Share on Facebook

Main News Page

"ਕੌੜੇ ਤੁੰਮਿਆਂ" ਦਾ ਇਕੱਠ, "ਅਸੰਤ ਸਮਾਜ"
-: ਇੰਦਰਜੀਤ ਸਿੰਘ, ਕਾਨਪੁਰ 10 Aug 2011

ਦਾਸ ਨੇ ਇਸ ਲੇਖ ਵਿਚ ਹਰ ਥਾਂ 'ਤੇ "ਸੰਤ ਸਮਾਜ" ਨੂੰ "ਅਸੰਤ ਸਮਾਜ" ਲਿਖਿਆ ਹੈ, ਕਿਉਂਕਿ ਗੁਰਬਾਣੀ ਅਨੁਸਾਰ ਇਹੋ ਜਿਹੇ ਢੋਂਗੀਆਂ ਨੂੰ ਸੰਤ ਕਹਿਣਾ ਸੰਤ ਦੀ ਤੌਹੀਨ ਕਰਨਾ ਹੈ।)

ਆਸਾ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਪ. 476

"ਵਿਸ਼ ਵੇਲ" ਇਕ ਇਹੋ ਜਹੀ ਵੇਲ ਹੁੰਦੀ ਹੈ, ਜੇ ਉਹ ਕਿਸੇ ਦਰਖਤ ਤੇ ਚੜ੍ਹ ਜਾਂਦੀ ਹੈ, ਤੇ ਉਹ ਹਰਾ ਭਰਾ ਦਰਖਤ ਸੁੱਕ ਜਾਂਦਾ ਹੈ। ਉਸ ਦੇ ਹਰੇ ਭਰੇ ਪੱਤੇ, ਡਾਲੀਆਂ ਸਭ ਸੁੱਕ ਕੇ ਝੜ ਜਾਂਦੀਆਂ ਨੇ ਅਤੇ ਤਣਾਂ ਜਿਸ ਵਿਚੋਂ ਉਹ "ਵਿਸ਼ ਵੇਲ" ਰਸ ਚੂਸਦੀ ਹੈ, ਉਸ ਨੂੰ ਅੰਦਰ ਤਕ ਖੋਖਲਾ ਕਰ ਦੇਂਦੀ ਹੈ। ਉਹ ਹਰਾ ਭਰਾ ਪੇੜ ਸੁੱਕ ਕੇ ਲਕੜ ਦਾ ਇੱਕ "ਠੂੰਠ" ਹੀ ਰਹਿ ਜਾਂਦਾ ਹੈ।

ਕੌਮ ਦੇ ਹਰੇ ਭਰੇ ਦਰਖਤ ਉਤੇ ਅਕਾਲੀਆਂ ਤੇ ਟਕਸਾਲੀਆਂ ਦੀ ਇਹ "ਵਿਸ਼ ਵੇਲ" ਚੜ ਚੁਕੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਜਿਤਣ ਲਈ "ਕਾਲੀ ਦਲ" ਤੇ "ਅਸੰਤ ਸਮਾਜ" ਦਾ ਗਠਬੰਧਨ ਬਣ ਗਇਆ ਹੈ, ਜੋ ਮਿਲ ਕੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਜਿਤੇਗਾ ਤੇ ਸਿੱਖੀ ਨੂੰ ਸੌ ਕੁ ਸਾਲ ਹੋਰ ਪਿਛੇ ਧਕ ਦੇਵੇਗਾ। ਅਸੰਤ ਸਮਾਜ ਦੀ ਗਲ ਆਉਦੇ ਹੀ ਮੰਨ ਵਿਚ ਕਈ ਤਰ੍ਹਾਂ ਦੇ ਸਵਾਲ ਉਠਦੇ ਹਨ ਕੇ ਇਹ "ਅਸੰਤ ਸਮਾਜ" ਹੈ ਕੌਣ? ਇਸ ਦਾ ਵਜੂਦ ਕੀ ਹੈ? ਤੇ ਇਸ ਨੂੰ ਮਾਨਤਾ ਕਿਸਨੇ ਦਿਤੀ ਹੋਈ ਹੈ? ਇਸ ਦਾ ਮੁਖੀ ਕੌਣ ਹੈ ਤੇ ਇਸ ਦੀ ਪਿੱਠ 'ਤੇ ਹੱਥ ਕਿਸ ਦਾ ਹੈ? ਇਸ ਦਾ ਕੌਮ ਪ੍ਰਤੀ ਯੋਗਦਾਨ ਕੀ ਹੈ? ਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਕਾਬਿਜ ਬੁਰਛਾਗਰਦ ਇਸ ਦੀ ਸਲਾਹ ਲਏ ਬਗੈਰ ਇਕ ਕਦਮ ਪੁੱਟਣ ਤੋਂ ਵੀ ਸੰਕੋਚ ਕਿਉਂ ਕਰਦੇ ਹਨ? ਆਉ ਇਸ ਬਾਰੇ ਕੁਝ ਵੀਚਾਰ ਸਾਂਝੇ ਕਰੀਏ।

ਅਜ ਤੋਂ ਦਸ ਕੁ ਵਰਿਹੇ ਪਹਿਲਾ ਇਸ "ਅਸੰਤ ਸਮਾਜ" ਦਾ ਕੁਝ ਅਤਾ ਪਤਾ ਵੀ ਨਹੀਂ ਸੀ। ਇਹ ਉਸ ਵੇਲੇ ਅਚਾਨਕ ਪ੍ਰਗਟ ਹੋਇਆ, ਜਦੋਂ (ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਹੱਥ ਖੜੇ ਕਰ ਕੇ ਅਪਣੀ ਜਾਣ ਬਚਾਉਣ ਵਾਲਾ ਬੁਜਦਿਲ) ਕੇਸਾਧਾਰੀ ਬ੍ਰਾਹਮਣ ਆਗੂ ਅਪਣੇ ਪਰਿਵਾਰ ਲਈ ਕੌਮ ਦੀ ਬੋਲੀ ਲਾਅ ਰਿਹਾ ਸੀ। ਕੌਮ ਨੂੰ ਵੇਚਣ ਲਈ ਲਾਈ ਗਈ ਬੋਲੀ ਵਿਚ ਕੋਈ ਵੀ ਹਿੱਸਾ ਲੈ ਸਕਦਾ ਸੀ। ਜੇੜ੍ਹਾ ਬੋਲੀ ਸਭ ਤੋਂ ਵਧ ਲਾਂਉਦਾ, ਉਸ ਦੇ ਹੱਥ ਕੌਮ ਨੂੰ ਵੇਚ ਦਿਤਾ ਜਾਣਾ ਸੀ। ਪੂਰੇ ਪੰਥ ਨੂੰ ਵੇਚਣ ਦੀ ਕੀਮਤ ਸੀ, ਸਿਰਫ "ਮੁਖ ਮੰਤਰੀ ਦੀ ਇਕ ਕੁਰਸੀ"। ਨਾਲ ਸ਼ਰਤ ਇਹ ਸੀ ਕਿ ਇਸ ਕੁਰਸੀ ਉਪਰ ਬੀ. ਜੇ. ਪੀ ਨਾਂ ਤੇ ਕੋਈ ਦਾਵਾ ਕਰੇਗੀ ਤੇ ਨਾਂ ਉਸ ਕੁਰਸੀ ਵਲ ਕਦੀ ਅੱਖ ਚੁਕ ਕੇ ਵੇਖੇਗੀ।

ਆਖਿਰ ਕਾਰ ਹੋਇਆ ਵੀ ਉਹ ਹੀ ਜਿਸਦੀ ਉਮੀਦ ਕੀਤੀ ਜਾ ਰਹੀ ਸੀ। ਉਸ ਬੋਲੀ ਦਾ ਸਫਲ ਉਮੀਦਵਾਰ ਰਿਹਾ, ਆਰ.ਐਸ.ਐਸ. ਜਿਸ ਦੀ ਸਿਆਸੀ ਵਿੰਗ ਬੀ.ਜੇ. ਪੀ. ਨੇ ਕੌਮ ਨੂੰ ਕਾਲੀ ਦਲ ਦੇ ਮੁਖੀ ਦੇ ਹਥੋਂ ਖਰੀਦ ਲਿਆ। ਕਿਤੇ ਇਹ ਸਮਝਣਾ ਸਾਡੀ ਭੁਲ ਹੋਵੇਗੀ ਕੇ ਇਸ ਲਈ ਮੁਖ ਮੰਤਰੀ ਦੀ ਕੁਰਸੀ ਦੇ ਕੇ ਬੀ. ਜੇ. ਪੀ. ਨੇ ਕੋਈ ਘਾਟੇ ਦਾ ਸੌਦਾ ਕੀਤਾ। ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਨਾ, ਸਿੱਖ ਇਤਿਹਾਸ ਨੂੰ ਵਿਕ੍ਰਤ ਕਰਨਾ, "ਗੰਗੂ ਬ੍ਰਾਹਮਣ' ਦੀ ਸਾਖੀ ਨੂੰ ਰੱਦ ਕਰਵਾਉਣਾ, ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰ ਕੇ ਦਸਮ ਪਿਤਾ ਨੂੰ ਅਸ਼ਲੀਲ ਰਚਨਾਵਾਂ ਲਿਖਣ ਵਾਲਾ ਤੇ ਦੇਵੀ ਦਾ ਉਪਾਸਕ ਸਿੱਧ ਕਰਨਾ, ਅਕਾਲ ਤਖਤ 'ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਕਰਵਾਉਣਾ, ਸਿੱਖ ਰਹਿਤ ਮਰਿਯਾਦਾ ਵਿਚ ਗੈਰ ਸਿਧਾਂਤਕ ਤਬਦੀਲੀਆਂ ਕਰਵਾਉਣਾ, ਸਿੱਖਾ ਨੂੰ ਹਿੰਦੂ ਸਮਾਜ ਦਾ ਇਕ ਅਨਿਖੜਵਾ ਅੰਗ ਬਣਾਉਣਾ ਅਤੇ "ਸਾਂਝੀਵਾਲਤਾ" ਦੇ ਨਾਮ 'ਤੇ ਸਿੱਖ ਕੌਮ ਦਾ "ਹਿੰਦੂਕਰਣ" ਕਰਨ ਦਾ ਇਸ ਤੋਂ ਸਸਤਾ ਤੇ ਆਸਾਨ ਮੌਕਾ ਆਰ .ਐਸ .ਐਸ ਨੂੰ ਹੋਰ ਕਦੋਂ ਮਿਲਣਾ ਸੀ। ਆਰ.ਐਸ ਐਸ ਨੂੰ ਸਿਆਸਤ ਦੇ ਸੁੱਖ ਦੇ ਨਾਲ ਨਾਲ ਸਿੱਖ ਕੌਮ ਨੂੰ ਨੇਸਤੇ ਨਾਬੂਦ ਕਰਨ ਵਾਸਤੇ, ਇਕ "ਵਿੰਗ" ਦੀ ਜ਼ਰੂਰਤ ਸੀ, ਜੋ ਅਕਾਲ ਤਖਤ ਦੇ ਹੁਕਮਨਾਮਿਆ ਨੂੰ ਅਤੇ ਸਿੱਖ ਕੌਮ ਦੇ ਅਹਿਮ ਮਸਲਿਆ ਨੂੰ ਉਨਾਂ ਦੀ ਮਰਜੀ ਮੁਤਾਬਿਕ ਕੌਮ 'ਤੇ ਲਾਗੂ ਕਰਵਾ ਸਕੇ। ਉਸ ਵਿੰਗ ਦੇ ਬੰਦਿਆ ਦਾ ਸਰੂਪ ਤੇ ਬਾਣਾ ਪੂਰਨ ਸਿੱਖ ਦਾ ਹੋਵੇ, ਲੇਕਿਨ ਉਸ ਦਾ ਅੰਦਰ ਸਿੱਖ ਵਿਰੋਧੀ ਤੇ ਕੱਟਰ ਹਿੰਦੂਵਾਦੀ ਭਾਵਨਾ ਨਾਲ ਭਰਿਆ ਹੋਵੇ।

ਕੁਲਬੀਰ ਸਿੰਘ ਕੌੜਾ ਨੇ ਅਪਣੀ ਕਿਤਾਬ "ਤੇ ਸਿੱਖ ਵੀ ਨਿਗਲਿਆ ਗਿਆ" ਵਿਚ ਲਿਖਿਆ ਹੈ -

"ਸਭ ਤੋਂ ਪਹਿਲਾਂ ਕੱਟੜ ਰੰਗ ਵਿਚ ਰੰਗੇ ਹੋਏ "ਕੌੜੇ ਤੁੰਮਿਆ"" ਨੂੰ ਬਾਣੀ ਰੂਪੀ ਇਸ਼ਨਾਨ ਕਰਵਾਏ ਗਏ। ਫੇਰ ਇਨਾਂ ਦਾ ਮੂੰਹ ਮਹਾਂਦਰਾ ਸਵਾਰ ਕੇ ਸਾਰੀਆਂ ਧਾਰਮਕ ਰਸਮਾਂ ਕਰਕੇ ਪੰਜਾਬ ਦੀ ਸਿੱਖ ਸੰਗਤ ਵਿੱਚ ਉਤਾਰਿਆ ਗਇਆ। ਕਿਉਂਕਿ ਬ੍ਰਾਹਮਣ ਨੂੰ ਪਤਾ ਸੀ ਕਿ ਦੁਸ਼ਮਣ ਬਣਕੇ ਤੇ ਕਿਸੇ ਨੂੰ ਅੰਮ੍ਰਿਤ ਵੀ ਨਹੀਂ ਪਿਆਇਆ ਜਾ ਸਕਦਾ, ਪਰ ਦੋਸਤ ਬਣਕੇ ਤੇ ਜਹਿਰ ਵੀ ਦਿਤਾ ਜਾ ਸਕਦਾ ਹੈ। ਇਕ ਪਾਸੇ ਉਨਾਂ ਨੂੰ ਦੀਕਸ਼ਤ ਕਰਨ ਵਾਲੇ ਪ੍ਰਸਨ ਹਨ, ਦੂਜੇ ਪਾਸੇ ਉਨਾਂ ਨੂੰ ਸਿੱਖ ਸੰਗਤ ਵਿਚ ਘੁਸਪੈਠ ਕਰਵਾਉਣ ਵਾਲੇ ਪ੍ਰਸਨ ਹਨ ਤੇ ਉਪਰ ਅਪਣੀ ਹੋਣੀ ਤੋਂ ਅਣਜਾਣ ਬੇਸਮਝ ਸਿੱਖ ਡਿਗਰ ਡਿਗਰ ਵੇਖੀ ਜਾਂਦੇ ਹਨ। ਹੁਣ ਜਦੋਂ ਉਨਾਂ ਤਿਆਰ ਬਰ ਤਿਆਰ ਬਾਣੀ ਦੇ ਬੋਹਿਥਾਂ ਨੇ ਪਿੰਡ ਪਿੰਡ ਭਾਰਤੀ ਜਨਤਾ ਪਾਰਟੀ ਦਾ ਪ੍ਰੋਗ੍ਰਾਮ ਪਹੁਚਾਣ ਲਈ ਕੰਮ ਸ਼ੁਰੂ ਕਰ ਦਿਤਾ ਹੈ ਤਾਂ, ਉਹ ਹੁਣ ਇੱਕਲੇ ਨਹੀਂ ਹਨ, ਪਿੰਡ ਵਿਚ ਇਕ ਦੋ ਘਰ ਉਨਾਂ ਨਾਲ ਹਨ। ਉਨਾਂ ਨੂੰ ਅਹੁਦੇ ਦੇ ਦਿੱਤੇ ਗਏ ਹਨ। ਮੋਬਾਈਲ ਫੋਨ ਤੇ ਹੋਰ ਸਹੂਲਤਾਂ ਦੇ ਦਿੱਤੀਆਂ ਗਈਆਂ ਹਨ। ਆਪਣੇ ਹਮਾਇਤੀ ਬਣਾ ਕੇ ਉਨਾਂ ਨੂੰ ਪੰਜਾਬ ਦੇ ਪਿੰਡ ਪਿੰਡ ਤੇ ਘਰ ਘਰ ਪਹੁੰਚਣ ਲਈ ਚਾਬੀ ਦੇ ਦਿਤੀ ਗਈ ਹੈ।"


ਜਿਹੜੇ ਗੁਰੂ ਜੀ ਦੇ ਹੁਕਮ ਦੀ ਅਦੂਲੀ ਕਰਕੇ ਵਡਭਾਗ ਸਿੰਘ ਦੇ ਡੇਰੇ ਤੇ ਕਰਤਾਰਪੁਰ ਦੇ ਧੀਰਮਲੀਆਂ ਦੇ ਗੰਦੇ ਛਪੱੜ ਵਿਚ ਫੋੜੇ -ਫਿੰਸੀਆਂ ਲਈ ਇਸ਼ਨਾਨ ਕਰਨ ਜਾਂਦੇ ਸਨ ਤੇ ਮੀਣਿਆਂ ਨਾਲ ਸੰਬੰਧ ਰਖਣ ਵਾਲੇ ਸਿੱਖ ਸਨ, ਉਹ ਆਪਣੇ ਆਪ ਹੀ ਇਸ ਨਵੀਂ ਬਣੀ ਰਾਸ਼ਟ੍ਰੀਯ ਸਿੱਖ ਸੰਗਤ" ਦੀ ਟੋਲੀ ਨਾਲ ਟੁਰਨ ਲਗ ਪਏ ਹਨ............।

ਕਈ ਵਿਚਾਰੇ ਭੋਲੂ ਸਿੱਖ ਤਾਂ ਇਹ ਵੀ ਕਹਿ ਦੇਂਦੇ ਹਨ ਕੇ ਕੀ ਹੋਇਆ ਜੇ ਅੱਗੇ ਇਹ ਪੰਥ ਦੋਖੀ ਸਨ, ਹੁਣ ਤਾਂ ਸਿੱਖੀ ਦੀ ਸ਼ਰਣ ਵਿਚ ਆ ਹੀ ਗਏ ਹਨ, ਚੰਗੀ ਸੰਗਤ ਵਿਚ ਰਹਿ ਕੇ ਆਪ ਚੰਗੇ ਸਿੱਖ ਬਣ ਜਾਣਗੇ। ਇਨਾਂ ਚੱਵਲ ਸਿੱਖਾਂ ਨੂੰ ਕੋਈ ਇਹ ਪੁਛਣ ਵਾਲਾ ਨਹੀਂ ਕੀ ਗੰਗੂ ਬ੍ਰਾਹਮਣ ਸਤਿਗੁਰਾਂ ਦੀ ਚੰਗੀ ਸੰਗਤ ਵਿੱਚ ਨਹੀਂ ਸੀ ਰਿਹਾ?

ਰਾਸ਼ਟਰੀਯ ਸਿੱਖ ਸੰਗਤ ਜੋ ਸਿਰਫ ਸਿੱਖਾਂ ਨੂੰ ਹੜਪ ਕਰਨ ਲਈ ਬਣਾਈ ਗਈ ਸੰਸਥਾ ਹੈ, ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ।.........ਅਕਾਲ ਤਖਤ ਦਾ ਸਰਕਾਰੀ ਜੱਥੇਦਾਰ, ਜਿਹੜਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਬਣਾਇਆ ਗਇਆ ਸੀ, ਨੂੰ ਇਹ ਲਗਾ ਕੇ ਬੀਬੀ ਜਾਗੀਰ ਕੌਰ, ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਨਾਂ ਨੂੰ ਜਥੇਦਾਰੀ ਤੋਂ ਲਾਹ ਦੇਣਗੇ ਤਾਂ ਹਜੂਰ ਸਾਹਿਬ ਜਾ ਰਿਹਾ ਪੂਰਨ ਸਿੰਘ ਜਦੋਂ ਮੱਧ ਪ੍ਰਦੇਸ਼ ਦੇ ਗੂਨਾਂ ਕਸਬੇ ਵਿਚ ਪਹੁੰਚਿਆ, ਤਾਂ ਉਸਨੇ ਉਥੋਂ ਇਕ ਪੀ.ਸੀ.ਉ ਤੋਂ ਇਕ ਫੈਕਸ ਭੇਜ ਕੇ ਬੀਬੀ ਨੂੰ ਪੰਥ ਵਿਚੋਂ ਛੇਕ ਦਿਤਾ। ਵੇਖਣ ਨੂੰ ਇਹ ਘਟਨਾ ਬਹੁਤ ਸਾਧਾਰਣ ਜਿਹੀ ਲਗਦੀ ਹੈ, ਪਰ ਜੋ ਸਕੀਮ ਇਸ ਦੇ ਪਿਛੇ ਸੀ ਉਹ ਬਹੁਤ ਹੀ ਖਤਰਨਾਕ ਸੀ।

ਕੁਲਬੀਰ ਸਿੰਘ ਕੌੜਾ ਦੇ ਇਹ ਪਾਤਰ ਜਿਨਾਂ ਨੂੰ ਉਨਾਂ ਨੇ "ਕੌੜੇ ਤੁੰਮਿਆਂ" ਦਾ ਨਾਮ ਦਿਤਾ ਹੈ, ਆਰ.ਐਸ.ਐਸ ਨੂੰ, ਇਹ "ਕੌੜੇ ਤੁੰਮੇ" ਪੰਜਾਬ ਤੋਂ ਵਧ ਹੋਰ ਕਿਥੇ ਇਨੀ ਵਡੀ ਗਿਣਤੀ ਵਿਚ ਮਿਲ ਸਕਦੇ ਸਨ? ਹੁਣ ਤਾਂ ਆਰ ਐਸ ਐਸ ਨੂੰ ਅਪਣੇ ਸਿਆਸੀ ਤਾਕਤ ਅਤੇ ਸੱਤਾ ਦਾ ਸੁੱਖ ਵੀ ਪੰਜਾਬ ਦੇ ਅੰਦਰ ਮਿਲ ਚੁਕਾ ਸੀ। "ਹਾਥੀ ਕੇ ਪਾਂਵ ਮੇਂ ਸਭ ਕਾ ਪਾਂਵ" ਵਾਲੀ ਕਹਾਵਤ ਅਨੁਸਾਰ, ਉਨ੍ਹਾਂ ਨੇ ਸਿੱਖਾਂ ਦੇ ਉਚ ਧਾਰਮਿਕ ਅਦਾਰਿਆਂ ਨੂੰ ਨਿਸ਼ਾਨਾਂ ਬਣਾਂਇਆ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਹੋਰ ਉੱਚ ਅਦਾਰਿਆਂ ਵਿੱਚ ਆਪਣੇ ਕੇਸਾਧਾਰੀ ਬ੍ਰਾਹਮਣਾਂ ਦੀ ਘੁਸਪੈਠ ਸ਼ੁਰੂ ਕਰ ਦਿਤੀ। ਇਨਾਂ ਘੁਸਪੈਠੀਆਂ ਨੇ ਪੰਜਾਬ ਵਿਚ ਖੁੰਬਾਂ ਵਾਂਗ ਉਗੇ ਪੂੰਜੀਪਤੀ ਡੇਰੇ ਦਾਰ, ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਸਰਕਾਰੀ ਜਥੇਦਾਰ ਨੂੰ ਸਭ ਤੋਂ ਪਹਿਲਾਂ ਅਪਣੇ ਕਬਜੇ ਵਿਚ ਕੀਤਾ ਤੇ ਉਨਾਂ ਵਿਚ ਜੋ ਵੀ ਚੰਗੇ ਤੇ ਗੁਰਮਤਿ ਦੇ ਧਾਰਣੀ ਸਿੱਖ ਸਨ ਉਨਾਂ ਨੂੰ ਹੌਲੀ ਹੌਲੀ, ਅਪਣੀ ਸਿਆਸੀ ਤਾਕਤ ਵਰਤ ਕੇ ਉਨਾਂ ਨੂੰ ਹਟਾ ਕੇ ਅਪਣੇ "ਕੱਟੜ ਰੰਗ ਵਿਚ ਰੰਗੇ, ਕੌੜੇ ਤੁੰਮਿਆਂ" ਦੀ ਤਾਜ ਪੋਸ਼ੀ, ਇਨਾਂ ਉੱਚ ਅਦਾਰਿਆਂ 'ਤੇ ਕਰ ਦਿਤੀ। ਦਮਦਮੀ ਟਕਸਾਲ ਦਾ ਮੁੱਖੀ ਤੇ ਹੋਰ ਗੁਰੂ ਸਿਧਾਂਤਾਂ ਦਾ ਨਿਤ ਮਖੌਲ ਉੜਾਉਨ ਵਾਲੇ ਪੰਜਾਬ ਦੇ ਡੇਰੇ ਦਾਰ ਅਤੇ ਭੰਗ ਪੋਸਤ ਖਾ ਖਾ ਕੇ ਅਪਣੀ ਮਤਿ ਗਵਾ ਚੁਕੇ, ਧਰਮ ਸਿੰਘ ਨਿਹੰਗ ਵਰਗੇ ਲੋਕ ਆਰ.ਐਸ. ਐਸ ਬਣਾਏ ਉਹ ਕੌੜੇ ਤੁੰਮੇ ਹੀ ਹਨ, ਜਿਨਾਂ ਨੂੰ ਕੇਸਾਧਾਰੀ ਵੇਸ਼ ਵਿਚ ਸਾਡੀ ਕੌਮ ਵਿਚ ਵਾੜ ਦਿਤਾ ਗਇਆ ਹੈ।

ਇਹੋ ਜਹੇ ਅਣਗਿਣਤ ਬੰਦੇ, ਜੋ ਹਿੰਦੂ ਹਨ, ਸਿੱਖੀ ਸਰੂਪ ਵਿਚ ਤਿਆਰ ਕਰਕੇ ਸਾਡੇ ਧਾਰਮਿਕ ਅਦਾਰਿਆਂ ਵਿੱਚ ਘੁਸਪੈਠ ਕਰ ਕੇ ਸਿੱਖੀ ਨੂੰ ਬਰਬਾਦ ਕਰ ਰਹੇ ਹਨ। ਇਨ੍ਹਾਂ "ਕੌੜੇ ਤੂੰਮਿਆ" ਦਾ ਇਕੱਠ ਹੀ "ਅਸੰਤ ਸਮਾਜ" ਅਖਵਾਉਂਦਾ ਹੈ।

ਪਿਛਲੇ ਦਸਾਂ ਸਾਲਾਂ ਵਿਚ ਅਕਾਲ ਤਖਤ ਦਾ ਸ਼ਰੀਕ ਇਕ ਦੂਜਾ ਅਕਾਲ ਤਖਤ ਸਿਰਜ ਦਿਤਾ ਗਇਆ, ਜਿਸਨੂੰ "ਸਕੱਤਰੇਤ" ਨਾਮ ਦੇ ਦਿਤਾ ਗਇਆ, ਕਿਉਂਕਿ ਆਰ.ਐਸ.ਐਸ ਦੇ ਇਨਾਂ ਟਾਉਟਾਂ ਦੀ ਬੈਠਕ ਵਿਚ ਕਈ ਇਹੋ ਜਹੇ ਪੰਥ ਵਿਰੋਧੀ ਫੈਸਲੇ ਲਏ ਜਾਣੇ ਹੁੰਦੇ ਸਨ ਜਿਨਾਂ ਦੀ ਭਣਕ ਵੀ ਸਾਧ ਸੰਗਤ ਨੂੰ ਨਹੀਂ ਲਗਣੀ ਚਾਹੀਦੀ ਸੀ। ਇਸ ਕਮਰੇ ਵਿਚ ਤੇ ਕੋਈ ਸੰਗਤ ਦਾ ਬੰਦਾ ਫਟਕ ਵੀ ਨਹੀਂ ਸੀ ਸਕਦਾ। ਇਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੁੰਦਾ। ਕੌਮ ਦੇ ਸਵੈਮਾਨ ਤੇ ਅਜਾਦ ਹਸਤੀ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰ ਦਿਤਾ ਗਇਆ, ਜੋ ਆਰ.ਐਸ.ਐਸ ਦੀ ਅੱਖ ਵਿਚ ਸਬਤੋਂ ਵਧ ਰਿੜਕ ਰਿਹਾ ਸੀ। ਕੌਮ ਦਾ ਮਹਾਨ ਪ੍ਰਚਾਰਕ ਤੇ ਪੰਥ ਦਰਦੀ ਪ੍ਰੋਫੇਸਰ ਦਰਸ਼ਨ ਸਿੰਘ (ਜੋ "ਸੱਚੁ ਸੁਣਾਇਸੀ ਸਚ ਕੀ ਬੇਲਾ" ਦੇ ਸਿਧਾਂਤ 'ਤੇ ਤੁਰ ਕੇ ਪ੍ਰਚਾਰ ਕਰ ਰਹੇ ਸੀ ਤੇ ਆਰ.ਐਸ.ਐਸ ਅਤੇ ਬ੍ਰਾਹਮਣਵਾਦ ਦੇ ਖਤਰਿਆਂ ਤੇ ਕੌਮ ਨੂੰ ਸੁਚੇਤ ਕਰ ਰਹੇ ਸੀ) ਨੂੰ ਬਿਨਾਂ ਕਿਸੇ ਸੁਣਵਾਈ ਦੇ ਇਨਾਂ ਸਰਕਾਰੀ ਬੁਰਛਾਗਰਦਾਂ ਨੇ ਪੰਥ ਤੋਂ ਛੇਕ ਦਿਤਾ। ਹੁਣ ਸਿੱਖ ਰਹਿਤ ਮਰਿਯਾਦਾ ਨੂੰ ਸੋਧਣ ਦੀਆਂ ਤਿਆਰੀਆਂ ਹੋ ਹੀ ਰਹੀਆਂ ਸਨ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ।

ਖਾਲਸਾ ਜੀ! ਕਾਲੀ ਦਲ ਤੇ ਅਸੰਤ ਸਮਾਜ ਦਾ ਇਹ ਗਠਜੋੜ, ਜੇ ਆਉਣ ਵਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਾਮਯਾਬ ਹੋ ਗਇਆ ਤੇ ਸਿੱਖ ਕੌਮ ਨੇ 100 ਵਰ੍ਹੇ ਹੋਰ ਪਿਛੇ ਚਲੇ ਜਾਣਾ ਹੈ, ਤੇ ਹੋ ਸਕਦਾ ਹੈ ਆਉਣ ਵਾਲਾ ਸਮਾਂ ਕੌਮ ਦੇ ਸਭਤੋਂ ਵੱਡੇ ਨਿਘਾਰ ਦਾ ਇੱਕ ਅਹਿਮ ਕਾਰਣ ਬਣ ਜਾਏ। ਇਸੇ ਗਠਜੋੜ ਨੇ ਸ਼੍ਰੋਮਣੀ ਕਮੇਟੀ 'ਤੇ ਕਾਬਿਜ ਹੋ ਜਾਣਾ ਹੈ, ਇਸ ਦੀ ਬਹੁਤੀ ਉਮੀਦ ਹੈ, ਕਿਉਂਕਿ ਮੌਜੂਦਾ ਹਾਲਾਤ ਇਹੀ ਦਰਸਾ ਰਹੇ ਨੇ। ਸਾਰੀਆਂ ਫਰਜੀ ਵੋਟਾਂ ਤੇ ਸਾਰਾ ਸਿਆਸੀ ਅਮਲਾ ਇਨਾਂ ਨੂੰ ਜਿਤਾਉਣ ਵਿਚ ਮਦਦ ਕਰੇਗਾ। ਚੋਣ ਅਫਸਰਾਂ ਦੀ ਭੂਮਿਕਾ ਵੀ ਸ਼ਕੀ ਹੈ। ਸ਼ਰਾਬਾਂ ਦੀਆਂ ਬੋਤਲਾਂ ਦੇ ਬਦਲੇ ਵੋਟ ਪੈਣਗੇ, ਤੇ ਉਹ ਸ਼ਰਾਬੀ ਸਾਡੀ ਕੌਮ ਦੇ ਅਹਿਮ ਫੈਸਲੇ ਕਰਣਗੇ ਜੋ ਇਨਾਂ ਦੇ ਬ੍ਰਾਹਮਣਵਾਦੀ ਭਾਈਵਾਲ ਚਾਹੁੰਦੇ ਹਨ।

ਖਾਲਸਾ ਜੀ! ਸ਼ਾਇਦ ਇਹ ਗਲ ਤੁਹਾਨੂੰ ਨੈਗੇਟਿਵ ਵਿਚਾਰ ਧਾਰਾ ਦੀ ਕੋਈ ਡਿਪ੍ਰੇਸ਼ਨ ਵਿਚ ਕਹੀ ਗਲ ਭਲੇ ਹੀ ਲਗ ਰਹੀ ਹੋਵੇ ,ਪਰ ਆਸਾਰ ਇਹੋ ਜਹੇ ਹੀ ਬਣ ਰਹੇ ਨੇ। ਕੌਮ ਵਿਚ ਚੇਤਨਾਂ ਲਿਆਣ ਵਾਲੀਆਂ ਧਿਰਾਂ ਤੇ ਸ਼ਖਸ਼ਿਆਤਾਂ ਵਿਚ ਏਕਾ ਤਾਂ ਦੂਰ ਦੀ ਗਲ, ਉਹ ਹਲੀ ਤਕ ਇਕ ਦੂਜੇ ਦੀਆਂ ਟੰਗਾਂ ਖਿਚਣ ਵਿਚ ਲਗੇ ਹੋਏ ਨੇ। ਜਾਗਰੂਕ ਸਿਆਸੀ ਧਿਰਾਂ ਵਿਚ ਕੋਈ ਕਾਮਯਾਬ ਗਠਜੋੜ ਨਹੀਂ ਹੋ ਸਕਿਆ ਹੈ। ਕਿਸੇ ਵੀ ਕੌਮ ਵਿਚ ਕ੍ਰਾਂਤੀ ਲਿਉਣ ਦੀ ਜਿਮੇਵਾਰੀ "ਜਾਗਰੂਕ ਤੇ ਵਿਦਵਾਨ ਸ਼ਖਸ਼ਿਯਤਾਂ " ਦੀ ਹੁੰਦੀ ਹੈ। ਇਨਾਂ ਨੂੰ ਹਲੀ ਵੇਹਲ ਨਹੀਂ ਕਿ ਉਹ ਕੌਮ ਦੀ ਡੁਬਦੀ ਬੇੜੀ ਦੀ ਇਸ ਦਸ਼ਾ ਬਾਰੇ ਵੀਚਾਰ ਕਰਨ ਜਾਂ ਇਸ ਬਾਰੇ ਕੁਝ ਸੋਚਣ ਜਾਂ ਲਿਖਣ। ਹੱਲੀ ਤਾਂ ਉਹ ਅਪਣੇ "ਸ਼ਬਦ ਗੁਰੂ ਦੇ ਸਰੂਪ ਦੀ ਪ੍ਰਮਾਣਿਕਤਾ" ਬਾਰੇ ਚਰਚਾ ਵਿਚ ਰੁਝੇ ਹੋਏ ਨੇ। ਅਕਾਲ ਤਖਤ ਦੇ ਪਵਿਤਰ ਸਿਧਾਂਤ ਤੋਂ ਕੌਮ ਨੂੰ ਖਹਿੜਾ ਛੁੜਾ ਲੈਣ ਦੇ ਹਲੂਣੇ ਦੇ ਰਹੇ ਨੇ। ਕੋਈ ਨਹੀਂ ਖਾਲਸਾ ਜੀ! ਇਨਾਂ ਡਾਕਟਰਾਂ ਤੇ ਵਿਦਵਾਨਾਂ ਨੂੰ ਐਸੇ ਹਲੂਣੇ ਦੇਣ ਦੀ ਕੋਈ ਲੋੜ ਹੀ ਨਹੀਂ ਪੈਣੀ, ਇਹ ਕੰਮ ਤੇ ਸਾਰੇ ਆਪਣੇ ਆਪ ਹੀ ਹੋ ਜਾਣੇ ਨੇ, ਜੇ ਇਹ ਗਠਜੋੜ ਸ਼੍ਰੋਮਣੀ ਕਮੇਟੀ 'ਤੇ ਕਾਬਿਜ ਹੋ ਗਇਆ। ਹਿੰਦੂਵਾਦੀ ਤਾਕਤਾਂ ਦੇ ਨਾਪਾਕ ਮਨਸੂਬੇ ਆਪੇ ਹੀ ਪੂਰੇ ਹੋ ਜਾਣੇ ਨੇ। ਹੋ ਸਕਦਾ ਹੈ ਉਸ ਵੇਲੇ ਤਕ ਸਾਡੇ ਡਾਕਟਰ, ਯੁਨੀਵਰਸਿਟੀ ਦੇ ਪ੍ਰੋਫੇਸਰ, ਜਾਗਰੂਕ ਧਿਰਾਂ ਅਤੇ ਅਖੌਤੀ ਵਿਦਵਾਨ ਕੋਈ ਇਹੋ ਜਿਹਾ ਫੈਸਲਾ ਵੀ ਕਰ ਚੁਕੇ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਸਾਡਾ ਸ਼ਬਦ ਗੁਰੂ ਹੀ ਨਹੀਂ ਹੈ, ਕਿਉਂਕਿ ਇਸ ਦੀ ਅਸਲੀ ਬੀੜ ਤਾਂ ਗੁਆਚ ਚੁਕੀ ਹੈ। ਆਰ.ਐਸ.ਐਸ ਲਈ ਇਨ੍ਹਾਂ ਦਾ ਇਹ "ਗਿਆਨ ਤੇ ਖੋਜ", ਸੋਨੇ ਤੇ ਸੁਹਾਗੇ ਵਰਗੀ ਮੁਫੀਦ ਸਾਬਿਤ ਹੋਵੇਗੀ। ਕੌਮ ਦੇ ਅਖੋਤੀ ਵਿਦਵਾਨੋਂ! ਤੁਸੀ ਰੁਝੇ ਰਹੋ, ਇਸ ਪਰੋਜੈਕਟ ਵਿੱਚ, ਕੌਮ ਦੀ ਬੇੜੀ ਡੁਬਦੀ ਹੈ ਤੇ ਡੁਬ ਜਾਣ ਦਿਉ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top