ਗੁਰੂ ਨਾਨਕ ਮਿਸ਼ਨ ਸੈਂਟਰ, ਪੀਟਰ ਰੌਬਰਟਸਨ, ਬਰੈਂਪਟਨ ਵਿਖੇ ਗੁਰੂ
ਤੇਗ ਬਹਾਦਰ ਮਹਾਰਾਜ ਜੀ ਦਾ ਮਹਾਨ ਸ਼ਹੀਦੀ ਦਿਨ ਮਨਾਉਂਦਿਆਂ ਕੁੱਝ ਨੁਕਤੇ ਜੋ ਸੰਗਤ ਨਾਲ
ਵਿਚਾਰੇ।
ਆਪਾਂ
ਸਾਰੇ ਜਾਣਦੇ ਹਾਂ ਕਿ 11 ਨਵੰਬਰ 1675 ਨੂੰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਤਿੰਨ
ਸਿੱਖ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ) ਜੀ ਨੂੰ ਦਿੱਲੀ ਦੇ
ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ, ਉਹਨਾਂ ਦੀਆਂ ਸ਼ਹਾਦਤਾਂ ਦੇ ਰੰਗ ਨੇ ਗੁਲਾਮੀ ਦੀਆਂ
ਜ਼ੰਜੀਰਾਂ ਕਮਜ਼ੋਰ ਕਰ ਦਿੱਤੀਆਂ। ਔਰੰਗਜ਼ੇਬ ਆਪਣੇ ਧਰਮ ਪ੍ਰਤੀ ਬਹੁਤ ਈਮਾਨਦਾਰ ਸੀ ਉਹ ਆਪਣੇ
ਧਰਮ ਨੂੰ ਫੈਲਾਉਣਾ ਚਹੁੰਦਾ ਸੀ, ਜਿਸ ਲਈ ਉਸ ਦੇ ਡਿਪਲੋ ਮੈਟਿਕ ਢੰਗ ਨਾਲ ਕਈ ਯਤਨ ਕੀਤੇ।
ਉਹਨਾਂ ਵਿੱਚੋਂ ਇਕ ਯਤਨ ਸੀ ਕਿ ਹਿੰਦੂਆਂ ਦੇ ਵਿਦਵਾਨ (ਪੰਡਿਤ ਜੋ ਜਿਆਦਾਤਰ ਕਸ਼ਮੀਰ ਵਿੱਚ
ਰਹਿੰਦੇ ਨੇ) ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਜਿਸ ਦਾ ਕਾਰਨ ਸਪੱਸ਼ਟ
ਸੀ ਕੌਮਾਂ ਨੂੰ ਵਿਦਵਾਨਾਂ ਨੇ ਕੇ (ਐਜੂਕੇਸ਼ਨ ਦੇ ਕੇ ਅਵੇਰਨੈੱਸ/ ਜਾਗ੍ਰਤੀ ਲਿਆਉਣੀ )
ਸੇਧ ਦੇਣੀ ਹੁੰਦੀ ਹੈ, ਜੇ ਉਹ ਹੀ ਖਰੀਦ ਲਏ ਜਾਣ ਜਾ ਉਹਨਾਂ ਦਾ ਧਰਮ ਤਬਦੀਲ ਕਰ ਦਿੱਤਾ
ਜਾਵੇ ? ਤਾ ਬਾਕੀ ਦੇ ਲੋਕ ਤਾਂ ਭੇਡਾਂ ਦੀ ਨਿਆਈ ਹਨ। ਤਾਂ ਹੀ ਉਹਨਾਂ ਕਸ਼ਮੀਰੀ ਪੰਡਿਤਾਂ
ਉਤੇ ਜ਼ੁਲਮ ਦੀ ਹਨੇਰੀ ਚਲਾਈ ਗਈ ਤੇ ਉਹ ਆਪਣੇ ਧਰਮ ਦੇ ਬਚਾਉ ਲਈ ਗੁਰੂ ਤੇਗ ਬਹਾਦਰ ਸਾਹਿਬ
ਜੀ ਦੀ ਸ਼ਰਨ ਵਿੱਚ ਆਏ।
(ਇਸ ਨੁਕਤੇ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਕਿਤੇ ਅਜ ਸਾਡੇ
ਸਿੱਖ ਵਿਦਵਾਨਾਂ ਨੂੰ ਖਰੀਦਿਆ ਤਾਂ ਨਹੀਂ ਜਾ ਰਿਹਾ, ਕਿਤੇ ਉਹ ਵਿਕ ਤਾਂ ਨਹੀਂ ਗਏ ? ਜਿਸ
ਕਾਰਨ ਕਰਕੇ ਬਹੁਤੇ ਹਾਕਮਾਂ ਦੀ ਜਾ ਪੰਥ ਵਿਰੋਧੀ ਸ਼ਕਤੀਆਂ ਦੀ ਬੋਲੀ ਬੋਲਦੇ ਨੇ ?)
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ (ਬਲਕਿ ਗੁਰੂ ਨਾਨਕ ਦੀ ਵਿਚਾਰਧਾਰਾ ਹਮੇਸ਼ਾਂ ਮਨੁੱਖੀ
ਹੱਕਾਂ ਦੀ ਅਲੰਬਰਦਾਰ ਰਹੀ ਹੈ ) ਉਹਨਾਂ ਦੇ ਹੱਕਾਂ ਦੀ ਖਾਤਰ ਉਹਨਾਂ ਦਾ ਧਰਮ ਬਚਾਉਣ ਲਈ,
ਆਪਣੇ ਘਰ, ਆਪਣੇ ਪ੍ਰਵਾਰ, ਆਪਣੇ ਛੋਟੇ ਬੱਚੇ ਗੋਬਿੰਦ ਰਾਏ ਜਾਂ ਫਿਰ ਆਪਣਾ ਸੁੱਖ ਸਹੂਲਤਾਂ
ਦੀ ਪ੍ਰਵਾਹ ਨਾ ਕਰਦੇ ਹੋਏ, ਆਪਣੇ 3 ਸਿੱਖਾਂ ਸਮੇਤ ਅਨੇਕ ਕਸ਼ਟ ਸਹਾਰ ਕੇ ਸ਼ਹੀਦ ਹੋ ਗਏ ਪਰ
? ਸਿੱਦਕੋਂ ਨਹੀਂ ਡੋਲੇ।
ਅੱਜ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਂਦੇ ਹਾਂ, ਜੋ ਬਹੁਤ ਚੰਗੀ ਗੱਲ ਹੈ। ਜਦੋਂ ਕੋਈ
ਮੇਰੇ ਵਰਗਾ ਪ੍ਰਚਾਰਕ ਜਾਂ ਕਥਾਵਾਚਕ ਬਹੁਤ ਭਾਵੁਕਤਾ ਦੇ ਨਾਲ ਉਹ ਸ਼ਹਾਦਤਾਂ ਦਾ ਦ੍ਰਿਸ਼
ਪੇਸ਼ ਕਰਦਾ ਹੈ। ਅਸੀਂ ਵੀ ਭਾਵੁਕ ਹੋ ਜਾਂਦੇ ਹਾਂ, ਜੋ ਹੋਣਾ ਵੀ ਚਾਹੀਦਾ ਹੈ। ਪਰ ਕੁੱਝ
ਸਮੇਂ ਬਾਅਦ ਭੁਲ ਜਾਣਾ ? ਇਹ(ਭੁਲ ਜਾਣ ਵਾਲੀ) ਗੱਲ ਕਦੇ ਵੀ ਚੰਗੀ ਨਹੀਂ ਕਹੀ ਜਾ ਸਕਦੀ।
ਵਿਚਾਰਨ ਵਾਲੀ ਗੱਲ ਇਹ ਹੈ ਗੁਰੂ ਸਾਹਿਬ ਨੇ ਸ਼ਹਾਦਤ ਕਿਉਂ ਦਿੱਤੀ ? ਜਦੋਂ ਇਹ ਵੀਚਾਰ
ਕਰੀਏ ਤਾ ਪਤਾ ਲਗੇਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਖਾਤਰ ਆਪਣੇ
ਤਨ ਦਾ ਠੀਕਰਾ ਭੰਨਿਆ (ਤੇ ਅਸੀਂ ਅੱਜ ਕੇਵਲ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਉਹਨਾਂ
ਦੀ ਸ਼ਹੀਦੀ ਨੂੰ ਛੁਟਿਆਣ ਦਾ ਯਤਨ ਕਰਨਾ ਹੈ) ਉਹ ਹਿੰਦ ਦੀ ਨਹੀਂ ਬਲਕਿ ਧਰਮ ਦੀ ਤੇ
ਮਨੁੱਖਤਾ ਦੀ ਚਾਦਰ ਹਨ। ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮ ਵਾਲਿਆਂ ਦੇ ਹੱਕਾਂ ਲਈ
ਸ਼ਹਾਦਤ ਦੇ ਦਿੱਤੀ ਤੇ ਅਸੀਂ ਆਪਣੇ ਧਰਮ ਦੀ ਅਜ਼ਾਦੀ ਲਈ ਕੀ ਕਰ ਰਹੇ ਹਾਂ ? ਕਹਿਣ ਨੂੰ ਹਰ
ਪੰਥ ਦਰਦੀ ਕਹਿੰਦਾ ਕਿ ਸਾਡੇ ਧਰਮ ਉਤੇ ਸ਼ਿਆਸਤ ਜਾਂ ਪੰਥ ਵਿਰੋਧੀ ਸ਼ਕਤੀਆਂ ਦਾ ਸ਼ਿਕੰਜਾ
ਦਿਨੋ ਦਿਨ ਕਸਦਾ ਜਾ ਰਿਹਾ ਹੈ, ਜਿਸ ਕਾਰਨ ਕਰਕੇ ਪੰਜਾਬ ਦੀ ਧਰਤੀ ਜਿਸ ਦਾ ਚੱਪਾ-ਚੱਪਾ
ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗਿਆ ਹੋਇਆ ਹੈ। ਉਸ ਧਰਤੀ 'ਤੇ ਗੁਰੂ ਨਾਨਕ ਦੇ ਸਿਧਾਂਤ ਦੀ
ਗੱਲ ਅਗਰ ਕੋਈ ਪ੍ਰਚਾਰਕ ਖੁਲ੍ਹ ਕੇ ਨਹੀਂ ਕਰ ਸਕਦਾ ਤਾਂ ਕਿੱਥੇ ਕਰੇਗਾ? ਅੱਜ ਸਾਡੇ
ਗੁਰਦੁਆਰਿਆਂ ਉਤੇ ਜਿੰਨ੍ਹਾਂ ਲੋਕਾਂ ਦਾ ਕਬਜ਼ਾ ਹੈ, ਕੀ ਉਹ ਗੁਰੂ ਨਾਨਕ ਦੇ ਸਿਧਾਂਤ ਦੀ
ਗੱਲ ਹੋਣ ਦੇ ਰਹੇ ਨੇ ? ਜੇ ਨਹੀਂ ਤਾਂ ਜਿੰਮੇਵਾਰ ਕੋਣ ਹੈ? ਕਹਿਣ ਨੂੰ ਤਾਂ ਹੋਰ ਵੀ
ਬਹੁਤ ਕੁਝ ਹੈ, ਪਰ ਇੰਨਾ ਕੁ ਵਿਚਾਰ ਲਈਏ? ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ
ਮਨਾਉਣ ਵਾਲਿਓ, ਹੁਣ ਵੇਖਣਾ ਇਹ ਹੈ ਅਸੀਂ ਆਪਣੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀ ਕਰਦੇ
ਹਾਂ ?