ਕਈ
ਵਾਰ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਅਕਸਰ ਪੜ੍ਹਨ ਨੂੰ ਮਿਲਦਾ ਹੈ ਕਿ ਸਿੱਖੀ "ਗੁਰੂ
ਨਾਨਕ ਦੀ ਵਿਚਾਰਧਾਰਾ ਹੈ"। ਜੇ ਇਸ ਸਲੋਗਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ
ਪਰਖ ਕੇ ਵੇਖੀਏ, ਤਾਂ ਇਹ ਸਲੋਗਨ ਕੁਝ ਢੁਕਵਾਂ ਪ੍ਰਤੀਤ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ
ਨੇ ਇਕ "ਨਿਰਮਲ ਪੰਥ" ਦੀ ਸਥਾਪਨਾ ਕੀਤੀ।
ਮਾਰਿਆ ਸਿਕਾ
ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੫ ਪੰ. ੪
ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਦੀ ਸਥਾਪਨਾਂ ਕੀਤੀ, ਉਸ ਦਾ ਅਧਾਰ ਕੋਈ "ਵਿਚਾਰਧਾਰਾ"
ਨਹੀਂ ਬਲਕਿ " ਇਕ ਕਰਤਾਰ " ਦੇ ਹੁਕਮ (ਰੱਬੀ ਬਾਣੀ) ਹੀ ਸੀ ਦੂਜੇ ਸ਼ਬਦਾਂ ਵਿੱਚ
ਆਪ ਇਹ ਕਹਿ ਸਕਦੇ ਹੋ ਕਿ ਜੈਸਾ ਹੁਕਮ ਧੁਰੋਂ, ਭਾਵ: ਕਰਤੇ ਵਲੋਂ ਹੋਇਆ, ਗੁਰੂ ਨਾਨਕ
ਸਾਹਿਬ ਨੇ ਉਸੇ ਤਰ੍ਹਾਂ ਸਿੱਖ ਪੰਥ ਚਲਾਇਆ ਅਤੇ ਧੁਰ ਤੋਂ ਆਈ ਬਾਣੀ ਉਚਾਰੀ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ
॥ ਗੁਰੂ ਗ੍ਰੰਥ ਸਾਹਿਬ : ਅੰਕ ੭੨੨
"ਵਿਚਾਰਧਾਰਾ" ਸ਼ਬਦ, "ਸਦੀਵੀ ਸੱਚ" ਸ਼ਬਦ ਦੇ ਮੁਕਾਬਲੇ ਬਹੁਤ ਛੋਟਾ ਅਤੇ ਅਧੂਰਾ ਪ੍ਰਤੀਤ
ਹੁੰਦਾ ਹੈ, ਕਿਉਂਕਿ ਕੋਈ ਵੀ "ਵਿਚਾਰਧਾਰਾ" ਵਕਤ ਨਾਲ ਬਦਲਦੀ ਹੈ ਅਤੇ ਸਥਾਈ ਨਹੀਂ ਹੁੰਦੀ।
ਜਦਕਿ "ਸਦੀਵੀ ਸੱਚ" (Universal Truth) ਕਦੀ ਵੀ ਨਹੀਂ ਬਦਲਦਾ। 'ਸਦੀਵੀ ਸੱਚ', ਕਿਸੇ
ਅਸਥਾਨ, ਕਾਲ, ਸਮੇਂ ਅਤੇ ਕਿਸੇ ਦੇ ਪ੍ਭਾਵ ਹੇਠ ਨਹੀਂ ਹੁੰਦਾ। ਉਹ ਨਾ ਬਦਲਦਾ ਹੈ ਅਤੇ ਨਾ
ਹੀ ਕਿਸੇ ਪ੍ਰਭਾਵ ਜਾਂ ਨਿਜੀ ਸੋਚ ਦੇ ਅਧੀਨ ਹੁੰਦਾ ਹੈ। ਨਿਰੰਕਾਰ ਦੇ ਬਣਾਏ ਨਿਯਮ ਅਤੇ
ਗੁਣ "ਸਦੀਵੀ ਸੱਚ" ਹੁੰਦੇ ਹਨ, ਜੋ ਜੁਗਾ ਜੁਗੰਤਰ "ਸੱਚ" ਹੀ ਰਹਿੰਦੇ ਹਨ।
ਸਿੱਖੀ ਨੂੰ "ਗੁਰੂ ਨਾਨਕ ਦੀ ਵਿਚਾਰਧਾਰਾ" ਕਹਿਣ ਨਾਲੋਂ "ਰੱਬੀ ਗੁਣਾਂ ਤੇ ਅਧਾਰਿਤ
ਨਿਰਮਲ ਪੰਥ" ਕਹਿੰਣਾਂ ਜਿਆਦਾ ਉਚਿਤ ਅਤੇ ਢੁਕਵਾਂ ਪ੍ਰਤੀਤ ਹੁੰਦਾ ਹੈ। "ਵਿਚਾਰਧਾਰਾ"
ਸ਼ਬਦ ਅਧੁਰਾ ਹੈ, ਕਿਉਂਕਿ ਉਸ ਵਿੱਚ ਬਦਲਾਵ ਵੀ ਹੋ ਸਕਦਾ ਹੈ, ਲੇਕਿਨ "ਧੁਰ ਦੀ ਬਾਣੀ"
ਵਿੱਚ ਬਦਲਾਵ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਇਸ ਰੱਬੀ ਗੁਣਾਂ ਅਤੇ ਹੁਕਮ ਵਾਲੇ
"ਸ਼ਬਦ" ਨੂੰ ਹੀ ਅਪਣਾ ਗੁਰੂ ਵੀ ਮੰਨਿਆ ਹੈ। ਗੁਰੂ ਨਾਨਕ ਸਾਹਿਬ ਦੇ ਹੇਠ ਲਿਖੇ ਸ਼ਬਦਾਂ ਦੇ
ਨਾਲ ਹੀ "ਸ਼ਬਦ ਗੁਰੂ" ਦੇ ਸਿਧਾਂਤ ਦੀ ਨੀਂਹ ਪੱਕੀ ਹੋ ਗਈ ਸੀ।
ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ
ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ
॥
ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ
॥੪੩॥ ਅੰਕ 942
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ
ਚੇਲਾ ॥ ਅੰਕ 943
ਦਸਵੇਂ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਦੀ ਇਸ ਮਜਬੂਤ ਨੀਂਹ 'ਤੇ
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਕ ਬੁਲੰਦ ਅਤੇ ਸਦੀਵੀ ਰਹਿਣ ਵਾਲੇ "ਸ਼ਬਦ ਗੁਰੂ",
ਗੁਰੂ ਗ੍ਰੰਥ ਸਾਹਿਬ ਜੀ ਰੂਪੀ ਕਿਲੇ ਦੀ ਉਸਾਰੀ ਕਰ ਦਿੱਤੀ।
ਅੱਜ ਦੁਨੀਆਂ ਵਿੱਚ ਕਈ ਤਰ੍ਹਾਂ ਦੇ ਧਰਮ ਹਨ। ਕਰੋੜਾਂ ਤਰ੍ਹਾਂ ਦੇ ਦੇਵੀ ਦੇਵਤੇ ਅਤੇ ਇਸ਼ਟ
ਹਨ। ਕਈ ਧਰਮ ਅਤੇ ਸੰਪ੍ਰਦਾਇ ਹਨ, ਜਿਨ੍ਹਾਂ ਵਿੱਚ
ਅੱਡ ਅੱਡ ਅਧਆਤਮਿਕ ਰੀਤੀਆਂ ਅਤੇ
ਕਰਮਕਾਂਡ ਹਨ, ਲੇਕਿਨ "ਇਕ ਨਿਰੰਕਾਰ ਦੀ ਸਮਝ, "ਸ਼ਬਦ" ਤੋਂ ਬਿਨਾਂ ਮੁਮਕਿਨ ਨਹੀਂ ਹੈ।
ਦੇਹਧਾਰੀ ਗੁਰੂ ਡੰਮ ਹੋਵੇ ਜਾਂ
ਬੁੱਤ ਪ੍ਰਸਤੀ, ਦੋਵੇਂ ਹੀ ਮਨੁੱਖ ਨੂੰ "ਸ਼ਬਦ ਗਿਆਨ" ਤੋਂ
ਮਹਿਰੂਮ ਰਖਦੇ ਹਨ। ਦੇਹਧਾਰੀ ਅਪਣੇ ਨਿਜੀ ਸਵਾਰਥਾਂ ਨਾਲ ਬੰਧਿਆ ਹੁੰਦਾ ਹੈ ਅਤੇ ਪੱਥਰ
ਦੀਆਂ ਮੂਰਤੀਆਂ "ਸ਼ਬਦ" ਪੈਦਾ ਨਹੀਂ ਕਰ ਸਕਦੀਆਂ। ਇਹ ਮੂਰਤੀਆਂ ਤਾਂ ਉਸ ਗੂੰਗੀ ਅਤੇ ਬਹਰੀ
ਟੀਚਰ ਵਾਂਗ ਹਨ, ਜੋ ਕਲਾਸ ਵਿੱਚ ਦਸ ਵਰ੍ਹੇ ਵੀ ਆਂਉਦੀ ਰਹੇ, ਲੇਕਿਨ ਉਹ ਬੱਚਿਆਂ ਨੂੰ
ਕੋਈ ਗਿਆਨ ਨਹੀਂ ਦੇ ਸਕਦੀ। ਕਲਾਸ ਵਿਚ ਆਉਣ ਵਾਲੀ ਟੀਚਰ ਵੀ "ਸ਼ਬਦ" ਬੋਲਦੀ ਹੈ, ਤਾਂ ਹੀ
ਬੱਚਿਆਂ ਦੇ ਅੰਦਰ ਗਿਆਨ ਪੈਦਾ ਹੁੰਦਾ ਹੈ। "ਸ਼ਬਦ" ਲਿੱਖ, ਪੜ੍ਹ ਜਾਂ ਸੁਣ ਕੇ ਹੀ ਗਿਆਨ
ਉਪਜਦਾ ਹੈ। "ਸ਼ਬਦ" ਹੀ ਗਿਆਨ ਦਾ ਸ੍ਰੋਤ ਹੈ। ਦੂਜੇ ਸ਼ਬਦਾਂ ਵਿੱਚ "ਗਿਆਨ" ਦੇਣ ਵਾਲਾ ਹੀ
ਗੁਰੂ ਅਖਵਾਉਂਦਾ ਹੈ, 'ਤੇ ਗਿਆਨ ਸ਼ਬਦ ਨਾਲ ਪੈਦਾ ਹੁੰਦਾ ਹੈ। ਇਸੇ ਲਈ ਸਿੱਖੀ ਵਿੱਚ "ਸ਼ਬਦ"
ਨੂੰ ਹੀ " ਗੁਰੂ" ਦਾ ਦਰਜਾ ਦਿਤਾ ਗਇਆ ਹੈ, ਕਿਉਂਕਿ ਸ਼ਬਦ ਹੀ ਗਿਆਨ ਦਾ ਇਕ ਮਾਤਰ ਸ੍ਰੋਤ
ਹੈ, ਅਤੇ ਸ਼ਬਦ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ।
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥
ਅੰਕ 644
ਸਿੱਖੀ ਤੋਂ ਅਲਾਵਾ ਦੁਨੀਆਂ ਵਿਚ ਕੋਈ ਹੋਰ ਦੂਜਾ ਐਸਾ ਧਰਮ ਨਹੀਂ, ਜਿਸ ਵਿੱਚ "ਸ਼ਬਦ" ਨੂੰ
ਆਪਣਾ "ਗੁਰੂ ਅਤੇ ਇਸ਼ਟ" ਮਨਿਆਂ ਜਾਂਦਾ ਹੋਵੇ। ਸ਼ਬਦ ਅੱਗੇ ਸਿਜਦਾ ਕੀਤਾ ਜਾਂਦਾ ਹੋਵੇ।
ਇੱਸੇ ਲਈ ਤਾਂ ਗੁਰੂ ਨਾਨਕ ਦੀ ਥਾਪੀ ਸਿੱਖੀ ਇਕ "ਨਿਆਰਾ ਪੰਥ" ਅਖਵਾਉਂਦੀ ਹੈ "ਵਿਚਾਰਧਾਰਾ"
ਨਹੀਂ।