Share on Facebook

Main News Page

ਸਰਬ ਪ੍ਰਵਾਣਿਤ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਨਿਯੁਕਤੀ ਲਈ ਮੁਹਿੰਮ ਚਲਾਉਣਾ ਸਮੇਂ ਦੀ ਮੁੱਖ ਜ਼ਰੂਰਤ
-: ਗਿਆਨੀ ਅਵਤਾਰ ਸਿੰਘ  ਠੂਠੀਆਂ ਵਾਲੀ, ਮਾਨਸਾ (ਪੰਜਾਬ) 98140-35202

ਅਜੋਕਾ ਬੁਧੀਜੀਵੀ ਵਰਗ; ਇਨਸਾਨੀਅਤ ਦੀ ਆਰੰਭਤਾ ਉਸ ਸਮੇਂ ਤੋˆ ਮੰਨਦਾ ਹੈ ਜਦ ਤੋˆ ਮਨੁੱਖ ਨੂੰ ਆਪਣੇ ਨੰਗੇਜਪਣ ਦੀ ਸਮਝ ਆਈ। ਮਨੁਖੀ ਸਭਿਅਤਾ ਦੇ ਵਿਕਾਸ ਵਿੱਚ ਆਇਆ ਇਹ ਬਦਲਾਉ ਇੱਕ ਚਮਤਕਾਰੀ ਕਦਮ ਮੰਨਿਆਂ ਜਾ ਸਕਦਾ ਹੈ । ਕਿਉਂਕਿ, ਹਰ ਇੱਕ ਜੂਨੀ ਅੰਦਰਲਾ ਇਹ ਇੱਕ ਵਿਗਿਆਨਿਕ ਬਦਲਾਵ ਸੀ । ਮਨੁੱਖ ਨੇ ਇਸ ਵਿਗਿਆਨੀ-ਖੋਜ ਨੂੰ ਜਾਰੀ ਰੱਖਦਿਆਂ ਹੀ ਹਰ ਇੱਕ ਜੂਨੀ ਨੂੰ ਆਪਣੇ ਅਧੀਨ ਰੱਖਣ ਵਿੱਚ ਯੋਗਤਾ ਹਾਸਿਲ ਕੀਤੀ। “ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥” ਮਃ 5/374॥

ਸਭ ਜੂਨੀਆਂ ਵਿੱਚੋਂ ਸ਼੍ਰੇਸਟ ਬਣਨ ਦੇ ਅਹੰਕਾਰ ਕਾਰਨ ਅਸ਼ਾਂਤ ਬਣੇ ਜੀਵਨ (ਮਨੁੱਖ) ਨੇ ਸ਼ਾਂਤੀ ਦੀ ਪ੍ਰਾਪਤੀ ਲਈ ਦੂਜਾ ਵੱਡਾ ਬਦਲਾਵ ਉਸ ਸਮੇਂ ਲਿਆਂਦਾ, ਜਦ ਮਨੁੱਖ ਦੀ ਬੁਧੀ ਨੇ ਪ੍ਰਮਾਤਮਾ ਦੀ ਖੋਜ ਵੱਲ ਕਦਮ ਪੁੱਟਿਆ। ਪਸ਼ੂ-ਬਿਰਤੀ ਤੋਂ ਵਿਕਸਤ ਹੋਏ ਮਨੁੱਖ ਦਾ ਰੱਬ (ਪ੍ਰਮਾਤਮਾ) ਵੀ ਨਜ਼ਰੀ ਆਉਣ ਵਾਲਾ ਇੱਕ ਪ੍ਰਭਾਵਸ਼ਾਲੀ ਵਿਅਕਤੀ, ਕੁਦਰਤੀ ਸ਼ਕਤੀਆਂ (ਅੱਗ, ਪਾਣੀ, ਹਵਾ ਆਦਿ), ਬਨਸਪਤੀ (ਪਿੱਪਲ, ਤੁਲਸੀ, ਕਰੀਰ ਆਦਿ), ਪਸ਼ੂ-ਪੰਛੀ (ਗਾਂ, ਗਰੁੜ ਆਦਿ), ਤਾਰੇ (ਚੰਦ, ਸੁਰਜ, ਕਲਪਨਿਕ ਰਾਹੂ-ਕੇਤੂ ਆਦਿ) ਹੀ ਬਣੇ। ਸ਼ਾਂਤੀ ਦੀ ਚਾਹਤ ਲਈ ਭਟਕ ਰਹੇ ਵਿਅਕਤੀਆਂ ਉਪਰ ਵਖਤੀ ਰਾਜਿਆਂ ਨੇ ਰੱਬ ਰੂਪ ਹੋ ਕੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। “ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ॥” ਮ:3/423॥

ਉਕਤ ਸਾਧਨਾ ਰਾਹੀਂ ਮਨੁੱਖ ਨੂੰ ਉਹ ਸ਼ਾਂਤੀ ਪ੍ਰਾਪਤ ਨਹੀਂ ਹੋਈ ਜਿਸ ਦੀ ਉਸ ਨੇ ਕਲਪਣਾ ਕੀਤੀ ਸੀ। ਸ਼ਾਂਤੀ ਦਿਲਵਾਉਣ ਦਾ ਦਾਵਾ ਕਰਨ ਵਾਲੇ ਪੂਜਾਰੀ ਵਰਗ ਨੇ ਆਪਣੀ ਆਰਥਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਸਮਾਜ ਨੂੰ ਕਈ ਵਰਗਾਂ ਵਿੱਚ ਵੰਡ ਦਿੱਤਾ। ਨਵੇਂ ਨਵੇਂ ਵਹਿਮ-ਭਰਮ ਖੜ੍ਹੇ ਕਰ ਦਿੱਤੇ, ਜਿਨ੍ਹਾ ਵਿੱਚ ਫਸਾਉਣ ਦੇ ਤਰੀਕੇ ਤਾਂ ਕਈ ਪੁਜਾਰੀਆਂ ਨੂੰ ਸਮਝ ਆਉਂਦੇ ਸਨ ਪਰ ਉਹਨਾ ਵਿੱਚੋਂ ਕੱਢਣ ਦਾ ਰਸਤਾ ਕਿਸੇ ਨੂੰ ਮਾਲੁਮ ਨਹੀਂ ਸੀ। “ਫਾਸਨ ਕੀ ਬਿਧਿ, ਸਭੁ ਕੋਉ ਜਾਨੈ; ਛੂਟਨ ਕੀ ਇਕੁ ਕੋਈ॥” ਕਬੀਰ ਜੀ/331॥

ਪ੍ਰਮਾਤਮਾ ਨੇ ਧਰਤੀ (ਧਰਮਸਾਲ) ਨੂੰ ਜੀਵਾਂ ਦੇ ਧਰਮ (ਸ਼ਾਂਤੀ) ਪ੍ਰਾਪਤ ਕਰਨ ਲਈ ਬਣਾਇਆ ਸੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਧਰਤੀ ਦੀ ਇਸ ਬੇਨਤੀ ਨੂੰ ਸੁਣ ਕੇ ਹੀ ਪ੍ਰਭੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੀਵਾਂ ਦੇ ਕਲਿਆਣ ਲਈ ਜਗਤ ਵਿੱਚ ਭੇਜਿਆ। “ਸੁਣੀ ਪੁਕਾਰਿ ਦਾਤਾਰ ਪ੍ਰਭੁ; ਗੁਰੁ ਨਾਨਕੁ ਜਗ ਮਾਹਿ ਪਠਾਇਆ॥” ਵਾਰ 1 / ਪਾਉੜੀ 23।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਅੰਦਰ ਅਹੰਕਾਰ ਕਾਰਨ ਬਣੀ ਅਸ਼ਾਂਤੀ ਦਾ ਕਾਰਨ ਇੱਕ ਨਿਰਾਕਾਰ ਪ੍ਰਭੂ ਜੀ ਤੋਂ ਪਈ ਦੂਰੀ ਅਤੇ ਆਕਾਰ ਰੂਪ ਕਲਪਨਿਕ ਪ੍ਰਭੂ ਭਗਤੀ ਦੀ ਹੋਂਦ ਨੂੰ ਮੰਨਿਆ।ਇਸ ਭਰਮ ’ਚੋਂ ਕੱਢਣ ਲਈ ਗੁਰੂ ਜੀ ਨੇ ਇੱਕ ਐਸੇ ਸ਼ਬਦ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤਿੰਨ ਵਾਰ ਕਰ ਦਿੱਤੀ ਜਿਸ ਰਾਹੀਂ ਉਕਤ ਆਕਾਰ ਰੂਪੀ ਰੱਬ {ਰਾਜੇ (ਦੇਵੀ-ਦੇਵਤੇ), ਅੱਗ, ਪਾਣੀ, ਹਵਾ, ਬਨਸਪਤੀ, ਜਾਨਵਰ, ਤਾਰੇ ਆਦਿ} ਪ੍ਰਭੂ ਜੀ ਦੀ ਉਸਤਤ ਕਰਦੇ ਦਰਸਾਇਆ ਗਿਆ ਹੈ।ਆਪਣੇ ਸੇਵਕਾਂ ਲਈ ਇਹ ਸ਼ਬਦ “ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ॥” ਰੋਜਾਨਾ ਸੁਭ੍ਹਾ ਸਾਮ ਨਿਤਨੇਮ ਦਾ ਭਾਗ ਬਣਾ ਦਿੱਤਾ। ਸ਼ਬਦ ਵਿੱਚ ਪਾਵਨ ਉਪਦੇਸ ਹੈ:- “ਗਾਵਹਿ ਤੁਹਨੋ; ਪਉਣੁ ਪਾਣੀ ਬੈਸੰਤਰੁ॥”, “ਗਾਵਹਿ ਈਸਰੁ ਬਰਮਾ ਦੇਵੀ॥”, “ਗਾਵਹਿ ਖੰਡ ਮੰਡਲ ਵਰਭੰਡਾ ॥” ਮ:1-ਜਪੁ/ਰਹਿਰਾਸਿ॥ ਕਿਉਂਕਿ “ਇਕੁ ਸਜਣੁ ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ॥” ਮਃ 5/957॥

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਦੀ ਸ਼ਾਂਤੀ ਲਈ ਦੂਸਰਾ ਕਦਮ ਪੁੱਟਿਆ ‘ਆਪਸੀ ਪ੍ਰੇਮ’। ਜਿਸ ਦੀ ਸ਼ੁਰੂਆਤ ਗ੍ਰਿਹਸਤੀ, ਕਿਰਤੀ, ਪਰਉਪਕਾਰੀ ਜੀਵਨ ਵਿੱਚੋਂ ਕੱਢੀ। ਮਨੁੱਖ ਨੂੰ ਪਰਉਪਕਾਰ ਕਰਦਿਆਂ ਸਾਹਮਣੇ ਵਾਲੇ ਵਿਅਕਤੀ ਦੀ ਜਾਤ-ਪਾਤ, ਰੰਗ-ਨਸਲ, ਮਰਦ-ਔਰਤ ਵਿਤਕਰਾ ਆਦਿ ਵਹਿਮ ਭਰਮ ਤੋਂ ਮੁਕਤ ਕੀਤਾ। ਗੁਰੂ ਜੀ ਨੇ ਸਾਫ ਸੰਕੇਤ ਦਿੱਤਾ “ਜੁਗ ਜੁਗ ਏਕੋ ਵਰਨ ਹੈ, ਕਲਿਜੁਗਿ; ਕਿਉ ਬਹੁਤੇ ਦਿਖਲਾਵੈ?” ਭਾਈ ਗੁਰਦਾਸ ਜੀ।

ਨਰੋਏ ਸਮਾਜ ਦੀ ਸਿਰਜਨਾ ਲਈ ਜ਼ਰੂਰੀ ਹੈ ਕਿ ਸਮਾਜ ਨਸ਼ਾ ਮੁਕਤ ਹੋਵੇ।ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿਣ ਦੀ ਬਜਾਏ ਪ੍ਰਭੂ ਗੁਣ ਰੂਪ ਨਸ਼ੇ ਦਾ ਆਨੰਦ ਮਾਨਣ ਲਈ ਉਪਦੇਸ ਕੀਤਾ। “ਨਾਮੁ ਵਿਸਾਰਿ, ਮਾਇਆ ਮਦੁ ਪੀਆ॥ ਮ:1/832॥ ਸ਼ਰਾਬ ਰੂਪੀ ਝੂਠੇ ਨਸ਼ੇ ਤੋਂ ਜਿਥੋਂ ਤੱਕ ਹੋ ਸਕੇ ਵਰਜਿਆ। ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ ਮਃ 3/554॥

ਸਮਾਜਿਕ ਵਿਤਕਰੇ ਕਾਰਨ ਦਬੇ ਕੁਚਲੇ ਜੀਵਾਂ ਦੀ ਬਾਂਹ ਫੜਣ ਨੂੰ ਭੀ ਗੁਰੂ ਜੀ ਨੇ ਧਰਮ ਦੀ ਸੰਗਿਆ ਦਿੱਤੀ। “ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ!॥” ਮਃ 1/15॥ ਬੇਸ਼ੱਕ ਇਸ ਲਈ ਜਾਨ ਵੀ ਚਲੀ ਜਾਵੇ। “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਮਃ 1/1412॥ ਇਸ ਗੁਰੂ ਸਿਧਾਂਤ ਨਾਲ ਇਕਸਾਰਤਾ ਹੋਣ ਦੇ ਕਾਰਨ ਹੀ ਭਗਤ ਕਬੀਰ ਜੀ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ ਹੋਇਆ ਹੈ। “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥” ਕਬੀਰ ਜੀ/1105॥

ਸਮਾਜਿਕ ਜੀਵਾਂ ਦੀ ਸਦੀਵੀ ਸ਼ਾਂਤੀ ਲਈ ਗੁਰੂ ਜੀ ਨੇ ਗ੍ਰਿਹਸਤੀ ਜੀਵਨ ਰਾਹੀਂ ਨੌਕਰੀ, ਵਪਾਰ ਅਤੇ ਖੇਤੀਬਾੜੀ ਕਰਦਿਆਂ ਕੇਵਲ ਪੀਰੀ ਹੀ ਨਹੀਂ; ਬਲਕਿ ਤੱਤੀਆਂ ਤਵੀਆਂ ‘ਤੇ ਬੈਠ ਕੇ,ਸੀਸ ਕਟਵਾ ਕੇ  ਸਰਬੰਸਦਾਨ ਕਰਵਾ ਕੇ ਇਸ ਸਿਧਾਂਤ ਰੂਪ ਮੀਰੀ ‘ਤੇ ਵੀ ਆਪ ਨੇ ਪਹਿਰਾ ਦਿੱਤਾ।ਗੁਰੂ ਜੀ ਦੇ ਇਹਨਾ ਪਰਉਪਕਾਰਾਂ ਦਾ ਸਦਕਾ ਹੀ ਪੰਜ ਪਿਆਰਿਆਂ,ਚਾਰ ਸਹਿਬਜ਼ਾਦਿਆਂ,ਅਨੇਕਾਂ ਸਿੱਖਾਂ/ਬੀਬੀਆਂ ਨੇ ਵੀ ਸਹਾਦਤੀ ਜਾਮ ਪੀਤੇ।

ਸਮੇਂ ਸਮੇਂ ਅਨੁਸਾਰ ਸੱਤਾਧਾਰੀ ਸ਼ਕਤੀਆਂ ਮਨੁੱਖਾਂ ‘ਦੇ ਅਧਿਕਾਰਾਂ ‘ਤੇ ਹਮਲੇ ਕਰਦੀਆਂ ਰਹਿੰਦੀਆਂ ਹਨ। ਅਜੋਕੇ ਲੋਕਤੰਤਰੀ ਦੌਰ ਵਿੱਚ ਸੁਆਰਥੀ/ਕਰਮਕਾਂਡੀ ਲੋਕ ਜਨਤਾ ਦੀ ਵੋਟ (ਸ਼ਕਤੀ) ਦਾ ਨਜਾਇਜ ਫਾਇਦਾ ਉਠਾ ਕੇ ਬਹੁਗਿਣਤੀ ਰਾਹੀਂ ਘੱਟ ਗਿਣਤੀ ‘ਤੇ ਅੱਤਿਆਚਾਰ ਕਰ ਰਹੇ ਹਨ।ਘੱਟ ਗਿਣਤੀਆਂ (ਸਿੱਖ, ਮੁਸਲਿਮ ਆਦਿ) ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰਦੀਆਂ ਆ ਰਹੀਆਂ ਹਨ। ਪੰਜਾਬ ਵਿੱਚ ਬਲੂ ਸਟਾਰ ਸਮੇਂਤ 1978 ਤੋਂ 1995 ਤੱਕ ਇੱਕ ਲੱਖ ਸਿੱਖਾਂ ਦਾ ਕਤਲ, 84 ਦੇ ਦੰਗਿਆਂ ਵਿੱਚ 4000 ਸਿੱਖਾਂ ਦਾ ਕਤਲ,ਗੁਜਰਾਤ ਵਿੱਚ 800 ਮੁਸਲਿਮ ਵੀਰਾਂ ਦਾ ਕਤਲ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 1984 ਦੇ ਇੱਕ ਤਰਫਾ ਅਤਿਆਚਾਰ ਤੋਂ ਬਾਅਦ ਕਾਗਰਸ ਨੇ ਦੋ ਤਿਹਾਈ ਸੀਟਾਂ ਨਾਲ ਪਾਰਲੀਮੈਂਟ ਵਿੱਚ ਜਿੱਤ ਪ੍ਰਾਪਤ ਕੀਤੀ, ਜਦਕਿ ਗੁਜਰਾਤ ਵਿੱਚ ਇੱਕ ਤਰਫਾ ਅਤਿਆਚਾਰ ਤੋਂ ਬਾਅਦ ਬੀ ਜੇ ਪੀ ਹੁਣ ਤੱਕ ਗੁਜਰਾਤ ਵਿੱਚ ਰਾਜਨੀਤਿਕ ਫਾਇਦਾ ਲੈਦੀ ਆ ਰਹੀ ਹੈ ਸਾਫ ਹੈ ਕਿ ਦੰਗਿਆਂ ਦਾ ਲਾਭ ਕਿਸ ਨੂੰ ਅਤੇ ਕਿਉਂ ਹੁੰਦਾ ਹੈ ? 2014 ਦੇ ਲੋਕ ਸਭਾ ਚੁਣਾਵ ਨੂੰ ਧਿਆਨ ਵਿੱਚ ਰੱਖਦਿਆਂ ਹੀ ਬਹੁਗਿਣਤੀਆਂ ਰਾਹੀਂ ਮੁਜੱਫਰ ਨਗਰ ਯੂ ਪੀ ਦੇ ਘੱਟ ਗਿਣਤੀ (ਮੁਸਲਮਾਨ) ਵਿਰੁਧ ਦੰਗੇ ਕਰਵਾਏ ਗਏ।ਬਹੁਗਿਣਤੀਆਂ ਦੇ ਹੱਥੋਂ ਲੋਕ ਇਤਨੇ ਡਰੇ ਹੋਏ ਹਨ ਕਿ ਇਤਨੀ ਸਰਦੀ ਵਿੱਚ ਵੀ ਆਪਣੇ ਘਰਾਂ ਨੂੰ ਨਹੀਂ ਜਾ ਰਹੇ। ਜਿਥੇ ਸਰਦੀ ਕਾਰਨ ਘੱਟੋ ਘੱਟ 30 ਬੱਚਿਆਂ ਦੀ ਹੁਣ ਤੱਕ ਮੌਤ ਹੋ ਗਈ ਹੈ।

ਬਹੁਗਿਣਤੀ ਵਿੱਚੋਂ ਫਿਲਮੀ ਅਦਾਕਾਰ ਸੰਜੇ ਦੱਤ ਨੂੰ ਇੱਕ ਮਹੀਨੇ ਵਿੱਚ ਹੀ ਦੋ ਵਾਰ ਪੈਰੋਲ ਮਿਲ ਜਾਣਾ ਅਤੇ ਘੱਟ ਗਿਣਤੀਆਂ ਦੀ ਸਜਾ 14 ਸਾਲ ਪੂਰੀ ਹੋਣ ਤੋਂ ਬਾਅਦ ਵੀ 6-6 ਸਾਲ ਜੇਲਾਂ ਵਿੱਚ ਰੱਖਣਾ ਅਤੇ ਕਦੀਂ ਵੀ ਪੈਰੋਲ ਨਾ ਦੇਣਾ।ਇਹ ਘੱਟ ਗਿਣਤੀਆਂ ਪ੍ਰਤਿ ਇੱਕ ਦੇਸ ਵਿੱਚ ਹੀ ਅਲੱਗ ਅਲੱਗ ਕਾਨੂੰਨ ਹੋਣ ਦੀ ਉਦਾਹਰਣ ਪੇਸ਼ ਕਰਦਾ ਹੈ।ਅਜੇਹਾ ਨਹੀਂ ਕਿ ਘੱਟ ਗਿਣਤੀਆਂ ਨੂੰ ਕੇਵਲ ਬਹੁਗਿਣਤੀਆਂ ਤੋਂ ਹੀ ਖਤਰਾ ਹੈ। ਪੰਜਾਬ ਵਿੱਚ ਤਾਂ ਘੱਟ ਗਿਣਤੀਆਂ ਦੀ ਆਪਣੀ ਸਰਕਾਰ ਹੈ। ਜਿਸ ਨੇ ਜੇਲਾਂ ਵਿੱਚ ਬੰਦ ਘੱਟ ਗਿਣਤੀਆਂ ਨੂੰ ਹੀ ਪੰਜਾਬ ਅਤੇ ਆਪਣੀ ਸਰਕਾਰ ਲਈ ਖ਼ਤਰਨਾਕ ਮੰਨ ਕੇ ਪੰਜਾਬ ਤੋਂ ਬਾਹਰਲੀਆਂ ਜੇਲਾਂ ਵਿੱਚ ਰੱਖਿਆ ਹੋਇਆ ਹੈ।

ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਮਿਤੀ 14-11-2013 ਤੋਂ 27-12-2013 ਤੱਕ (ਕੁਲ 44 ਦਿਨ) ਮਰਨ ਬਰਤ ਇਸ ਲਈ ਰੱਖਿਆ ਗਿਆ ਸੀ ਕਿ ਜੇਲਾਂ ਵਿੱਚ ਬੰਦ ਉਹਨਾ 6 ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾ ਦੀ ਸਜਾ ਪੂਰੀ ਹੋ ਚੁੱਕੀ ਹੈ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਇਸ ਸਘੰਰਸ਼ ਨੂੰ ਮਿਲੇ ਸਮਰਥਨ ਦੇ ਪ੍ਰਭਾਵ ਹੇਠ ਪੰਜਾਬ ਸਰਕਾਰ ਅੰਦਰ ਹਿਲਜੁਲ ਹੋਈ । ਜਿਸ ਦੀ ਬਦੌਲਤ ਯਤਨਾ ਕੇਵਲ 4 ਕੈਦੀਆਂ ਨੂੰ ਕੁਝ ਸਮੇਂ ਲਈ ਪੈਰੋਲ ਮਿਲੀ, ਪਰ ਇਸ ਤੋਂ ਬਾਅਦ ਉਹ ਸਾਰੇ ਕੈਦੀ ਸਜਾ ਪੂਰੀ ਹੋਣ ਦੇ ਬਾਵਜ਼ੂਦ ਦੁਵਾਰਾ ਜੇਲਾਂ ਵਿੱਚ ਜਾਣਗੇ । ਇਸ ਅੰਦੋਲਨ ਦਾ ਕੀ ਹੋਇਆ ਇਸ ਵਿਸ਼ੇ ‘ਤੇ ਕੁਝ ਵਿਚਾਰ ਕਰਨੀ ਬਣਦੀ ਹੈ।

ਪੁਰਾਤਨ ਚੱਲੀ ਆ ਰਹੀ ਮਰਿਯਾਦਾ ਹੈ। “ਨੀਚਾ ਅੰਦਰਿ ਨੀਚ ਜਾਤਿ॥….॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ॥ ਪਰ ਜਮੀਨੀ ਹਕੀਕਤ ਇਸ ਤੋਂ ਬਿਪਰੀਤ ਹੈ। ਹਰ ਕੋਈ ਵੱਡੇ ਨਾਲ ਦੋਸਤੀ ਪਾਉਣਾ ਚਾਹੁੰਦਾ ਹੈ।ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਿਆਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਥਕ ਅਖਵਾਉਣ ਵਾਲੀ ‘ਅਕਾਲੀ ਪਾਰਟੀ’ ਇਕ ਪਾਸੇ ਤਾਂ ਵੱਡਿਆਂ (ਬੀ ਜੇ ਪੀ) ਨਾਲ ਪਤੀ ਪਤਨੀ ਵਾਲਾ ਰਿਸਤਾ ਨਿਭਾਉਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ ਰਹਿਣਾ ਚਾਹੁੰਦੀ ਹੈ। ਭਾਰਤ ਦਾ ਸੰਵਿਧਾਨ (ਕਾਨੂੰਨ) ਵੀ ਇਸ ਦੀ ਇਜਾਜਤ ਨਹੀਂ ਦੇਂਦਾ।ਇਸ ਲਈ ਹੀ ਅਕਾਲੀ ਦਲ ਪਾਰਟੀ ਆਪਣੇ ਚੋਣ ਨਿਸ਼ਾਨ ‘ਤੱਕੜੀ’ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਨਾਵ ਨਹੀਂ ਲੜ ਰਹੀ।

ਦੂਜਾ ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ ਗ੍ਰਿਹਸਤੀ ਜੀਵਨ ਤੋਂ ਭਗੌੜਾ ਅਤੇ ਸਾਰੀਆਂ ਸੁਖ ਸੁਵਿਧਾਵਾਂ ਭੋਗ ਰਿਹਾ ਵਰਗ ‘ਸੰਤ ਸਮਾਜ’।ਇਕ ਪਾਸੇ ਪੰਥਕ ਸਰਕਾਰ ਅਤੇ ਸੰਤ ਸਮਾਜ ਦੀ ਦੋਸਤੀ ਹੈ, ਦੂਸਰੇ ਪਾਸੇ ਵੱਡਿਆਂ ਬੀ ਜੀ ਪੀ ਨਾਲ ਪਤੀ ਪਤਨੀ ਵਾਲਾ ਰਿਸਤਾ! ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਿਆਂ ਲਈ ਆਵਾਜ਼ ਬੁਲੰਦ ਕਰਨ ਦਾ ਇੱਕੋ ਇਕ ਤਰੀਕਾ ਬਚਿਆ ਸੀ ‘ਅਕਾਲ ਤਖ਼ਤ ਸਾਹਿਬ ਦਾ ਜੁਮੇਵਾਰ ਸੇਵਾਦਾਰ (ਜਥੇਦਾਰ)’। ਜਿਸ ਦੀ ਨਿਜੁਕਤੀ ਵੀ ਸੰਤ ਸਮਾਜ, ਅਕਾਲੀ ਪਾਰਟੀ ਅਤੇ ਵੱਡੇ ਮਿਲ ਕੇ ਕਰਦੇ ਹਨ।ਅਜੇਹੇ ਹਲਾਤ ਵਿੱਚ ਸਿੱਖਾਂ ਦੀ ਜਾਇਜ ਮੰਗ ਕੌਣ ਚੁਕੇ?

ਭਾਈ ਗੁਰਬਖਸ ਸਿੰਘ ਖਾਲਸਾ ਜੀ ਨੇ ਮਿਤੀ 14-11-2013 ਤੋਂ 27-12-2013 ਤੱਕ (44 ਦਿਨ) ਗੁਰਦੁਆਰਾ ਅੰਬ ਸਾਹਿਬ ਫੇਜ਼-8, ਮੁਹਾਲੀ ਵਿਖੇ ਮਰਨ ਵਰਤ ਰੱਖ ਕੇ ਇੱਕ ਲਹਿਰ ਖੜੀ ਕੀਤੀ ਸੀ। ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਿਆਂ ਨੂੰ ਵੀ ਕੁਝ ਉਮੀਦ ਜਾਗੀ। ਸ਼ਾਇਦ ਪੰਥ ਦਰਦੀ ਇੱਕ ਮੰਚ ‘ਤੇ ਇਕੱਠੇ ਹੋ ਕੇ ਸਿੱਖ ਕੌਮ ਨੂੰ ਕੁਝ ਰਾਸਤਾ ਵਿਖਾਉਣ ਵਿੱਚ ਆਪਣੀ ਯੋਗ ਭੂਮਿਕਾ ਨਿਭਾਉਣਗੇ; ਪਰ ਹੋਇਆ ਕੀ ? ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਦਿੱਤੇ ਦੋ ਬਿਆਨ ਪੰਥ ਦਰਦੀਆਂ ਨੂੰ ਅਚੰਭੇ ਵਿੱਚ ਪਾ ਰਹੇ ਹਨ। ਇਕ ਬਿਆਨ ਮਰਨ ਬਰਤ ਸ਼ੁਰੂ ਕਰਨ ਸਮੇਂ ਦਾ ਹੈ ਅਤੇ ਦੂਸਰਾ ਮਰਨ ਬਰਤ ਸਮਾਪਤ ਕਰਨ ਸਮੇਂ ਦਾ ਹੈ।

ਪਹਿਲਾ ਬਿਆਨ:- ਇਹ ਜਥੇਦਾਰ ਜਿਹਨੇ ਮਾਰਚ ਆਰੰਭ ਕਰਾ ਕੇ, ਪੰਜਾਂ ਪਿਆਰਿਆਂ ਦੀ ਦਸਤਾਰ ਲਵ੍ਹਾਈ, ਉਸਨੂੰ ਜਥੇਦਾਰ ਕਹਾਉਣ ਦਾ ਹੱਕ ਈ ਕੋਈ ਨੀ.. ਆਪਣਾ ਸਿਰ ਡਾਹ ਕੇ ਬਾਦਲ ਦੇ ਪੈਰ ਘੁੱਟੀ ਜਾਏ, ਉਸਦੀ ਕੁਰਸੀ ਥੱਲੇ ਆਪਣੇ ਪੰਜੇ ਰੱਖ ਲਏ... ਜ਼ੁਬਾਨ ਪਿੱਛੋਂ ਸੁਖਬੀਰ ਬਾਦਲ ਨੇ ਫੜੀ ਹੈ, ਜਿੱਦਾਂ ਉਨ੍ਹਾਂ ਨੇ ਬੁਲਾਉਣਾ ਉਦਾਂ ਬੋਲਦਾ, ਮੈਂਨੂੰ ਕੋਈ ਇਤਰਾਜ ਨਹੀਂ, ਨਾ ਮੱਕੜ ਨਾਲ ਨਾ ਕਿਸੇ ਨਾਲ ...

…ਮੈਂ ਹੱਥ ਜੋੜਕੇ ਪ੍ਰਣਾਮ ਕਰਦਾ ਹਾਂ ਅਕਾਲ ਤਖਤ ਸਾਹਿਬ ਨੂੰ, ਜਥੇਦਾਰਾਂ ਨੂੰ, ਸੱਚਾਈ ਇਹ ਹੈ ਕਿ ਜਿਨਾਂ ਝੂਠ "ਸਿੰਘ ਸਾਹਿਬ" ਨੇ ਬੋਲਿਆ, ਇਨਾਂ ਇੱਕ ਸਾਧਾਰਣ ਸਿੱਖ, ਅੰਮ੍ਰਿਤਧਾਰੀ ਵੀ ਨਹੀਂ ਬੋਲ ਸਕਦਾ, ਜੇ ਮੈਂ, ਇਹ ਮੇਰੀ ਨੀਤੀ ਗਲਤ ਹੈ, ਭੁੱਖ ਹੜਤਾਲ ਗਲਤ ਹੈ, ਤੇ ਸਿੰਘ ਸਾਹਿਬ ਇੱਥੇ ਪੰਜ ਵਾਰੀ ਆਏ ਨੇ, ਮੇਰੇ ਕੋਲ, ਇਹ ਕਹਿਣ ਲੱਗੇ ਕਿ ਬਾਦਲ ਸਾਹਿਬ ਨੇ ਆ ਕਹਿਤਾ, ਮੈਂ ਦਿੱਲੀ ਗਿਆ ਸਾਂ, ਮੈਂ ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਸੁਖਦੇਵ ਸਿੰਘ ਨੂੰ ਮਿਲਿਆ, ਮੈਂ ਫਲਾਣੇ ਨੂੰ ਮਿਲਿਆ, ਮੈਂ ਕਹਿਨਾਂ ਕਿ ਕਿ ਇਸ ਤੋਂ ਹੋਰ ਅਕ੍ਰਿਤਘਣ ਗੱਲ ਹੀ ਕੋਈ ਨਹੀਂ, ਅਕਾਲ ਤਖ਼ਤ ਸਾਡੀ ਸੁਪਰੀਮ ਪਾਵਰ ਦਾ ਜੁੰਮੇਵਾਰ ਬੰਦਾ ਝੂਠ ਬੋਲੇ.. ਅੱਜ ਤਾਂ ਪਤਾ ਕੀ ਹੁੰਦਾ ਇੱਕ ਬੰਦਾ ਝੂਠ ਬੋਲੇ ਨਾ ਮੀਡੀਆ ਵਾਲੇ ਉਹਨੂੰ ਗਲੋਂ ਫੜ ਲੈਂਦੇ, ਯਾਰ ਤੂੰ ਝੂਠ ਬੋਲ ਰਿਹੈਂ, ਠੀਕ ਹੈ ਨਾ...

ਮਰਨ ਬਰਤ ਸਮਾਪਤ ਕਰਨ ਸਮੇਂ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਜਥੇਦਾਰ ਗਿ. ਗੁਰਬਚਨ ਸਿੰਘ ਜੀ ਦੇ ਸਾਹਮਣੇ ਦਿੱਤਾ ਗਿਆ ਦੂਸਰਾ ਬਿਆਨ:- “…ਚੜ੍ਹਦੀ ਕਲਾ ਵਾਲਾ ਜੀਵਨ ਹੈ ਸਿੰਘ ਸਾਹਿਬ ਦਾ, ਆਪਾਂ ਜਿਹੜੇ ਆ ਮਾੜੇ ਸ਼ਬਦ ਵਰਤਦੇ ਹਾਂ ਨਾ, ਇਨ੍ਹਾਂ ਤੋਂ ਵੀ ਗੁਰੇਜ਼ ਕਰੀਏ, ਥਾਪੜਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ, ਇਹ ਤਖ਼ਤਾਂ ਦੇ ਥਾਪੇ ਹੋਏ ਜਥੇਦਾਰ ਨੇ, ਸਾਡੇ ਥਾਪੇ ਹੋਏ ਨਹੀਂ, ਗੁਰੂ ਦੇ ਥਾਪੇ ਨੇ। ਤੇ ਮੈਂ ਅਜ ਨਾ ਪੂਰੀ ਦੁਨੀਆ 'ਚ ਵਸਦੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਲਿਓ, ਜੇ ਸਾਡੇ ਤੋਂ ਭਲਾ ਨਹੀਂ ਹੁੰਦਾ ਤਾਂ ਬੁਰਾ ਵੀ ਨਾ ਕਰੀਏ, ਜੇ ਕਿਸੇ ਦਾ ਮਾਣ ਨਹੀਂ ਹੁੰਦਾ, ਉਸਦਾ ਅਪਮਾਨ ਵੀ ਨਾ ਕਰੀਏ। ਤੇ ਇਥੇ ਸਵੇਰੇ ਵੀ ਇੱਥੇ ਰੌਲ਼ਾ ਪਿਆ ਹੋਇਆ ਸੀ, ਕਿ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਮੰਨਦੇ, ਤੇ ਫਿਰ ਤੁਸੀਂ ਮੰਨਦੇ ਕਿਸਨੂੰ ਹੋ, ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਨਹੀਂ ਮੰਨਦਾ, ਮੈਂ ਉਸਨੂੰ ਸਿੱਖ ਨਹੀਂ ਮੰਨਦਾ।

ਹੁਣ ਉਕਤ ਦੋਵੇਂ ਵਿਚਾਰਾਂ ਤੋਂ ਪੰਥ ਦਰਦੀ ਕੀ ਨਤੀਜਾ ਕੱਢਣ?ਕੀ ਸਿੱਖ ਸਮਾਜ ਦੇ ਸਿਧਾਂਤ ਵਿੱਚ ਆਈ ਗਿਰਾਵਟ ਇਸ ਲਹਿਰ ਨਾਲ ਦੂਰ ਹੋ ਗਈ ਜਾਂ ਕੋਈ ਨਵੀ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ।ਇਹੋ ਜਿਹਾ ਪ੍ਰਭਾਵ ਹੀ ਭਾਈ ਬਲਵੰਤ ਸਿੰਘ ਜੀ ਰਾਜੋਆਣ ਵਾਲੀ ਲਹਿਰ ਦਾ ਅਪ੍ਰੈਲ 2013 ਵਿੱਚ ਪਿਆ ਸੀ। ਅਗਾਮੀ ਆਉਣ ਵਾਲੇ ਲੋਕ ਸਭਾ ਚੁਨਾਵ ਵਿੱਚ ਭਾਈ ਬਲਵੰਤ ਸਿੰਘ ਰਾਜੋਆਣ ਦੀ ਭੈਣ ਸ਼ਾਇਦ ਅਕਾਲੀ ਦਲ ਪਾਰਟੀ ਦੀ ਟਿਕਟ ‘ਤੇ ਚੁਨਾਵ ਲੜੇ।

ਵਾਰ ਵਾਰ ਸੁਰੂ ਹੋ ਰਹੀਆਂ ਅਜੇਹੀਆਂ ਲਹਿਰਾਂ ਦਾ ਬਿਪਰੀਤ ਦਿਸਾ ਵੱਲ ਮੁੜਨਾ ਗੁਰੂ ਸਿਧਾਂਤ ‘ਤੇ ਪਹਿਰਾ ਦੇਣ ਵਾਲਿਆਂ ਲਈ ਅਸ਼ੁਭ ਸੰਕੇਤ ਦੇ ਨਾਲ ਨਾਲ ਨਵੀ ਲਹਿਰ ਲਈ ਜਮੀਨ ਤਿਆਰ ਕਰਨਾ ਮੁਸ਼ਕਲਾ ਹੁੰਦਾ ਜਾ ਰਿਹਾ ਹੈ।

ਅਕਾਲ ਤਖ਼ਤ ਸਾਹਿਬ ਦੀ ਪਦਵੀ ਲਈ ਸਰਬ ਪ੍ਰਵਾਣਿਤ ਸਾਂਝੇ ਉਮੀਵਾਰ ਦੀ ਚੋਣ ਕਰਨ ਲਈ ਲਹਿਰ ਤਿਆਰ ਕਰਨ ਦੀ ਇਸ ਵੇਲੇ ਸਭ ਤੋਂ ਵੱਧ ਜ਼ਰੂਰਤ ਹੈ।ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਦੇਸ਼ ਭਰ ਵਿੱਚ ਨਿਰਦੋਸ਼ ਸਿੱਖ ਪ੍ਰਵਾਰਾਂ ਦਾ ਕਤਲ ਕਰਨ ਵਾਲਿਆਂ ਨੂੰ ਸਜਾ ਦਿਲਵਾਉਣੀ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਰਾਹੀਂ ਮਿਲਿਆ ਇਨਸਾਫ ਵਿਅਕਤੀ ਨੂੰ ਅਕਾਲ ਤਖ਼ਤ (ਕੌਮ) ਦੇ ਅਹਿਸਾਨ ਹੇਠਾਂ ਲਿਆਏਗਾ ਨਾ ਕਿ ਕਿਸੇ ਪਾਰਟੀ ਪ੍ਰਤਿ ਬਫਾਦਾਰੀ ਨਿਭਾਉਣ ਦੀ ਜਰੂਰਤ ਪਵੇਗੀ।

ਸ. ਮਨਪ੍ਰੀਤ ਸਿੰਘ ਜੀ ਬਾਦਲ ਦਾ ਸਿੱਖਾਂ ਪ੍ਰਤਿ ਇਹ ਕਹਿਣਾ ਕਿ ਮੈ ਸਿੱਖਾਂ ਤੋਂ ਕੀ ਲੈਣਾ ਹੈ? ਬੜਾ ਮਾੜਾ ਵਿਚਾਰ ਹੈ ਜਦਕਿ ਦਿੱਲੀ ਦੇ ਮੁਖ ਮੰਤਰੀ ਸ. ਅਰਵਿੰਦ ਕੇਜਰੀਵਾਲ ਜੀ ਵਲੋਂ ਆਪਣੇ ਨੇਤਾ ਸੰਜੇ ਸਿੰਘ ਜੀ ਰਾਹੀਂ ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਕੀਤੇ ਮਰਨ ਬਰਤ ਦਾ ਸਾਥ ਦੇਣਾ ਇੱਕ ਸ਼ੁੱਭ ਸੰਕੇਤ ਹੈ।

ਗੁਰੂਆਂ ਵਲੋਂ ਝੱਲੇ ਤਸੀਹੇ, ਕੀਤਾ ਗਿਆ ਸਰਬੰਸਦਾਨ, ਅਨੇਕਾਂ ਸਿੰਘਾਂ/ਸਿੰਘਣੀਆਂ ਦੀਆਂ ਕੁਰਬਾਨੀਆਂ ਪੰਥ ਦਰਦੀ ਭਾਵਨਾ ਵਾਲੇ ਗੁਰਸਿੱਖ ਨੂੰ ਇੱਕ ਮੰਚ ‘ਤੇ ਇਕੱਠਾ ਹੋਣ ਲਈ ਪ੍ਰੇਰਤ ਕਰ ਰਹੀਆਂ ਹਨ । ਸਿਧਾਂਤਕ ਪ੍ਰਭਾਵਸਾਲੀ ਲਹਿਰ ਤਿਆਰ ਕਰਨ ਦੀ ਜ਼ਰੂਰਤ ਹੈ । ਬੀਤ ਚੁਕਿਆ ਸਮਾਂ ਵਾਪਿਸ ਆਉਣ ਵਾਲਾ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top