! ਬਾਬੇ ਨਾਨਕ ਨੇ ਵੱਖ ਵੱਖ ਥਾਵਾਂ 'ਤੇ ਜਾ ਕੇ ਕੇਵਲ ਤੇ ਕੇਵਲ ਸੱਚ ਦੀ ਹੀ ਗਲ ਕੀਤੀ, ਪਰ ਸਾਡੇ ਬਾਬੇ, ਪ੍ਰਚਾਰਕ, ਰਾਗੀ, ਢਾਡੀ ਹੀ ਗੁਰੂ ਨਾਨਕ ਸਾਹਿਬ ਜੀ  ਜੀ ਨੂੰ ਗੁਰਪੁਰਬ ਵਾਲੇ ਦਿਨ, ਲਵ ਕੁਸ ਦੀ ਵੰਸ ਵਿਚੋਂ ਦਸਦੇ ਹਨ ! ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ "...ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ !!.." ਪਰ ਸਾਡੇ ਗੁਰਦਾਰਿਆਂ ਦੇ ਅੰਦਰ ਓਹੀ ਬਿਪਰਾਂ ਦੀ ਚਾਲ ਅਧੀਨ, ਮਨਮਤਾਂ ਹੋ ਰਹੀਆਂ ਹਨ, ਜਿਵੇਂ ਜੋਤ ਜਗ ਰਹੀ ਹੈ, ਕੜਾਹ ਪ੍ਰਸ਼ਾਦ ਦੀ ਥਾਂ ਗਣੇਸ਼ ਦਾ ਪ੍ਰਸ਼ਾਦ ਲਡੂ ਬੜ ਗਏ ਹਨ! ਬਾਬੇ ਨਾਨਕ ਨੇ ਗ੍ਰਿਹਸਤ ਧਰਮ ਨੂੰ ਪ੍ਰਧਾਨਤਾ ਦਿਤੀ ਹੈ, ਪਰ ਗੁਰੂ ਨਾਨਕ ਦਾ ਗੁਰਪੁਰਬ ਮਨਾਉਣ ਵਾਲੇ ਅਜੇ ਵੀ ਸ੍ਰੀ ਚੰਦ ਦੇ ਪਿਛੇ ਲਗੇ ਫਿਰਦੇ ਹਨ ! ਗੁਰੂ ਬਾਬਾ ਜੀ ਨੇ ਜਨੇਊ ਨੂੰ ਸਵੀਕਾਰ ਨਹੀਂ ਕੀਤਾ ਸੀ, ਕਿਓੁਂਕਿ ਬ੍ਰਾਹਮਣ ਨੇ ਜਨੇਊ ਵੀ ਜਾਤੀਵਾਦ ਅਨੁਸਾਰ ਵੱਖਰੇ ਵੱਖਰੇ ਕਪੜੇ ਦਾ ਪਵਾਇਆ ਸੀ, ਪਰ ਬਾਬੇ ਨੇ ਸਵੀਕਾਰ ਨਾ ਕੀਤਾ ! ਪਰ ਸਾਡੇ ਅਖੌਤੀ ਬ੍ਰਹਮ ਗਿਆਨੀਆਂ ਨੇ ਗਾਤਰੇ, ਚੋਲੇ ਅਤੇ ਦਸਤਾਰਾਂ ਦੇ ਰੰਗ ਅਖੌਤੀ ਅਵ੍ਸਥਾ ਮੁਤਾਬਕ ਪਵਾਉਣੇ ਸ਼ੁਰੂ ਕੀਤੇ ਹੋਏ ਹਨ !

ਸੋ ਹੈ ਤਾਂ ਹੋਰ ਵੀ ਬੁਹਤ ਕੁਝ, ਪਰ ਇਹ ਤਾਂ ਸਿਰਫ ਸਿੱਖੀ ਦੇ ਲਿਸ਼ਕਦੇ ਸ਼ੀਸ਼ੇ ਉਪਰ ਪਈ ਧੁੰਦ ਦਾ ਨਿੱਕਾ ਜਿਹਾ ਨਮੂਨਾ ਹੀ ਦਿਖਾਇਆ ਹੈ ! ਇਹ ਤਾਂ ਧਾਰਮਿਕ ਆਗੂਆਂ ਦੀ ਧੁੰਦ ਸੀ, ਆਮ ਸਿੱਖਾਂ ਉਪਰ ਪਈ ਧੁੰਦ ਲਿਖਣ ਲਗਾਂ, ਤਾਂ ਸ਼ਾਇਦ ਸਾਲ ਦੇ ਦਿਨ ਮੁੱਕ ਜਾਨ ਪਰ ਧੁੰਦਾਂ ਦੀ ਗਿਣਤੀ ਨਹੀਂ ਮੁਕ ਸਕਦੀ !

ਪਰ ਫਿਰ ਵੀ ਇਕ ਦੋ ਨਮੂਨੇ ਦਿਖਾ ਹੀ ਦੇਵਾਂ ਇਕ ਤਾਂ ਗੁਰੂ ਨਾਨਕ ਦੇ ਪੁਰਬ ਮਨਾਉਣ ਵਾਲੇ ਅਜੇ ਵੀ ਕਿਸੇ ਚਿਤਰਕਾਰ ਦੀ ਬਣਾਈ ਫੋਟੋ ਨੂੰ ਹੀ ਦੋ ਵਕਤ ਧੁਆਂ ਕਰਕੇ, ਸਿੱਖੀ ਕਮਾਉਣਾ ਸਮਝਦੇ ਹਨ, ਜਦੋਂ ਕਿ ਗੁਰੂ ਬਾਬਾ ਜੀ ਨੇ "...ਗੁਰ ਮੂਰਤਿ ਗੁਰ ਸ਼ਬਦ ਹੈ .....!!" ਦੀ ਗਲ ਕੀਤੀ ਹੈ ! ਜਿਸ ਬਾਬੇ ਨੇ ਇਕ ਅਕਾਲ ਪੁਰਖ ਦੀ ਗਲ ਕੀਤੀ ਹੈ, ਓਸੇ ਬਾਬੇ ਦੇ ਸਿੱਖ ਬੁਹਦੇਵ ਬਾਦ 'ਚ ਅਜੇ ਵੀ ਵਿਸ਼ਵਾਸ ਰਖਦੇ ਹਨ ! ਗੁਰੂ ਬਾਬਾ ਜੀ ਨੇ "... ਸ਼ਬਦ ਗੁਰੂ ਸੁਰਤਿ ਧੁਨ ਚੇਲਾ !!" ਦੀ ਗਲ ਕੀਤੀ ਹੈ, ਓਸੇ ਬਾਬੇ ਦੇ ਪੁਰਬ ਨੂੰ ਮਨਾਉਣ ਵਾਲੇ ਅਖੌਤੀ ਸਾਧ ਸੰਤਾਂ ਤੇ ਟੇਕ ਰਖੀ ਫਿਰਦੇ ਹਨ ! ਗੁਰੂ ਨਾਨਕ ਸਾਹਿਬ ਜੀ  ਜੀ ਨੇ ਸ਼ਰਾਧਾਂ ਦੀ ਡੱਟ ਕੇ ਵਿਰੋਧਤਾ ਕੀਤੀ, ਪਰ ਅਜ ਦਾ ਸਿੱਖ ਅਖਵਾਉਣ ਵਾਲਾ ਸਰਾਧਾਂ ਦਾ ਵੀ ਵਹਿਮ ਮੰਨੀ ਜਾ ਰਿਹਾ !

ਹੁਣ ਤੁਸੀਂ ਆਪ ਹੀ ਸੋਚੋ, ਵੀ ਕਿੰਨੇ ਸਾਲ ਹੋ ਗਏ ਨੇ ਸਾਨੂੰ ਭਾਈ ਗੁਰਦਾਸ ਜੀ ਦੀ ਪੰਗਤੀ ਦਾ ਅਲਾਪ ਕਰਦਿਆਂ ਪਰ ਸੋਚੋ ਵੀ ਕੀ ?????? ਧੁੰਦ ਮਿਟ ਗਈ ਹੈ, ਜਾਂ ਜਿਓਂ ਦੀ ਤਿਓਂ ਖੜੀ ਹੈ ?????

ਸੋ, ਅਖੀਰ ਵਿਚ ਇਹ ਬੇਨਤੀ ਕਰਦਾ ਹਾਂ, ਕਿ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਜੀ  ਜੀ ਦੇ ਗੁਰਪੁਰਬ ਨੂੰ ਮਨਾਉਣ ਦੇ ਨਾਲ ਨਾਲ ਜਿਆਦਾ ਮੰਨਣ ਦੀ ਕੋਸਿਸ ਕਰੀਏ ! ਸਚ ਦੇ ਮਾਰਗ ਨੂੰ ਅਪਣੀਈਏ, ਗੁਰਬਾਣੀ ਅਰਥਾਂ ਸਮੇਤ ਆਪ ਪੜੀਏ ਅਤੇ ਵਿਚਾਰ ਨੂੰ ਮਨੀਏ ! ਗੁਰੂ ਬਾਬੇ ਦੇ ਸਿਧਾਂਤ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨੂੰ ਅਮਲੀ ਜੀਵਨ ਵਿੱਚ ਕਮਾਉਣ ਦੀ ਕੋਸ਼ਿਸ਼ ਕਰੀਏ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top