Share on Facebook

Main News Page

ਡੇਰਿਆਂ ਤੋਂ ਪੜ੍ਹੇ ਹੋਏ ਗ੍ਰੰਥੀ ਹੀ ਗੁਰਦੁਆਰਿਆਂ ’ਚ ਮਨਮਤਿ ਦਾ ਪ੍ਰਚਾਰ ਕਰਕੇ, ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ
-: ਚੈਨ ਸਿੰਘ ਟੋਰਾਂਟੋ

ਬਠਿੰਡਾ, 22 ਨਵੰਬਰ (ਕਿਰਪਾਲ ਸਿੰਘ): ਡੇਰਿਆਂ ਤੋਂ ਪੜ੍ਹੇ ਹੋਏ ਗ੍ਰੰਥੀ ਹੀ ਗੁਰਦੁਆਰਿਆਂ ’ਚ ਮਨਮਤਿ ਦਾ ਪ੍ਰਚਾਰ ਕਰਕੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਸ਼ਬਦ ਕੈਨੇਡਾ ਦੇ ਸ਼ਹਿਰ ਮਿਸੀਗਾਸਾ (ਟਰਾਂਟੋ) ਦੇ ਵਸਨੀਕ ਭਾਈ ਚੈਨ ਸਿੰਘ ਨੇ ਇਸ ਪੱਤਰਕਾਰ ਨਾਲ ਫੋਨ ’ਤੇ ਗੱਲ ਕਰਦੇ ਹੋਏ ਕਹੇ। ਉਨ੍ਹਾਂ ਆਪਣੇ ਸ਼ਹਿਰ ਦੇ ਗੁਰਦੁਆਰਾ ਔਨਟੋਰੀਓ ਖ਼ਾਲਸਾ ਦੀਵਾਨ ਡਿਕਸੀ ਰੋਡ ਦੇ ਗ੍ਰੰਥੀ ਭਲਿੰਦਰ ਸਿੰਘ ਦੀ ਮਿਸਾਲ ਦਿੰਦਿਆ ਦੱਸਿਆ ਕਿ ਉਹ ਗੁਰਦੁਆਰੇ ਵਿੱਚ ਸਿੱਖ ਰਹਿਤ ਮਰਿਆਦਾ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਰਿਹਾ ਹੈ। ਜਿਵੇਂ ਕਿ ਸਿੱਖ ਰਹਿਤ ਮਰਿਆਦਾ ਦੇ ‘ਸ਼ਖਸੀ ਰਹਿਣੀ’ ਸਿਰਲੇਖ ਹੇਠ ‘ਸੋ ਦਰੁ ਰਹਿਹਾਸ’ ਦਾ ਸਰੂਪ ਇਸ ਤਰ੍ਹਾਂ ਵਰਨਣ ਕੀਤਾ ਹੋਇਆ ਹੈ:-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ) ਬੇਨਤੀ ਚੌਪਈ (‘ਹਮਰੀ ਕਰੋ ਹਾਥ ਦੇ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤੱਕ ਸਵੈਯਾ (‘ਪਾਂਇ ਗਹੇ ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ ਛਾਡਿ ਕੇ’), ਅਨੰਦ ਦੀਆਂ ‘ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਇੱਕ ਪਉੜੀ’ ਮੁੰਦਾਵਣੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ।

ਪਰ ਭਲਿੰਦਰ ਸਿੰਘ ਗ੍ਰੰਥੀ ਰਹਿਰਾਸ ਲਈ ਪ੍ਰਵਾਨਤ ਉਪ੍ਰੋਕਤ ਬਾਣੀ ਤੋਂ ਪਹਿਲਾਂ ਤੇ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੋਰ ਕਈ ਸ਼ਬਦਾਂ ਤੋਂ ਇਲਾਵਾ ਬੇਨਤੀ ਚੌਪਈ ਤੋਂ ਪਹਿਲਾਂ ਤੇ ਪਿੱਛੋਂ ਵੀ ਕਈ ਦੋਹਰੇ, ਅੜਿਲਾਂ ਤੇ ਚੌਪਈਆਂ ਪੜ੍ਹਦਾ ਸੀ ਜਿਨ੍ਹਾਂ ਦਾ ਗੁਰਬਾਣੀ ਸਿਧਾਂਤ ਨਾਲ ਕੋਈ ਮੇਲ ਹੀ ਨਹੀਂ ਹੈ। ਪ੍ਰਬੰਧਕਾਂ ਰਾਹੀਂ ਵਾਰ ਵਾਰ ਬੇਨਤੀਆਂ ਕਰਨ ਤੋਂ ਪਿੱਛੋਂ ਬੇਸ਼ੱਕ ਚੌਪਈ ਦੇ ਅੱਗੇ ਪਿੱਛੇ ਫਾਲਤੂ ਪੜ੍ਹੇ ਜਾਂਦੇ ਸ਼ਬਦ ਪੜ੍ਹਨੋ ਤਾਂ ਹਟ ਗਿਆ ਹੈ।

ਦੂਸਰੀ ਮਿਸਾਲ ਦਿੱਤੀ ਕਿ ਸਿੱਖ ਰਹਿਤ ਮਰਿਆਦਾ ਵਿੱਚ ਕਿਧਰੇ ਵੀ ਆਰਤੀ ਦੇ ਸ਼ਬਦ ਪੜ੍ਹਨ ਦੀ ਹਦਾਇਤ ਨਹੀਂ ਹੈ, ਪਰ ਇਸ ਦੇ ਬਾਵਯੂਦ ਉਸ ਗ੍ਰੰਥੀ ਨੇ ਇਹ ਕਈ ਸਾਲਾਂ ਤੋਂ ਇਹ ਮਰਯਾਦਾ ਬਣਾ ਛੱਡੀ ਹੈ, ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹਰ ਸਾਲ ਗੁਰੂ ਗ੍ਰੰਥ ਸਹਿਬ ਜੀ ਵਿੱਚੋਂ ਉਨ੍ਹਾਂ ਸ਼ਬਦਾਂ, ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ‘ਆਰਤੀ’ ਜਾਂ ‘ਆਰਤਾ’ ਸ਼ਬਦ ਆਉਂਦਾ ਹੈ ਤੋਂ ਇਲਾਵਾ ਦਸਮ ਗ੍ਰੰਥ ਵਿੱਚ ਦਰਜ ਚੰਡੀ ਚਰਿੱਤਰ ਉਕਤ ਬਿਲਾਸ ਦੇ ਕੁਝ ਇਤਰਾਜਯੋਗ ਦੋਹਰੇ ਤੇ ਸਵਈਆਂ ਦਾ ਕੀਰਤਨ ਕਰਨ ਲਈ ਕੀਰਤਨੀ ਜਥੇ ਨੂੰ ਹਦਾਇਤ ਕਰਦਾ ਹੈ।

ਭਾਈ ਚੈਨ ਸਿੰਘ ਨੇ ਦੱਸਿਆ ਕਿ ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਵੇਰੇ ਨਿੱਤਨੇਮ ਪਾਠ ਉਪ੍ਰੰਤ ਗੁਰਦੁਆਰਾ ਸਾਹਿਬ ਜੀ ਦੇ ਸਕੱਤਰ ਸ: ਸਵਰਨ ਸਿੰਘ ਕੈਰੋਂ ਨੇ ਵਿਸ਼ੇਸ਼ ਤੌਰ ’ਤੇ ਅਨਾਊਂਸ ਕੀਤਾ ਕਿ ਹੁਣ ਕੀਰਤਨੀ ਜਥਾ ਗੁਰਬਾਣੀ ਦਾ ਕੀਰਤਨ ਕਰੇਗਾ। ਪਰ ਗ੍ਰੰਥੀ ਭਲਿੰਦਰ ਸਿੰਘ ਤੁਰੰਤ ਸਕੱਤਰ ਦੀਆਂ ਹਦਾਇਤਾਂ ਦੀ ਅਣਦੇਖੀ ਕਰਦਿਆਂ ਕੀਰਤਨੀ ਜਥੇ ਦੇ ਕੰਨ ਵਿੱਚ ਕਹਿ ਆਇਆ ਕਿ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਦਸਮ ਗ੍ਰੰਥ ਵਿੱਚ ਦਰਜ ਸ਼ਬਦਾਂ ਸਮੇਤ ਆਰਤੀ ਦੇ ਸਾਰੇ ਸ਼ਬਦ ਪੜ੍ਹਨੇ ਹਨ। ਇਸ ਲਈ ਗ੍ਰੰਥੀ ਦੀ ਹਦਾਇਤ ਮੰਨਦਿਆਂ ਰਾਗੀ ਜਥੇ ਨੇ ਦਸਮ ਗ੍ਰ੍ਰੰਥ ਵਿੱਚੋਂ ਉਹ ਇਤਰਾਜ ਯੋਗ ਰਚਨਾ ਵੀ ਪੜ੍ਹੀ ਜਿਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਪੜ੍ਹੇ ਗਏ ਉਹ ਦੋਹਰੇ ਤੇ ਸਵਈਏ ਅਰਥਾਂ ਸਮੇਤ ਹੇਠ ਦਿੱਤੇ ਜਾ ਰਹੇ ਹਨ:-

ਦੋਹਰਾ ॥ ਲੋਪ ਚੰਡਕਾ ਹੋਇ ਗਈ; ਸੁਰਪਤਿ ਕੌ ਦੇ ਰਾਜ ॥ ਦਾਨਵ ਮਾਰਿ ਅਭੇਖ ਕਰਿ; ਕੀਨੇ ਸੰਤਨ ਕਾਜ ॥53॥

ਜਿਸ ਦੇ ਡਾ: ਰਤਨ ਸਿੰਘ ਜੱਗੀ ਨੇ ਅਰਥ ਕੀਤੇ ਹਨ: (ਚੰਡੀ ਨੇ) ਦੈਂਤਾਂ ਨੂੰ ਮਾਰ ਕੇ ਬੇਹਾਲ ਕੀਤਾ ਅਤੇ ਸੰਤਾਂ (ਦੀ ਰੱਖਿਆ ਦਾ) ਕਾਰਜ ਕੀਤਾ ਅਤੇ ਇੰਦਰ ਨੂੰ ਰਾਜ ਦੇ ਕੇ ਚੰਡੀ ਲੋਪ ਹੋ ਗਈ॥53॥

‘ਸ੍ਵੈਯਾ ॥ ਯਾਤੇ ਪ੍ਰਸੰਨ ਭਏ ਹੈ ਮਹਾ ਮੁਨ; ਦੇਵਨ ਕੇ ਤਪ ਮੈ ਸੁਖ ਪਾਵੈ ॥ ਜਗ੍ਯ ਕਰੈ, ਇਕ ਬੇਦ ਰਰੈ; ਭਵ ਤਾਪ ਹਰੈ, ਮਿਲਿ ਧਿਆਨਹਿ ਲਾਵੈ ॥
ਝਾਲਰ ਤਾਲ ਮ੍ਰਿਦੰਗ ਉਪੰਗ; ਰਬਾਬ ਲੀਏ, ਸੁਰ ਸਾਜ ਮਿਲਾਵੈ ॥ ਕਿੰਨਰ ਗੰਧ੍ਰਬ ਗਾਨ ਕਰੈ ਗਨਿ; ਜਛ ਅਪਛਰ ਨਿਰਤ ਦਿਖਾਵੈ ॥54॥


ਅਰਥ: (ਦੈਂਤਾਂ ਦੇ ਨਸ਼ਟ ਹੋ ਜਾਣ ਨਾਲ) ਵਡੇ ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ ਦੇਵਤਿਆਂ ਦੇ ਤੇਜ-ਪ੍ਰਤਾਪ ਵਿਚ ਸੁਖ ਪ੍ਰਾਪਤ ਕਰਨ ਲਗੇ ਹਨ। (ਕਈ) ਯੱਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ (ਹਰਿ ਵਿਚ) ਧਿਆਨ ਲਗਾਉਂਦੇ ਹਨ। (ਦੇਵਤੇ) ਘੜਿਆਲ, ਛੈਣੇ, ਮ੍ਰਿਦੰਗ, ਉਪੰਗ (ਇਕ ਪ੍ਰਕਾਰ ਦਾ ਵਾਜਾ), ਰਬਾਬ ਆਦਿਕ ਜਿੱਤ ਦੇ ਸਾਜ਼ਾਂ ਨੂੰ ਲੈ ਕੇ ਇਕ-ਸੁਰ ਕਰਦੇ ਹਨ। (ਕਿਤੇ) ਕਿੰਨਰ ਅਤੇ ਗੰਧਰਬ ਗਾ ਰਹੇ ਹਨ ਅਤੇ (ਕਿਤੇ) ਯਕਸ਼ ਅਤੇ ਅਪੱਛਰਾਵਾਂ ਨਾਚ ਕਰਕੇ ਵਿਖਾ ਰਹੀਆਂ ਹਨ ॥੫੪॥

ਸੰਖਨ ਕੀ ਧੁਨ ਘੰਟਨਿ ਕੀ ਕਰਿ; ਫੂਲਨ ਕੀ ਬਰਖਾ ਬਰਖਾਵੈ ॥ ਆਰਤੀ ਕੋਟਿ ਕਰੈ ਸੁਰ ਸੁੰਦਰਿ; ਪੇਖ ਪੁਰੰਦਰ ਕੇ ਬਲਿ ਜਾਵੈ ॥
ਦਾਨਤ ਦਛਨ ਦੈ ਕੈ ਪ੍ਰਦਛਨ; ਭਾਲ ਮੈ ਕੁੰਕਮ ਅਛਤ ਲਾਵੈ ॥ ਹੋਤ ਕੁਲਾਹਲ ਦੇਵਪੁਰੀ; ਮਿਲ ਦੇਵਨ ਕੇ ਕੁਲਿ ਮੰਗਲ ਗਾਵੈ ॥55॥


ਅਰਥ: ਸੰਖਾਂ ਅਤੇ ਘੜਿਆਲਾਂ ਦੀ ਗੁੰਜਾਰ ਕਰ ਕੇ ਫੁੱਲਾਂ ਦੀ ਬਰਖਾ ਕਰ ਰਹੇ ਹਨ। (ਕਿਤਨੇ ਹੀ) ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਂਦੇ ਹਨ। (ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾਂ (ਦਾ ਤਿਲਕ) ਲਗਾਉਂਦੇ ਹਨ। (ਇਸ ਤਰ੍ਹਾਂ) ਦੇਵਤਿਆਂ ਦੀ ਨਗਰੀ ਵਿਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ ॥੫੫॥

ਦੋਹਰਾ ॥ ਐਸੇ ਚੰਡ ਪ੍ਰਤਾਪ ਤੇ; ਦੇਵਨ ਬਢਿਓ ਪ੍ਰਤਾਪ ॥ ਤੀਨ ਲੋਕ ਜੈ ਜੈ ਕਰੈ; ਰਰੈ ਨਾਮੁ ਸਤਿ ਜਾਪ ॥56॥

ਅਰਥ: ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ ਅਤੇ ਤਿੰਨੇ ਲੋਕ ਦੇਵੀ ਦੀ ਜੈ-ਜੈ-ਕਾਰ ਕਰਦੇ ਹੋਏ (‘ਮਾਰਕੰਡੇਯ ਪੁਰਾਣ’ ਦੀ) ਸੱਤਸਈ (ਵਿਚਲੇ) ਨਾਂਵਾਂ (ਦੇ ਸਤੋਤ੍ਰ ਦਾ) ਜਾਪ ਕਰਨ ਲਗੇ ॥੫੬॥

ਭਾਈ ਚੈਨ ਸਿੰਘ ਨੇ ਰਾਗੀ ਜਥੇ ਨੂੰ ਪੁੱਛਿਆ ਕਿ ਤੁਹਾਨੂੰ ਸਟੇਜ ਸਕੱਤਰ ਨੇ ਗੁਰਬਾਣੀ ਦਾ ਕੀਰਤਨ ਕਰਨ ਵਾਸਤੇ ਕਿਹਾ ਸੀ, ਪਰ ਜੋ ਤੁਸੀਂ ਇਹ ਦਸਮ ਗ੍ਰੰਥ ’ਚੋਂ ਦੋਹਰੇ ਅਤੇ ਸਵਈਏ ਪੜ੍ਹੇ ਹਨ ਇਨ੍ਹਾਂ ਦੇ ਅਰਥਾਂ ਨੂੰ ਕਦੀ ਵੀਚਾਰ ਕੇ ਵੇਖਿਆ ਹੈ ਕਿ ਇਨ੍ਹਾਂ ਦਾ ਗੁਰਮਤਿ ਨਾਲ ਕੀ ਸਬੰਧ ਹੈ? ਤਾਂ ਉਸ ਕੀਰਤੀਨਏ ਜਥੇ ਦੇ ਮੁਖੀ ਨੇ ਕਿਹਾ ਕਿ ਸਾਨੂੰ ਗ੍ਰੰਥੀ ਨੇ ਕਿਹਾ ਸੀ ਇਸ ਕਾਰਣ ਸਾਨੂੰ ਪੜ੍ਹਨੇ ਪਏ। ਜਦੋਂ ਗ੍ਰੰਥੀ ਭਲਿੰਦਰ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਹਾਂ ਮੈਂ ਹੀ ਰਾਗੀ ਜਥੇ ਨੂੰ ਆਰਤੀ ਨਾਲ ਸਬੰਧਤ ਇਹ ਸਾਰੇ ਸਬੰਧਤ ਸ਼ਬਦ ਪੜ੍ਹਨ ਲਈ ਕਿਹਾ ਸੀ। ਇਸ ਦੇ ਅਰਥ ਅਤੇ ਗੁਰਮਤਿ ਨਾਲ ਕੋਈ ਸਬੰਧ ਹੋਣ ਸਬੰਧੀ ਪੁੱਛੇ ਜਾਣ ’ਤੇ ਉਸ ਨੇ ਕਿਹਾ ਜਦ ਦਰਬਾਰ ਸਾਹਿਬ ਇਹ ਪੜ੍ਹੇ ਜਾਂਦੇ ਹਨ ਤਾਂ ਇੱਥੇ ਵੀ ਜਰੂਰ ਪੜ੍ਹੇ ਜਾਣਗੇ। ਭਾਈ ਚੈਨ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਤਾਂ ਬੀਬੀਆਂ ਨੂੰ ਕੀਰਤਨ ਕਰਨ ਦੀ ਵੀ ਇਜ਼ਾਜ਼ਤ ਨਹੀਂ ਤਾਂ ਕੀ ਤੁਸੀਂ ਗੁਰਬਾਣੀ ਵਿੱਚ ਦੱਸੇ ਗਏ ਮਰਦ ਇਸਤਰੀ ਬਰਾਬਰਤਾ ਦੇ ਸਿਧਾਂਤ ਦੀ ਉਲੰਘਣਾਂ ਕਰਦੇ ਹੋਏ ਇਸ ਗੁਰਦੁਆਰੇ ਵਿੱਚ ਵੀ ਬੀਬੀਆਂ ਨੂੰ ਕੀਰਤਨ ਤੇ ਸਿਮਰਨ ਕਰਨ ਤੋਂ ਰੋਕੋਗੇ? ਤਾਂ ਇਸ ਦਾ ਗ੍ਰੰਥੀ ਨੇ ਕੋਈ ਜਵਾਬ ਨਾ ਦਿੱਤਾ।

ਭਾਈ ਚੈਨ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਗ੍ਰੰਥੀ ਭਲਿੰਦਰ ਸਿੰਘ 1986 ਤੋਂ ਇਸ ਗੁਰਦੁਆਰੇ ਵਿੱਚ ਸੇਵਾ ਨਿਭਾ ਰਿਹਾ ਹੈ, ਜਿਸ ਕਾਰਣ ਪਦਾਰਥਵਾਦ ਨਾਲ ਜੁੜੇ ਪਰ ਗੁਰਮਤਿ ਤੋਂ ਅਣਜਾਣ ਸਿੱਖਾਂ ਵਿੱਚ ਇਸ ਨੇ ਭ੍ਰਮ ਫੈਲਾ ਕੇ ਆਪਣੀ ਕਾਫੀ ਸਿੱਖੀ ਸੇਵਕੀ ਬਣਾ ਲਈ ਹੈ ਜਿਨ੍ਹਾਂ ਦੀਆਂ ਕਾਫੀ ਸਾਰੀਆਂ ਵੋਟਾਂ ਹਨ। ਇਹ ਵੋਟ ਨੀਤੀ ਦਾ ਹੀ ਕਸੂਰ ਹੈ ਕਿ ਵੋਟਾਂ ਦੇ ਨੁਕਸਾਨ ਦੇ ਡਰੋਂ ਕੋਈ ਵੀ ਪ੍ਰਬੰਧਕ ਇਸ ਮਨਮਤੀਏ ਗ੍ਰੰਥੀ ਵਿਰੁਧ ਕੋਈ ਕਾਰਵਾਈ ਨਹੀਂ ਕਰ ਸਕਦਾ।

ਭਾਈ ਚੈਨ ਸਿੰਘ ਵੱਲੋਂ ਇਹ ਸਾਰੀ ਵਾਰਤਾ ਦੱਸੇ ਜਾਣ ’ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਪੁੱਛਿਆ ਕਿ ਕਈ ਗੁਰਦੁਆਰਿਆਂ ਵਿੱਚ ਸੰਧਿਆ ਸਮੇਂ ਆਰਤੀ ਦੇ ਕੁਝ ਸ਼ਬਦ ਅਤੇ ਦਸਮ ਗ੍ਰੰਥ ਵਿੱਚ ਦਰਜ ਚੰਡੀ ਚਰਿਤ੍ਰ ਉਕਤ ਬਿਲਾਸ ਅਧਿਆਏ 3 ਦੇ ਅੰਕ ਨੰ: 53 ਤੋਂ 56 ਤੱਕ ਦੋਹਰੇ ਅਤੇ ਸਵਈਏ ਆਦਿਕ ਪੜ੍ਹੇ ਜਾਂਦੇ ਹਨ ਜਿਵੇਂ ਕਿ: ‘ਦੋਹਰਾ ॥ ਲੋਪ ਚੰਡਕਾ ਹੋਇ ਗਈ; ਸੁਰਪਤਿ ਕੌ ਦੇ ਰਾਜ ॥ ਦਾਨਵ ਮਾਰਿ ਅਭੇਖ ਕਰਿ; ਕੀਨੇ ਸੰਤਨ ਕਾਜ ॥ 53॥’ ਕੀ ਇਹ ਸਿੱਖ ਰਹਿਤ ਮਰਿਆਦਾ ਅਨੁਸਾਰ ਠੀਕ ਹਨ। ਗਿਆਨੀ ਜਗਤਾਰ ਸਿੰਘ ਨੇ ਕਿਹਾ ਜਿਹੜੇ ਪੜ੍ਹਦੇ ਹਨ ਉਨ੍ਹਾਂ ਤੋਂ ਪੁੱਛੋ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਪੁੱਛਣ ’ਤੇ ਕਹਿ ਦਿੰਦੇ ਹਨ ਇਹ ਦਰਬਾਰ ਸਾਹਿਬ ਵਿੱਚ ਵੀ ਪੜ੍ਹੇ ਜਾਂਦੇ ਹਨ ਇਸ ਲਈ ਅਸੀਂ ਜਰੂਰ ਪੜ੍ਹਾਂਗੇ। ਗਿਆਨੀ ਜਗਤਾਰ ਸਿੰਘ ਜੀ ਆਪਣੇ ਅਹੁੱਦੇ ਦਾ ਖ਼ਿਆਲ ਕੀਤੇ ਬਿਨਾਂ ਬੜੀ ਹੀ ਕੁਰੱਖ਼ਤ ਭਾਸ਼ਾ ਵਿੱਚ ਕਹਿਣ ਲੱਗੇ; ਕੀ ਤੂ ਕਦੀ ਦਰਬਾਰ ਸਾਹਿਬ ਤੋਂ ਸੁਣੇ ਹਨ? ਦਰਬਾਰ ਸਾਹਿਬ ਵਿੱਚ ਸਿਰਫ ਆਰਤੀ ਦੇ ਸ਼ਬਦ ਅਤੇ ‘ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥’ ਵਾਲਾ ਸਵਈਆ ਹੀ ਪੜ੍ਹਿਆ ਜਾਂਦਾ ਹੈ। ਜੇ ਕੋਈ ਇਸ ਤੋਂ ਵੱਧ ਪੜ੍ਹਦਾ ਹੈ ਤਾਂ ਮੈਨੂੰ ਕਿਉਂ ਫੋਨ ਕੀਤਾ, ਜਿਹੜਾ ਪੜ੍ਹਦਾ ਹੈ ਉਸ ਤੋਂ ਪੁੱਛੋ!

ਗਿਆਨੀ ਜਗਤਾਰ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਮੈਂ ਤੁਹਾਨੂੰ ਸਤਿਕਾਰ ਨਾਲ ਸਿੰਘ ਸਾਹਿਬ ਕਹਿ ਕੇ ਸੰਬੋਧਨ ਕੀਤਾ ਹੈ; ਸਿੱਖ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੇ ਹੈੱਡ ਗ੍ਰੰਥੀ ਹੋਣ ਦੇ ਨਾਤੇ ਸਿੱਖ ਰਹਿਤ ਮਰਿਆਦਾ ਸਬੰਧੀ ਸਵਾਲ ਪੁੱਛਿਆ ਹੈ; ਪਰ ਤੁਸੀਂ ਆਪਣੇ ਆਪ ਨੂੰ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਅਖਵਾਉਂਦੇ ਹੋ ਜਿਸ ਵਿੱਚ ਅਕਾਲ ਪੁਰਖ ਦੇ ਮਿਠ ਬੋਲੜੇ ਹੋਣ ਦੇ ਗੁਣ ਵਰਨਣ ਕੀਤੇ ਗਏ ਹਨ। ਜਿਵੇਂ ਕਿ: ‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥1॥’ (ਸੂਹੀ ਮ: 5, ਪੰਨਾ 784) ਤੁਸੀਂ ਅਜਿਹੇ ਸ਼ਬਦਾਂ ਦੀ ਕਥਾ ਕਰਦੇ ਹੋਏ ਸੰਗਤ ਨੂੰ ਪ੍ਰੇਰਣਾਂ ਦਿੰਦੇ ਰਹਿੰਦੇ ਹੋ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅਸੀਂ ਉਸ ਦੇ ਗੁਣ ਧਾਰਨ ਕਰਨੇ ਹਨ। ਪਰ ਤੁਹਾਡੀ ਬੋਲਬਾਣੀ ਤਾਂ ਅਕਾਲ ਪੁਰਖ ਦੀ ਮਿੱਠੀ ਬੋਲੀ ਤੋਂ ਬਿਲਕੁਲ ਹੀ ਉਲਟ ਹੈ। ਕੀ ਤੁਹਾਨੂੰ ਇਹ ਗੁਣ ਧਾਰਨ ਕਰਨ ਦੀ ਲੋੜ ਨਹੀਂ ਹੈ? ਕੀ ਜਿਹੜੇ ਆਰਤੀ ਵਾਲੇ ਸ਼ਬਦ ਤੁਸੀਂ ਦਰਬਾਰ ਸਾਹਿਬ ਵਿੱਚ ਪੜ੍ਹਦੇ ਹੋ ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਠੀਕ ਹਨ?

ਪਰ ਅਖੌਤੀ ਸਿੰਘ ਸਾਹਿਬ ਨੇ ਸਿੱਖ ਰਹਿਤ ਮਰਯਾਦਾ ਸਬੰਧੀ ਅਤੇ ਦਰਬਾਰ ਸਾਹਿਬ ਵਿੱਚ ਹੋ ਰਹੀ ਇਸ ਅਵੱਗਿਆ ਸਬੰਧੀ ਕੋਈ ਢੁਕਵਾਂ ਜਵਾਬ ਦੇਣ ਦੀ ਥਾਂ ਬੁੜ ਬੁੜ ਕਰਦੇ ਹੋਏ ਨੇ ਫੋਨ ਕੱਟ ਦਿੱਤਾ। ਅਸਲ ਵਿੱਚ ਇਹ ਸਿਰਫ ਗਿਆਨੀ ਜਗਤਾਰ ਸਿੰਘ ਦਾ ਹੀ ਹਾਲ ਨਹੀਂ ਬਲਕਿ ਵਿਰਲਿਆਂ ਨੂੰ ਛੱਡ ਕੇ; ਇੱਕ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਤੋਂ ਲੈ ਕੇ ਉਚ ਧਾਰਮਿਕ ਪਦਵੀਆਂ ’ਤੇ ਬੈਠੇ ਹਰ ਵਿਅਕਤੀ ਖਾਸ ਕਰਕੇ ਜਿਨ੍ਹਾਂ ਦੇ ਨਾਮ ਨਾਲ "ਸਿੰਘ ਸਾਹਿਬ" ਜਾਂ ਪ੍ਰਧਾਨਗੀ ਦੀ ਪੂਛ ਲੱਗ ਜਾਵੇ, ਉਨ੍ਹਾਂ ਵਿੱਚੋਂ ਵਿਰਲਿਆਂ ਨੂੰ ਛੱਡ ਕੇ ਸਭਨਾਂ ਦੀ ਬੋਲੀ ਦਾ ਇਹੋ ਹੀ ਹਾਲ ਹੈ, ਕਿ ਇਨ੍ਹਾਂ ਨੇ ਕਿਸੇ ਜਗਿਆਸੂ ਨੂੰ ਆਪਣੀ ਮਿੱਠੀ ਬੋਲੀ ਰਾਹੀਂ ਸਿੱਖ ਧਰਮ ਦੇ ਸਿਧਾਂਤਾਂ ਸਬੰਧੀ ਢੁਕਵੀਂ ਤੇ ਦਿਲ ਖਿਚਵੀਂ ਜਾਣਕਾਰੀ ਦੇ ਕੇ ਸਿੱਖ ਧਰਮ ਵਿੱਚ ਲਿਆਉਣ ਲਈ ਤਾਂ ਕੀ ਪ੍ਰੇਰਣਾ ਸੀ, ਸਗੋਂ ਇਨ੍ਹਾਂ ਦਾ ਕੁਰੱਖਤ ਰਵਈਆ ਗੁਰਦੁਆਰਿਆਂ ’ਚੋਂ ਧੱਕੇ ਦੇ ਕੇ ਡੇਰਿਆਂ ਵੱਲ ਤੋਰਨ ਲਈ ਮੁੱਖ ਤੌਰ ’ਤੇ ਜਿੰਮੇਵਾਰ ਹੈ। ਤੁਸੀਂ ਕਦੇ ਕਿਸੇ ਡੇਰੇ ਦੇ ਕਿਸੇ ਵੀ ਪ੍ਰਬੰਧਕ ਜਾਂ ਸੇਵਾਦਾਰ ਨਾਲ ਗੱਲ ਕਰਕੇ ਵੇਖੋ ਉਨ੍ਹਾਂ ਦਾ ਸ਼ਿਸ਼ਟਚਾਰ ਅਤੇ ਨਿੱਘਾ ਵਰਤਾਓ ਮਨੁੱਖ ਨੂੰ ਆਪਣੇ ਵੱਲ ਖਿੱਚੇ ਵਗੈਰ ਨਹੀਂ ਰਹਿ ਸਕਦਾ ਪਰ ਸਾਡੇ ਧਾਰਮਿਕ ਆਗੂਆਂ ਤੇ ਸੇਵਾਦਾਰਾਂ ਦੀ ਬੋਲੀ ਤੇ ਰਵਈਆ ਪੰਜਾਬ ਵਿੱਚ ਸਭ ਤੋਂ ਕੁਰੱਖਤ ਭਾਸ਼ਾ ਬੋਲਣ ਵਾਲੇ ਮੰਨੇ ਗਏ ਪੁਲਿਸੀਆਂ ਦੀ ਬੋਲੀ ਨੂੰ ਵੀ ਮਾਤ ਪਾ ਰਹੀ ਹੈ। ਅੱਜ ਕੱਲ੍ਹ ਤੁਸੀਂ ਕਦੀ ਪੁਲਿਸ ਕੰਟਰੋਲ ਰੂਮ ਦੇ ਰੀਸੈਪਨਿਸ਼ਟ ਜਾਂ ਅਧਿਕਾਰੀ ਨਾਲ ਗੱਲ ਕਰਕੇ ਵੇਖੋ ਉਨ੍ਹਾਂ ਦੀ ਬੋਲੀ ਬਹੁਤ ਤਹਿਜ਼ੀਬ ਵਾਲੀ ਹੁੰਦੀ ਪਰ ਸਾਡੇ ਧਾਰਮਿਕ ਆਗੂਆਂ ’ਚੋ ਵਿਰਲਿਆਂ ਨੂੰ ਛੱਡ ਕੇ ਬਾਕੀ ਦੀ ਬੋਲੀ ਦਾ ਨਮੂੰਨਾ ਗਿਆਨੀ ਗਿਆਨੀ ਜਗਤਾਰ ਸਿੰਘ ਦੀ ਬੋਲੀ ’ਚੋਂ ਵੇਖਿਆ ਜਾ ਸਕਦਾ ਹੈ।

ਇਸ ਉਪ੍ਰੰਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਕਿ ਜਦ ਸਿੱਖ ਰਹਿਤ ਮਰਯਾਦਾ ਵਿੱਚ ਆਰਤੀ ਦੇ ਕੋਈ ਸ਼ਬਦ ਪੜ੍ਹਨ ਦਾ ਕੋਈ ਵਿਧਾਨ ਹੀ ਨਹੀਂ ਹੈ ਤਾਂ ਇਹ ਸ਼ਬਦ ਅਤੇ ਖਾਸ ਕਰਕੇ ਗੁਰਮਤਿ ਦਾ ਪੂਰੀ ਤਰ੍ਹਾ ਵਿਰੋਧ ਕਰਨ ਵਾਲੇ ਦਸਮ ਗ੍ਰੰਥ ’ਚੋਂ: ‘ਦੋਹਰਾ ॥ ਲੋਪ ਚੰਡਕਾ ਹੋਇ ਗਈ; ਸੁਰਪਤਿ ਕੌ ਦੇ ਰਾਜ ॥ ਦਾਨਵ ਮਾਰਿ ਅਭੇਖ ਕਰਿ; ਕੀਨੇ ਸੰਤਨ ਕਾਜ ॥ 53॥’ ਕਿਉਂ ਪੜ੍ਹੇ ਜਾਂਦੇ ਹਨ? ਉਨ੍ਹਾਂ ਕਿਹਾ ਬੇਸ਼ੱਕ ਸਿੱਖ ਰਹਿਤ ਮਰਯਾਦਾ ਵਿੱਚ ਆਰਤੀ ਦੇ ਸ਼ਬਦ ਪੜ੍ਹਨ ਦਾ ਕੋਈ ਵਿਧਾਨ ਨਹੀਂ ਹੈ ਪਰ ਦਰਬਾਰ ਸਾਹਿਬ ’ਚ ਪੁਰਾਤਨ ਚਲੀ ਆ ਰਹੀ ਰਵਾਇਤ ਅਨੁਸਾਰ ਪੜ੍ਹੇ ਜਾਂਦੇ ਹਨ। ਪਰ ਇੱਥੇ ‘ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥’ ਵਾਲੇ ਸਵਈਏ ਤੱਕ ਹੀ ਪੜ੍ਹੇ ਜਾਂਦੇ ਹਨ, ਇਸ ਤੋਂ ਅੱਗੇ ਨਹੀਂ। ਜਿਹੜੇ ਇਸ ਤੋਂ ਵੱਧ ਪੜ੍ਹਦੇ ਹਨ ਉਨ੍ਹਾਂ ਨੂੰ ਕਹੋ ਕਿ ਉਹ ਸਿਰਫ ਉਹ ਸ਼ਬਦ ਪੜ੍ਹ ਲਿਆ ਕਰਨ ਜਿਹੜੇ ਦਰਬਾਰ ਸਾਹਿਬ ਵਿੱਚ ਪੜ੍ਹੇ ਜਾਂਦੇ ਹਨ। ਇਸ ਤੋਂ ਅੱਗੇ ਨਾ ਪੜ੍ਹਿਆ ਕਰਨ।

ਗਿਆਨੀ ਗੁਰਬਚਨ ਸਿੰਘ ਤੋਂ ਪੁੱਛਿਆ ਗਿਆ ਕਿ ਜਿਸ ਤੁਸੀਂ ਤਰ੍ਹਾਂ ਦਰਬਾਰ ਸਾਹਿਬ ਦੀ ਚੱਲੀ ਆ ਰਹੀ ਪੁਰਾਤਨ ਮਰਯਾਦਾ ਦਾ ਢੰਢੋਰਾ ਪਿੱਟ ਰਹੇ ਹੋ ਇਸੇ ਤਰ੍ਹਾਂ ਦੂਸਰੇ ਵੀ ਆਪਣੀ ਮਰਯਾਦਾ ਦਾ ਢੰਢੋਰਾ ਪਿੱਟਣ ਲੱਗ ਪੈਂਦੇ ਹਨ ਤਾਂ ਸਿੱਖ ਰਹਿਤ ਮਰਯਾਦਾ ਕੌਣ ਮੰਨੇਗਾ? ਉਨ੍ਹਾਂ ਕਿਹਾ ਨਿਹੰਗਾਂ ਤੋਂ ਬਿਨਾਂ ਬਾਕੀ ਕਿਸੇ ਹੋਰ ਗੁਰਦੁਆਰੇ ਵਿੱਚ ਦਸਮ ਗ੍ਰੰਥ ਦੇ ਇਹ ਸ਼ਬਦ ਨਹੀਂ ਪੜ੍ਹੇ ਜਾਂਦੇ। ਜਥੇਦਾਰ ਸਾਹਿਬ ਤੋਂ ਪੁੱਛਿਆ ਗਿਆ ਕੀ ਜਿਹੜੇ ਸਿੱਖ ਰਹਿਤ ਮਰਯਾਦਾ ਦੀ ਸ਼ਰੇਆਮ ਅਵੱਗਿਆ ਕਰ ਰਹੇ ਹਨ ਉਨ੍ਹਾਂ ਨੂੰ ਤੁਸੀਂ ਅਕਾਲ ਤਖ਼ਤ ’ਤੇ ਤਲਬ ਕਰੋਗੇ?

ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸਿੱਖ ਰਹਿਤ ਮਰਯਾਦਾ ਨੂੰ ਕਿੰਨੇ ਕੁ ਮੰਨਦੇ ਹਨ? ਕਿਸ ਕਿਸ ਨੂੰ ਸੱਦੀਏ?

ਗਿਆਨੀ ਗੁਰਬਚਨ ਸਿੰਘ ਤੋਂ ਪੁੱਛਿਆ ਗਿਆ ਕਿ ਜੇ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਸਕਦੇ ਹੋ, ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਤਲਬ ਕਰ ਸਕਦੇ ਹੋ ਤਾਂ ਜਿਹੜੇ ਸ਼ਰੇਆਮ ਸਿੱਖ ਰਹਿਤ ਮਰਯਾਦਾ ਦੀ ਅਵੱਗਿਆ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ ਸੱਦ ਸਕਦੇ?

ਗਿਆਨੀ ਗੁਰਬਚਨ ਸਿੰਘ ਦਾ ਜਵਾਬ ਸੀ ਇਹ ਤੇਰੀ ਬਹੁਤ ਮਾੜੀ ਆਦਤ ਹੈ ਤੂੰ ਗੱਲ ਨੂੰ ਹੋਰ ਪਾਸੇ ਖਿੱਚ ਕੇ ਲੈ ਜਾਂਦਾ ਹੈਂ। ਧੂੰਦੇ ਨੂੰ ਪੁੱਛੋ ਉਸ ਨੂੰ ਸਿੱਖ ਰਹਿਤ ਮਰਯਾਦਾ ਦੀ ਅਵੱਗਿਆ ਕਾਰਣ ਨਹੀਂ ਸੀ ਸੱਦਿਆ ਗਿਆ ਉਸ ਨੇ ਦਰਬਾਰ ਸਾਹਿਬ ਵਿਖੇ ਹੋ ਰਹੇ ਕੀਰਤਨ ’ਤੇ ਕਿੰਤੂ ਕੀਤਾ ਸੀ ਇਸ ਲਈ ਸੱਦਿਆ ਗਿਆ ਸੀ

ਅਕਾਲ ਤਖ਼ਤ ਦੇ ਜਥੇਦਾਰ ਦੇ ਜਵਾਬ ਤੋਂ ਸਪਸ਼ਟ ਹੈ, ਕਿ ਸਿੱਖ ਰਹਿਤ ਮਰਯਾਦਾ ਦੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਾਂ ਦੀਆਂ ਬੇਸ਼ੱਕ ਕੋਈ ਜਿੰਨੀਆਂ ਮਰਜੀ ਧੱਜੀਆਂ ਉਡਾਉਂਦਾ ਰਹੇ ਉਸ ਨੂੰ ਅਕਾਲ ਤਖ਼ਤ ’ਤੇ ਨਹੀਂ ਸੱਦਿਆ ਜਾ ਸਕਦਾ, ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਚਤਾ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਸਮੇ ਦੇ ਹੁਕਮ ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਨੂੰ ਵੰਗਾਰਨ ਵਾਲਿਆਂ ਜਾਂ ਦਰਬਾਰ ਸਾਹਿਬ ਵਿੱਚ ਸਿੱਖ ਰਹਿਤ ਮਰਯਾਦਾ ਦੀ ਉਲੰਘਣਾਂ ਕਰਕੇ ਦਸਮ ਗ੍ਰੰਥ ’ਚੋਂ ਪੜ੍ਹੀ ਜਾ ਰਹੀ ਰਚਨਾ ’ਤੇ ਉਂਗਲੀ ਉਠਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top