Share on Facebook

Main News Page

ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਣ ਜਾ ਰਹੀ "ਰਿਣ ਉਤਾਰ ਯਤਨ ਯਾਤਰਾ" ਸਬੰਧੀ ਪੰਥਕ ਵਿਦਵਾਨਾਂ ਦਾ ਪ੍ਰਤੀਕਰਮ

* ਰਿਣ ਉਤਾਰਨ ਦਾ ਯਤਨ ਨਹੀਂ ਬਲਕਿ ਬਾਦਲ ਦਲ ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਕੋਸ਼ਿਸ਼: ਪ੍ਰੋ.ਦਰਸ਼ਨ ਸਿੰਘ!!
* ਗੁਰੂ ਜੀ ਦੀ ਸ਼ਹਾਦਤ ਬਾਰੇ ਹਿੰਦੂ ਜੱਥੇਬੰਦੀਆਂ ਸੈਮੀਨਾਰ ਕਰਨ: ਸਰਵਜੀਤ ਸਿੰਘ ਸੈਕਰਾਮੈਂਟੋ!!
* ਘੱਟ ਗਿਣਤੀਆਂ ’ਤੇ ਹੁੰਦਾ ਜ਼ੁਲਮ ਅਤੇ ਵਿਤਕਰੇ ਵਿਰੁੱਧ ਅਵਾਜ਼ ਉੱਠੇ: ਡਾ.ਬਰਸਾਲ!!

ਕੋਟਕਪੂਰਾ, 20 ਨਵੰਬਰ (ਗੁਰਿੰਦਰ ਸਿੰਘ) :- ਭਾਵੇਂ ਪਿਛਲੇ ਸਾਲ ਬ੍ਰਾਹਮਣ ਸਭਾ ਵੱਲੋਂ ਰਿਣ ਉਤਾਰ ਯਤਨ ਯਾਤਰਾ ਦੇ ਨਾਂਅ ’ਤੇ ਕੱਢੀ ਗਈ ਰੈਲੀ ਦੀ ਪੰਥਦਰਦੀਆਂ, ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੇ ਦਲੀਲਾਂ ਨਾਲ ਨੁਕਤਾਚੀਨੀ ਕੀਤੀ ਪਰ ਇਸ ਦੇ ਬਾਵਜੂਦ ਵੀ ਇਸ ਵਾਰ ਫਿਰ ਰਿਣ ਉਤਾਰਨ ਦੇ ਨਾਂਅ ’ਤੇ ਕੁਝ ਲੋਕਾਂ ਵੱਲੋਂ ਅਜਿਹੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਬਠਿੰਡੇ ਜ਼ਿਲੇ ਦੇ ਇਕ ਕਸਬੇ ਤੋਂ ਚੱਲੀ ਯਾਤਰਾ ਦਿੱਲੀ ਵਿਖੇ ਸਮਾਪਤ ਹੋਈ, ਦੋ ਧੜਿਆਂ ’ਚ ਵੰਡੇ ਗਏ ਸੰਚਾਲਕਾਂ ’ਚੋਂ ਇਕ ਨੇ ਪਰਮਜੀਤ ਸਿੰਘ ਸਰਨਾ ’ਤੇ ਦੂਸ਼ਣਬਾਜ਼ੀ ਕੀਤੀ, ਜਦਕਿ ਦੂਜੇ ਨੇ ਇਸ ਦਾ ਖੰਡਨ ਕਰ ਦਿੱਤਾ।

ਪ੍ਰੋ. ਦਰਸ਼ਨ ਸਿੰਘ ਖਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਤੇ ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰਕਿਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੋਸ਼ ਲਾਇਆ, ਕਿ ਹਿੰਦੂ ਜੱਥੇਬੰਦੀਆਂ ਦੀ ਇਸ ਯਾਤਰਾ ’ਚ ਮਕਸਦ ਰਿਣ ਉਤਾਰਨ ਦਾ ਯਤਨ ਨਹੀਂ ਬਲਕਿ ਆਰ.ਐਸ.ਐਸ.ਦੇ ਇਸ਼ਾਰੇ ’ਤੇ ਆਪਣੇ ਭਾਈਵਾਲ ਬਾਦਲ ਦਲ ਨੂੰ ਸਿਆਸੀ ਲਾਭ ਪਹੁੰਚਾਉਣਾ ਹੈ।

ਉਨਾਂ ਕਿਹਾ ਕਿ ਪਿਛਲੇ ਸਾਲ ਉਕਤ ਜੱਥੇਬੰਦੀਆਂ ਦੇ ਇਕ ਧੜੇ ਵੱਲੋਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਹਿਮਾਨ ਨਿਵਾਜ਼ੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ, ਜਦਕਿ ਦੂਜੇ ਧੜੇ ਨੇ ਬਿਨਾਂ ਕਿਸੇ ਤੱਥ ਜਾਂ ਸਬੂਤ ਦੇ ਕਮੇਟੀ ਨੂੰ ਨਿੰਦਣ ਦੀ ਕੋਈ ਕਸਰ ਨਾ ਛੱਡੀ। ਉਨ੍ਹਾਂ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਬਾਰੇ ਵਿਆਖਿਆ ਕਰਦਿਆਂ ਕਿਹਾ ਕਿ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਆਕੇ ਫਰਿਆਦ ਕੀਤੀ ਕਿ ਕਿਸੇ ਮਹਾਂਪੁਰਸ਼ ਦੇ ਬਲੀਦਾਨ ਨਾਲ ਹੀ ਸਾਡਾ ਧਰਮ ਬੱਚ ਸਕਦਾ ਹੈ, ਤਾਂ ਗੁਰੂ ਸਾਹਿਬ ਨੇ ਦਾਨ ਦਿਤਾ ਸੀ, ਨਾ ਕਿ ਕਰਜ਼ਾ। ਕਰਜ਼ਾ ਵਾਪਸ ਦੇਣ ਲਈ ਸੂਦ ਸਮੇਤ ਵਾਪਸ ਦੇਣਾ ਹੁੰਦਾ ਹੈ। ਜੋ ਇਹ ਬ੍ਰਾਹਮਣ 300 ਸੌ ਸਾਲ ਬਾਅਦ ਠਰਿਣ ਉਤਾਰਨ ਯਾਤਰਾਠ ਕਰ ਰਹੇ ਨੇ ਇਹ ਅਕ੍ਰਿਤਘਣਤਾ ਦੀ ਨਿਸ਼ਾਨੀ ਹੈ।

ਵਿਦੇਸ਼ੀ ਵਿਦਵਾਨਾਂ ਸਰਵਜੀਤ ਸਿੰਘ ਸੈਕਰਾਮੈਂਟੋ ਸਿੰਘ ਸਭਾ ਇੰਟਰਨੈਸ਼ਨਲ ਤੇ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਨ ਲਈ ਪਿਛਲੇ ਸਾਲ ਯਾਤਰਾ ਕੱਢੀ ਗਈ ਪਰ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੰਦੇਸ਼ ਦਿੰਦੀ ਗੁਰੂ ਜੀ ਦੀ ਸ਼ਹਾਦਤ ਬਾਰੇ ਸਾਰੀ ਯਾਤਰਾ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਜ਼ਿਕਰ ਤੱਕ ਨਾ ਕੀਤਾ। ਉਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਗੁਰੂ ਜੀ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਦੱਸਣ ਦਾ ਉਪਰਾਲਾ ਨਹੀਂ ਕਰਨਾ ਤਾਂ ਅਜਿਹੀ ਰਿਣ ਉਤਾਰ ਯਤਨ ਯਾਤਰਾ ਨੂੰ ਸਿਆਸਤ ਤੋਂ ਪ੍ਰੇਰਿਤ ਹੀ ਸਮਝਿਆ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਰ ’ਚ ਘੱਟ ਗਿਣਤੀਆਂ ’ਤੇ ਤਸ਼ੱਦਦ ਹੋ ਰਿਹਾ ਹੈ, ਕਿਧਰੇ ਵੀ ਕੋਈ ਇਨਸਾਫ਼ ਦੀ ਕਿਰਨ ਦਿਖਾਈ ਨਹੀਂ ਦਿੰਦੀ। ਜੇਕਰ ਯਾਤਰਾ ਕਰਨ ਵਾਲੇ ਵੀਰ ਸੱਚੇ ਦਿਲੋਂ ਸੁਹਿਰਦ ਹਨ ਤਾਂ ਉਹ ਘੱਟ ਗਿਣਤੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰ ਕੇ ਉਨਾਂ ਲਈ ਇਨਸਾਫ਼ ਦੀ ਮੰਗ ਕਰਨ ਦੀ ਜੁਰਅੱਤ ਦਿਖਾਉਣ।

ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ ਏਕਸ ਕੇ ਬਾਰਕ ਤੇ ਰੇਸ਼ਮ ਸਿੰਘ ਬੇਕਰਜ਼ਫੀਲਡ ਅਕਾਲੀ ਦਲ ਮਾਨ ਅਨੁਸਾਰ ਜੇਕਰ ਰਿਣ ਉਤਾਰ ਯਤਨ ਯਾਤਰਾ ਦੇ ਸੰਚਾਲਕ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਣ ਮੌਕੇ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਘੱਟ ਗਿਣਤੀਆਂ ਦੀ ਰਾਖੀ ਲਈ ਕੀਤੇ ਉਪਰਾਲੇ ਦਾ ਵਿਸਥਾਰ ਸਹਿਤ ਜ਼ਿਕਰ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀਆਂ ਨਾ ਕਰਦਾ ਤਾਂ ਅੱਜ ਦੁਨੀਆਂ ਭਰ ’ਚ ਸੁੰਨਤ ਹੋਣੀ ਸੀ।

ਪ੍ਰਸਿੱਧ ਲੇਖਕ ਡਾ.ਗੁਰਮੀਤ ਸਿੰਘ ਬਰਸਾਲ ਪ੍ਰਵਾਸੀ ਭਾਰਤੀ ਤੇ ਵਰਿੰਦਰ ਸਿੰਘ ਗੋਲਡੀ ਵਰਲਡ ਸਿੱਖ ਫੈਡਰੇਸ਼ਨ ਨੇ ਆਖਿਆ ਕਿ ਫਿਰਕੂ ਜਨੂੰਨ ’ਚ ਜ਼ਹਿਰੀਲੀ ਸੋਚ ਰੱਖਣ ਵਾਲੀਆਂ ਵਿਰੋਧੀ ਤਾਕਤਾਂ ਨੇ ਹਮੇਸ਼ਾਂ ਸਿੱਖ ਕੌਮ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ, ਸਿੱਖਾਂ ਨਾਲ ਦੇਸ਼ ’ਚ ਦੋ ਨੰਬਰ ਦੇ ਸ਼ਹਿਰੀ ਵਾਲਾ ਸਲੂਕ ਹੋਇਆ, ਪੰਜਾਬ ਨੂੰ ਕੰਗਾਲ ਤੇ ਤਬਾਹ ਕਰਨ ਦੀ ਹਰ ਕੋਸ਼ਿਸ਼ ਹੋਈ ਪਰ ਰਿਣ ਉਤਾਰ ਯਤਨ ਯਾਤਰਾ ਕਰਨ ਵਾਲਿਆਂ ਨੇ ਉਸ ਸਮੇਂ ਦੜ ਕਿਉਂ ਵੱਟੀ ਰੱਖੀ। ਉਨਾਂ ਕਿਹਾ ਕਿ ਜਿਹੜੇ ਲੋਕ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਰਿਣ ਉਤਾਰਨ ਲਈ ਯਤਨਸ਼ੀਲ ਹਨ, ਉਨਾਂ ਦੀ ਅਜਿਹੀ ਸਾਜ਼ਿਸ਼ ਬਾਰੇ ਕੌਮ ਨੂੰ ਡੂੰਘਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top