Share on Facebook

Main News Page

ਸ਼ਰਧਾ ਦੀ ਕਮੀ
-: ਨਿਰਮਲ ਸਿੰਘ ਕੰਧਾਲਵੀ

ਟੈਲੀਫੂਨ ਲੰਡਨ ਤੋਂ ਸੁਖਬੀਰ ਦੇ ਦੋਸਤ ਦਾ ਸੀ, ਜਿਨ੍ਹਾਂ ਨੇ ਜਨਵਰੀ ਮਹੀਨੇ ‘ਚ ਹੋਣ ਵਾਲ਼ੇ ਅਖੰਡ ਪਾਠ ‘ਤੇ ਪਰਿਵਾਰ ਸਮੇਤ ਪਹੁੰਚਣ ਦੀ ਤਾਕੀਦ ਕੀਤੀ ਸੀ। ਅਖੰਡ ਪਾਠ ਤੋਂ ਇਕ ਹਫ਼ਤਾ ਪਹਿਲਾਂ ਮੌਸਮ ਵਿਭਾਗ ਨੇ ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋਣ ਦੀ ਭਵਿੱਖ ਬਾਣੀ ਕੀਤੀ ਸੀ ਤੇ ਸੁਖਬੀਰ ਨੇ ਆਪਣੇ ਦੋਸਤ ਨੂੰ ਅਖੰਡ ਪਾਠ ਦੀ ਤਰੀਕ ਬਦਲਣ ਲਈ ਸਲਾਹ ਦਿਤੀ ਸੀ, ਪਰ ਦੋਸਤ ਨੇ ਦੱਸਿਆ ਕਿ ਜਿਹੜੇ ਬਾਬਾ ਜੀ ਨੇ ਅਖੰਡ ਪਾਠ ਕਰਨਾ ਹੈ, ਉਨ੍ਹੀਂ ਕਿਹਾ ਸੀ ਪਰਿਵਾਰ ਦੀ ਸੁੱਖਣਾ ਲਈ ਇਸੇ ਤਰੀਕ ਦਾ ਮਹੂਰਤ ਠੀਕ ਸੀ।

ਸੁਖਬੀਰ ਸਮਝ ਗਿਆ ਸੀ ਕਿ ਬਾਬਾ ਆਪਣਾ ਵੀਕ-ਐਂਡ ਭੰਗ ਦੇ ਭਾੜੇ ਨਹੀਂ ਸੀ ਗੁਆਉਣਾ ਚਾਹੁੰਦਾ। ਬਾਬੇ ਨੇ ਅਤੇ ਉਹਦੇ ਚੇਲਿਆਂ ਨੇ ਤਾਂ ਹੁਕਮ ਹੀ ਚਲਾਉਣਾ ਸੀ, ਬਿਖੜੇ ਮੌਸਮ ਵਿਚ ਸਾਰੇ ਪ੍ਰਬੰਧ ਤਾਂ ਘਰ ਵਾਲ਼ਿਆਂ ਨੂੰ ਹੀ ਕਰਨੇ ਪੈਣੇ ਸਨ। ਸੁਖਬੀਰ ਦੀ ਘਰ ਵਾਲ਼ੀ ਨੇ ਵੀ ਸੂਹ ਕੱਢ ਲਈ ਸੀ ਕਿ ਬਾਬਾ ਇਹ ਪਾਠ ਉਨ੍ਹਾਂ ਦੇ ਘਰ ਪੁੱਤਰ ਦੀਆਂ ਦਾਤਾਂ ਦੇਣ ਲਈ ਰੱਖ ਰਿਹਾ ਸੀ, ਕਿਉਂਕਿ ਸੁਖਬੀਰ ਦੇ ਦੋਸਤ ਦੇ ਘਰ ਪਹਿਲਾਂ ਤਿੰਨ ਲੜਕੀਆਂ ਹੀ ਸਨ। ਬਾਬੇ ਦੀ ਇਕ ਚੇਲੀ ਬਾਬੇ ਦੀਆਂ ਕਰਾਮਾਤਾਂ ਦੇ ਕਿੱਸੇ ਉਡਾਉਂਦੀ ਰਹਿੰਦੀ ਸੀ, ਤੇ ਭੋਲ਼ੇ ਪੰਛੀ ਆ ਕੇ ਫ਼ਸ ਜਾਂਦੇ ਸਨ। ਕਿਸੇ ਦੇ ਰਾਹੀਂ ਸੁਖਬੀਰ ਦੇ ਦੋਸਤ ਦੀ ਘਰ ਵਾਲ਼ੀ ਰਸ਼ਪਾਲ ਨੂੰ ਵੀ ਬਾਬੇ ਦੀ ਏਸੇ ਚੇਲੀ ਨੇ ਹੀ ਅੜੁੰਗਿਆ ਸੀ।

ਭਾਵੇਂ ਕਿ ਸੁਖਬੀਰ ਦੇ ਦੋਸਤ ਨੇ ਉਨ੍ਹਾਂ ਨੂੰ ਵੀਰਵਾਰ ਆਉਣ ਦੀ ਤਾਕੀਦ ਕੀਤੀ ਸੀ, ਪਰ ਉਹ ਸ਼ੁੱਕਰਵਾਰ ਸ਼ਾਮ ਨੂੰ ਹੀ ਪਹੁੰਚ ਸਕੇ। ਜਦ ਉੱਥੇ ਪਹੁੰਚੇ ਤਾਂ ਉਨ੍ਹੀਂ ਦੇਖਿਆ ਕਿ ਚਾਰ ਪੰਜ ਨੰਗੀਆਂ ਖੁੱਚਾਂ ਵਾਲੇ ਚੇਲੇ ਉੱਥੇ ਘੁੰਮ ਰਹੇ ਸਨ। ਅਖੰਡ ਪਾਠ ਨਾਲ਼ ਜਪੁਜੀ ਸਾਹਿਬ ਦਾ ਪਾਠ ਹੋ ਰਿਹਾ ਸੀ ਅਤੇ ਲੱਕੜੀ ਦੇ ਕੋਲਿਆਂ ਉੱਪਰ ਇਕ ਧੂਪੀਆ ਮੂੰਹ ਬੰਨ੍ਹ ਕੇ ਧੂਪ ਪਾ ਰਿਹਾ ਸੀ ਅਤੇ ਅੰਦਰ ਕਾਫ਼ੀ ਧੂੰਆਂ ਕੀਤਾ ਹੋਇਆ ਸੀ। ਪਾਠੀ ਵਾਰ ਵਾਰ ਖੰਘ ਰਿਹਾ ਸੀ। ਉਹ ਅਜੇ ਚਾਹ ਪੀ ਕੇ ਹਟੇ ਹੀ ਸਨ, ਕਿ ਤਿੰਨ ਚਾਰ ਹੋਰ ਚੇਲੇ ਵਾਜੇ ਤਬਲੇ ਚੁੱਕੀ ਆ ਪਹੁੰਚੇ ਤੇ ਲੱਗੇ ਸੈਟਿੰਗ ਕਰਨ। ਸੁਖਬੀਰ ਤੋਂ ਨਾ ਰਹਿ ਹੋਇਆ ਤੇ ਉਹ ਬੋਲਿਆ, “ਗੁਰਮੁਖੋ, ਜਦ ਬਾਣੀ ਪੜ੍ਹੀ ਜਾ ਰਹੀ ਹੈ ਤਾਂ ਵਿਚ ਕੀਰਤਨ ਕਰਨ ਦੀ ਕੀ ਤੁਕ ਐ? ਸਭ ਨੂੰ ਬੈਠ ਕੇ ਬਾਣੀ ਸੁਣਨੀ ਚਾਹੀਦੀ ਹੈ, ਵੈਸੇ ਵੀ ਇਸ ਤਰ੍ਹਾਂ ਕਰਨ ਨਾਲ਼ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਦੀ ਉਲੰਘਣਾ ਹੁੰਦੀ ਐ”।

ਉਨ੍ਹਾਂ ‘ਚੋਂ ਕੱਕੀ ਦਾੜ੍ਹੀ ਵਾਲ਼ਾ ਇਕ ਚੇਲਾ ਬੋਲਿਆ, “ਭਾਈ ਸਾਬ੍ਹ ਜੀ, ਉਹ ਮਰਯਾਦਾ ਕੱਚਿਆਂ ਪਿੱਲਿਆਂ ਦੀ ਬਣਾਈ ਹੋਈ ਐ। ਸਾਡੇ ਬਾਬਾ ਜੀ ਦੀ ਬਣਾਈ ਹੋਈ ਮਰਯਾਦਾ ਇੱਟ ਵਰਗੀ ਪੱਕੀ ਹੈ”।
ਸੁਖਬੀਰ ਅਜੇ ਕੁਝ ਕਹਿਣ ਹੀ ਲੱਗਾ ਸੀ ਕਿ ਉਹਦੇ ਘਰ ਵਾਲ਼ੀ ਜੋ ਕਿ ਦਰਵਾਜ਼ੇ ‘ਚ ਖੜ੍ਹੀ ਸੁਣ ਰਹੀ ਸੀ, ਉਸ ਨੂੰ ਬੁਲਾ ਕੇ ਦੂਸਰੇ ਕਮਰੇ ‘ਚ ਲੈ ਗਈ ਤੇ ਹੌਲੀ ਦੇਣੇ ਕਹਿਣ ਲੱਗੀ, “ਮਖਿਆਂ ਜੀ, ਤੁਸੀਂ ਏਥੇ ਵੀ ਪੰਗਾ ਖੜ੍ਹਾ ਕਰ ਲੈਣੈ, ਇਹ ਤਾਂ ਸੋਚੋ ਪਈ ਘਰ ਵਾਲ਼ਿਆਂ ਨੇ ਪਾਠ ਕਾਹਦੇ ਲਈ ਰਖਾਇਐ, ਸਾਰਾ ਭਾਂਡਾ ਸਾਡੇ ਸਿਰ ਭੱਜ ਜਾਣੈ ਜੇ ਕੋਈ ਹੀਮ ਕੀਮ ਹੋ ਗਈ”।

ਸੁਖਬੀਰ ਨੇ ਸੋਚਿਆ ਕਿ ਗੱਲ ਤਾਂ ਉਹਦੀ ਠੀਕ ਸੀ, ਸੋ ਉਸ ਨੇ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ ਪਰ ਅੰਦਰੋਂ ਉਹ ਮਨਮੱਤ ਹੁੰਦੀ ਦੇਖ ਕੇ ਵਿਸ ਘੋਲ਼ਦਾ ਰਿਹਾ।

ਮੌਸਮ ਬਹੁਤ ਖ਼ਰਾਬ ਹੋ ਗਿਆ ਸੀ। ਬਾਬਾ ਅਤੇ ਉਹਦੇ ਚੇਲੇ ਨਵੇਂ ਤੋਂ ਨਵਾਂ ਹੁਕਮ ਚਾੜ੍ਹੀ ਜਾ ਰਹੇ ਸਨ। ਚੇਲੇ ਕਿਚਨ ਵਿਚ ਜਾ ਕੇ ਆਪਣੀ ਮਰਜ਼ੀਆਂ ਕਰ ਰਹੇ ਸਨ। ਸੁਖਬੀਰ ਨੇ ਦੋਸਤੀ ਦਾ ਫਰਜ਼ ਨਿਭਾਇਆ, ਉਸ ਨੇ ਚੇਲਿਆਂ ‘ਤੇ ਪੂਰੀ ਨਿਗਾਹ ਰੱਖੀ ਹੋਈ ਸੀ।

ਬਾਬੇ ਦੀ ਚੇਲੀ ਨੇ ਪਰਿਵਾਰ ਨੂੰ ਬਹੁਤ ਸਬਜ਼ ਬਾਗ਼ ਦਿਖਾਏ ਹੋਏ ਸਨ। ਚੇਲੀ ਨੇ ਤਾਂ ਇੱਥੋਂ ਤੱਕ ਯਕੀਨ ਬੰਨ੍ਹਾਇਆ ਹੋਇਆ ਸੀ ਕਿ ਬਾਬਾ ਜੀ ਜੇ ਮੌਜ ਵਿਚ ਆਉਣ ਤਾਂ ਗਰਭ ਵਿਚ ਬੱਚੇ ਦਾ ਲਿੰਗ ਤਬਦੀਲ ਕਰ ਦਿੰਦੇ ਹਨ।

ਖ਼ੈਰ ਸੁੱਖੀਂ ਸਾਂਦੀਂ ਸਭ ਕਾਰਜ ਨੇਪਰੇ ਚੜ੍ਹ ਗਿਆ ਤੇ ਸੁਖਬੀਰ ਹੋਰੀਂ ਵਾਪਿਸ ਆ ਗਏ।

ਕੁਝ ਮਹੀਨੇ ਬੀਤੇ ਤਾਂ ਇਕ ਦਿਨ ਸ਼ਾਮ ਨੂੰ ਜਦੋਂ ਸੁਖਬੀਰ ਕੰਮ ਤੋਂ ਵਾਪਿਸ ਆਇਆ ਤਾਂ ਘਰ ਵਾਲ਼ੀ ਕਹਿਣ ਲੱਗੀ, “ਮਖਿਆ ਜੀ, ਰਸ਼ਪਾਲ ਹੋਰਾਂ ਦੇ ਚੌਥੀ ਗੁੱਡੀ ਆ ਗਈ ਐ, ਮੈਂ ਤਾਂ ਰਸ਼ਪਾਲ ਨੂੰ ਕਿਹੈ ਪਈ ਪਹਿਲਾਂ ਤਾਂ ਬਾਬੇ ਦੀ ਚੇਲੀ ਨੂੰ ਘੜੀਸੋ ਸੜਕ ‘ਤੇ। ਉਹਨੇ ਦੱਸਿਐ ਪਈ ਉਹਨੇ ਬਾਬੇ ਦੀ ਚੇਲੀ ਨੂੰ ਉਲਾਂਭਾ ਦਿੱਤੈ ਤੇ ਉਹ ਕਹਿੰਦੀ ਐ ਪਈ ਪਰਿਵਾਰ ਦੀ ਸ਼ਰਧਾ ‘ਚ ਕਿਤੇ ਕਮੀ ਰਹਿ ਗਈ ਐ, ਨਹੀਂ ਤਾਂ ਬਾਬਾ ਜੀ ਦਾ ਬਚਨ ਖਾਲੀ ਨੀ ਜਾਂਦਾ”।

ਸੁਖਬੀਰ ਇਹ ਸੁਣ ਕੇ ਸੋਚੀਂ ਪੈ ਗਿਆ। ਘਰ ਵਾਲ਼ੀ ਨੇ ਪੁੱਛਿਆ ਤਾਂ ਕਹਿੰਦਾ, “ਮੈਂ ਤਾਂ ਇਹੀ ਸੋਚੀ ਜਾਨੈਂ ਪਈ ਤਿੰਨੇ ਦਿਨ ਪਰਿਵਾਰ ਨੇ ਗੋਡੇ ਗੋਡੇ ਬਰਫ਼ ‘ਚ ਭੱਸੜ ਭੰਨਾਏ ਐ, ਹੁਕਮ ਕਰਨ ਤੋਂ ਪਹਿਲਾਂ ਹਰੇਕ ਚੀਜ਼ ਹਾਜ਼ਰ ਹੁੰਦੀ ਸੀ, ਇਹ ਬੂਬਨਾ ਸਾਧ ਹੋਰ ਕਿਹੜੀ ਸ਼ਰਧਾ ਭਾਲ਼ਦਾ ਸੀ”?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top