Share on Facebook

Main News Page

ਭਾਈ ਗੁਰਬਖਸ਼ ਸਿੰਘ ਨੂੰ ਜ਼ਬਰੀ ਚੁੱਕੇ ਜਾਣ 'ਤੇ ਬਾਦਲ ਨੇ ਕਿਹਾ: ਆਖਣ ਨੂੰ ਕੀ ਐ, ਉਹ ਤਾਂ ਕਹਿਣਗੇ ਮੈਂ ਵੀ ਪੀਤੀ ਆ

* ਮੋਦੀ ਨੂੰ ਬਾਹੋਂ ਫੜ ਕੇ ਕੰਮ ਲੈ ਲਿਆ ਕਰਾਂਗੇ
* ਮੁੱਖ ਮੰਤਰੀ ਨੇ ਲੰਬੀ ਹਲਕੇ 'ਚ ਕੀਤੇ ਸੰਗਤ ਦਰਸ਼ਨ

ਮਲੋਟ (ਮਿੰਟੂ ਗੁਰੂਸਰੀਆ): ਆਖਣ ਨੂੰ ਕੀ ਐ, ਉਹ ਕਹਿਣਗੇ ਮੈ ਵੀ ਪੀਤੀ ਐ, ਕਦੇ ਡੀ ਸੀ /ਐੱਸ ਐੱਸ ਪੀ ਵੀ ਸ਼ਰਾਬ ਪੀਂਦੇ ਆ? ਇਹ ਉਲਾਂਭੇ ਵਾਲੇ ਬੋਲ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦੇ ਸਨ, ਜੋ ਅੱਜ ਲੰਬੀ ਹਲਕੇ ਦੇ ਦੋ ਦਿਨਾਂ ਦੌਰੇ ਦੌਰਾਨ ਪਿੰਡਾਂ ਵਿਚ ਸੰਗਤ ਦਰਸ਼ਨ ਕਰਨ ਪੁੱਜੇ ਹੋਏ ਸਨ। ਸੰਗਤ ਦਰਸ਼ਨਾਂ ਦੌਰਾਨ ਪੱਤਰਕਾਰ ਵਾਰਤਾ 'ਚ ਜਦੋਂ ਇਕ ਪੱਤਰਕਾਰ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਇਲਜ਼ਾਮਤ ਲੱਗੇ ਹਨ ਕਿ ਬੀਤੇ ਦਿਨ ਬਾਬਾ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ ਤੋਂ ਜਦੋਂ ਪੁਲਸ ਨੇ ਜ਼ਬਰੀ ਉਠਾਇਆ, ਤਾਂ ਉਸ ਸਮੇਂ ਕੁਝ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਾਬ ਪੀਤੀ ਹੋਈ ਸੀ, ਕੀ ਇਹ ਦੋਸ਼ ਠੀਕ ਹਨ? ਮੁੱਖ ਮੰਤਰੀ ਨੇ ਇਨਾਂ ਦੋਸ਼ਾਂ ਨੂੰ ਸਿਰਿਓਂ ਰੱਦਦਿਆਂ ਕਿਹਾ ਕਿ ਡੀ ਸੀ/ ਐੱਸ ਐੱਸ ਪੀ ਕਦੇ ਸ਼ਰਾਬ ਨਹੀਂ ਪੀਂਦੇ, ਦੋਸ਼ ਲਾਉਂਣ ਵਾਲੇ ਤਾਂ ਕਹਿਣਗੇ ਮੈਂ (ਬਾਦਲ) ਵੀ ਪੀਤੀ ਆ।

ਕੇਂਦਰ ਵੱਲੋਂ ਨਵਾਂ ਦੰਗਾਂ ਵਿਰੋਧੀ ਬਿੱਲ ਸੰਸਦ 'ਚ ਲਿਆਉਂਣ 'ਤੇ ਜਦੋਂ ਪੱਤਰਕਾਰਾਂ ਨੇ ਮੁੱਖ ਦੀ ਮੰਤਰੀ ਦੀ ਪ੍ਰਤੀਕਿਰਿਆ ਜਾਨਣੀ ਚਾਹੀ ਤਾਂ ਉਨਾਂ ਕਿਹਾ ਕਿ ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰਨ 'ਤੇ ਤੁੱਲੀ ਹੋਈ ਹੈ, ਕੇਂਦਰ ਰਾਜਾਂ ਤੋਂ ਉਨਾਂ ਦੀਆਂ ਤਾਕਤਾਂ ਨਿਰੰਤਰ ਖੋਹ ਕੇ ਆਪਣੀ ਮੁੱਠੀ 'ਚ ਕਰ ਰਹੀ ਹੈ, ਦੰਗਾਂ ਰੋਕਣ ਲਈ ਕੇਂਦਰ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਉੱਥੋਂ ਦੀ ਸਰਕਾਰ ਹੁੰਦੀ ਹੈ, ਕਈ ਰਾਜਾਂ ਵਾਂਗੂੰ ਮੈਂ ਵੀ ਇਸ ਦੇ ਵਿਰੋਧ 'ਚ ਕੇਂਦਰ ਨੂੰ ਪੱਤਰ ਲਿਖਿਐ।

ਇਸ ਪੱਤਰਕਾਰ ਨੇ ਜਦੋਂ ਉਨਾਂ ਨੂੰ ਪੁੱਛਿਆ ਕਿ ਇਕ ਆਰ ਟੀ ਆਈ ਰਾਹੀਂ ਖੁਲਾਸਾ ਹੋਇਐ ਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ 200 ਕਰੋੜ ਦੀ ਸਰਕਾਰੀ ਸੰਪਤੀ ਵੇਚੀ ਹੈ, ਪਰ ਫੇਰ ਵੀ ਸਰਕਾਰ ਖ਼ਜਾਨਾਂ ਖਾਲੀ ਦਾ ਪਿੱਟਣ ਪਿੱਟ ਰਹੀ ਹੈ, ਉਹ ਪੈਸਾ ਕਿੱਧਰ ਗਿਆ? ਤਾਂ ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਰਕਾਰੀ ਸੰਪਤੀ ਵੇਚਣ ਦੀ ਗੱਲ ਮੰਨਦਿਆਂ ਕਿਹਾ ਕਿ ਪੁੱਡਾ ਵਰਗੀਆਂ ਅਥਾਰਟੀਆਂ ਦਾ ਕੰਮ ਸੰਪਤੀਆਂ ਦੀ ਖਰੀਦੋ-ਫ਼ਰੋਖਤ ਨਾਲ ਹੀ ਚੱਲਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਪੈਸੇ ਦੀ ਦੁਰਵਰਤੋਂ ਹੁੰਦੀ ਹੈ, ਕਿਉਂਕਿ ਇਕ-ਇਕ ਪੈਸੇ ਦਾ ਆਡਿਟ ਹੁੰਦਾ ਹੈ। ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਮੌਤ 'ਤੇ ਸੋਕ ਵਿਅਕਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਮੰਡੇਲਾ ਇਕ ਮਹਾਨ ਸ਼ਖਸੀਅਤ ਸਨ, ਜਿੰਨਾਂ ਮਾਨਵੀ ਹੱਕਾਂ ਲਈ 27 ਸਾਲ ਜੇਲ ਕੱਟੀ, ਉਨਾਂ ਦੇ ਚਲੇ ਜਾਣਾ ਸਮੁੱਚੇ ਸੰਸਾਰ ਲਈ ਨਾ ਪੂਰਾ ਹੋਂਣ ਵਾਲਾ ਘਾਟਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਸਵੇਰੇ ਧੋਲਾ ਪਿੰਡ ਤੋਂ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰਦਿਆਂ ਥਰਾਜ ਵਾਲਾ, ਲਾਲਬਈ ਉੱਤਰੀ, ਲਾਲਬਾਈ, ਚਨੂੰ ਉੱਤਰੀ, ਚਨੂੰ ਪੂਰਬੀ, ਬੀਦੋਵਾਲੀ ਅਤੇ ਮਾਨ ਪਿੰਡਾਂ ਵਿਚ ਸੰਗਤ ਦਰਸ਼ਨ ਕੀਤਾ।

ਸੰਗਤ ਦਰਸ਼ਨ ਦੋਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਭਾਰਤ ਦੀ ਇਕ ਮਾਤਰ ਸਰਕਾਰ ਹੈ, ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਸੰਗਤ ਦਰਸ਼ਨ ਦੇ ਰੂਪ ਵਿਚ ਉਨਾਂ ਦੇ ਦਰਾਂ 'ਤੇ ਆਉਂਦੀ ਹੈ, ਪਰ ਕਾਂਗਰਸੀ ਆਰੋਪ ਲਗਾਉਂਦੇ ਹਨ ਕਿ ਬਾਦਲ ਖਜਾਨਾਂ ਲੁਟਾ ਰਿਹਾ ਹੈ, ਜਦਕਿ ਮੈਂ ਕਦੇ ਕਿਸੇ ਦੀ ਬਦਖੋਹੀ ਨਹੀਂ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ 'ਤੇ ਹਮੇਸ਼ਾਂ ਡਾਕਾ ਮਾਰਿਆ ਹੈ, ਪਾਣੀ ਖੋਹ ਕੇ ਰਾਜਸਥਾਨ ਨੂੰ ਦੇ ਦਿੱਤਾ, ਰਾਜਧਾਨੀ ਖੋਹ ਲਈ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਇਸ ਧੱਕੇ ਨੂੰ ਰੋਕਣ ਲਈ ਤੁਸੀਂ ਭਾਜਪਾ ਨੂੰ ਕੇਂਦਰ 'ਚ ਲਿਆਓ, ਜੇ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਆਪਾਂ ਉਨਾਂ ਕੋਲੋਂ ਬਾਂਹ ਫੜ ਕੇ ਕੰਮ ਲੈ ਲਿਆ ਕਰਾਂਗੇ, ਜਿਵੇਂ ਤੁਸੀਂ ਮੇਰੇ ਤੋਂ ਲੈਂਦੇ ਹੋ। ਉਨਾਂ ਲੋਕਾਂ ਨੂੰ ਕਿੱਤਾ ਮੁਖੀ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਘਾਟੇ 'ਚ ਜਾ ਰਹੀ ਖੇਤੀ ਦੀ ਮਾਰ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਸਹਾਇਕ ਕਿੱਤਿਆਂ ਦੀ ਸਿਖਲਾਈ ਦਿਵਾਓ, ਸਹਾਇਕ ਧੰਦਿਆਂ ਲਈ ਸਰਕਾਰ ਹੁਣ 50 ਫੀਸਦੀ ਸਬਸਿਡੀ ਦੇ ਰਹੀ ਹੈ। ਮੁੱਖ ਮੰਤਰੀ ਨੇ ਪਿੰਡਾਂ ਦੀਆਂ ਧਰਮਸ਼ਾਲਾਵਾਂ, ਸਕੂਲਾਂ, ਗਲੀਆਂ-ਨਾਲੀਆਂ, ਪਾਣੀ ਦੀ ਨਿਕਾਸੀ, ਸੇਮ ਨਾਲਿਆਂ ਆਦਿ ਜਿਹੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇ ਗੱਫੇ ਦਿੱਤੇ।

ਅੱਜ ਸੰਗਤ ਦਰਸ਼ਨਾਂ ਦੇ ਮੌਕੇ ਕਈ ਵਾਰ ਪੰਚਾਇਤੀ ਨੁਮਾਇੰਦੇ ਇਕ-ਦੂਜੇ ਨਾਲ ਤਲਖ-ਤੱਤੇ ਵੀ ਹੋ ਗਏ, ਜਿਸ 'ਤੇ ਮੁੱਖ ਮੰਤਰੀ ਨੂੰ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਕਰਨੀ ਪਈ। ਲਾਲਬਾਈ ਪਿੰਡ ਵਿਚ ਜਦੋਂ ਸੰਗਤ ਦਰਸ਼ਨ ਦੌਰਾਂਨ ਮੋਹਤਬਰ ਇਕ ਕੰਮ ਲਈ ਵਾਰ-ਵਾਰ ਗ੍ਰਾਂਟ ਮੰਗੀ ਜਾ ਰਹੇ ਸਨ ਤਾਂ ਮੁੱਖ ਮੰਤਰੀ ਨੇ ਅੱਕ ਕੇ ਕਿਹਾ ਕਿ ''ਹੁਣ ਮੈਂ ਡਾਕਾ ਮਾਰ ਲਵਾਂ....ਤੇ ਪੁਲਸ ਵਾਲਿਆਂ ਨੂੰ ਕਹਾਂ ਫੜਿਓ ਨਾ''। ਇਸ ਦੌਰਾਨ ਲਾਲਬਾਈ ਪਿੰਡ ਵਿਚ ਕਈ ਕਾਂਗਰਸੀ ਪਰਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੇ ਜਹਾਜ਼ 'ਚ ਸਵਾਰ ਹੋ ਗਏ।

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਚੈਅਰਮੇਨ ਤੇਜਿੰਦਰ ਸਿੰਘ ਮਿੱਡੂ ਖੇੜਾ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਮੁੱਖ ਮੰਤਰੀ ਦੇ ਪਿੰਰਸੀਪਲ ਸਕੱਤਰ ਕੇ ਜੇ ਐੱਸ ਚੀਮਾਂ, ਗੁਰਚਰਨ ਸਿੰਘ ਓ ਐੱਸ ਡੀ ਮੁੱਖ ਮੰਤਰੀ ਪੰਜਾਬ, ਗੋਪੀ ਤਰਮਾਲਾ, ਜਿਲਾ ਪੁਲਸ ਮੁਖੀ ਸ੍ਰੀ ਸੁਰਜੀਤ ਸਿੰਘ, ਰਣਜੋਧ ਲੰਬੀ ਅਤੇ ਕਈ ਵਿਭਾਗਾਂ ਦੇ ਪ੍ਰਮੁੱਖ ਅਫਸਰਾਨ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top