Share on Facebook

Main News Page

ਸਰਕਾਰ ਦੇ ਬੋਲ਼ੇ ਕੰਨਾਂ ਵਿੱਚ ਗੁਰਪ੍ਰੀਤ ਸਿੰਘ ਗੁਰੀ ਦੀ ਦਹਾੜ

ਅੱਜ ੧੬ ਦਸੰਬਰ ਹੈ । ਅੱਜ ਭਾਈ ਗੁਰਬਖਸ਼ ਸਿੰਘ ਜੀ ਨੂੰ ਅੰਨ ਦਾ ਦਾਣਾ ਮੂੰਹ ਨੂੰ ਲਾਇਆਂ ਮਹੀਨੇ ਤੋਂ ਦੋ ਦਿਨ ਉੱਪਰ ਹੋ ਗਏ ਹਨ । ਉਹਨਾਂ ਆਪਣੀ ਭੁੱਖ ਹੜਤਾਲ਼ ੧੪ ਨਵੰਬਰ ਅੰਬ ਸਾਹਿਬ ਤੋਂ ਸ਼ੁਰੂ ਕੀਤੀ ਸੀ। ਭਾਵੇਂ ਡਾਕਟਰ ਵੀ ਕਹਿ ਚੁੱਕੇ ਹਨ, ਕਿ ਇਹਨਾਂ ਦੀ ਕਿਡਨੀ ਵਿੱਚ ਇੰਨਫੈਕਸ਼ਨ ਹੋ ਗਈ ਹੈ, ਇਹਨਾਂ ਨੂੰ ਭੁੱਖ ਹੜਤਾਲ਼ ਛੱਡਣੀ ਚਾਹੀਦੀ ਹੈ, ਪਰ ਭਾਈ ਸਾਹਿਬ ਅਡੋਲ ਹਨ ਆਪਣੇ ਨਿਸਾਨੇ ਤੇ ਦ੍ਰਿੜ ਹਨ 'ਜਾਂ ਸਿੰਘ ਰਿਹਾ ਹੋਣਗੇ ਜਾਂ ਫਿਰ ਭਾਣਾ ਵਰਤੇਗਾ' ਸਰਕਾਰਾਂ ਦੇ ਕੰਨਾ 'ਤੇ ਜੂੰਅ ਨਹੀਂ ਸਰਕ ਰਹੀ । ਸਰਕਾਰਾਂ ਦੇ ਬੋਲ਼ੇ ਕੰਨ ਖੋਹਲਣ ਲਈ ਧਮਾਕਿਆਂ ਦੀ ਜਰੂਰਤ ਹੈ, ਇਹ ਸਰਕਾਰ ਹੀ ਸਾਨੂੰ ਸਮਝਾ ਰਹੀ ਹੈ । ਰਾੜਾ ਸਾਹਿਬ ਤੋਂ ਥੋੜੀ ਦੂਰ ਇੱਕ ਪਿੰਡ ਆਉਂਦਾ ਹੈ, ਕਿਲਾ ਹਾਂਸ । ਇਸੇ ਪਿੰਡ ਦਾ ਹੈ ਭਾਈ ਗੁਰਪ੍ਰੀਤ ਸਿੰਘ ਗੁਰੀ । ਭਾਈ ਰਾਜਵੰਤ ਸਿੰਘ ਦੇ ਘਰ ਜਨਮੇ ਭਾਈ ਗੁਰਪ੍ਰੀਤ ਸਿੰਘ ਗੁਰੀ ਦਾ ਕਿਲਾ ਹਾਂਸ ਵਿੱਚ ਇੱਕ ਛੋਟਾ ਜਿਹਾ ਘਰ ਹੈ । ਭਾਈ ਗੁਰਪ੍ਰੀਤ ਸਿੰਘ ਗੁਰੀ ਦੇ ਪਿਤਾ ਜੀ ਸਵਰਗਵਾਸ ਹੋ ਚੁੱਕੇ ਹਨ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ , 'ਵਿਚਾਰਿਆਂ ਨੇ ਬੜਾ ਸੰਤਾਪ ਹੰਡਾਇਆ । ੧੯੮੪ ਤੋਂ ਬਾਅਦ ਇਹਨਾਂ ਦੇ ਚਾਚਾ ਜੀ ਨੂੰ ਪੁਲਿਸ ਨੇ ਸ਼ਹੀਦ ਕਰ ਦਿਤਾ ਸੀ । ਵਿਚਾਰੇ ਹੁਣ ਤੱਕ ਤਾਂ ਖਿੰਡੇ ਪੁੰਡੇ ਹੀ ਰਹੇ । ਇਹਨਾ ਦੇ ਘਰ ਗੁਰਪ੍ਰੀਤ ਸਿੰਘ ਦਾ ਇੱਕ ਛੋਟਾ ਜਿਹਾ ਬੇਟਾ,ਪਤਨੀ ਅਤੇ ਇੱਕ ਬਿਰਧ ਮਾਂ ਹੈ । ਬੜੀ ਮੁਸਕਿਲ ਨਾਲ਼ ਤਾਂ ਵਿਚਾਰਿਆਂ ਦਾ ਗੁਜਾਰਾ ਚੱਲਦਾ ਹੈ । ਹੁਣੇ ਹੀ ਤਾਂ ਇਸ ਨੇ ਮੋਬਾਇਲਾਂ ਦੀ ਦੁਕਾਨ ਖੋਲੀ ਸੀ, ਤੇ ਮਸਾਂ ਰੋਟੀ ਖਾਣ ਲੱਗੇ ਸੀ ਇਸ ਨੇ ਭਾਈ ਫੇਰ ਓਹੋ ਕਾਰਾ ਕਰ ਦਿਤਾ ਪਤਾ ਨਹੀਂ ਕੀ ਬਣੂ ਵਿਚਾਰਿਆਂ ਦਾ। ਇਹ ਤਾਂ ਸਨ ਪਿੰਡ ਵਾਸੀਆਂ ਦੇ ਬਿਆਨ ।

ਹੁਣ ਪੱਤਰਕਾਰਾਂ ਦੀ ਸੁਣ ਲਵੋ । ਸਪੋਕਸਮੈਨ ਵਾਲਿਆਂ ਪੁਲਿਸ ਵਾਲਿਆਂ ਦੇ ਅਧਾਰ 'ਤੇ ਕੱਲ ਹੀ ਕਹਿ ਦਿਤਾ ਕਿ ੭ ੫੧ ਦਾ ਪਰਚਾ ਪਾਇਆ ਸੀ ਜਲਦੀ ਹੀ ਜਮਾਨਤ ਤੇ ਛੱਡ ਦਿਤਾ ਹੈ । ਅੱਜ ਸਵੇਰ ਤੋਂ ਹੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਘਰ ਵਾਲੇ ਕਹਿ ਰਹੇ ਸੀ ਕਿ ਘਰ ਤਾਂ ਆਇਆ ਨਹੀਂ ਪਤਾ ਨਹੀਂ ਕਿਥੇ ਹੈ । ਪੁਲਿਸ ਵਾਲੇ ਕਹਿ ਰਹੇ ਸੀ ਕਿ ਸੀ.ਆਈ.ਏ. ਸਟਾਫ ਲੈ ਕੇ ਗਿਆ ਸੀ ਮਾਮੂਲੀ ਜਿਹੀ ਪੁੱਛ ਪੜਤਾਲ਼ ਤੋਂ ਬਾਅਦ ਰਿਹਾ ਕਰ ਦਿਤਾ ਗਿਆ ਹੈ, ਪਰ ਅਸਲੀਅਤ ਕੁੱਝ ਹੋਰ ਹੀ ਹੈ ਅਤੇ ਅਸੀਂ ਸੁੱਤੇ ਪਏ ਹਾਂ, ਕੁਰਬਾਨੀ ਕਰਨ ਵਾਲਾ ਕਰ ਗਿਆ ।

ਕਬੱਡੀ ਕੱਪ ਵਾਲੇ ਦਿਨ ਜਿਸ ਦਿਨ ਇਹ ਘਟਨਾ ਵਾਪਰੀ ਸ਼ਾਇਦ ਕਈਆਂ ਨੂੰ ਘਟਨਾ ਵੀ ਪਤਾ ਨਹੀਂ ਹੋਣੀ, ਚਲੋ ਰਪੀਟ ਕਰ ਦਿੰਦੇ ਹਾਂ ਥੋੜੀ Refresh ਹੋ ਜਾਵੇਗੀ । ਵਿਸਵ ਕਬੱਡੀ ਕੱਪ ਦਾ ਫਾਈਨਲ ਮੈਚ ਹੋਣਾ ਸੀ । ਸਟੇਜ 'ਤੇ ਬਾਦਲ ਸਾਹਿਬ ਬਿਰਾਜਮਾਨ ਸਨ । ਪਾਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਵੀ ਸਟੇਜ 'ਤੇ ਬਿਰਾਜਮਾਨ ਸਨ । ਨਾਚ ਗਾਣਾ ਹੋ ਰਿਹਾ ਸੀ । ਜਸਪਿੰਦਰ ਨਰੂਲਾ ਗਾ ਰਹੀ ਸੀ । ਅੱਜ ਕੱਲ ਦੇ ਗਾਇਕ ਢੌਂਗ ਕਰਦੇ ਹਨ, ਗਾਉਣ ਦਾ । ਉਹ ਬੱਸ ਮਾਈਕ ਫੜ ਕੇ ਪਿੱਛੇ ਡੈਕ ਚੱਲ ਰਿਹਾ ਸੀ, ਤੇ ਮੂੰਹ ਹਿਲਾ ਏਧਰ ਓਧਰ ਟੱਪ ਰਹੀ ਸੀ । ਇਹ ਗੱਲ ਵੀਰ ਗੁਰਪ੍ਰੀਤ ਸਿੰਘ ਗੁਰੀ ਨੂੰ ਪਤਾ ਨਹੀਂ ਸੀ, ਤੇ ਉਹ ਚਾਹੁੰਦਾ ਸੀ ਕਿ ਆਪਣੀ ਆਵਾਜ਼ ਨੂੰ ਬਾਦਲ ਸਾਹਿਬ ਤੱਕ ਪਾਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਵਾਂ, ਕੀ ਪਤਾ ਏਹ ਏਥੋ ਮੇਰੀ ਗੱਲ ਸੁਣ ਲੈਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਭਾਈ ਗੁਰਬਖਸ਼ ਸਿੰਘ ਜੀ ਨੇ ਲਗਾਇਆ ਹੈ, ਉਹ ਸਫਲ ਹੋ ਜਾਵੇ ਅਤੇ ਸਿੰਘ ਰਿਹਾਅ ਹੋ ਜਾਣ । ਵੀਰ ਲਾਈਵ ਚੱਲ ਰਹੇ ਪ੍ਰੋਗਰਾਮ ਦੌਰਾਨ ਵੀ.ਆਈ.ਪੀ. ਦੇ ਸੁਰੱਖਿਆ ਘੇਰੇ ਨੂੰ ਬੜੀ ਦ੍ਰਿੜਤਾ ਨਾਲ਼ ਤੋੜਦਾ ਅੱਗੇ ਵਧਿਆ ਅਤੇ ਪੂਰੇ ਜੋਸ਼ ਨਾਲ ਸਟੇਜ 'ਤੇ ਚੜ੍ਹ ਗਿਆ । ਏਸ ਦੌਰਾਨ ਵੀਰ ਦੀ ਦਸਤਾਰ ਵੀ ਉੱਤਰ ਗਈ । ਜਸਪਿੰਦਰ ਨਰੂਲਾ ਦਾ ਬਾਊਂਸਰ ਅੱਗੇ ਵਧਿਆ, ਵੀਰ ਨੇ ਧੱਕਾ ਦੇ ਕੇ ਉਸ ਨੂੰ ਗਿਰਾ ਦਿਤਾ ਅਤੇ ਮਾਈਕ ਖੋਹ ਲਿਆ । ਅਤੇ ਆਪਣਾ ਸੰਦੇਸ ਦੱਸਿਆ ਕਿ ਸਾਡਾ ਵੀਰ ਭਾਈ ਗੁਰਬਖਸ਼ ਸਿੰਘ ਸਿੰਘਾਂ ਦੀ ਰਿਹਾਈ ਲਈ ਮਹੀਨੇ ਤੋਂ ਭੁੱਖ ਹੜਤਾਲ਼ 'ਤੇ ਹੈ ਅਤੇ ਤੁਸੀਂ ਨਾਚ ਗਾਣਾ ਦੇਖਣ ਵਿੱਚ ਮਸਤ ਹੋ । ਮਾਈਕ ਬੰਦ ਹੋਣ ਕਾਰਨ ਲਾਈਵ ਸੰਗਤ ਨਹੀਂ ਸੁਣ ਸਕੀ । ਏਨੇ ਨੂੰ ਪਲਿਸ ਵੀ ਸਟੇਜ 'ਤੇ ਆ ਗਈ ਅਤੇ ਵੀਰ ਨੂੰ ਕਾਬੂ ਕਰਕੇ ਥਾਣੇ ਲੈ ਗਈ । ਉਸ ਦਿਨ ਜਿਸ ਦਿਨ ਇਹ ਘਟਨਾ ਵਾਪਰੀ ਮੈਂ ਅਤੇ ਦਰਸਨ ਸਿੰਘ ਘੋਲ਼ੀਆ ਅੰਬ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਕੋਲ਼ ਬੈਠੇ ਸੀ, ਜਦ ਉਹਨਾਂ ਨੂੰ ਏਹ ਘਟਨਾ ਪਤਾ ਲੱਗੀ ਤਾਂ ਭਾਈ ਸਾਹਿਬ ਖਿੜ ਗਏ ਅਤੇ ਖੁਸ਼ ਹੋ ਕੇ ਕਹਿਣ ਲੱਗੇ ਜਿਹੜਾ ਕੰਮ ਸਾਡੇ ਤੋਂ ਤੀਹਾਂ ਦਿਨਾਂ ਵਿੱਚ ਨਹੀਂ ਹੋਇਆ, ਸਦਕੇ ਗੁਰਪ੍ਰੀਤ ਸਿੰਘ ਦੇ ਉਹ ਚੰਦ ਸੈਕਿੰਡ ਵਿੱਚ ਕਰ ਗਿਆ । ਸਰਕਾਰ ਜੀ ਇਹ ਨੌਜੁਆਨਾਂ ਦੇ ਜਜਬਾਤ ਹਨ, ਇਹਨਾਂ ਦੀ ਤਸੱਲੀ ਕਰਵਾਉਣੀ ਆਪ ਜੀ ਦਾ ਫਰਜ ਹੈ, ਨਾ ਕਿ ਡੰਡੇ ਦੇ ਜੋਰ ਨਾਲ਼ ਦਬਾਉਣਾ। ਇਹ ਡੰਡਾ ਬਹੁਤੀ ਦੇਰ ਨਹੀਂ ਚੱਲਦਾ, ਕੁਦਰਤ ਦੀ ਲਾਠੀ ਜਦੋਂ ਚੱਲਦੀ ਹੈ, ਉਹ ਮਾਰ ਵੱਧ ਕਰਦੀ ਹੈ ਉਸ ਨੂੰ ਸਮਝੋ ।

ਸਵੇਰ ਤੋਂ ਸੀ.ਆਈ.ਏ. ਸਟਾਫ ਵਾਲੇ ਕੁੱਝ ਨਹੀਂ ਦੱਸ ਰਹੇ ਸੀ, ਉਹ ਕਹਿ ਰਹੇ ਸੀ ਕਿ ਅਸੀਂ ਛੱਡ ਦਿਤਾ ਹੈ । ਹੁਣ ਜਾ ਕੇ ਪਤਾ ਲੱਗਾ ਹੈ ਕਿ ਵੀਰ ਤੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਅਤੇ ਉਹਨਾਂ ਨੂੰ ਹੁਣ ਲੁਧਿਆਣਾ ਜੇਹਲ਼ ਭੇਜ ਦਿਤਾ ਹੈ । ਕੱਲ ਪੁਲਿਸ ਕਿਲਾ ਹਾਂਸ ਪਿੰਡ ਆਈ ਸੀ ਅਤੇ ਵੀਰ ਦਾ ਲੈਪਟਾਪ, ਮੋਬਾਈਲ ਲੈ ਗਈ ਹੈ ਅਤੇ ਉਸ ਦੈ ਲੈਪਟਾਪ ਦੀ ਜਾਂਚ ਕਰ ਰਹੀ ਹੈ, ਮੋਬਾਇਲ ਦੇ ਨੰਬਰ ਟਰੇਸ ਕਰ ਰਹੀ ਹੈ । ਫੇਸ ਬੁੱਕ ਦੇ ਫਰੈਂਡ ਦੇਖ ਰਹੀ ਹੈ । ਪਿੰਡ ਵਾਸੀ ਕਹਿੰਦੇ ਕਿ ਅੱਜ ਪੁਲਿਸ ਫੇਰ ਆਈ ਸੀ, ਪੱਕਾ ਪਤਾ ਨਹੀਂ ਲੱਗ ਸਕਿਆ ਕਿ ਸ਼ਾਇਦ ਕਿਸੇ ਹੋਰ ਨੂੰ ਵੀ ਪਿੰਡੋਂ ਚੁੱਕ ਕੇ ਲੈ ਗਈ ਹੈ । ਸਰਕਾਰ ਆਪਣੇ ਕੰਮ ਕਰਦੀ ਜਾ ਰਹੀ ਹੈ, ਅਤੇ ਅਸੀਂ ਵੱਡੇ ਪੰਥਕ ਉਹਨਾ ਦੇ ਪਿੰਡ ਵੀ ਨਹੀਂ ਜਾ ਸਕੇ । ਹੁਣ ਸੰਸਾਰ ਭਰ ਵਿੱਚ ਵਸਦੇ ਮਨੁੱਖਤਾ ਪ੍ਰਸਤ ਲੋਕੋ, ਅੱਜ ਤੁਸੀਂ ਸਾਨੂੰ ਸਮਝਾਉ ਕਿ ਅਸੀਂ ਕੀ ਕਰੀਏ??

ਕੱਲ੍ਹ ਨੂੰ ਵਕੀਲ ਸਾਹਿਬ ਅਤੇ ਪੱਤਰਕਾਰ ਵੀਰਾਂ ਨੁੰ ਨਾਲ਼ ਲੈ ਕੇ ਵੀਰ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਹੈ । ਅਗਰ ਕੋਈ ਵੀਰ ਨਾਲ਼ ਜਾਣਾ ਚਾਹਵੇ ਤਾਂ ਉਸ ਦਾ ਸੁਆਗਤ ਹੈ । ਮਨ ਬਣਦਾ ਹੈ ਕਿ ਯਾਰ ਏਸ ਵੀਰ ਲਈ ਜੇਹਲ ਅੱਗੇ ਧਰਨਾ ਦੇਈਏ, ਡੀ.ਸੀ. ਕੋਲ਼ ਤਾਂ ਫੇਰ ਜਾ ਆਵਾਂਗੇ । ਸਰਕਾਰ ਨੂੰ ਪਤਾ ਤਾਂ ਲੱਗੇ, ਕਿ ਅਸੀਂ ਸਾਰੇ ਹੀ ਗੁਰਪ੍ਰੀਤ ਸਿੰਘ ਗੁਰੀ ਬਣਨ ਨੂੰ ਤਿਆਰ ਹਨ । ਇਹ ਪਤੰਗੇ ਹਨ ਇੱਕ ਦੂਸਰੇ ਤੋਂ ਪਹਿਲਾਂ ਮੱਚਣਾ ਚਾਹੁੰਦੇ ਹਨ ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top